ਜਗਮੋਹਨ ਸਿੰਘ
ਘਨੌਲੀ, 29 ਅਪਰੈਲ
ਇਥੋਂ ਦੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਯੂਨਿਟਾਂ ਦੇ ਪੂਰੀ ਸਮਰਥਾ ਨਾਲ ਚੱਲਣ ਨਾਲ ਰਾਜ ਵਿੱਚ ਬਿਜਲੀ ਸੰਕਟ ਤੋਂ ਲੋਕਾਂ ਨੂੰ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ। ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਸਮਝੌਤਿਆਂ ਤੋਂ ਬਾਅਦ ਸਰਕਾਰੀ ਥਰਮਲ ਪਲਾਂਟਾਂ ਦੇ ਯੂਨਿਟ ਜਾਂ ਤਾਂ ਲੰਬੇ ਸਮੇਂ ਲਈ ਬੰਦ ਹੀ ਰੱਖੇ ਜਾਂਦੇ ਸਨ ਜਾਂ ਫਿਰ ਯੂਨਿਟਾਂ ਨੂੰ ਅਕਸਰ ਅੱਧੇ ਨਾਲੋਂ ਵੀ ਘੱਟ ਲੋਡ ’ਤੇ ਚਲਾਇਆ ਜਾਂਦਾ ਸੀ। ਥਰਮਲ ਪਲਾਂਟ ਰੂਪਨਗਰ ਦੇ ਮੁੱਖ ਇੰਜਨੀਅਰ ਰਵੀ ਵਧਵਾ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਚਾਰਾਂ ਵਿੱਚੋਂ ਤਿੰਨ ਯੂਨਿਟਾਂ ਨੂੰ ਪੂਰੀ ਸਮਰਥਾ ’ਤੇ ਚਲਾ ਕੇ 600 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ ਤੇ ਸਾਲਾਨਾ ਮੁਰੰਮਤ ਲਈ ਬੰਦ ਕੀਤਾ ਯੂਨਿਟ ਨੰਬਰ 5 ਵੀ 30 ਅਪਰੈਲ ਤੱਕ ਚਾਲੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਥਰਮਲ ਪਲਾਂਟ ਰੂਪਨਗਰ ਵਿਖੇ 8 ਦਿਨਾਂ ਦੇ ਕੋਲੇ ਦਾ ਸਟਾਕ ਹੈ। ਦੱਸਣਯੋਗ ਹੈ ਕਿ ਥਰਮਲ ਪਲਾਂਟ ਰੂਪਨਗਰ ਦੇ ਕੁੱਲ 6 ਯੂਨਿਟਾਂ ਵਿੱਚੋਂ 2 ਨੂੰ ਪੱਕੇ ਤੌਰ ’ਤੇ ਬੰਦ ਕਰ ਦਿੱਤੇ ਜਾਣ ਉਪਰੰਤ 4 ਯੂਨਿਟ ਬਚੇ ਹਨ ਅਤੇ ਹਰ ਯੂਨਿਟ ਦੀ 210 ਮੈਗਾਵਾਟ ਬਿਜਲੀ ਉਤਪਾਦਨ ਦੀ ਸਮਰੱਥਾ ਹੈ।