19.5 C
Patiāla
Saturday, December 10, 2022

ਸੂਬੇ ਤੇਲ ਤੋਂ ਟੈਕਸ ਘਟਾਉਣ: ਮੋਦੀ : The Tribune India

Must read


ਨਵੀਂ ਦਿੱਲੀ, 27 ਅਪਰੈਲ

ਮੁੱਖ ਅੰਸ਼

  • ਪ੍ਰਧਾਨ ਮੰਤਰੀ ਨੇ ਸਹਿਕਾਰੀ ਸੰਘਵਾਦ ਨੂੰ ਉਤਸ਼ਾਹਿਤ ਕਰਨ ਦੀ ਲੋੜ ਜਤਾਈ

ਵਿਰੋਧੀ ਧਿਰਾਂ ਦੇ ਸ਼ਾਸਨ ਵਾਲੇ ਕਈ ਸੂਬਿਆਂ ’ਚ ਉੱਚੀਆਂ ਤੇਲ ਕੀਮਤਾਂ ਦਾ ਮੁੱਦਾ ਉਠਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਨੂੰ ਰਾਹਤ ਦੇਣ ਲਈ ਦੇਸ਼ ਹਿੱਤ ’ਚ ਤੇਲ ਕੀਮਤਾਂ ਤੋਂ ਵੈਟ ਘਟਾਉਣ। ਉਨ੍ਹਾਂ ਕਿਹਾ ਕਿ ਆਲਮੀ ਸੰਕਟ ਦੇ ਸਮੇਂ ’ਚ ਸਾਰੇ ਸੂਬੇ ਸਹਿਕਾਰੀ ਸੰਘਵਾਦ ਦੀ ਭਾਵਨਾ ਨਾਲ ਰਲ ਕੇ ਕੰਮ ਕਰਨ। ਸ੍ਰੀ ਮੋਦੀ ਨੇ ਪਿਛਲੇ ਸਾਲ ਨਵੰਬਰ ’ਚ ਆਪਣੀ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਤੋਂ ਐਕਸਾਈਜ਼ ਡਿਊਟੀ ਘਟਾਉਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਈ ਸੂਬਿਆਂ ਨੇ ਤੇਲ ਕੀਮਤਾਂ ’ਚ ਛੇ ਮਹੀਨਿਆਂ ਮਗਰੋਂ ਵੀ ਕਟੌਤੀ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਲੋਕਾਂ ਨਾਲ ਬੇਇਨਸਾਫ਼ੀ ਹੈ ਅਤੇ ਗੁਆਂਢੀ ਸੂਬਿਆਂ ਲਈ ਵੀ ਨੁਕਸਾਨਦੇਹ ਹੈ। ਕੋਵਿਡ-19 ਹਾਲਾਤ ਬਾਰੇ ਮੁੱਖ ਮੰਤਰੀਆਂ ਨਾਲ ਕੀਤੀ ਗਈ ਮੀਟਿੰਗ ਦੀ ਸਮਾਪਤੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਭਾਸ਼ਨ ਦਾ ਜ਼ਿਆਦਾਤਰ ਹਿੱਸਾ ਈਂਧਣ ਦੀਆਂ ਕੀਮਤਾਂ ਦੇ ਮੁੱਦੇ ’ਤੇ ਕੇਂਦਰਤ ਰਿਹਾ। ਉਨ੍ਹਾਂ ਕਿਹਾ,‘‘ਜੰਗ ਨਾਲ ਪੈਦਾ ਹੋਏ ਆਲਮੀ ਹਾਲਾਤ ’ਚ ਭਾਰਤੀ ਅਰਥਚਾਰੇ ਨੂੰ ਮਜ਼ਬੂਤ ਬਣਾਉਣ ਲਈ ਸਹਿਕਾਰੀ ਸੰਘਵਾਦ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਆਰਥਿਕ ਫ਼ੈਸਲਿਆਂ ’ਚ ਕੇਂਦਰ ਅਤੇ ਸੂਬਿਆਂ ’ਚ ਬਿਹਤਰੀਨ ਤਾਲਮੇਲ ਹੋਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ ਕਿ ਸਪਲਾਈ ਚੇਨ ’ਤੇ ਅਸਰ ਪਿਆ ਹੈ ਅਤੇ ਚੁਣੌਤੀਆਂ ਲਗਾਤਾਰ ਵਧ ਰਹੀਆਂ ਹਨ। ਸ੍ਰੀ ਮੋਦੀ ਨੇ ਭਾਜਪਾ ਸ਼ਾਸਿਤ ਸੂਬਿਆਂ ਕਰਨਾਟਕ ਅਤੇ ਗੁਜਰਾਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਤੇਲ ਤੋਂ ਵੈਟ ਘਟਾਉਣ ਕਰਕੇ ਕ੍ਰਮਵਾਰ 5 ਹਜ਼ਾਰ ਕਰੋੜ ਅਤੇ ਸਾਢੇ 3 ਤੋਂ 4 ਹਜ਼ਾਰ ਕਰੋੜ ਰੁਪਏ ਦਾ ਘਾਟਾ ਪਿਆ ਹੈ ਜਦਕਿ ਗੁਆਂਢੀ ਸੂਬਿਆਂ ਨੇ ਵੈਟ ਘਟਾਇਆ ਹੀ ਨਹੀਂ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ, ਪੱਛਮੀ ਬੰਗਾਲ, ਤਿਲੰਗਾਨਾ, ਆਂਧਰਾ ਪ੍ਰਦੇਸ਼, ਤਾਮਿਲ ਨਾਡੂ, ਕੇਰਲਾ ਨੇ ਕੁਝ ਕਾਰਨਾਂ ਕਰਕੇ ਵੈਟ ਨਹੀਂ ਘਟਾਇਆ ਅਤੇ ਇਨ੍ਹਾਂ ਸੂਬਿਆਂ ’ਚ ਹੋਰਾਂ ਨਾਲੋਂ ਤੇਲ ਦੀਆਂ ਕੀਮਤਾਂ ਜ਼ਿਆਦਾ ਹਨ। ਉਨ੍ਹਾਂ ਕਿਹਾ ਕਿ ਉਹ ਕਿਸੇ ਦੀ ਆਲੋਚਨਾ ਨਹੀਂ ਕਰ ਰਹੇ ਹਨ ਸਗੋਂ ਬੇਨਤੀ ਕਰ ਰਹੇ ਹਨ ਕਿ ਲੋਕਾਂ ਦੀ ਭਲਾਈ ਲਈ ਵੈਟ ਘਟਾਇਆ ਜਾਵੇ। ਉਨ੍ਹਾਂ ਆਲਮੀ ਪੱਧਰ ’ਤੇ ਖਾਦਾਂ ਦੀਆਂ ਕੀਮਤਾਂ ’ਚ ਕਈ ਗੁਣਾ ਵਾਧਾ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ’ਤੇ ਬੋਝ ਨਹੀਂ ਵਧਾਉਣਾ ਚਾਹੁੰਦੀ ਹੈ ਪਰ ਸੂਬੇ ਲੋਕਾਂ ਦੇ ਹਿੱਤਾਂ ਨੂੰ ਮੁੱਖ ਤਰਜੀਹ ਦੇਣ। -ਪੀਟੀਆਈ

ਸੁਰਜੇਵਾਲਾ ਨੇ ਤੱਥਾਂ ਤੋਂ ਮੋਦੀ ਨੂੰ ਕਰਵਾਇਆ ਜਾਣੂ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਰੋਧੀ ਧਿਰ ਦੇ ਸ਼ਾਸਨ ਵਾਲੇ ਸੂਬਿਆਂ ਨੂੰ ਪੈਟਰੋਲ ਅਤੇ ਡੀਜ਼ਲ ਤੋਂ ਵੈਟ ਘਟਾਉਣ ਦੀ ਅਪੀਲ ’ਤੇ ਕਾਂਗਰਸ ਨੇ ਉਨ੍ਹਾਂ ’ਤੇ ਵਰ੍ਹਦਿਆਂ ਕਿਹਾ ਕਿ ਕੇਂਦਰ ਸਰਕਾਰ ਤੇਲ ਕੀਮਤਾਂ ਤੋਂ ਐਕਸਾਈਜ਼ ਡਿਊਟੀ ਹੋਰ ਘਟਾਏ। ਉਨ੍ਹਾਂ ਕਿਹਾ ਕਿ ਯੂਪੀਏ ਸਰਕਾਰ ਦੌਰਾਨ ਐਕਸਾਈਜ਼ ਡਿਊਟੀ ਬਹੁਤ ਘੱਟ ਸੀ। ਸੁਰਜੇਵਾਲਾ ਨੇ ਟਵਿੱਟਰ ’ਤੇ ਕਿਹਾ,‘‘ਮੋਦੀਜੀ, ਕੋਈ ਆਲੋਚਨਾ ਨਹੀਂ, ਕੋਈ ਜੁਮਲਾ ਨਹੀਂ। ਕਾਂਗਰਸ ਸਰਕਾਰ ਸਮੇਂ ਪੈਟਰੋਲ ’ਤੇ ਐਕਸਾਈਜ਼ ਡਿਊਟੀ 9.48 ਰੁਪਏ ਅਤੇ ਡੀਜ਼ਲ ’ਤੇ 3.56 ਰੁਪਏ ਪ੍ਰਤੀ ਲਿਟਰ ਸੀ। ਮੋਦੀ ਸਰਕਾਰ ਸਮੇਂ ਪੈਟਰੋਲ ’ਤੇ 27.90 ਰੁਪਏ ਅਤੇ ਡੀਜ਼ਲ ’ਤੇ 21.80 ਰੁਪੲੇ ਪ੍ਰਤੀ ਲਿਟਰ ਐਕਸਾਈਜ਼ ਡਿਊਟੀ ਹੈ। ਬੇਨਤੀ ਹੈ ਕਿ ਪੈਟਰੋਲ ਤੋਂ 18.42 ਰੁਪਏ ਅਤੇ ਡੀਜ਼ਲ ਤੋਂ 18.24 ਰੁਪਏ ਪ੍ਰਤੀ ਲਿਟਰ ਐਕਸਾਈਜ਼ ਡਿਊਟੀ ਹਟਾਈ ਜਾਵੇ।’’

ਮਹਾਰਾਸ਼ਟਰ ਿਸੱਧੇ ਕਰਾਂ ਵਜੋਂ 38.3 ਫੀਸਦੀ ਯੋਗਦਾਨ ਪਾਉਂਦੈ ਪਰ ਵਾਪਸ ਮਿਲਦੈ ਸਿਰਫ਼ 15 ਫੀਸਦੀ: ਊਧਵ

ਮੁੰਬਈ: ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਨੂੰ ਪੈਟਰੋਲ ਤੇ ਡੀਜ਼ਲ ’ਤੇ ਵੈਟ ਦੇ ਰੂਪ ਵਿੱਚ ਸੂਬੇ ਤੋਂ 26500 ਕਰੋੜ ਰੁਪਏ ਦੀ ਕਮਾਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕੌਮੀ ਪੱਧਰ ’ਤੇ ਸਿੱਧੇ ਕਰਾਂ ਤੋਂ ਕੀਤੀ ਜਾਂਦੀ ਉਗਰਾਹੀ ਵਿੱਚ ਮਹਾਰਾਸ਼ਟਰ ਸਰਕਾਰ 38.3 ਫੀਸਦ ਦਾ ਯੋਗਦਾਨ ਪਾਉਂਦੀ ਹੈ ਜਦੋਂਕਿ ਸੂਬੇ ਦੀ ਜੀਐੱਸਟੀ (ਕੁਲੈਕਸ਼ਨ) ’ਚ ਹਿੱਸਾਪੱਤੀ 15 ਫੀਸਦ ਹੈ। ਠਾਕਰੇ ਨੇ ਕਿਹਾ ਕਿ ਕੇਂਦਰ ਸਰਕਾਰ ਮਹਾਰਾਸ਼ਟਰ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਮਹਾਰਾਸ਼ਟਰ ਦੇ ਇਕ ਸੀਨੀਅਰ ਮੰਤਰੀ ਨੇ ਕਿਹਾ ਕਿ ਸੂਬੇ ’ਚ ਪੈਟਰੋਲ ’ਤੇ ਵੈਟ ਕੇਂਦਰ ਨਾਲੋਂ ਮਾਮੂਲੀ ਹੀ ਜ਼ਿਆਦਾ ਹੈ ਅਤੇ ਇਸ ਮੁੱਦੇ ਬਾਰੇ ਸੂਬਾਈ ਕੈਬਨਿਟ ’ਚ ਵੀਰਵਾਰ ਨੂੰ ਚਰਚਾ ਕੀਤੀ ਜਾਵੇਗੀ। ਸ਼ਿਵ ਸੈਨਾ ਆਗੂ ਪ੍ਰਿਯੰਕਾ ਚਤੁਰਵੇਦੀ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਕੋਵਿਡ ਮੀਟਿੰਗ ਦੇ ਬਹਾਨੇ ਸਿਆਸਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਈਂਧਣ ’ਤੇ ਐਕਸਾਈਜ਼ ਲਗਾ ਕੇ 26 ਲੱਖ ਕਰੋੜ ਰੁਪਏ ਕਮਾਏ ਹਨ ਜੋ 18 ਗੁਣਾ ਜ਼ਿਆਦਾ ਹੈ ਜਦਕਿ ਤੇਲ ਦੀਆਂ ਕੀਮਤਾਂ ਘੱਟ ਗਈਆਂ ਸਨ। ਉਨ੍ਹਾਂ ਕਿਹਾ ਕਿ ਸੂਬਿਆਂ ਦਾ ਜੀਐੱਸਟੀ ਅਜੇ ਵੀ ਬਕਾਇਆ ਪਿਆ ਹੈ ਅਤੇ ਉਹ ਬੇਤੁਕੇ ਦੋਸ਼ ਲਾ ਰਹੇ ਹਨ। -ਪੀਟੀਆਈ

ਮੋਦੀ ਨੇ ਗਲਤ ਤੱਥ ਪੇਸ਼ ਕੀਤੇ: ਮਮਤਾ

ਨਵੀਂ ਦਿੱਲੀ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਲਕਾਤਾ ’ਚ ਪੱਤਰਕਾਰਾਂ ਨੂੰ ਦੱਸਿਆ,‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੱਜ ਦੀ ਮੀਟਿੰਗ ਇਕਪਾਸੜ ਅਤੇ ਗੁਮਰਾਹਕੁਨ ਸੀ। ਉਨ੍ਹਾਂ ਵੱਲੋਂ ਸਾਂਝੇ ਕੀਤੇ ਗਏ ਤੱਥ ਗਲਤ ਸਨ। ਅਸੀਂ ਪਿਛਲੇ ਤਿੰਨ ਸਾਲਾਂ ਤੋਂ ਪੈਟਰੋਲ ਤੇ ਡੀਜ਼ਲ ’ਤੇ ਇਕ ਰੁਪਏ ਪ੍ਰਤੀ ਲਿਟਰ ਸਬਸਿਡੀ ਦੇ ਰਹੇ ਹਾਂ। ਅਸੀਂ ਇਸ ’ਤੇ 1500 ਕਰੋੜ ਰੁਪਏ ਖ਼ਰਚੇ ਹਨ।’’ ਤਿਰੂਵਨੰਤਪੁਰਮ ’ਚ ਕੇਰਲਾ ਦੇ ਵਿੱਤ ਮੰਤਰੀ ਕੇ ਐੱਨ ਬਾਲਾਗੋਪਾਲ ਨੇ ਕਿਹਾ ਕਿ ਤੇਲ ਦੇ ਰੇਟ ਕੇਂਦਰ ਵੱਲੋਂ ਲਾਏ ਗਏ ਸੈੱਸ ਤੇ ਸਰਚਾਰਜ ਕਾਰਨ ਵਧੇ ਹਨ। 





News Source link

- Advertisement -

More articles

- Advertisement -

Latest article