ਨਵੀਂ ਦਿੱਲੀ: ਜੀਐੱਸਟੀ ਮਾਲੀਆ ਅਪਰੈਲ ਮਹੀਨੇ ਆਪਣੇ ਸਭ ਤੋਂ ਉੱਚੇ ਪੱਧਰ 1.68 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਇਹ ਇਕ ਸਾਲ ਪਹਿਲਾਂ ਦੇ ਅਪਰੈਲ ਮਹੀਨੇ ਨਾਲੋਂ 20 ਪ੍ਰਤੀਸ਼ਤ ਵੱਧ ਹੈ। ਵਿੱਤ ਮੰਤਰਾਲੇ ਨੇ ਕਿਹਾ ਕਿ ਇਹ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਤੇ ਕਾਰੋਬਾਰੀ ਰਿਕਵਰੀ ਕਾਰਨ ਸੰਭਵ ਹੋਇਆ ਹੈ। ਇਸ ਮਹੀਨੇ ਦੌਰਾਨ 1.06 ਕਰੋੜ ਰੁਪਏ ਦਾ ਜੀਐੱਸਟੀ ਰਿਟਰਨ ਫਾਈਲ ਕੀਤਾ ਗਿਆ ਹੈ। ਅਪਰੈਲ ਵਿਚ ਕੁੱਲ ਜੀਐੱਸਟੀ ਮਾਲੀਆ 1,67,540 ਕਰੋੜ ਰਿਹਾ ਹੈ ਜਿਸ ਵਿਚੋਂ ਕੇਂਦਰੀ ਜੀਐੱਸਟੀ 33,159 ਕਰੋੜ ਰੁਪਏ ਹੈ ਜਦਕਿ ਸੂਬਾਈ ਜੀਐੱਸਟੀ 41,793 ਕਰੋੜ ਰੁਪਏ ਹੈ। ਆਈਜੀਐੱਸਟੀ 81,939 ਕਰੋੜ ਰੁਪਏ ਹੈ। ਇਸ ਤੋਂ ਇਲਾਵਾ 10,649 ਕਰੋੜ ਰੁਪਏ ਸੈੱਸ ਹੈ। ਪਿਛਲੇ ਸਾਲ ਅਪਰੈਲ ਮਹੀਨੇ 1.40 ਲੱਖ ਕਰੋੜ ਰੁਪਏ ਇਕੱਤਰ ਕੀਤੇ ਗਏ ਸਨ। -ਪੀਟੀਆਈ