ਸਿੰਗਾਪੁਰ, 27 ਅਪਰੈਲ
ਸਿੰਗਾਪੁਰ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਮਾਨਸਿਕ ਤੌਰ ’ਤੇ ਕਮਜ਼ੋਰ ਭਾਰਤੀ ਮੂਲ ਦੇ ਮਲੇਸ਼ਿਆਈ ਨਾਗਰਿਕ ਨਗਾਏਂਥਰਮ ਧਰਮਲਿੰਗਮ (34) ਨੂੰ ਅੱਜ ਫ਼ਾਂਸੀ ਦੇ ਦਿੱਤੀ ਗਈ। ਉਸ ਦੇ ਪਰਿਵਾਰ ਨੇ ਦੱਸਿਆ ਕਿ ਇਸ ਵਿਵਾਦਿਤ ਕੇਸ ਵਿੱਚ ਉਸ ਦੀ ਮਾਂ ਵੱਲੋਂ ਦਿੱਤੀ ਕਾਨੂੰਨੀ ਚੁਣੌਤੀ ਨੂੰ ਸਿਖਰਲੀ ਅਦਾਲਤ ਨੇ ਖਾਰਜ ਕਰ ਦਿੱਤਾ ਸੀ। ਧਰਮਲਿੰਗਮ ਨੂੰ ਸਾਲ 2009 ਵਿੱਚ ਸਿੰਗਾਪੁਰ ਵਿੱਚ 42.72 ਗ੍ਰਾਮ ਹੈਰੋਇਨ ਦੀ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅਗਲੇ ਸਾਲ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉਹ ਮਲੇਸ਼ੀਆ ਤੋਂ ਸਿੰਗਾਪੁਰ ਵਿੱਚ ਦਾਖ਼ਲ ਹੋਣ ਸਮੇਂ ਵੁਡਲੈਂਡਜ਼ ਚੌਕੀ ’ਤੇ ਫੜਿਆ ਗਿਆ ਸੀ। ਨਸ਼ੀਲਾ ਪਦਾਰਥ ਉਸ ਨੇ ਆਪਣੇ ਪੱਟ ਨਾਲ ਬੰਨ੍ਹਿਆ ਹੋਇਆ ਸੀ। -ਪੀਟੀਆਈ