ਮਨੀਲਾ: ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਨੇ ਸਿੰਗਾਪੁਰ ਦੀ ਯੁਏ ਯੈਨ ਜੈਸਲਿਨ ਹੂਈ ਨੂੰ ਸਿੱਧੇ ਸੈੱਟਾਂ ’ਚ ਹਰਾ ਕੇ ਅੱਜ ਇੱਥੇ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲਜ਼ ਕੁਆਰਟਰ ਫਾਈਨਲ ’ਚ ਥਾਂ ਬਣਾ ਲਈ ਹੈ। ਇਸੇ ਤਰ੍ਹਾਂ ਸਾਤਵਿਕ ਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਤੀਜਾ ਦਰਜਾ ਹਾਸਲ ਭਾਰਤੀ ਪੁਰਸ਼ ਡਬਲਜ਼ ਟੀਮ ਵੀ ਦੂਜੇ ਦੌਰ ’ਚ ਜਿੱਤ ਦਰਜ ਕਰਕੇ ਆਖਰੀ ਅੱਠਾਂ ’ਚ ਥਾਂ ਬਣਾਉਣ ’ਚ ਕਾਮਯਾਬ ਰਹੀ ਪਰ ਲੰਡਨ ਓਲੰਪਿਕ ਦੀ ਕਾਂਸੀ ਤਗ਼ਮਾ ਜੇਤੂ ਸਾਇਨਾ ਨੇਹਵਾਲ ਤੇ ਵਿਸ਼ਵ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗ਼ਮਾ ਜੇਤੂ ਕਿਦਾਂਬੀ ਸ੍ਰੀਕਾਂਤ ਹਾਰ ਕੇ ਟੂਰਨਾਮੈਂਟ ’ਚੋਂ ਬਾਹਰ ਹੋ ਗਏ ਹਨ। ਚੌਥਾ ਦਰਜਾ ਹਾਸਲ ਸਿੰਧੂ ਨੇ ਦੁਨੀਆ ਦੀ 100ਵੇਂ ਨੰਬਰ ਦੀ ਖਿਡਾਰਨ ਜੈਸਮਿਨ ਹੂਈ ਨੂੰ 21-16, 21-16 ਨਾਲ ਹਰਾਇਆ। ਅਗਲੇ ਦੌਰ ’ਚ ਸਿੰਧੂ ਦਾ ਮੁਕਾਬਲਾ ਤੀਜਾ ਦਰਜਾ ਹਾਸਲ ਹੀ ਬਿੰਗ ਜਿਆਓ ਨਾਲ ਹੋਵੇਗਾ। -ਪੀਟੀਆਈ