33.1 C
Patiāla
Saturday, April 20, 2024

ਘੁੰਡੀਆਂ

Must read


ਕੰਵਲਜੀਤ ਹਰੀਨੌ

‘‘ਵੇ ਪੁੱਤ ਇੱਕ ਬੁਰਕੀ ਖਾ ਕੇ ਤਾਂ ਦੇਖ, ਬਸ ਇੱਕ ਨਿੱਕੀ ਜਿਹੀ ਦੰਦੀ ਵੱਡ ਕੇ ਦੇਖ, ਬਹੁਤ ਸਵਾਦ ਹੈ, ਮਿੱਠੀ ਮਿੱਠੀ।’’ ਟਾਈਮ ਭਾਵੇਂ ਦਸ ਤੋਂ ਉੱਪਰ ਹੋ ਗਿਆ ਸੀ, ਪਰ ਮੈਂ ਅਜੇ ਬਿਸਤਰੇ ਵਿੱਚ ਪਿਆ ਹੀ ਪਾਸੇ ਮਾਰ ਰਿਹਾ ਸੀ ਤਾਂ, ਬੇਬੇ ਦੇ ਇਹ ਬੋਲ ਕੰਨੀਂ ਪਏ ਤਾਂ ਮੈਂ ਬੇਬੇ ਅਤੇ ਗੁਰਸ਼ਾਨ ਦੀ ਇਹ ਲਗਭਗ ਨਿੱਤ ਦੀ ਜੱਦੋ ਜਹਿਦ ਦੇਖਣ ਲਈ ਅੱਖਾਂ ਮਲਦਾ ਲਿਵਿੰਗ ਰੂਮ ਵਿੱਚ ਆ ਗਿਆ। ਗੁਰਸ਼ਾਨ ਫਰਾਈਆਂ ਵਾਲਾ ਡੱਬਾ ਚੁੱਕੀ ਬੇਬੇ ਦੇ ਮੂਹਰੇ ਉੱਚੀ ਉੱਚੀ, ‘‘ਮੈਂ ਚੂਰੀ ਨਹੀਂ ਖਾਣੀ, ਮੈਂ ਫਰਾਈਆਂ ਖਾਣੀਆਂ ਨੇੇੇ’’ ਕਹਿੰਦਾ ਭੱਜਿਆ ਫਿਰਦਾ ਸੀ ਅਤੇ ਬੇਬੇ ਉਹਨੂੰ ਚੂਰੀ ਖਵਾਉਣ ਲਈ ਹੱਥ ਵਿੱਚ ਚੂਰੀ ਦਾ ਲੱਡੂ ਜਿਹਾ ਬਣਾਈ ਮਗਰ ਮਗਰ ਭੱਜੀ ਫਿਰਦੀ ਸੀ। ‘‘ਵੇ ਤੇਰੇ ਆਹ ਘੁੰਡੀਆਂ ਜਿਹੀਆਂ ਗਲ ਵਿੱਚ ਫਸ ਜਾਣਗੀਆਂ।’’ ਬੇਬੇ ਜਦੋਂ ‘ਫਰਾਈਆਂ’ ਨੂੰ ਘੁੰਡੀਆਂ ਆਖਦੀ ਤਾਂ ਮੇਰਾ ਵੀ ਹਾਸਾ ਨਿਕਲ ਜਾਂਦਾ। ਬੇਬੇ ਜਦੋਂ ਵੀ ਕੋਈ ਨਵੀਂ ਚੀਜ਼ ਬਣਾ ਕੇ ਗੁਰਸ਼ਾਨ ਨੂੰ ਖਵਾਉਣ ਦੀ ਕੋਸ਼ਿਸ਼ ਕਰਦੀ ਤਾਂ ਉਨ੍ਹਾਂ ਦਾ ਏਹੀ ਯੁੱਧ ਚੱਲਦਾ ਹੁੰਦਾ ਸੀ। ਪਿਛਲੇ ਹਫ਼ਤੇ ਤੋਂ ‘ਚੂਰੀ ਯੁੱਧ ਚਾਲੂ ਸੀ।’

ਸੋਫੇ ’ਤੇ ਬੈਠੇ ਬਾਪੂ ਨੇ ਚਾਹ ਵਾਲੇ ਕੱਪ ’ਚੋਂ ਚਾਹ ਦੀ ਘੁੱਟ ਦਾ ਲੰਬਾ ਸਾਰਾ ਸੜ੍ਹਾਕਾ ਜਿਹਾ ਮਾਰਦਿਆਂ ਮੇਰੇ ਵੱਲ ਦੇਖ ਕੇ ਗੁਰਸ਼ਾਨ ਨੂੰ ਕਿਹਾ, ‘‘ਆਹੋ ਤੇਰੇ ਪਾਪੇ ਦੇ ਵੀ ਇੱਕ ਵਾਰ ਨਿੱਕੇ ਹੁੰਦੇ ਦੇ ਮੂੰਹ ’ਚ ਘੁੰਡੀਆਂ ਫਸ ਗਈਆਂ ਸਨ, ਇਹਨੇ ਕਣਕ ਦੇ ਦਾਣਿਆਂ ਦੇ ਭੁਲੇਖੇ ਘੁੰਡੀਆਂ ਦਾ ਫੱਕਾ ਮਾਰ ਲਿਆ ਸੀ।’’ ਇਹ ਆਖ ਬਾਪੂ ਹੱਸ ਪਿਆ।

ਪਰ ਗੁਰਸ਼ਾਨ ਨੇ ਬਾਪੂ ਦੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ। ਉਹ ਅਤੇ ਬੇਬੇ ਆਪਣਾ ਹੀ ਚੱਕੀ ਗੇੜਾ ਬੰਨ੍ਹੀ ਫਿਰਦੇ ਸਨ। ਅਖੀਰ ਬੇਬੇ ਨੇ ਗੁਰਸ਼ਾਨ ਨੂੰ ਢਾਹ ਕੇ ਧੱਕੇ ਨਾਲ ਹੀ ਚੂਰੀ ਉਹਦੇ ਮੂੰਹ ’ਚ ਪਾ ਦਿੱਤੀ। ਅੱਗੇ ਉਹ ਮੂੰਹ ’ਚ ਪਾਈ ਚੂਰੀ ਫੜੂਕਾ ਜਿਹਾ ਮਾਰ ਕੇ ਕੱਢ ਦਿੰਦਾ ਸੀ, ਪਰ ਅੱਜ ਉਹ ਉੱਠ ਕੇ ਮੂੰਹ ਵਿੱਚ ਪਾਈ ਚੂਰੀ ਸਵਾਦ ਨਾਲ ਚਿੱਥਣ ਲੱਗ ਗਿਆ।

ਗੁਰਸ਼ਾਨ ਨੂੰ ਚੂਰੀ ਖਾਂਦੇ ਨੂੰ ਦੇਖ ਕੇ ਬਾਪੂ ਬੋਲਿਆ,‘‘ਮੈਨੂੰ ਲੱਗਦਾ ਅੱਜ ਇਹ ਹੋਰ ਮੰਗੂਗਾ?’’ ਬਾਪੂ ਦੀ ਗੱਲ ਦਾ ‘ਹਾਂ’ ਦੇ ਹੁੰਗਾਰੇ ਵਿੱਚ ਸਿਰ ਹਿਲਾਉਂਦੀਆਂ ਗੁਰਸ਼ਾਨ ਨੇ ਫਰਾਈਆਂ ਵਾਲਾ ਡੱਬਾ ਮੈਨੂੰ ਫੜਾਉਂਦਿਆਂ ਬੇਬੇ ਵੱਲ ਦੇਖ ਕੇ ਕਿਹਾ, ‘‘ਦਾਦੀ ਮਾਂ ਮੈਂ ਚੂਰੀ ਹੋਰ ਖਾਣੀ ਐ।’’

ਬਾਪੂ ਨੇ ਉੱਚੀ ਦੇਣੇ, ‘‘ਬਣ ਗਈ ਗੱਲ, ਬਣ ਗਈ ਗੱਲ।’’ ਆਖਿਆ, ‘‘ਤੇਰਾ ਪਿਓ ਵੀ ਇੰਜ ਹੀ ਖਾਣ ਲੱਗਾ ਸੀ।’’ ਉਹ ਸਾਰੇ ਗੁਰਸ਼ਾਨ ਦੀ ਚੂਰੀ ਵਿੱਚ ਰੁੱਝ ਗਏ ਅਤੇ ਮੈਂ ਵਾਸ਼ਰੂਮ ਵਿੱਚ ਚਲਾ ਗਿਆ।

ਜਦੋਂ ਮੈਂ ਵਾਸ਼ਰੂਮ ’ਚੋਂ ਬਾਹਰ ਆਇਆ ਤਾਂ ਦਵਿੰਦਰ ਵੀ ਲਿਵਿੰਗ ਰੂਮ ’ਚ ਬੈਠੀ ਚਾਹ ਪੀ ਰਹੀ ਸੀ। ਉਹ ਮੈਨੂੰ ਦੇਖ ਕੇ ਬੋਲੀ ਐਥੋਂ ਆਪਣੀ ਚਾਹ ਪਾ ਲਿਆਓ, ਮੈਂ ਓਹਨੀਂ ਪੈਰੀਂ ਚੁੱਲ੍ਹੇ ਵੱਲ ਮੋੜਾ ਕੱਟ ਕੇ ਆਪਣਾ ਚਾਹ ਦਾ ਕੱਪ ਭਰ ਲਿਆ। ‘‘ਕੁਝ ਖਾਣਾ ਹੈ ਤਾਂ ਉਹ ਵੀ ਚੱਕ ਲਿਆਓ।’’ ਦਵਿੰਦਰ ਨੂੰ ਸ਼ਾਇਦ ਆਪ ਵੀ ਕੁਝ ਖਾਣ ਦੀ ਤਮੰਨਾ ਸੀ, ਇਸ ਕਰਕੇ ਉਹਨੇ ਮੈਨੂੰ ਕੁਝ ਨਾ ਕੁਝ ਖਾਣ ਵਾਸਤੇ ਲਈ ਆਉਣ ਲਈ ਕਿਹਾ। ਮੈਂ ਗੁਰਸ਼ਾਨ ਦੀਆਂ ਛੱਡੀਆਂ ਫਰਾਈਆਂ ਹੀ ਚੱਕ ਲਿਆਇਆ। ਦਵਿੰਦਰ ਵੀ ਵਿੱਚੋਂ ਚੱਕ ਕੇ ਖਾਣ ਲੱਗੀ।

ਕੱਲ੍ਹ ਸ਼ਾਮ ਦੀਆਂ ਫਰਾਈਆਂ ਦੇਖ ਕੇ ਬੇਬੇ ਗੁਰਸ਼ਾਨ ਦੇ ਮੂੰਹ ’ਚ ਚੂਰੀ ਪਾਉਂਦੀ ਬੋਲੀ, ‘‘ਪੁੱਤ ਕੋਠੇ ਜਿੱਡਾ ਦਿਨ ਚੜ੍ਹ ਆਇਆ, ਭੁੱਖ ਲੱਗੀ ਹੋਊ ਤੂੰ ਆਹ ਬੇਹੀਆਂ ਫਰਾਈਆਂ ਕਿਉਂ ਖਾਣ ਲੱਗ ਗਿਆ?’’ ਮੈਂ ਆਂਡਿਆਂ ਦਾ ਪੂੜਾ ਬਣਾ ਕੇ ਲਿਆ ਦਿੰਦੀ ਹਾਂ ? ਬੇਬੇ ਆਮਲੇਟ ਨੂੰ ਆਂਡਿਆਂ ਦਾ ਪੂੜਾ ਆਖਦੀ ਤਾਂ ਗੁਰਸ਼ਾਨ ਅਤੇ ਦਵਿੰਦਰ ਬਹੁਤ ਹੱਸਦੇ। ਬੇਬੇ ਉਨ੍ਹਾਂ ਦਾ ਹਾਸਾ ਦੇਖ ਕੇ ਨਕਲੀ ਜਿਹਾ ਸ਼ਰਾਰਤੀ ਨਹੋਰਾ ਦਿੰਦੀ ਆਖਦੀ, ‘‘ਆਹੋ ਸਾਡਾ ਪਿੰਡਾਂ ਵਾਲਿਆਂ ਦਾ ਤਾਂ ਪੂੜਾ ਹੀ ਹੁੰਦਾ ਹੈ, ਥੋਡਾ ਕੈਨੇਡੇ ਵਾਲਿਆਂ ਦਾ ਹੋਊ ਆਮਲੇਟ ?’’

ਚੁੱਲ੍ਹੇ ਕੋਲ ਆਂਡੇ ਭੰਨਦੀ ਬੇਬੇ ਨੇ ਬਾਪੂ ਨੂੰ ਸੁਲ੍ਹਾ ਮਾਰੀ, ‘‘ਤੁਸੀਂ ਵੀ ਖਾਓਗੇ, ਆਂਡਿਆਂ ਦਾ ਪੂੜਾ?’’ ‘‘ਜੇ ਚਾਹ ਹੋਰ ਹੈਗੀ ਤਾਂ ਮੈਂ ਵੀ ਖਾ ਲੂੰ।’’ ਬਾਪੂ ਨੇ ਜਵਾਬ ਦਿੱਤਾ। ‘‘ਜਿੱਥੇ ਪੂੜਾ ਬਣੂੰਗਾ ਉੱਥੇ ਚਾਹ ਨਾ ਹੋਰ ਬਣੂਗੀ?’’ ਬੇਬੇ ਦਾ ਜਵਾਬ ਸੀ। ‘‘ਲੈ ਫੇਰ ਤਾਂ ਬਣ ਗਈਆਂ ਮੌਜਾਂ।’’ ਬਾਪੂ ਚਾਹ ਅਤੇ ਆਮਲੇਟ ਦਾ ਅਗੇਤਾ ਹੀ ਸਵਾਦ ਚਿਤਵਦਾ ਬੋਲਿਆ ਅਤੇ ਫੇਰ ਬੇਬੇ ਦਾ ਓਹੀ ਡਾਇਲਾਗ, ‘‘ਨਾਈ ਬੱਦੋਵਾਲ ਦਾ ਸਾਰਾ ਦਿਨ ਇਹੋ ਮੌਜਾਂ ਭਾਲਦਾ।

ਏਨੇ ਨੂੰ ਦਵਿੰਦਰ ਨੇ ਆਪਣਾ ਪਹਿਲਾ ਚਾਹ ਦਾ ਕੱਪ ਵਿਚਾਲੇ ਛੱਡ ਤਾਜ਼ੀ ਚਾਹ ਪੀਣ ਦੇ ਲਾਲਚ ’ਚ ਚੁੱਲ੍ਹੇ ਦੀ ਕਮਾਂਡ ਸੰਭਾਲ ਲਈ। ‘‘ਲਿਆਓ ਮੰਮੀ ਮੈਂ ਚਾਹ ਅਤੇ ਆਮਲੇਟ ਬਣਾ ਕੇ ਲਿਆਉਂਦੀ ਹਾਂ, ਤੁਸੀਂ ਬੈਠੋ ਉੱਥੇ ਬਾਪੂ ਜੀ ਹੋਰਾਂ ਕੋਲ ਸੋਫੇ ’ਤੇ ਗੱਲਾਂ ਕਰੋ।’’ ਬੇਬੇ ਸਾਡੇ ਵੱਲ ਆਉਂਦੀ ਬੋਲੀ, ‘‘ਆਹੋ ਭਾਈ ਤੂੰ ਬਣਾ ਆਮਲੇਟ, ਨਹੀਂ ਮੈਥੋਂ ਤਾਂ ਆਂਡਿਆਂ ਦਾ ਪੂੜਾ ਹੀ ਫੇਰ ਬਣ ਜਾਊ।’’ ਸਾਰੇ ਉੱਚੀ ਉੱਚੀ ਹੱਸ ਪਏ। ‘‘ਇੱਕੋ ਹੀ ਤਾਂ ਗੱਲ ਹੋਈ, ਆਮਲੇਟ ਤੇ ਪੂੜਾ।’’ ਗੁਰਸ਼ਾਨ ਗੱਲ ’ਤੇ ਜ਼ੋਰ ਦਿੰਦਾ ਬੋਲੀ ਜਾ ਰਿਹਾ ਸੀ।

ਦੋ ਮਹੀਨੇ ਪਹਿਲਾਂ ਤੋਂ ਜਦੋਂ ਦੇ ਬੇਬੇ ਬਾਪੂ ਸਾਡੇ ਕੋਲ ਕੈਨੇਡਾ ਆਏ ਸਨ ਤਾਂ ਹਰ ਵੀਕਐਂਡ ਉੱਤੇ ਇੰਜ ਹੀ ਹਾਸਾ ਖਿੜਦਾ ਸੀ, ਜਾਣੀ ਸੁੰਨੇ ਠੰਢੇ ਘਰ ਵਿੱਚ ਨਿੱਘ ਆ ਗਈ ਸੀ। ਸ਼ੁਰੂ ਸ਼ੁਰੂ ਵਿੱਚ ਤਾਂ ਗੁਰਸ਼ਾਨ ਅਤੇ ਦਵਿੰਦਰ ਨੂੰ ਬੇਬੇ ਬਾਪੂ ਦੀਆਂ ਠੇਠ ਦੇਸੀ ਪੰਜਾਬੀ ਦੀਆਂ ਗੱਲਾਂ ਸਮਝ ਨਹੀਂ ਆਉਂਦੀਆਂ ਸਨ, ਹੁਣ ਇਹ ਗੱਲਾਂ ਉਨ੍ਹਾਂ ਨੂੰ ਵੀ ਸਵਾਦ ਅਤੇ ਆਪਣਾਪਣ ਦਿੰਦੀਆਂ ਸਨ।

ਬੇਬੇ ਬਾਪੂ ਦੋਵੇਂ ਹੀ ਰੰਗਲੇ ਅਤੇ ਮਸਤ ਜਿਹੇ ਸੁਭਾਅ ਦੇ ਸਨ। ਪੜ੍ਹੇ ਤਾਂ ਦੋਵੇਂ ਹੀ ਅੱਠ ਦਸ ਜਮਾਤਾਂ ਸਨ, ਪਰ ਨਾਨਾ ਜੀ ਕਵੀਸ਼ਰ ਹੋਣ ਕਰਕੇ ਮਾਂ ਕੋਲ ਦੇਸੀ ਅਖਾਣਾਂ ਦਾ ਵੱਡਾ ਭੰਡਾਰ ਸੀ ਅਤੇ ਦਾਦਾ ਜੀ ਨੂੰ ਪੁਰਾਣੇ ਕਿੱਸੇ, ਸਾਖੀਆਂ ਪੜ੍ਹਨ ਦਾ ਅਤੇ ਗਵੰਤਰੀਆਂ ਦੇ ਗਾਉਣ ਸੁਣਨ ਦਾ ਸ਼ੌਕ ਸੀ। ਉਨ੍ਹਾਂ ਦੇ ਇਕੱਠੇ ਕੀਤੇ ਕਿੱਸੇ ਕਿਤਾਬਾਂ ਬਾਪੂ ਨੇ ਅਜੇ ਤੱਕ ਸੰਭਾਲ ਕੇ ਰੱਖੇ ਹੋਏ ਸਨ ਅਤੇ ਅਕਸਰ ਹੀ ਪੜ੍ਹਦਾ ਰਹਿੰਦਾ ਸੀ। ਇੰਜ ਬੇਬੇ ਬਾਪੂ ਦੀ ਗੱਲਬਾਤ ’ਚ ਲੋਹੜਿਆਂ ਦੀ ਮਿਠਾਸ ਸੀ ਅਤੇ ਵਿਵਹਾਰ ਵਿੱਚ ਸੱਭਿਆਚਾਰਕ ਰੰਗਤ ਸੀ। ਪਿੰਡ ਵਾਲੇ ਘਰ ’ਚ ਬੋਲੀ ਦਾ ਜੋ ਦਰਿਆ ਵਗਦਾ ਸੀ, ਉਹ ਦਰਿਆ ਹੁਣ ਸਾਡੇ ਕੈਨੇਡਾ ਵਾਲੇ ਘਰ ’ਚ ਠਾਠਾਂ ਮਾਰ ਰਿਹਾ ਸੀ।

ਹਫ਼ਤੇ ਦੇ ਆਮ ਦਿਨਾਂ ’ਚ ਤਾਂ ਚਾਹੇ ਸਾਡਾ ਬਹੁਤ ਘੱਟ ਮੇਲ ਮਿਲਾਪ ਹੁੰਦਾ ਸੀ, ਪਰ ਵੀਕਐਂਡ ਉੱਤੇ ਪੂਰਾ ਪੰਜਾਬੀ ਮਾਹੌਲ ਬਣਦਾ ਸੀ। ਗੁਰਸ਼ਾਨ ਅਤੇ ਦਵਿੰਦਰ ਨਵੇਂ ਨਵੇਂ ਸ਼ਬਦ ਸਿੱਖ ਕੇ ਖੁਸ਼ ਹੁੰਦੇ। ਦਵਿੰਦਰ ਦਾ ਏਧਰ ਦਾ ਜਨਮ ਹੋਣ ਕਰਕੇ ਪੰਜਾਬੀ ਤੋਂ ਹੱਥ ਤੰਗ ਹੀ ਸੀ, ਪਰ ਹੁਣ ਉਹ ਵੀ ਪੰਜਾਬੀ ਦੇ ਸ਼ਬਦ ਘੋਟ ਘੋਟ ਬੋਲਦੀ ਸੀ। ਜੇ ਕਦੇ ਕਿਸੇ ਸ਼ਬਦ ਨੂੰ ਗਲਤ ਥਾਂ ਫਿੱਟ ਕਰ ਲੈਂਦੀ ਤਾਂ ਹਾਸੜ ਵੀ ਪੈਂਦੀ ਸੀ। ਫੇਰ ਬੇਬੇ ਨੇ ਕਹਿਣਾ, ‘‘ਧੀਏ ਇੰਜ ਨਹੀਂ, ਇੰਜ ਆਖ।’’ ਤੇ ਦਵਿੰਦਰ ਉਸੇ ਤਰ੍ਹਾਂ ਬੋਲਣ ਦੀ ਕੋਸ਼ਿਸ਼ ਕਰਦੀ ਤੇ ਗੁਰਸ਼ਾਨ ਮਗਰ ਰੀਸ ਕਰਦਾ।

ਇੱਕ ਦਿਨ ਓਦੋਂ ਡਾਢੀ ਹਾਸੜ ਪਈ ਜਦੋਂ ਬਾਪੂ ਰੋਟੀ ਖਾਣ ਲੱਗਾ ਤਾਂ ਮੈਨੂੰ ਇਸ਼ਾਰਾ ਕਰਕੇ ਕਹਿੰਦਾ, ‘‘ਫ਼ਰਜ਼ੰਦਾ ਉਹ ਮੇਜ਼ ਕਰੀਂ ਨੇੜੇ ਜ਼ਰਾ।’’ ਮੈਂ ਮੇਜ਼ ਨੇੜੇ ਕਰ ਦਿੱਤਾ। ਬਾਪੂ ਹੋਰਾਂ ਨੂੰ ਰੋਟੀ ਖਵਾ ਕੇ ਦਵਿੰਦਰ ਨੇ ਗੁਰਸ਼ਾਨ ਨੂੰ ਕਿਹਾ, ‘‘ਜਾਹ ਕਮਰੇ ’ਚੋਂ ਫ਼ਰਜੰਦ ਨੂੰ ਬੁਲਾ, ਆਖ ਰੋਟੀ ਖਾ ਲਏ।’’ ਇਸ ਤੋਂ ਪਹਿਲਾਂ ਕਿ ਬਾਪੂ ਕੁਝ ਬੋਲਦਾ, ਗੁਰਸ਼ਾਨ ਨੇ ਆਵਾਜ਼ ਦਿੱਤੀ, ‘‘ਓ ਫ਼ਰਜ਼ੰਦਾ ਮੰਮੀ ਕਹਿੰਦੀ ਆ ਕੇ ਰੋਟੀ ਖਾ ਲਏ।’’ ਬਾਪੂ ਤੋਂ ਤਾਂ ਹੱਸਦੇ ਤੋਂ ਕੁਝ ਬੋਲਿਆ ਨਾ ਗਿਆ, ਬੇਬੇ ਕਹਿੰਦੇ, ‘‘ਵੇ ਕਮਲਿਆ ਟੱਬਰਾ ਇਹ ਥੋਡਾ ਨਹੀਂ ਫ਼ਰਜੰਦ, ਮੇਰਾ ਤੇ ਤੇਰੇ ਬਾਪੂ ਦਾ ਫ਼ਰਜੰਦ ਹੈ।’’ ਦਵਿੰਦਰ ਡੌਰ-ਭੌਰ ਜਿਹੀ ਹੋਈ ਥੋੜ੍ਹੀ ਰੁਕ ਕੇ ਹੱਸਦੀ ਬੋਲੀ, ‘‘ਓ ਅੱਛਾ ਮੈ ਤਾਂ ਸੋਚਿਆ ਕਿੰਨਾ ਸੋਹਣਾ ਨਾਮ ਹੈ ਏਹੀ ਲਿਆ ਕਰਾਂ।’’ ਓਦਣ ਸਾਰਾ ਦਿਨ ਇਸੇ ਗੱਲ ’ਤੇ ਹਾਸਾ ਫੁੱਟਦਾ ਰਿਹਾ।

ਬੇਬੇ ਆਉਣ ਵੇਲੇ ਸਾਰੀਆਂ ਆਪਣੀਆਂ ਫੁਲਕਾਰੀਆਂ, ਲਹਿੰਗੇ, ਬਾਗ ਦਾਦੀ ਦਾ ਸੱਗੀ ਫੁੱਲ ਆਦਿ ਸਭ ਕੁਝ ਦਵਿੰਦਰ ਲਈ ਨਾਲ ਚੱਕ ਲਿਆਈ ਸੀ ਤੇ ਦਵਿੰਦਰ ਨੇ ਵੀ ਸਾਰਾ ਕੁਝ ਚਾਅ ਨਾਲ ਸਵੀਕਾਰਿਆ ਸੀ। ਬੇਬੇ ਨੇ ਮੇਰੇ ਕੋਲੋਂ ਨਵੀਂ ਮਸ਼ੀਨ ਮੰਗਵਾ ਕੇ ਇੱਕ ਇੱਕ ਚੀਜ਼ ਦਵਿੰਦਰ ਦੇ ਮੇਚ ਦੀ ਕਰ ਦਿੱਤੀ ਸੀ ਤੇ ਫੇਰ ਜਦੋਂ ਵੀਕਐਂਡ ’ਤੇ ਅਸੀਂ ਸਾਰੇ ਗੁਰਦੁਆਰਾ ਸਾਹਿਬ ਜਾਂ ਕਿਤੇ ਘੁੰਮਣ ਫਿਰਨ ਜਾਂਦੇ ਤਾਂ ਦਵਿੰਦਰ ਚਾਅ ਨਾਲ ਪੰਜਾਬੀ ਸੂਟ ਪਾ ਕੇ ਜਾਂਦੀ ਤਾਂ ਬੇਬੇ ਆਪਣੀ ਬਾਹਰਲੀ ਨੂੰਹ ਨੂੰ ਪੰਜਾਬੀ ਸੂਟ ’ਚ ਦੇਖ ਕੇ ਫੁੱਲੀ ਨਾ ਸਮਾਉਂਦੀ ਤੇ ਉਹ ਅਕਸਰ ਆਖਦੀ, ‘‘ਮੇਰੀ ਨੂੰਹ ਦੀ ਝੰਡੀ ਆ ਗੋਰੀਆਂ ਉੱਤੇੇ।’’ ਉਹਨੂੰ ਗੋਰੀਆਂ ਦੀਆਂ ਸਕਰਟਾਂ ਉੱਕਾ ਹੀ ਨਹੀਂ ਸਨ ਭਾਉਂਦੀਆਂ।

ਇੱਕ ਦੋ ਵਾਰ ਦਵਿੰਦਰ ਬੇਬੇ ਨੂੰ ਆਪਣੇ ਹਸਪਤਾਲ ਵੀ ਲੈ ਗਈ ਸੀ। ਦਵਿੰਦਰ ਆਪਣੀ ਦੰਦਾਂ ਦੀ ਡਾਕਟਰੀ ਪੂਰੀ ਕਰਨ ਮਗਰੋਂ ਡੇਵਿਡ ਦੇ ਹਸਪਤਾਲ ’ਚ ਹੀ ਕੰਮ ਕਰਦੀ ਸੀ। ਡੇਵਿਡ ਦਾ ਹਸਪਤਾਲ ਬਹੁਤ ਮਸ਼ਹੂਰ ਸੀ ਅਤੇ ਉਨ੍ਹਾਂ ਦਾ ਵੱਡਾ ਸਟਾਫ ਸੀ ਜਿਸ ਵਿੱਚ ਜ਼ਿਆਦਾ ਗਿਣਤੀ ਵਿੱਚ ਗੋਰੀਆਂ ਹੀ ਸਨ। ਸਕਰਟ ’ਚ ਬੇਬੇ ਨੂੰ ਸੋਹਣੀ ਤੋਂ ਸੋਹਣੀ ਗੋਰੀ ਵੀ ‘ਐਵੇਂ’ ਹੀ ਲੱਗਦੀ। ਉਹ ਨੱਕ ਜਿਹਾ ਚੜ੍ਹਾਅ ਕੇ ਕਹਿੰਦੀ, ‘‘ਇਹ ਤਾਂ ਐਵੇਂ ਹੀ ਹੁੰਦੀਆਂ ਹਨ, ਅੱਧਾ ਸਰੀਰ ਨੰਗਾ ਕਰੀਂ ਰੱਖਣਗੀਆਂ।’’ ਬਾਪੂ ਜਾਣ ਕੇ ਪੁੱਛਦਾ, ‘‘ਭਲਾਂ ਐਵੇਂ ਕਿਵੇਂ ? ਕਿੰਨੀਆਂ ਤਾਂ ਸੋਹਣੀਆਂ ਹੁੰਦੀਆਂ ਹਨ।’’

ਬੇਬੇ ਥੋੜ੍ਹਾ ਖਿਝ ਕੇ ਆਖਦੀ, ‘‘ਤੈਨੂੰ ਤਾਂ ਸ਼ਰਾਰਤਾਂ ਸੁੱਝਦੀਆਂ ਹਨ।’’ ਬਾਪੂ ਨੂੰ ‘ਥੋਨੂੰ, ਥੋਨੂੰ’ ਕਹਿੰਦੀ ਬੇਬੇ ਖਿਝਣ ਵੇਲੇ ਅਕਸਰ ‘ਤੈਨੂੰ’ ’ਤੇ ਆ ਜਾਂਦੀ ਅਤੇ ਬਾਪੂ ਆਖਦਾ, ‘‘ਅੱਛਾ ਹੁਣ ਅਸੀਂ ‘ਤੈਥੋਂ, ਤੈਨੂੰ’ ਹੋ ਗਏ? ਤੇ ਬੇਬੇ ਉਸੇ ਖਿਝ ’ਚ ਆਖਦੀ, ‘ਪੰਜ ਸੱਤ ਵਾਰ ਹੋਰ ਐਹੋ ਜਿਹੀ ਸ਼ਰਾਰਤ ਕੀਤੀ ਤਾਂ ‘ਤੈਨੂੰ’ ਤੋਂ ਵੀ ਜਾਏਂਗਾ।’’ ਅਸੀਂ ਸਾਰੇ ਹੱਸ ਪੈਂਦੇ ਫੇਰ ਬੇਬੇ ਦਾ ਮੂਡ ਠੀਕ ਹੋ ਜਾਂਦਾ।

ਦਵਿੰਦਰ ਦੇ ਕੰਮ ’ਤੇ ਪਹਿਲੀ ਵਾਰ ਜਾਣ ਉੱਤੇ ਹੀ ਬੇਬੇ ਨੇ ਘਰ ਆ ਕੇ ਆਖ ਦਿੱਤਾ ਸੀ, ‘‘ਕਾਕੀ ਰਾਜ਼ੀ ਰਹਿ ਗੁੱਸੇ ਰਹਿ, ਪਰ ਮੇਰੇ ਇੱਥੇ ਹੁੰਦਿਆਂ ਤਾਂ ਪੰਜਾਬੀ ਸੂਟ ਪਾ ਕੇ ਕੰਮ ’ਤੇ ਜਾਇਆ ਕਰ। ਉੱਥੇ ਜਾ ਕੇ ਬਦਲ ਲਿਆ ਕਰ, ਆਪਣੀ ਨੌਕਰੀ ਵਾਲੇ ਪਾ ਲਿਆ ਕਰ।’’ ਬੇਬੇ ਨੂੰ ਕੰਮ ਉੱਤੇ ਜਾਣ ’ਤੇ ਪਤਾ ਲੱਗ ਗਿਆ ਸੀ ਕਿ ਕੰਮ ’ਤੇ ਆ ਕੇ ਕੱਪੜੇ ਬਦਲੇ ਜਾ ਸਕਦੇ ਹਨ ਅਤੇ ਦਵਿੰਦਰ ਅਗਲੇ ਹੀ ਦਿਨ ਤੋਂ ਪੰਜਾਬੀ ਸੂਟ ’ਚ ਜਾਣ ਲੱਗ ਗਈ ਸੀ।

ਫੁਲਕਾਰੀਆਂ, ਬਾਗਾਂ ਦੇ ਬਣੇ ਪੰਜਾਬੀ ਸੂਟਾਂ ’ਚ ਦਵਿੰਦਰ ਮੋਰਨੀ ਵਰਗੀ ਲੱਗਦੀ ਸੀ। ਹੁਣ ਦਵਿੰਦਰ ਇੱਕੋ ਹੀ ਵਰਦੀ ਪਾਉਣ ਦੀ ਥਾਂ ਸੂਟ ਬਦਲ ਬਦਲ ਜਾਂਦੀ। ਗੋਰੀਆਂ ਨੂੰ ਵੀ ਰੰਗ ਬਿਰੰਗੇ ਸੂਟ ਸੋਹਣੇ ਲੱਗਦੇ। ਉਹ ਨੇੜੇ ਹੋ ਹੋ ਦੇਖਦੀਆਂ। ਇੱਕ ਦਿਨ ਡੇਵਿਡ ਦੀ ਘਰਵਾਲੀ ਗੈਬਰੀਅਲ ਨੇ ਦਵਿੰਦਰ ਦਾ ਲਾਹਿਆ ਹੋਇਆ ਸੂਟ ਪਾ ਲਿਆ। ਗੈਬਰੀਅਲ ਸ਼ੀਸ਼ੇ ਵਿੱਚ ਆਪਣੀ ਪੰਜਾਬੀ ਸੂਟ ’ਚ ਫੱਬਤ ਦੇਖ ਕੇ ਬੱਚਿਆਂ ਵਾਂਗ ਚਾਂਬੜਾਂ ਪਾਉਣ ਲੱਗ ਗਈ। ਉਹਨੇ ਇਕੱਲੀ ਇਕੱਲੀ ਸਟਾਫ ਮੈਂਬਰ ਨੂੰ ਆਪਣੀ ਪੰਜਾਬੀ ਸੂਟ ’ਚ ਟੌਹਰ ਦਿਖਾਈ। ਲਓ ਜੀ ਬੇਬੇ ਦਾ ਕੰਮ ਹੋਰ ਵਧ ਗਿਆ। ਕੋਈ ਮਹੀਨਾ ਭਰ ਬੇਬੇ ਦਵਿੰਦਰ ਦੀ ਸਿਫਾਰਸ਼ ’ਤੇ ਸਾਰੇ ਸਟਾਫ ਦੀਆਂ ਗੋਰੀਆਂ ਦੇ ਪੰਜਾਬੀ ਸੂਟ ਬਣਾਉਂਦੀ ਰਹੀ।

ਬੇਬੇ ਨੂੰ ਕੰਮ ’ਚ ਰੁੱਝੀ ਦੇਖ ਕੇ ਬਾਪੂ ਕਹਿੰਦਾ, ‘‘ਜਿਹੜੇ ਹਿਸਾਬ ਨਾਲ ਤੇਰੀ ਬੇਬੇ ਦੀ ਗੋਰੀਆਂ ’ਚ ਚੜ੍ਹਾਈ ਹੋ ਰਹੀ ਹੈ, ਮੈਨੂੰ ਲੱਗਦਾ ਇਹ ਗੋਰੀਆਂ ਦੀ ਸਰਪੰਚਣੀ ਬਣੂ।’’ ਬੇਬੇ ਕੱਪੜੇ ਸਿਉਣ ਵਾਲੀ ਮਸ਼ੀਨ ਨੂੰ ਰੋਕਦਿਆਂ ਬੋਲੀ, ‘‘ਮੱਚ ਨਾ ਸਾਊ ਰੀਸ ਕਰ, ਰੀਸ।’’ ਬਾਪੂ ਅੱਖ ਜਿਹੀ ਮੀਚ ਕੇ ਕਹਿੰਦਾ, ‘‘ਮੈਂ ਬੇਸਮੈਂਟ ’ਚ ਦਾਰੂ ਦਾ ਡਰੰਮ ਪਾ ਦੇਣੈ, ਦੇਖੀ ’ਕੱਲਾ-’ਕੱਲਾ ਗੋਰਾ ਟਿੰਡ ’ਤੇ ਗਲਾਸ ਰੱਖ ਕੇ ਗਾਉਂਦਾ ਫਿਰੂ, ‘ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ।’ ਬਾਪੂ ਦੀ ਗੱਲ ਸੁਣ ਕੇ ਤੇ ਐਕਸ਼ਨ ਦੇਖ ਕੇ ਮੇਰੇ ਨੱਕ ਥਾਈਂ ਚਾਹ ਨਿਕਲ ਗਈ।

ਬਾਪੂ ਹੋਰੀਂ ਛੇ ਮਹੀਨੇ ਹੀ ਰੁਕ ਸਕਦੇ ਸਨ। ਉਨ੍ਹਾਂ ਦਾ ਜੀਅ ਭਾਵੇਂ ਪੂਰਾ ਲੱਗਾ ਸੀ, ਪਰ ਪਿੰਡ ਘਰ ਪਰਿਵਾਰ ਦੀ ਖ਼ਬਰ ਰੱਖਣ ਲਈ ਵੱਡੇ ਭਰਾ ਨੂੰ ਰੋਜ਼ ਫੋਨ ਕਰਦੇ ਸਨ। ਬਾਈ ਵੀ ਇਸ ਗੱਲ ’ਤੇ ਜ਼ੋਰ ਪਾ ਰਿਹਾ ਸੀ ਕਿ ਫਸਲ ਦੀ ਕਟਾਈ ਤੇ ਕਣਕ ਦੀ ਬਿਜਾਈ ਤੋਂ ਪਹਿਲਾਂ ਹਰ ਹਾਲਤ ਆ ਜਾਇਓ। ਕਟਾਈ ਬਿਜਾਈ ਵਾਲੇ ਇੱਕ ਮਹੀਨੇ ’ਚ ਬੇਬੇ ਬਾਪੂ ਨੂੰ ‘ਸਿਰ ਖੁਰਕਣ’ ਦੀ ਵੀ ਵਿਹਲ ਨਹੀਂ ਮਿਲਦੀ ਸੀ। ਬੇਬੇ ਬਾਪੂ ਦੇ ਵਾਪਸ ਭਾਰਤ ਜਾਣ ਦੇ ਖਿਆਲ ਨੇ ਸਾਨੂੰ ਡੋਬੂ ਜਿਹਾ ਪਾ ਦਿੱਤਾ। ਗੁਰਸ਼ਾਨ ਵੀ ਕਹਿੰਦਾ, ‘‘ਦਾਦੀ ਮਾਂ ਅਤੇ ਦਾਦਾ ਜੀ ਜੇ ਇੰਡੀਆ ਚਲੇ ਗਏ ਤਾਂ ਮੈਨੂੰ ਬਾਤਾਂ ਕੌਣ ਸੁਣਾਉਗਾ? ਮੈਂ ਹੋਰ ਟੌਮ ਐਂਡ ਜੈਰੀ ਨਹੀਂ ਦੇਖਣਾ।’’ ਬਾਪੂ ਕਹਿੰਦਾ, ‘‘ਤੂੰ ਚੱਲ ਸਾਡੇ ਨਾਲ ਪੰਜਾਬ, ਨਾਲੇ ਆਪਣਾ ਖੇਤ ਦੇਖੀਂ, ਮੋਟਰ ’ਤੇ ਨਹਾਉਣ ਦਾ ਨਜ਼ਾਰਾ।’’ ਗੁਰਸ਼ਾਨ ਝੱਟ, ‘‘ਚਲੋ।’’ ਆਖ ਕੇ ਖੜ੍ਹਾ ਹੋ ਗਿਆ।

ਬੇਬੇ ਬਾਪੂ ਦੇ ਆਉਣ ਨਾਲ ਘਰ ਵਿੱਚ ਤਿਉਹਾਰ ਵਰਗਾ ਚਾਅ ਵਾਲਾ ਮਾਹੌਲ ਸੀ। ਬੇਬੇ ਕਦੇ ਖੀਰ ਬਣਾ ਲੈਂਦੀ, ਕਦੇ ਕੜਾਹ ਬਣਾ ਲੈਂਦੀ, ਘਰ ’ਚ ਬਾਹਰ ਦੇ ਬਰਗਰ, ਪੀਜੇ, ਫਰਾਈਆਂ ਆਦਿ ਆਉਣੇ ਲਗਭਗ ਬੰਦ ਹੀ ਹੋ ਗਏ ਸਨ। ਇੱਕ ਵਾਰ ਬੇਬੇ ਨੇ ਗੁਲਗਲੇ, ਮੱਠੀਆਂ ਪੂੜੇ ਤੇ ਖੀਰ ਬਣਾਈ। ਸਾਲਾਂ ਬਾਅਦ ਗੁਲਗਲੇ, ਮੱਠੀਆਂ ਖਾ ਕੇ ਜਾਣੀ ਰੂਹ ਹੀ ਖਿੜ ਗਈ। ਮੈਂ ਅਤੇ ਦਵਿੰਦਰ ਨੇ ਆਪੋ ਆਪਣੇ ਕੰਮਾਂ ਉੱਤੇ ਗੋਰੇ ਗੋਰੀਆਂ ਨੂੰ ਗੁਲਗਲੇ, ਮੱਠੀਆਂ ਅਤੇ ਪੂੜੇ ਲਿਜਾ ਕੇ ਖਵਾਏ। ਉਨ੍ਹਾਂ ਨੂੰ ਗੁਲਗਲੇ- ਮੱਠੀਆਂ ਅੰਗਰੇਜ਼ੀ ਮਿਠਿਆਈਆਂ ‘ਮਫਨ’ ਅਤੇ ‘ਪੈਨ-ਕੇਕ’ ਤੋਂ ਵੀ ਸਵਾਦ ਲੱਗੇੇ।

ਬਾਪੂ ਹੋਰਾਂ ਦੀ ਠਹਿਰ ਦਾ ਸਮਾਂ ਬਾਤ ਸੁਣਨ ਵਾਂਗ ਹੀ ਲੰਘ ਗਿਆ। ਅਗਲੇ ਮਹੀਨੇ ਬਾਪੂ ਹੋਰਾਂ ਨੇ ਭਾਰਤ ਚਲੇ ਜਾਣਾ ਸੀ। ਅਸੀਂ ਸਾਰੇ ਪਰਿਵਾਰ ਨੇ ਸਲਾਹ ਕੀਤੀ ਕਿ ਜਿਨ੍ਹਾਂ ਜਿਨ੍ਹਾਂ ਨੇ ਬੇਬੇ ਬਾਪੂ ਹੋਰਾਂ ਨੂੰ ਖਾਣਾ ਵਗੈਰਾ ਕੀਤਾ ਸੀ, ਉਨ੍ਹਾਂ ਨੂੰ ਘਰ ਬੁਲਾਇਆ ਜਾਵੇ। ਅਸੀਂ ਸਾਰੇ ਸਲਾਹ ਕਰਨ ਲੱਗੇ ਕਿ ਕੀ ਪ੍ਰੋਗਰਾਮ ਕੀਤਾ ਜਾਵੇ ? ਕਿਵੇਂ ਕੀਤਾ ਜਾਵੇ ? ਅਚਾਨਕ ਟੀਵੀ ਉੱਤੇ ਤੀਆਂ ਦੇ ਤਿਉਹਾਰ ਦੀ ਮਸ਼ਹੂਰੀ ਆ ਗਈ। ਦਵਿੰਦਰ ਨੂੰ ਜਾਣੀ ਜਿਵੇਂ ਕੋਈ ਗਵਾਚੀ ਚੀਜ਼ ਲੱਭ ਗਈ ਹੋਵੇ। ਉਹ ਫਟਾਫਟ ਬੋਲੀ, ‘‘ਸੱਚ ਮੰਮੀ ਮੈਂ ਤਾਂ ਤੁਹਾਡੇ ਕੋਲੋਂ ਤੀਆਂ ਬਾਰੇ ਪੁੱਛਣਾ ਸੀ।’’ ਬੇਬੇ ਕਹਿੰਦੀ, ‘‘ਪੁੱਤ ਤੂੰ ਤੀਆਂ ਬਾਰੇ ਕੀ ਪੁੱਛਣਾ ਹੈ? ਆਪਾਂ ਇੰਜ ਕਰੋ ਸਾਡੇ ਜਾਣ ਦੇ ਪ੍ਰੋਗਰਾਮ ’ਚ ਘਰੇ ਤੀਆਂ ਮਨਾ ਲੈਂਦੇ ਹਾਂ। ਆਹ ਪਿੱਛੇ ਕਿੰਨਾ ਵੱਡਾ ਵਿਹੜਾ ਹੈ, ਸਾਰੇ ਜਾਣ ਪਛਾਣ ਇੱਕੋ ਦਿਨ ’ਚ ਭੁਗਤ ਜਾਣਗੇ।’’

ਚਲੋ ਜੀ ਆਉਣ ਵਾਲੇ ਲੌਂਗ ਵੀਕਐਂਡ ਉੱਤੇ ਤੀਆਂ ਦੇ ਤਿਉਹਾਰ ਦਾ ਪ੍ਰੋਗਰਾਮ ਰੱਖ ਲਿਆ। ਮੇਰੇ ਨਾਲ ਕੰਮ ਕਰਨ ਵਾਲੇ, ਦਵਿੰਦਰ ਦਾ ਸਟਾਫ਼ ਅਤੇ ਹੋਰ ਜਾਣ ਪਛਾਣ ਵਾਲਿਆਂ ਦਾ ਪੂਰਾ ਮੇਲਾ ਭਰ ਗਿਆ। ਪੰਜਾਬੀ ਸੂਟਾਂ ਵਿੱਚ ਗੋਰੀਆਂ ਅਤੇ ਪੰਜਾਬਣਾਂ ਆਪਸ ਵਿੱਚ ਚਾਚੇ ਤਾਇਆਂ ਦੀਆਂ ਕੁੜੀਆਂ ਵਾਂਗ ਲੱਗਣ। ਦੇਰ ਰਾਤ ਤੱਕ ਨੱਚਦੇ ਟੱਪਦੇ ਰਹੇ, ਡੇਵਿਡ ਤੇ ਬਾਪੂ ਦੇ ਸਾਂਝੇ ਐਕਸ਼ਨ ਨੇ ਬਾਪੂ ਦੀ ‘ਟਿੰਡ ’ਤੇ ਗਲਾਸ ਰੱਖ ਕੇ ਨੱਚਣ ਵਾਲੀ’ ਗੱਲ ਸੱਚ ਕਰ ਦਿੱਤੀ।

ਰਾਤ ਨੂੰ ਲੇਟ ਸੁੱਤੇ ਅਤੇ ਅਗਲੇ ਦਿਨ ਲੇਟ ਹੀ ਉੱਠੇ। ਬੇਬੇ ਹੋਰਾਂ ਦੀ ਵਾਪਸੀ ਫਲਾਈਟ ਵਿੱਚ ਦਸ ਦਿਨ ਹੀ ਸਨ। ਚਾਹ ਪੀਂਦਿਆਂ ਬੇਬੇ ਕਹਿੰਦੀ, ‘‘ਲਓ ਭਾਈ ਹੁਣ ਆਪਾਂ ਕੱਪੜੇ ਲੀੜੇ ਧੋ ਧੋ ਹੌਲੀ ਹੌਲੀ ਸਾਮਾਨ ਪੈੱਕ ਕਰਨ ਲੱਗੀਏ।’’ ਗੱਲ ਸੁਣਨ ਸਾਰ ਦਵਿੰਦਰ ਮੂੰਹ ਜਿਹਾ ਪਾਸੇ ਕਰਕੇ ਬੈੱਡਰੂਮ ਵਿੱਚ ਚਲੀ ਗਈ। ਮੈਂ ਵੀ ਬਾਹਰ ਲਾਅਨ ਵਿੱਚ ਆ ਗਿਆ, ਮਨ ਭਾਰਾ ਜਿਹਾ ਹੋ ਗਿਆ।

ਮੇਰੇ ਮਨ ’ਚ ਖਿਆਲ ਆਇਆ ਕਿ ਜਾਣ ਤੋਂ ਪਹਿਲਾਂ ਬੇਬੇ ਬਾਪੂ ਦਾ ਮੈਡੀਕਲ ਚੈੱਕਅੱਪ ਕਰਵਾ ਲਿਆ ਜਾਵੇ ਤਾਂ ਜੋ ਰਸਤੇ ਵਿੱਚ ਕੋਈ ਸਮੱਸਿਆ ਨਾ ਆਵੇ। ਬਾਪੂ ਕਹਿੰਦਾ, ‘‘ਓ ਪੁੱਤਰ ਐਂ ਆਪਾਂ ਨੂੰ ਖਾਂਦੇ ਪੀਂਦਿਆਂ ਨੂੰ ਕੀ ਹੋਣ ਲੱਗਾ ਹੈ?’’ ਪਰ ਬੇਬੇ ਨੂੰ ਇੱਕ ਦੋ ਨਿੱਕੀਆਂ ਮੋਟੀਆਂ ਤਕਲੀਫ਼ਾਂ ਸਨ, ਉਹਦੇ ਲਈ ਡਾਕਟਰ ਤੋਂ ਸਮਾਂ ਲੈ ਲਿਆ। ਫਲਾਈਟ ਤੋਂ ਇੱਕ ਦਿਨ ਪਹਿਲਾਂ ਦਾ ਸਮਾਂ ਮਿਲਿਆ ਸੀ।

ਸਾਰਾ ਸਾਮਾਨ ਪੈਕ ਹੋ ਗਿਆ ਸੀ, ਪਰ ਘਰ ਵਿੱਚ ਚੁੱਪ ਜਿਹੀ ਛਾ ਗਈ ਸੀ। ਜਾਣ ਨੂੰ ਦਿਲ ਬੇਬੇ ਬਾਪੂ ਦਾ ਵੀ ਨਹੀਂ ਕਰਦਾ ਸੀ, ਪਰ ਦੋ ਦੇਸ਼ਾਂ ਵਿੱਚ ਵੰਡੇ ਪਰਿਵਾਰ ਦੀ ਮਜਬੂਰੀ ਸੀ। ਮੈਂ ਅਤੇ ਦਵਿੰਦਰ ਨੇ ਦੋ ਦਿਨ ਛੁੱਟੀ ਲੈ ਲਈ ਸੀ। ਅੱਜ ਦੀ ਅਤੇ ਕੱਲ੍ਹ ਫਲਾਈਟ ਵਾਲੇ ਦਿਨ ਦੀ। ਮੈਂ ਨਹਾਉਣ ਜਾਂਦੇ ਨੇ ਕਿਹਾ, ‘‘ਚੱਲ ਬੇਬੇ ਤਿਆਰ ਹੋ ਜਾ ਆਪਾਂ ਡਾਕਟਰ ਕੋਲ ਜਾ ਆਈਏ।’’ ‘‘ਠੀਕ ਹੈ ਪੁੱਤ।’’ ਆਖ ਕੇ ਬੇਬੇ ਵੀ ਤਿਆਰ ਹੋਣ ਚਲੀ ਗਈ। ਮੈਂ ਅਤੇ ਬੇਬੇ ਤਿਆਰ ਹੋ ਕੇ ਡਾਕਟਰ ਕੋਲ ਚਲੇ ਗਏ। ਡਾਕਟਰ ਗੋਰਾ ਸੀ। ਸਾਡੀ ਵਾਰੀ ਆਈ ਤਾਂ ਅਸੀਂ ਡਾਕਟਰ ਦੇ ਕਮਰੇ ਵਿੱਚ ਚਲੇ ਗਏ। ਉਹ ਬੇਬੇ ਦਾ ਚੈੱਕਅੱਪ ਕਰਦਾ ਕਰਦਾ ਮੇਰੇ ਕੋਲੋਂ ਜੋ ਵੀ ਪੁੱਛਦਾ, ਮੈਂ ਜਵਾਬ ਦੇ ਦਿੰਦਾ। ਫੇਰ ਕੁਝ ਸਮਾਂ ਬੇਬੇ ਦੀ ਸਿਹਤ ਬਾਰੇ ਗੱਲਾਂ ਕਰਦੇ ਰਹੇ। ਡਾਕਟਰ ਗੋਰਾ ਸੀ ਤਾਂ ਜਾਹਰਾ ਤੌਰ ’ਤੇ ਗੱਲ ਅੰਗਰੇਜ਼ੀ ਵਿੱਚ ਹੀ ਹੋਣੀ ਸੀ। ਜਦੋਂ ਮੈਂ ਬੋਲਦਾ ਤਾਂ ਬੇਬੇ ਪਰੇਸ਼ਾਨ ਜਿਹੀ ਹੋ ਕੇ ਮੇਰੇ ਮੂੰਹ ਵੱਲ ਦੇਖਦੀ। ਉਹਦੇ ਚਿਹਰੇ ਦੀ ਬੇਚੈਨੀ ਦੱਸਦੀ ਸੀ ਕਿ ਉਹ ਕੁਝ ਕਰਨਾ ਚਾਹੁੰਦੀ ਹੈ। ਮੈਂ ਪੁੱਛਿਆ, ‘‘ਬੇਬੇ ਕੀ ਗੱਲ ਹੈ? ਕੋਈ ਪਰੇਸ਼ਾਨੀ ਹੈ?’’ ਬੇਬੇ ਨੇ ਹਲਕਾ ਜਿਹਾ ਨਾਂਹ ਵਿੱਚ ਸਿਰ ਘੁਮਾਇਆ ਤੇ ਕਿਹਾ, ‘‘ਕੁਛ ਨ੍ਹੀਂ ਕੁਛ ਨ੍ਹੀਂ! ਚੱਲੋ।’’ ਅਸੀਂ ਡਾਕਟਰ ਕੋਲੋਂ ਬਾਹਰ ਆ ਗਏ। ਬੇਬੇ ਦੀ ਸਿਹਤ ਸਭ ਕੁਝ ਠੀਕ ਠਾਕ ਸੀ, ਥੋੜ੍ਹਾ ਜਿਹਾ ਬਲੱਡ-ਪ੍ਰੈੱਸ਼ਰ ਵੱਧ ਸੀ।

ਜਦੋਂ ਅਸੀਂ ਘਰ ਜਾ ਰਹੇ ਸੀ ਤਾਂ ਮੈਂ ਬੇਬੇ ਨੂੰ ਪੁੱਛਿਆ, ‘‘ਬੇਬੇ ਤੂੰ ਏਨੀ ਬੇਚੈਨ ਜਿਹੀ ਕਿਉਂ ਹੋ ਰਹੀ ਸੀ?’’ ਬੇਬੇ ਨੇ ਮੇਰੇ ਮੂੰਹ ਵੱਲ ਟਿਕਟਿਕੀ ਲਾ ਕੇ ਦੇਖਿਆ, ਫੇਰ ਹਲਕਾ ਜਿਹਾ ਮੁਸਕਰਾਈ ਤੇ ਬੋਲੀ, ‘‘ਤੂੰ ਨਿੱਕਾ ਜਿਹਾ ਹੁੰਦਾ ਸੀ, ਤੇਰੀ ਤਾਈ ਪੀਹਣ ਛਟੀ ਜਾਂਦੀ ਸੀ, ਉਹ ਦਾਣੇ ਇੱਕ ਪਾਸੇ ਢੇਰੀ ਲਾ ਦਿੰਦੀ ਤੇ ਘੁੰਡੀਆਂ ਇੱਕ ਪਾਸੇ ਸੁੱਟ ਦਿੰਦੀ। ਤੂੰ ਕੋਲ ਖੇਡਦਾ ਫਿਰਦਾ ਸੀ। ਤੂੰ ਮੁੱਠੀ ਭਰ ਕੇ ਕਣਕ ਦੇ ਦਾਣੇ ਮੂੰਹ ’ਚ ਪਾਉਣ ਦੀ ਕੋਸ਼ਿਸ਼ ਕਰੇਂ, ਕੁਝ ਕੁ ਦਾਣੇ ਮੂੰਹ ’ਚ ਪੈ ਜਾਣ ਕੁਝ ਕੁ ਡੁੱਲ੍ਹ ਜਾਣ। ਫੇਰ ਤੂੰ ਉਹ ਵੀ ਮੂੰਹ ’ਚੋਂ ਕੱਢ ਦੇਵੇਂ। ਤੂੰ ਮੇਰੇ ਦੇਖਦੇ ਦੇਖਦੇ ਨਿੱਕੇ ਜਿਹੇ ਹੱਥ ਨਾਲ ਘੁੰਡੀਆਂ ਦੀ ਮੁੱਠ ਭਰ ਕੇ ਮੂੰਹ ’ਚ ਪਾ ਲਈ। ਉਹ ਅੰਦਰ ਤਾਂ ਕੀ ਲੰਘਣੀਆਂ ਸਨ, ਤੇਰੇ ਤੋਂ ਮੂੰਹ ’ਚੋਂ ਬਾਹਰ ਵੀ ਨਾ ਨਿਕਲਣ ਤੇ ਤੈਨੂੰ ਵੱਤ ਆਉਣ ਲੱਗ ਗਏ। ਤੂੰ ਦੋ-ਤਿੰਨ ਵੱਤ ਲਏ, ਤੇਰੀ ਹਾਲਤ ਦੇਖ ਕੇ ਮੇਰੀ ਤਾਂ ਜਾਣੀ ਜਾਨ ਹੀ ਨਿਕਲ ਚੱਲੀ ਸੀ। ਮੈਂ ਨਲਕੇ ਕੋਲੋਂ ਭੱਜੀ ਤੇ ਝੱਟ ਤੇਰੇ ਮੂੰਹ ’ਚ ਉਂਗਲ ਪਾ ਕੇ ਘੁੰਡੀਆਂ ਕੱਢ ਦਿੱਤੀਆਂ, ਪਰ ਤੂੰ ਫੇਰ ਵੀ ਵੱਤ ਨਾ ਲੈਣੋ ਹਟਿਆ। ਮੈਂ ਭੱਜ ਕੇ ਰਸੋਈ ਵਿੱਚ ਗਈ ਤੇ ਸ਼ੱਕਰ ਲਿਆ ਕੇ ਤੇਰੇ ਮੂੰਹ ’ਚ ਪਾਈ। ਤੂੰ ਫੇਰ ਕਿਤੇ ਜਾ ਕੇ ਠੀਕ ਹੋਇਆ।

ਥੋੜ੍ਹਾ ਜਿਹਾ ਰੁਕ ਕੇ ਫੇਰ ਮਾਂ ਬੋਲੀ, ‘‘ਹੁਣ ਜਦੋਂ ਤੂੰ ਡਾਕਟਰ ਨਾਲ ਅੰਗਰੇਜ਼ੀ ’ਚ ਗੱਲਾਂ ਕਰਦਾ ਸੀ ਤਾਂ ਤੇਰਾ ਮੂੰਹ ਟੇਢਾ-ਵਿੰਗਾ ਜਿਹਾ ਹੋਈ ਜਾਵੇ। ਮੈਨੂੰ ਲੱਗੇ ਕੇ ਤੇਰੇ ਮੂੰਹ ’ਚ ਫੇਰ ਘੁੰਡੀਆਂ ਫਸ ਗਈਆਂ, ਮੇਰਾ ਮਨ ਕਰਦਾ ਸੀ ਤੇਰੇ ਮੂੰਹ ’ਚ ਉਂਗਲ ਪਾ ਕੇ ਘੁੰਡੀਆਂ ਕੱਢ ਦੇਵਾਂ ਅਤੇ ਗੁਰਸ਼ਾਨ ਵਾਸਤੇ ਕੁੱਟੀ ਘਿਉ ਵਿੱਚ ਗੜੁੱਚ ਚੂਰੀ ਦੀ ਬੁਰਕੀ ਤੇਰੇ ਮੂੰਹ ’ਚ ਪਾ ਦੇਵਾਂ।’’

ਏਨਾ ਆਖ ਕੇ ਬੇਬੇ ਕਾਰ ਦੇ ਸ਼ੀਸ਼ੇ ਤੋਂ ਬਾਹਰ ਪਤਾ ਨ੍ਹੀਂ ਕੀ ਦੇਖਣ ਲੱਗ ਗਈ? ਦੂਰੋਂ ਛਿਪਦੇ ਵਾਲੇ ਪਾਸਿਓਂ ਏਅਰਪੋਰਟ ਤੋਂ ਇੱਕ ਜਹਾਜ਼ ਉੱਡਿਆ ਅਤੇ ਚੜ੍ਹਦੇ ਵੱਲ ਨੂੰ ਉਡਾਣ ਭਰ ਗਿਆ।
ਐਡਮਿੰਟਨ (ਕੈਨੇਡਾ)
ਸੰਪਰਕ: 0017803405002



News Source link
#ਘਡਆ

- Advertisement -

More articles

- Advertisement -

Latest article