ਬਲਵਿੰਦਰ ਰੈਤ
ਨੂਰਪੁਰ ਬੇਦੀ, 30 ਅਪਰੈਲ
ਪੁਲੀਸ ਚੌਕੀ ਕਲਵਾਂ ਮੌੜ ਦੀ ਇਮਾਰਤ ਨਜ਼ਦੀਕ ਹੋਏ ਬੰਬ ਧਮਾਕੇ ਸਬੰਧੀ 5 ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾ ਵਿੱਚੋਂ ਇੱਕ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੰਜੇ ਮੁਲਜ਼ਮ ਗੈਂਗਸਟਰ ਰਿੰਦਾ ਗਰੁੱਪ ਨਾਲ ਸਬੰਧਤ ਦੱਸੇ ਗਏ ਹਨ। ਦੱਸਣਯੋਗ ਹੈ ਕਿ 8 ਮਾਰਚ ਨੂੰ ਪੁਲਸ ਚੌਕੀ ਕਲਵਾਂ ਮੋੜ ਦੀ ਇਮਾਰਤ ਨਜ਼ਦੀਕ ਇਸ ਗਰੋਹ ਵੱਲੋਂ ਬੰਬ ਧਮਾਕਾ ਕੀਤਾ ਗਿਆ ਸੀ। ਪੁਲੀਸ ਚੌਕੀ ਕਲਵਾਂ ਮੌੜ ਦੀ ਇੰਚਾਰਜ ਸਬ ਇੰਸਪੈਕਟਰ ਸਿਰਤਾਜ ਸਿੰਘ ਨੇ ਦੱਸਿਆ ਕਿ ਉਕਤ ਬੰਬ ਧਮਾਕੇ ਨਾਲ ਸਬੰਧਤ ਪੰਜ ਮੁਲਜ਼ਮਾਂ ਵਿੱਚ ਸ਼ੁਭਕਰਨ ਉਰਫ਼ ਸਾਜਨ ਪੁੱਤਰ ਵਿਜੇ ਕੁਮਾਰ ਵਾਸੀ ਭੱਲੜੀ, ਕੁਲਦੀਪ ਕੁਮਾਰ ਉਰਫ ਸੰਨੀ ਵਾਸੀ ਲੁਧਿਆਣਾ, ਜੀਵਤੇਜ਼ ਸੇਠੀ ਪੁੱਤਰ ਇਕਬਾਲ ਸਿੰਘ ਵਾਸੀ ਨਵਾਂ ਸ਼ਹਿਰ, ਰੋਹਿਤ ਉਰਫ ਬੱਲੂ ਪੁੱਤਰ ਰੰਗੀਰਾਮ ਵਾਸੀ ਸਿੰਘਾ ਹਰੋਲੀ ਹਿਮਾਚਲ ਪ੍ਰਦੇਸ਼ ਸ਼ਾਮਲ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਫੜੇ ਗਏ ਕਥਿਤ ਮੁਲਜ਼ਮ ਮਨੀਸ਼ ਰਾਣਾ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਸਿੰਘਾ ਹਿਮਾਚਲ ਪ੍ਰਦੇਸ਼ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਅੱਜ ਸ੍ਰੀ ਆਨੰਦਪੁਰ ਸਾਹਿਬ ਦੀ ਅਦਾਲਤ ਵਿਚ ਪੇਸ਼ ਕਰਕੇ ਉਸ ਦਾ 4 ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ। ਪੜਤਾਲ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਉਕਤ ਗਰੋਹ ਨੇ ਕਾਫ਼ੀ ਸਮਾਂ ਪਹਿਲਾਂ ਨਵਾਂ ਸ਼ਹਿਰ ਦੇ ਸੀਆਈਏ ਸਟਾਫ ਦੀ ਇਮਾਰਤ ਵਿੱਚ ਵੀ ਬੰਬ ਧਮਾਕਾ ਕੀਤਾ ਸੀ।