ਚੰਡੀਗੜ੍ਹ, 1 ਮਈ
ਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਬਠਿੰਡਾ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ਰਹਿ ਰਹੇ ਗੈਂਗਸਟਰ ਗੋਲਡੀ ਬਰਾੜ ਦੇ ਤਿੰਨ ਨਜ਼ਦੀਕੀ ਸਾਥੀਆਂ ਨੂੰ ਬਠਿੰਡਾ ਤੋਂ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਮੁਲਜ਼ਮਾ ਦੀ ਪਛਾਣ ਲਵਪ੍ਰੀਤ ਸਿੰਘ ਉਰਫ਼ ਸਚਿਨ ਵਾਸੀ ਪਿੰਡ ਚਰੇਵਾਨ ਸ੍ਰੀ ਮੁਕਤਸਰ ਸਾਹਿਬ, ਹਿੰਮਤਵੀਰ ਸਿੰਘ ਗਿੱਲ ਵਾਸੀ ਪਿੰਡ ਝੋਰੜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਦੂਹੇ ਵਾਲਾ ਦੇ ਬਲਕਰਨ ਉਰਫ਼ ਵਿੱਕੀ ਵਜੋਂ ਹੋਈ ਹੈ। ਪੁਲੀਸ ਨੇ ਇਨ੍ਹਾਂ ਪਾਸੋਂ ਦੋ .30 ਕੈਲੀਬਰ ਪਿਸਤੌਲ, ਦੋ .32 ਕੈਲੀਬਰ ਦੇ ਪਿਸਤੌਲ ਸਮੇਤ 20 ਕਾਰਤੂਸ ਅਤੇ ਆਈ-20 ਕਾਰ ਵੀ ਬਰਾਮਦ ਕੀਤੀ ਹੈ। ਏਜੀਟੀਐੱਫ ਦੇ ਡਿਪਟੀ ਇੰਸਪੈਕਟਰ ਜਨਰਲ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੂਹ ਮਿਲਣ ਬਾਅਦ ਬਠਿੰਡਾ ਤੋਂ ਏਜੀਟੀਐੱਫ ਦੀ ਟੀਮ ਨੇ ਤਿੰਨਾਂ ਨੂੰ ਗ੍ਰਿਫਤਾਰ ਕੀਤਾ। ਇਹ ਮਾਲਵਾ ਖੇਤਰ ਦੇ ਉੱਘੇ ਕਾਰੋਬਾਰੀ ਤੋਂ ਪੈਸੇ ਵਸੂਲਣ ਲਈ ਉਸ ’ਤੇ ਹਮਲਾ ਕਰਨ ਦੀ ਸਾਜ਼ਿਸ਼ ਰਚ ਰਹੇ ਸਨ।