11.9 C
Patiāla
Sunday, December 10, 2023

ਜੁਗਾੜੂ ਰੇਹੜੀ ਅਤੇ ਜੀਪ ਦੀ ਟੱਕਰ; ਤਿੰਨ ਹਲਾਕ

Must read


ਜਗਜੀਤ ਸਿੰਘ ਸਿੱਧੂ

ਤਲਵੰਡੀ ਸਾਬੋ, 30 ਅਪਰੈਲ

ਇੱਥੋਂ ਦੇ ਪਿੰਡ ਜਗਾ ਰਾਮ ਤੀਰਥ ਨੇੜੇ ਅੱਜ ਮੋਟਰਸਾਈਕਲ ਰੇਹੜੀ ਵਿੱਚ ਮਹਿੰਦਰਾ ਪਿੱਕਅਪ ਜੀਪ ਟਕਰਾਉਣ ਕਾਰਨ ‘ਜੁਗਾੜੂ ਰੇਹੜੀ’ ’ਤੇ ਸਵਾਰ ਸੱਤ ਮਗਨਰੇਗਾ ਮਜ਼ਦੂਰਾਂ ਵਿੱਚੋਂ ਤਿੰਨ ਦੀ ਮੌਤ ਅਤੇ ਚਾਰ ਗੰਭੀਰ ਜ਼ਖ਼ਮੀ ਹੋ ਗਏ। ਇਹ ਸਾਰੇ ਮਜ਼ਦੂਰ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਦੇ ਪਿੰਡ ਜਗਾ ਰਾਮ ਤੀਰਥ ਦੇ ਹਨ। ਜਾਣਕਾਰੀ ਅਨੁਸਾਰ ਜੁਗਾੜੂ ਰੇਹੜੀ ’ਤੇ ਸਵਾਰ ਹੋ ਕੇ ਇਹ ਮਜ਼ਦੂਰ ਕੰਮ ’ਤੇ ਜਾ ਰਹੇ ਸਨ। ਰੇਹੜੀ ਬੱਗੜ ਸਿੰਘ ਚਲਾ ਰਿਹਾ ਸੀ। ਜਦੋਂ ਉਹ ਪਿੰਡ ਵਾਲੇ ਪਾਸਿਓਂ ਤਲਵੰਡੀ ਸਾਬੋ-ਸਰਦੂਲਗੜ੍ਹ ਮੁੱਖ ਮਾਰਗ ਪਾਰ ਕਰਨ ਲੱਗੇ ਤਾਂ ਸਰਦੂਲਗੜ੍ਹ ਦੀ ਤਰਫੋਂ ਆ ਰਹੀ ਇੱਕ ਤੇਜ਼ ਰਫ਼ਤਾਰ ਪਿੱਕਅਪ ਜੀਪ ਮੋਟਰਸਾਈਕਲ ਰੇਹੜੀ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਰੇਹੜੀ ਚਾਲਕ ਬੱਗੜ ਸਿੰਘ ਦੀ ਨੂੰਹ ਰਾਣੀ ਕੌਰ (35) ਪਤਨੀ ਲਛਮਣ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ।

ਹਾਦਸੇ ਦਾ ਪਤਾ ਲੱਗਦਿਆਂ ਹੀ ਸਥਾਨਕ ਲੋਕਾਂ ਨੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਤਲਵੰਡੀ ਸਾਬੋ ਵਿੱਚ ਦਾਖ਼ਲ ਕਰਵਾਇਆ, ਜਿਨ੍ਹਾਂ ਵਿੱਚ ਕੁਲਦੀਪ ਕੌਰ (40), ਅਜੈਬ ਸਿੰਘ (70), ਮਨਪ੍ਰੀਤ ਕੌਰ (35), ਬੱਗੜ ਸਿੰਘ (70), ਸੁਖਪ੍ਰੀਤ ਕੌਰ (30) ਅਤੇ ਪਰਮਜੀਤ ਕੌਰ (35) ਸ਼ਾਮਲ ਹਨ। ਸਿਵਲ ਹਸਪਤਾਲ ਵਿੱਚ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਕੇ ਅਜੈਬ ਸਿੰਘ, ਮਨਪ੍ਰੀਤ ਕੌਰ, ਬੱਗੜ ਸਿੰਘ, ਸੁਖਪ੍ਰੀਤ ਕੌਰ ਅਤੇ ਪਰਮਜੀਤ ਕੌਰ ਨੂੰ ਬਠਿੰਡਾ ਰੈਫਰ ਕਰ ਦਿੱਤਾ, ਪਰ ਬਠਿੰਡਾ ਜਾਂਦਿਆਂ ਹੀ ਬੱਗੜ ਸਿੰਘ ਅਤੇ ਪਰਮਜੀਤ ਕੌਰ ਦੀ ਮੌਤ ਹੋ ਗਈ। ਜਦਕਿ ਕੁਲਦੀਪ ਕੌਰ ਸਥਾਨਕ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਨ੍ਹਾਂ ਵਿੱਚੋਂ ਅਜੈਬ ਸਿੰਘ ਨੂੰ ਗੰਭੀਰ ਹਾਲਤ ਕਾਰਨ ਫਰੀਦਕੋਟ ਰੈਫਰ ਕੀਤਾ ਗਿਆ ਹੈ। ਸਥਾਨਕ ਥਾਣਾ ਮੁਖੀ ਮੇਜਰ ਸਿੰਘ ਨੇ ਦੱਸਿਆ ਕਿ ਪਿੱਕਅਪ ਗੱਡੀ ਦੇ ਚਾਲਕ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਨੇ ਹਾਦਸੇ ਦੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਹੈ। 

News Source link

- Advertisement -

More articles

- Advertisement -

Latest article