ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਮਈ
ਖ਼ਾਲਿਸਤਾਨ ਦੇ ਮਾਮਲੇ ’ਤੇ ਪਟਿਆਲਾ ਸ਼ਹਿਰ ਵਿਚ ਸਿੱਖ ਅਤੇ ਹਿੰਦੂ ਕਾਰਕੁਨਾਂ ਦਰਮਿਆਨ ਹੋਏ ਟਕਰਾਅ ਸਬੰਧੀ ਮੁੱਖ ਸਾਜ਼ਿਸ਼ ਘਾੜੇ ਕਰਾਰ ਦਿੱਤੇ ਬਲਜਿੰਦਰ ਸਿੰਘ ਪਰਵਾਨਾ ਨੂੰ ਪੁਲੀਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਖੁਲਾਸਾ ਨਵੇਂ ਆਏ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਪਰਵਾਨਾ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲੀਸ ਰਿਮਾਂਡ ਲਿਆ ਜਾਵੇਗਾ, ਜਿਸ ਮਗਰੋਂ ਪੁੱਛ ਪੜਤਾਲ ਕਰਕੇ ਬਾਕੀ ਮੁਲਜ਼ਮਾਂ ਦੀ ਸ਼ਨਾਖਤ ਵੀ ਕੀਤੀ ਜਾਵੇਗੀ। ਰਾਜਪੁਰਾ ਨੇੜਲੇ ਪਿੰਡ ਖਰੌਲਾ ਦਾ ਮੂਲ ਵਾਸੀ ਬਲਜਿੰਦਰ ਪਰਵਾਨਾ ਦਮਦਮੀ ਟਕਸਾਲ ਜਥਾ ਰਾਜਪੁਰਾ ਦਾ ਪ੍ਰਧਾਨ ਹੈ। ਉਸ ਖ਼ਿਲਾਫ਼ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿਚ ਚਾਰ ਕੇਸ ਦਰਜ ਹਨ, ਜਿਨ੍ਹਾਂ ’ਚ ਦੋ ਕੇਸ ਇਰਾਦਾ ਕਤਲ ਦੇ ਹਨ। ਉਧਰ ਖ਼ਾਲਿਸਤਾਨ ਮੁਰਦਾਬਾਦ ਦੇ ਬੈਨਰ ਹੇਠ ਮਾਰਚ ਕੱਢਣ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤੇ ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ ਦੇ ਮਿਲੇ ਦੋ ਰੋਜ਼ਾ ਪੁਲੀਸ ਰਿਮਾਂਡ ਤਹਿਤ ਉਸ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਉਸ ਖ਼ਿਲਾਫ਼ ਦਰਜ ਇਸ ਕੇਸ ਵਿੱਚ ਨਾਮਜ਼ਦ ਪੰਜਾਹ ਵਿਅਕਤੀਆਂ ਵਿੱਚੋਂ ਛੇ ਹੋਰ ਦੀ ਪਛਾਣ ਕਰਕੇ ਦੋ ਨੂੰ ਕੱਲ੍ਹ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਬਾਕੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਉਂਝ ਅੱਜ ਸ਼ਹਿਰ ਵਿੱਚ ਹਾਲਾਤ ਸ਼ਾਂਤਮਈ ਹਨ ਪਰ ਸ਼ਹਿਰ ’ਚ ਭਾਰੀ ਪੁਲੀਸ ਫੋਰਸ ਤਾਇਨਾਤ ਹੈ। ਬਦਲੇ ਗਏ ਐੱਸਪੀ ਸਿਟੀ ਅਸ਼ੋਕ ਸ਼ਰਮਾ ਦੀ ਥਾਂ ਪਟਿਆਲਾ ਵਿਖੇ ਹੀ ਐੱਸਪੀ ਸਪੈਸ਼ਲ ਬ੍ਰਾਂਚ ਵਿਖੇ ਤਾਇਨਾਤ ਕ੍ਰਿਸ਼ਨ ਕੁਮਾਰ ਪੈਂਥੇ ਨੂੰ ਹੁਣ ਐੱਸਪੀ (ਸਿਟੀ) ਵਨ ਵਜੋਂ ਤਾਇਨਾਤ ਕੀਤਾ ਗਿਆ ਹੈ। ਆਈਜੀ ਨੇ ਦੱਸਿਆ ਕਿ ਇਸ ਦੌਰਾਨ ਪੁਲੀਸ ਵੱਲੋਂ ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਸ਼ੰਕਰ ਭਾਰਦਵਾਜ,ਹਿੰਦੂ ਨੇਤਾ ਅਸ਼ਵਨੀ ਕੁਮਾਰ ਗੱਗੀ ਪੰਡਤ ਅਤੇ ਇਕ ਹੋਰ ਹਿੰਦੂ ਕਾਰਕੁਨ ਸਮੇਤ ਰਜਿੰਦਰ ਸਿੰਘ ਸਮਾਣਾ ਅਤੇ ਦਵਿੰਦਰ ਸਿੰਘ ਵਾਸੀ ਜੀਂਦ ਨਾਮ ਦੇ ਦੋ ਸਿੱਖ ਨੌਜਵਾਨਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਵੱਖ ਵੱਖ ਦੋ ਕੇਸਾਂ ਵਿਚ ਹੋਈਆਂ ਇਨ੍ਹਾਂ ਗ੍ਰਿਫ਼ਤਾਰੀਆਂ ਸਬੰਧੀ ਮੁਲਜ਼ਮਾਂ ਦਾ ਪੁਲੀਸ ਰਿਮਾਂਡ ਲੈਣ ਲਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗੱਗੀ ਪੰਡਿਤ ਨੂੰ ਸੋਸ਼ਲ ਮੀਡੀਆ ‘ਤੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਬਾਬਤ ਇਤਰਾਜ਼ਯੋਗ ਵੀਡੀਓ ਪੋਸਟ ਕਰਨ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ, ਮੈਂਬਰਾਨ ਸਤਵਿੰਦਰ ਟੌਹੜਾ ਤੇ ਜਰਨੈਲ ਕਰਤਾਰਪੁਰ ਨੇ ਕੱਲ੍ਹ ਹੀ ਗੱਗੀ ਪੰਡਿਤ ਦੀ ਇਸ ਮਾਮਲੇ ’ਚ ਗ੍ਰਿਫਤਾਰੀ ਦੀ ਮੰਗ ਕੀਤੀ ਸੀ