18.1 C
Patiāla
Monday, March 4, 2024

ਬੇਘਰ ਔਰਤ

Must read


ਗੁਰਮਲਕੀਅਤ ਸਿੰਘ ਕਾਹਲੋਂ

ਸ਼ਿੰਦੋ ਸਮੇਂ ਦੇ ਉਸ ਦੌਰ ਵਿੱਚ ਜਨਮੀ, ਜਦੋਂ ਨੂੰਹ ਦੀ ਕੁੱਖੋਂ ਕੁੜੀ ਜੰਮਣ ਦਾ ਪਤਾ ਲੱਗਦਿਆਂ ਈ ਦਾਦੇ-ਦਾਦੀਆਂ ਆਪਣੇ ਅੰਗੂਠੇ ਸੰਵਾਰਨ ਲੱਗ ਪੈਂਦੇ ਸਨ। ਨਵ ਜਨਮੀ ਲਈ ਉਨ੍ਹਾਂ ਦਾ ਪਹਿਲਾ ਪਿਆਰ ਹੀ ਉਸ ਦੇ ਗਲ ਵਿੱਚ ਅੰਗੂਠਾ ਹੁੰਦਾ ਸੀ। ਅਮਰ ਸਿੰਘ ਦੇ ਘਰ ਪੰਜ ਪੁੱਤਾਂ ਪਿੱਛੋਂ ਪੈਦਾ ਹੋਈ ਸ਼ਿੰਦੋ ਅਲੋਕਾਰੀ ਕੁੜੀ ਨਹੀਂ ਸੀ। ਨਾ ਹੀ ਉਹ ਆਪਣੇ ਨਾਲ ਦੌਲਤ ਦੀਆਂ ਪੰਡਾਂ ਲੈ ਕੇ ਆਈ ਸੀ, ਪਰ ਉਸ ਦੇ ਜਨਮ ’ਤੇ ਅਮਰ ਸਿੰਘ ਵੱਲੋਂ ਕੀਤੇ ਪੁੱਤਾਂ ਵਰਗੇ ਚਾਵਾਂ ਨੇ ਬਹੁਤਿਆਂ ਨੂੰ ਹੈਰਾਨ ਕੀਤਾ ਸੀ। ਦਾਈ ਦੇ ਮੂੰਹੋਂ ਦੇਵੀ ਆ ਗਈ ਸੁਣਕੇ ਅਮਰ ਸਿਉਂ (ਅੰਬਾ) ਨੇ ਆਪਣੀ ਮਾਂ ਭਾਨੋ ਨੂੰ ਬੁੱਲ੍ਹ ਚਾੜ੍ਹਦੇ ਵੇਖ ਲਿਆ ਸੀ। ਮਾਂ ਦੀਆਂ ਤਿਊੜੀਆਂ ਵੇਖ ਉਹ ਬੋਲਿਆ ਤਾਂ ਨਾ, ਪਰ ਬੁਰਾ ਜ਼ਰੂਰ ਮਨਾਇਆ। ਧੀ ਦਾ ਪਿਓ ਬਣਨ ਦੇ ਚਾਅ ਦਾ ਵਿਖਾਲਾ ਪਾਉਣ ਲਈ ਉਸ ਨੇ ਦੋ ਦਿਨ ਪਹਿਲਾਂ ਚੜ੍ਹਵਾਈ ਭੱਠੀ ਦੀਆਂ ਪਹਿਲੀਆਂ ਬੋਤਲਾਂ ਡਿਉੜੀ ਵਾਲੇ ਮੇਜ਼ ’ਤੇ ਰੱਖ ਦਿੱਤੀਆਂ। ਭਾਨੋ ਸਮਝ ਗਈ ਕਿ ਉਸ ਦਾ ਅੰਬਾ ਜੇ ਪੰਜ ਡੋਲੇ ਲਿਆਉਣ ਦੇ ਸੁਪਨੇ ਵੇਖਦਾ ਹੋਊ ਤਾਂ ਇੱਕ ਡੋਲਾ ਆਪਣੇ ਘਰੋਂ ਤੋਰਨ ਦੀ ਇੱਛਾ ਤਾਂ ਰੱਖਦਾ ਈ ਹੋਣੈ ?

ਜੱਚਾ ਬੱਚਾ ਦੀ ਮੁੱਢਲੀ ਸਾਂਭ ਸੰਭਾਲ ਤੋਂ ਵਿਹਲੀ ਹੋ ਦਾਈ ਬਾਹਰ ਆਈ। ਕੁੜੀ ਜੰਮਣ ਦਾ ਹੌਸਲਾ ਦੇਣ ਲਈ ਉਹ ਅਮਰ ਸਿੰਘ ਨੂੰ ਕੁਝ ਕਹਿਣਾ ਦਾ ਮੌਕਾ ਲੱਭ ਰਹੀ ਸੀ। ਮਾਂ ਤੋਂ ਅੱਖ ਬਚਾ ਕੇ ਅਮਰ ਸਿੰਘ ਨੇ ਦਾਈ ਦੀ ਮੁੱਠੀ ਵਿੱਚ ਵੱਡਾ ਸਾਰਾ ਨੋਟ ਦਿੰਦੇ ਉੱਚੀ ਆਵਾਜ਼ ਵਿੱਚ ਕਿਹਾ, ‘‘ਚਾਚੀ ਸਾਂਭ ਵੱਲੋਂ ਕਸਰ ਨਾ ਰਹੇ।’’ ਉਸ ਨੇ ‘ਕਿਹਾ ਧੀ ਨੂੰ, ਪਰ ਸਮਝਾਵਾਂ ਨੂੰਹ ਨੂੰ’ ਵਾਲਾ ਫਾਰਮੂਲਾ ਵਰਤਿਆ ਸੀ। ਅਸਲ ਵਿੱਚ ਉਸ ਨੇ ਉੱਚੀ ਆਵਾਜ਼ ਨਾਲ ਅੰਦਰ ਪਈ ਪਤਨੀ ਨਾਲ ਵੀ ਆਪਣਾ ਮਨ ਫਰੋਲ ਲਿਆ ਸੀ ਤੇ ਆਪਣੀ ਮਾਂ ਨੂੰ ਵੀ ਇਸ਼ਾਰਾ ਕਰ ਦਿੱਤਾ ਸੀ ਕਿ ਐਵੇਂ ਨਾ ਉਹ ਅੰਗੂਠੇ ਬਾਰੇ ਸੋਚੀ ਜਾਏ। ਦੁਪਹਿਰ ਤੱਕ ਅੱਧੇ ਕੁ ਪਿੰਡ ਨੂੰ ਅਮਰ ਦੇ ਕੁੜੀ ਹੋਣ ਦੀ ਖ਼ਬਰ ਪਹੁੰਚ ਗਈ ਸੀ। ਸ਼ਿੰਦੋ ਦੀ ਮਾਂ ਨੂੰ ਧੀ ਆਉਣ ’ਤੇ ਅਮਰ ਸਿੰਘ ਤੋਂ ਵੱਧ ਖੁਸ਼ੀ ਤੇ ਤਸੱਲੀ ਹੋਈ।

ਉਸ ਦਿਨ ਅਮਰ ਸਿੰਘ ਦੇ ਘਰ ਜੇਠੇ ਪੁੱਤ ਦੇ ਜਨਮ ਵਰਗੇ ਜਸ਼ਨ ਮਨਾਏ ਗਏ ਸੀ। ਅਗਲੇ ਦਿਨੀਂ ਪਿੰਡ ਵਿੱਚ ਦੰਦ ਕਥਾ ਸੀ ਕਿ ਅੰਬੇ ਨੂੰ ਐਡਾ ਕਿਹੜਾ ਕਾਰੂ ਦਾ ਖਜ਼ਾਨਾ ਲੱਭ ਗਿਆ? ਰਾਤ ਨੂੰ ਕਈ ਉਸ ਨਾਲ ਪੈੱਗ ਤਾਂ ਲਾ ਆਏ, ਪਰ ਕਿਸੇ ਨੇ ਉਸ ਦਾ ਮਨ ਨਾ ਫਰੋਲਿਆ। ਉਹ ਦੱਸਣਾ ਚਾਹੁੰਦਾ ਸੀ ਕਿ ਜਿਹੋ ਜਿਹੀ ਤਸੱਲੀ ਕਦੇ ਉਸ ਨੂੰ ਕਿਸੇ ਦਾ ਜਵਾਈ ਬਣ ਕੇ ਹੋਈ ਸੀ, ਉਸ ਦੇ ਮਨ ’ਚ ਉਂਜ ਦੀ ਤਸੱਲੀ ਦੀ ਖਾਹਸ਼ ਕਿਸੇ ਨੂੰ ਆਪਣਾ ਜਵਾਈ ਬਣਾਉਣ ਦੀ ਵੀ ਹੈ। ਘਰ ਪੈਦਾ ਹੋਏ ਪੰਜ ਮੁੰਡੇ ਉਸ ਦੀ ਖਾਹਸ਼ ਅਗਲੀ ਵਾਰ ’ਤੇ ਪਾ ਦਿੰਦੇ ਸਨ। ਛੇਵੀਂ ਵਾਰ ਉਸ ਦੀ ਖਾਹਸ਼ ਪੂਰੀ ਹੋ ਗਈ। ਉਸ ਦਾ ਮੰਨਣਾ ਸੀ ਕਿ ਮਾਪਿਆਂ ਨੂੰ ਪੁੱਤਾਂ ਤੋਂ ਵੱਧ ਪਿਆਰ ਧੀਆਂ ਕਰਦੀਆਂ ਨੇ। ਛੋਟੇ ਹੁੰਦਿਆਂ ਉਹ ਹਾਣੀਆਂ ਤੋਂ ਕਹਾਵਤ ਸੁਣਦਾ ਆਇਆ ਸੀ, ਪੁੱਤ ਵੰਡਾਉਣ ਜ਼ਮੀਨਾਂ, ਧੀਆਂ ਦਰਦ ਵੰਡਾਉਂਦੀਆਂ ਨੇ। ਇਸੇ ਕਰਕੇ ਜੰਮਦੇ ਸਾਰ ਈ ਧੀ ਦਾ ਨਾਂ ਉਸ ਨੇ ਸ਼ਿੰਦੋ ਰੱਖ ਲਿਆ ਸੀ।

ਦਿਨ ਮਹੀਨੇ ਤੇ ਸਾਲ ਚੜ੍ਹਦੇ ਤੇ ਲੰਘਦੇ ਗਏ। ਸ਼ਿੰਦੋ ਵੱਡੀ ਹੁੰਦੀ ਗਈ। ਭਾਨੋ ਨੇ ਸ਼ਿੰਦੋ ਨੂੰ ਸਕੂਲ ਭੇਜਣ ਵਾਲੀ ਅੰਬੇ ਦੀ ਜ਼ਿੱਦ ਤੋੜਨ ਲਈ ਆਪਣੀ ਵਾਹ ਲਾ ਲਈ, ਪਰ ਸਫਲ ਨਾ ਹੋਈ। ਉਹ ਨਹੀਂ ਸੀ ਚਾਹੁੰਦੀ ਕਿ ਚਾਰ ਅੱਖਰ ਸਿੱਖ ਕੇ ਕੱਲ੍ਹ ਨੂੰ ਕੁੜੀ ਉਸ ਨੂੰ ਈ ਅੱਖਾਂ ਵਿਖਾਉਣ ਲੱਗ ਜਾਏ। ਸੱਤ ਕੁ ਸਾਲਾਂ ਦੀ ਹੋਈ ਸ਼ਿੰਦੋ ਨੂੰ ਇੱਕ ਦਿਨ ਅੰਬਾ ਸਕੂਲ ਛੱਡ ਆਇਆ। ਪਿੰਡ ਦਾ ਸਕੂਲ ਧਰਮਸ਼ਾਲਾ ਵਿੱਚ ਲੱਗਦਾ ਸੀ। ਸ਼ਿੰਦੋ ਮਾਸਟਰ ਦੇ ਸਬਕ ਦਾ ਰੱਟਾ ਲਾ ਲੈਂਦੀ ਤੇ ਘਰ ਆ ਕੇ ਸਾਰੇ ਦਾ ਸਾਰਾ ਭਾਪੇ ਨੂੰ ਸੁਣਾਉਂਦੀ। ਅੰਬੇ ਨੂੰ ਧੀ ਦੇ ਮੂੰਹੋਂ ਊੜਾ ਐੜਾ ਸੁਣਨਾ ਚੰਗਾ ਲੱਗਦਾ। ਪਹਿਲੇ ਮਹੀਨੇ ਈ ਸ਼ਿੰਦੋ ਨੇ ਪੈਂਤੀ ਅੱਖਰੀ ਬੋਲਣੀ ਅਤੇ 50 ਤੱਕ ਗਿਣਨਾ ਸਿੱਖ ਲਿਆ ਸੀ। ਪੰਜੇ ਭਰਾ ਸ਼ਿੰਦੋ ਦਾ ਬੜਾ ਤੇਹ ਕਰਦੇ, ਰੱਖੜੀ ਵਾਲੇ ਦਿਨ ਸਾਰਿਆਂ ਦੀ ਖਾਹਸ਼ ਹੁੰਦੀ ਕਿ ਸ਼ਿੰਦੋ ਪਹਿਲੀ ਰੱਖੜੀ ਉਸ ਦੇ ਗੁੱਟ ’ਤੇ ਬੰਨ੍ਹੇ। ਪਰ ਸ਼ਿੰਦੋ ਕਿਸੇ ਭਰਾ ਨਾਲ ਭੋਰਾ ਫਰਕ ਨਾ ਕਰਦੀ। ਮਾਂ ਨਾਲ ਹੱਟੀ ’ਤੇ ਜਾ ਕੇ ਉਹ ਆਪਣੀ ਪਸੰਦ ਦੀਆਂ ਪੰਜੇ ਰੱਖੜੀਆਂ ਇੱਕੋ ਜਿਹੀਆਂ ਲੈਂ ਕੇ ਆਉਂਦੀ।

ਉਦੋਂ ਤੱਕ ਸ਼ਿੰਦੋ ਚੁੱਲ੍ਹੇ ਚੌਕੇ ਵਿੱਚ ਮਾਂ ਦਾ ਹੱਥ ਵੰਡਾਉਣ ਲੱਗ ਪਈ ਸੀ। ਉਸ ਦੇ ਹੱਥ ਦੀ ਬਣੀ ਚਾਹ ਭਰਾਵਾਂ ਨੂੰ ਸੁਆਦ ਲੱਗਦੀ। ਪੰਜਵੀਂ ਤੱਕ ਜਾਂਦੇ ਜਾਂਦੇ ਸ਼ਿੰਦੋ ਨੇ ਕਿਤਾਬੀ ਗਿਆਨ ਦੇ ਨਾਲ ਨਾਲ ਸਮਾਜਿਕ ਤੇ ਪਰਿਵਾਰਕ ਵਿਵਹਾਰ ਵਾਲੀਆਂ ਕੰਮ ਦੀਆਂ ਗੱਲਾਂ ਸਿੱਖ ਲਈਆਂ ਸਨ। ਹਰਨਾਮ ਕੌਰ ਉਸ ਨੂੰ ਸਮਝਾਉਂਦੀ, ਧੀਏ ਆਪਣੇ ਘਰ ਜਾਣ ਤੋਂ ਪਹਿਲਾਂ ਸਾਰਾ ਕੁਝ ਸਿੱਖ ਲੈ। ਮਾਂ ਦੇ ਮੂੰਹੋਂ ਆਪਣੇ ਘਰ ਵਾਲੀ ਗੱਲ ਸ਼ਿੰਦੋ ਦੇ ਮਨ ਨੂੰ ਕੰਡੇ ਵਾਂਗ ਚੁਭਦੀ। ਉਹ ਮੂੰਹੋ ਤਾਂ ਕੁਝ ਨਾ ਬੋਲਦੀ, ਪਰ ਸੋਚਣ ਜ਼ਰੂਰ ਲੱਗ ਪੈਂਦੀ। ਆਪਣੇ ਮਨ ਨੂੰ ਸਵਾਲ ਕਰਦੀ, ਜੇ ਇਹ ਮੇਰਾ ਘਰ ਨਹੀਂ ਤਾਂ ਫਿਰ ਸਾਰੇ ਐਨਾ ਪਿਆਰ ਕਿਉਂ ਕਰਦੇ ਨੇ ? ਸਵਾਲਾਂ ਵਿੱਚ ਘਿਰਿਆ ਉਸ ਦਾ ਮਨ ਕਈ ਉੱਤਰ ਦਿੰਦਾ, ਜਿਨ੍ਹਾਂ ’ਚੋਂ ਕੋਈ ਵੀ ਉਸ ਦੀ ਤਸੱਲੀ ਨਾ ਕਰਾਉਂਦਾ। “ਸੁੱਖੀਂ ਸਾਂਦੀ ਆਪਣੇ ਘਰ ਜਾਏ।” ਕਹਿੰਦੀ ਮਾਂ ਸ਼ਿੰਦੋ ਨੂੰ ਚੰਗੀ ਨਾ ਲੱਗਦੀ। ਉਸ ਦਾ ਮਨ ਤੜਫ਼ਦਾ। ਉਸ ਨੂੰ ਸਮਾਜਿਕ ਵਿਹਾਰ ਘੜਨ ਵਾਲਿਆਂ ’ਤੇ ਗੁੱਸਾ ਆਉਣ ਲੱਗਦਾ। ਉਹ ਫਿਰ ਆਪਣੇ ਆਪ ਨੂੰ ਸਵਾਲ ਕਰਦੀ, “ਉਹ ਅਕਲ ਤੋਂ ਖੋਖਲੇ ਥੋੜ੍ਹਾ ਹੋਣਗੇ?” ਅਗਲੇ ਪਲ ਰੱਬ ’ਤੇ ਗੁੱਸਾ ਝਾੜਦਿਆਂ ਉਹ ਕਹਿਦੀਂ, ਇੱਕ ਵਾਰ ਮੇਰੇ ਸਾਹਮਣੇ ਆ ਕੇ ਦੱਸ ਕਿ ਕੁੜੀਆਂ ਦੇ ਜੰਮਦੇ ਸਾਰ ਉਨ੍ਹਾਂ ਤੇ ਬਿਗਾਨੀਆਂ ਦਾ ਲੇਬਲ ਲਾਉਣ ਦਾ ਹੱਕ ਤੂੰ ਸਮਾਜ ਨੂੰ ਕਿਉਂ ਦਿੱਤਾ ਹੋਇਆ?

ਹਾਈ ਸਕੂਲ ਪਿੰਡੋਂ ਕਾਫ਼ੀ ਦੂਰ ਹੋਣ ਕਰਕੇ ਸ਼ਿੰਦੋ ਦੀ ਅਗਲੀ ਪੜ੍ਹਾਈ ਨੂੰ ਬਰੇਕ ਲੱਗ ਗਈ। ਕੱਦ ਕਾਠ ਪੱਖੋਂ ਮਾਂ-ਪਿਓ ’ਤੇ ਜਾਣ ਕਰਕੇ ਮਾਪਿਆਂ ਨੂੰ ਉਸ ਦਾ ਵਰ ਲੱਭਣ ਦੇ ਖਿਆਲ ਆਉਣ ਲੱਗ ਪਏ। ਕਿਸੇ ਯਾਰ ਬੇਲੀ ਨਾਲ ਗੱਲ ਕਰਦਿਆਂ ਮਨ ਦੀ ਗੱਲ ਅਮਰ ਸਿੰਘ ਦੀ ਜ਼ੁਬਾਨ ’ਤੇ ਜਾਂਦੀ। “ਕਿਸੇ ਚੰਗੇ ਘਰ ਦਾ ਮੁੰਡਾ ਨਜ਼ਰ ਚੜ੍ਹਿਆ ਤਾਂ ਦੱਸਿਓ ਸਾਡੀ ਸ਼ਿੰਦੋ ਲਈ।’’ ਸੁਣਨ ਵਾਲਾ ਹਾਂ ਕਹਿ ਕੇ ਸਿਰ ਤਾਂ ਹਿਲਾ ਦਿੰਦਾ, ਪਰ ਅਗਲੇ ਪਲ ਸੋਚਣ ਲੱਗ ਪੈਂਦਾ ਕਿ ਪੰਜ ਭਰਾਵਾਂ ਦੀ ਇਕੱਲੀ ਭੈਣ ਲਈ ਮੁੰਡਾ ਲੱਭਦਿਆਂ ਇਨ੍ਹਾਂ ਦੀ ਅੱਖ ਕਿਸੇ ਖਾਸ ’ਤੇ ਈ ਟਿਕੂ ?

ਅਗਲੇ ਦੋ ਸਾਲਾਂ ’ਚ ਅਮਰ ਸਿਉਂ ਨੇ ਵੱਡੇ ਦੋ ਮੁੰਡਿਆਂ ਨੂੰ ਵਿਆਹ ਲਿਆ। ਜ਼ਮੀਨ ਖੁੱਲ੍ਹੀ ਹੋਣ ਕਾਰਨ ਅਮਰ ਸਿੰਘ ਨੇ ਤੀਜੇ ਮੁੰਡੇ ਦੇ ਰਿਸ਼ਤੇ ਦਾ ਜੁਗਾੜ ਵੀ ਕਰ ਲਿਆ ਤੇ ਬਾਕੀ ਦੋਹਾਂ ਦੇ ਵਿਆਹਾਂ ਦੇ ਯਤਨਾਂ ਨੂੰ ਸ਼ਿੰਦੋ ਤੋਂ ਬਾਅਦ ਵੇਖਾਂਗੇ, ਤੱਕ ਅੱਗੇ ਪਾ ਲਿਆ। ਇੱਕ ਦਿਨ ਸੋਹਾਣੇ ਪਿੰਡ ਵਾਲੇ ਸਰਦਾਰ ਨੇ ਆਪ ਆ ਕੇ ਅਮਰ ਸਿੰਘ ਅੱਗੇ ਸ਼ਿੰਦੋ ਦੇ ਰਿਸ਼ਤੇ ਲਈ ਝੋਲੀ ਅੱਡ ਦਿੱਤੀ। ਬੇਸ਼ੱਕ ਦੋਵੇਂ ਜੀਅ ਮੁੰਡੇ ਦੀਆਂ ਆਦਤਾਂ ਬਾਰੇ ਪਤਾ ਕਰਕੇ ਹੀ ਹਾਂ ਕਰਨਾ ਚਾਹੁੰਦੇ ਸੀ, ਪਰ ਸਰਦਾਰ ਦੀ ਨਿਮਰਤਾ ਮੂਹਰੇ ਉਨ੍ਹਾਂ ਨੂੰ ਕੋਈ ਬਹਾਨਾ ਨਾ ਸੁੱਝਿਆ ਤੇ ਉਸ ਨੂੰ ਹਾਂ ਵਾਲੇ ਨਿੱਘ ਨਾਲ ਘਰੋਂ ਤੋਰਿਆ। ਸਰਦਾਰ ਅਮਰੀਕ ਸਿੰਘ ਉਸ ਪਿੰਡੋਂ ਆਪਣੇ ਗਵਾਂਢ ਵਿਆਹੀ ਬਸੰਤ ਕੌਰ ਤੋਂ ਸ਼ਿੰਦੋ ਦੇ ਸੁਭਾਅ ਤੇ ਆਦਤਾਂ ਬਾਰੇ ਪਤਾ ਤੇ ਤਸੱਲੀ ਕਰਕੇ ਹੀ ਘਰੋਂ ਇਹ ਮੰਗ ਕਰਨ ਤੁਰਿਆ ਸੀ। ਅੰਬਾਂ ਦੇ ਬਾਗ ਤਾਂ ਅਮਰੀਕ ਸਿੰਘ ਨੇ ਠੇਕੇ ’ਤੇ ਦਿੱਤੇ ਹੋਏ ਸੀ, ਪਰ ਅਗਲੇ ਕੁਝ ਦਿਨ ਮੱਕੀ ਦੀ ਬਿਜਾਈ ਦੇ ਰੁਝੇਵੇਂ ਹੋਣ ਕਾਰਨ ਉਸ ਨੇ ਛੁਹਾਰੇ ਦੀ ਰਸਮ ਲਈ ਮਹੀਨੇ ਬਾਅਦ ਯਾਨੀ 25 ਭਾਦੋਂ ਦਾ ਦਿਨ ਤੈਅ ਕਰ ਲਿਆ ਤੇ ਵਿਆਹ ਕਣਕ ਦੀ ਬਿਜਾਈ ਤੋਂ ਬਾਅਦ ਮੱਘਰ ਮਹੀਨੇ ਦੇ ਪੰਜਵੇਂ ਦਿਨ ਦਾ ਰੱਖ ਲਿਆ।

ਅਮਰੀਕ ਸਿੰਘ ਨੂੰ ਕੁੜਮਾਂ ਦੀ ਇਸ ਗੱਲ ’ਤੇ ਫਖਰ ਮਹਿਸੂਸ ਹੁੰਦਾ ਕਿ ਉਨ੍ਹਾਂ ਨੇ ਉਸ ਨੂੰ ਖਾਲੀ ਨਹੀਂ ਸੀ ਮੋੜਿਆ। ਉਸ ਨੂੰ ਆਪਣੇ ਖਾਨਦਾਨ ਵਿੱਚ ਰਿਸ਼ਤਿਆਂ ਦੇ ਮੁੱਢ ਬੱਝਣ ਮੌਕੇ ਹੋਈਆਂ ਕਈ ਘਟਨਾਵਾਂ ਚੇਤੇ ਆਉਂਦੀਆਂ। ਗੱਲਾਂ ਗੱਲਾਂ ਵਿੱਚ ਉਹ ਆਪਣੀ ਪਤਨੀ ਨੂੰ ਉਹ ਗੱਲਾਂ ਯਾਦ ਕਰਾਉਂਦਾ ਤਾਂ ਦੋਹਾਂ ਦੇ ਹੱਥ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਜੁੜ ਜਾਂਦੇ। ਫਸਲ ਦੀ ਸਾਂਭ ਤੇ ਬਿਜਾਈ ਦੇ ਨਾਲ ਨਾਲ ਉਨ੍ਹਾਂ ਦੇ ਘਰ ਵਿਆਹ ਦੀਆਂ ਤਿਆਰੀਆਂ ਵੀ ਹੁੰਦੀਆਂ ਰਹੀਆਂ। ਕਿਸ ਰਿਸ਼ਤੇਦਾਰ ਨੂੰ ਆਪ ਜਾ ਕੇ ਕਹਿਣਾ ਜਾਂ ਲਾਗੀ ਦੇ ਹੱਥ ਸੱਦਾ ਭੇਜਣਾ, ਬਾਰੇ ਤੈਅ ਕੀਤਾ ਜਾਣ ਲੱਗ ਪਿਆ। ਨੂੰਹ ਦੀ ਵਰੀ ਬਾਰੇ ਸਲਾਹਾਂ ਹੋਣ ਲੱਗੀਆਂ ਤੇ ਕਿਹੜੀ ਦੁਕਾਨ ਤੋਂ ਕੀ ਲੈਣਾ ਬਾਰੇ ਸੋਚਿਆ ਜਾਣ ਲੱਗਾ।

ਸ਼ਿੰਦੋ ਦੇ ਵਿਆਹ ’ਤੇ ਪਿਓ ਵੱਲੋਂ ਕੀਤੇ ਚਾਵਾਂ ’ਤੇ ਸ਼ਰੀਕੇ ਦੀ ਘੁਸਰ ਮੁਸਰ ਦੇ ਨਾਲ ਨਾਲ ਅਮਰ ਸਿੰਘ ਦੀ ਵਿਚਲੀ ਨੂੰਹ ਨੇ ਵੀ ਬਹੁਤ ਨੱਕ ਮੂੰਹ ਚੜ੍ਹਾਏ ਸੀ। ਵਿਆਹ ਮੌਕੇ ਇਲਾਕੇ ਦੇ ਮੋਹਤਬਰ ਸੱਦੇ ਗਏ। ਜੰਞ ਦੇ ਸਵਾਗਤ ਅਤੇ ਸੇਵਾ ਵਿੱਚ ਕਸਰ ਨਹੀਂ ਸੀ ਛੱਡੀ ਗਈ। ਸਰਦੀ ਕਰਕੇ ਬਰਾਤੀਆਂ ਨੂੰ ਨਹਾਉਣ ਲਈ ਗਰਮ ਪਾਣੀ ਦੇਣ ਲਈ ਧਰਮਸ਼ਾਲਾ ਕੋਲ ਭੱਠੀਆਂ ਬਾਲ ਦਿੱਤੀਆਂ ਸਨ। ਵਿਆਹ ਦੀਆਂ ਸਾਰੀਆਂ ਰਸਮਾਂ ਬਹੁਤ ਚੰਗੀ ਤਰ੍ਹਾਂ ਨੇਪਰੇ ਚੜ੍ਹੀਆਂ। ਕੁਦਰਤ ਨੇ ਵੀ ਸਾਥ ਦਿੱਤਾ। ਲੰਘੇ ਹਫ਼ਤੇ ਪੈਂਦੀ ਰਹੀ ਧੁੰਦ ਨੇ ਵੀ ਉਦੋਂ ਛੁੱਟੀ ਕਰ ਲਈ ਸੀ।

ਵਿਦਾਈ ਵੇਲੇ ਗ਼ਮਗੀਨ ਹੋਏ ਮਾਹੌਲ ਵਿੱਚ ਧੀ ਨੂੰ ਜੱਫੀ ਵਿੱਚ ਘੁੱਟਦਿਆਂ ਮਾਂ ਨੇ ਸ਼ਿੰਦੋ ਨੂੰ ਆਪਣੀ ਉਹੀ ਗੱਲ ਦੋ ਵਾਰ ਯਾਦ ਕਰਾਈ। “ਦੇਖ ਧੀਏ ਜਿਵੇਂ ਤੂੰ ਆਪਣੇ ਪਿਓ ਦੀ ਪੱਗ ’ਤੇ ਦਾਗ ਨਹੀਂ ਲੱਗਣ ਦਿੱਤਾ, ਉਂਜ ਹੀ ਆਪਣੇ ਘਰ ਜਾ ਕੇ ਖਾਨਦਾਨੀ ਪੱਗਾਂ ਦੇ ਤੁਰਲੇ ਹੋਰ ਉੱਚੇ ਕਰਨੇ ਨੇ।’’ ਇਸ ਆਪਣੇ ਘਰ ਦੇ ਚੇਤੇ ਨੇ ਸ਼ਿੰਦੋ ਦੇ ਮਨ ਤੋਂ ਮਾਪਿਆਂ ਦੇ ਵਿਛੋੜੇ ਦੀ ਚੀਸ ਨੂੰ ਕੁਝ ਘੱਟ ਕਰਨ ਦਾ ਕੰਮ ਕੀਤਾ। ਆਪਣੇ ਘਰ ਦਾ ਅਹਿਸਾਸ ਉਸ ਨੂੰ ਚੰਗਾ ਚੰਗਾ ਲੱਗਾ। ਉਸ ਦੇ ਦਿਮਾਗ਼ ਵਿੱਚ ਆਪਣੇ ਘਰ ਦੇ ਬੁਣੇ ਸੁਪਨਿਆਂ ਵਾਲੀ ਰੀਲ੍ਹ ਚੱਲਣ ਲੱਗ ਪਈ। ਜ਼ਿੰਦਗੀ ਦੀ ਨਵੀਂ ਸ਼ੁਰੂਆਤ ਅਤੇ ਆਪਣੇ ਘਰ ਨੂੰ ਸੰਵਾਰਨ ਦੀਆਂ ਤਰਕੀਬਾਂ ਦੀ ਤਾਣੀ ਬੁਣਦੇ ਹੋਏ ਸ਼ਿੰਦੋ ਸ਼ਿੰਗਾਰੀ ਹੋਈ ਡੋਲੀ ਵਿੱਚ ਜਾ ਬੈਠੀ।

ਸਹੁਰੇ ਘਰ ਸ਼ਿੰਦੋ ਦੇ ਚਾਅ ਮਲਾਰਾਂ ਵਿੱਚ ਕਸਰ ਨਾ ਛੱਡੀ ਗਈ। ਘਰ ਦਾ ਕੋਨਾ ਕੋਨਾ ਉਸ ਨੂੰ ਆਪਣਾ ਲੱਗਣ ਲੱਗ ਪਿਆ। ਘਰ ਦੀਆਂ ਮੱਝਾਂ ਗਾਵਾਂ ਨਾਲ ਉਸ ਨੂੰ ਆਪਣਿਆਂ ਵਰਗਾ ਮੋਹ ਜਾਗ ਆਇਆ। ਉਹ ਚੇਤੇ ਕਰਦੀ, “ਬੀਬੀ ਠੀਕ ਹੀ ਤਾਂ ਕਹਿੰਦੀ ਹੁੰਦੀ ਸੀ ਕਿ ਮੇਰਾ ਆਪਣਾ ਘਰ ਹੋਊ, ਰੱਬ ਨੇ ਕਿੰਨਾ ਵਧੀਆ ਦਿੱਤਾ ਏ ਵਰ ਤੇ ਘਰ।’’ ਆਪਣੀਆਂ ਵਿਆਹੀਆਂ ਸਹੇਲੀਆਂ ਵੱਲ ਝਾਤ ਮਾਰਦਿਆਂ ਸ਼ਿੰਦੋ ਆਪਣੇ ਆਪ ਨੂੰ ਵਡਭਾਗਣ ਸਮਝਦੀ। ਉਸ ਦਾ ਰੋਮ ਰੋਮ ਰੱਬ ਦਾ ਸ਼ੁਕਰਾਨਾ ਕਰਦਾ। ਪਤੀ ਦਾ ਬਿਨਾਂ ਗੱਲੋਂ ਗੁੱਸੇ ਹੋਣਾ ਉਸ ਨੂੰ ਬੁਰਾ ਤਾਂ ਲੱਗਦਾ, ਪਰ ਨਾਲ ਹੀ ਉਸ ਨੂੰ ਕਿਤੋਂ ਪੜ੍ਹਿਆ ਯਾਦ ਆ ਜਾਂਦਾ ਕਿ ਜਿੱਥੇ ਫੁੱਲ ਹੋਣਗੇ, ਉੱਥੇ ਰਾਖੀ ਲਈ ਥੋੜ੍ਹੇ ਕੰਡੇ ਜ਼ਰੂਰ ਹੁੰਦੇ ਨੇ। ਮਹੀਨਾ ਕੁ ਸਾਰਾ ਕੁਝ ਠੀਕ ਚੱਲਦਾ ਰਿਹਾ। ਪਰ ਜਿਵੇਂ ਜਿਵੇਂ ਦਿਨ ਲੰਘਦੇ ਗਏ ਤਿਵੇਂ ਤਿਵੇਂ ਸੱਸ ਦੇ ਚਾਅ ਰੋਹਬ ਵਿੱਚ ਬਦਲਣ ਲੱਗ ਪਏ। ਕਿਸੇ ਗਲਤੀ ਤੋਂ ਸ਼ਿੰਦੋ ਨੂੰ ਕੁਝ ਸੁਣਨਾ ਪੈਂ ਜਾਂਦਾ। ਬੇਵਜ੍ਹਾ ਟੋਕਾ ਟਾਕੀ ਕਾਰਨ ਉਸ ਦਾ ਮਨ ਪੀੜਿਆ ਜਾਂਦਾ। ਇੱਕ ਦਿਨ ਤਾਂ ਹੱਦ ਹੀ ਹੋ ਗਈ।

“ਵੇਖ ਖਾਂ, ਝਾਕਦੀ ਤਾਂ ਐਂ ਆਂ ਜਿਵੇਂ ਘਰ ਦੀ ਮਾਲਕਣ ਹੋਵੇ।’’ ਸੱਸ ਦੇ ਇਸ ਤਾਅਨੇ ਨੇ ਸ਼ਿੰਦੋ ਦਾ ਮਨ ਵਲੂੰਦਰ ਕੇ ਰੱਖ ਦਿੱਤਾ। ਅੰਦਰ ਵੜ ਕਈ ਘੰਟੇ ਰੋਂਦੀ ਰਹੀ ਤੇ ਰੱਬ ਨੂੰ ਸਵਾਲ ਕਰਦੀ ਰਹੀ, “ਹੁਣ ਤਾਂ ਦੱਸਦੇ ਕਿ ਮੇਰਾ ਘਰ ਕਿਹੜਾ ਏ?”

ਰਾਤ ਪਈ ਤਾਂ ਸ਼ਿੰਦੋ ਨੇ ਦਿਨ ਵਾਲੀ ਗੱਲ ਪਤੀ ਨੂੰ ਦੱਸ ਕੇ ਪੁੱਛਿਆ, “ਇਹ ਘਰ ਸਾਡਾ ਨਹੀਂ?”

“ਬੀਬੀ ਨੇ ਗਲਤ ਤਾਂ ਕੁਝ ਨਹੀਂ ਕਿਹਾ, ਜਦੋਂ ਤੱਕ ਭਾਪੇ ਹੋਰੀਂ ਨੇ ਘਰ ਉਨ੍ਹਾਂ ਦਾ ਈ ਆ।’’ ਪਤੀ ਦਾ ਜਵਾਬ ਸੁਣ ਸ਼ਿੰਦੋ ਨੂੰ ਲੱਗਿਆ ਜਿਵੇਂ ਬਰਫ਼ ਦੇ ਤੋਦੇ ਹੇਠ ਦੱਬ ਗਈ ਹੋਵੇ। ਕਾਫ਼ੀ ਦੇਰ ਤੱਕ ਉਸ ਦੇ ਮਨ ਵਿੱਚ ਸਵਾਲ ਜਵਾਬ ਦੀ ਜੰਗ ਛਿੜੀ ਰਹੀ। ਆਖਰ ਸਮਾਂ ਪਾ ਕੇ ਸ਼ਿੰਦੋ ਨੇ ਮਨ ਨਾਲ ਸਮਝੌਤਾ ਕਰ ਲਿਆ। ਉਹ ਇਹ ਸੋਚ ਕੇ ਘਰ ਵਿੱਚ ਸਮਾ ਗਈ ਕਿ ਕਦੇ ਤਾਂ ਘਰ ਦੀ ਮਾਲਕਣ ਬਣੇਗੀ।

ਦਿਨ, ਮਹੀਨੇ ਤੇ ਸਾਲ ਚੜ੍ਹਦੇ ਤੇ ਲੰਘਦੇ ਗਏ। ਕਈ ਔਖੇ ਦਿਨ ਵੀ ਆਏ, ਪਰ ਸ਼ਿੰਦੋ ਨੇ ਸਹਿਣਸ਼ੀਲਤਾ ਦਾ ਪੱਲਾ ਨਾ ਛੱਡਿਆ। ਪਤੀ ਦੀ ਲੋੜ ਨੂੰ ਉਹ ਉਸ ਦੇ ਚਿਹਰੇ ਤੋਂ ਈ ਬੁੱਝ ਲੈਂਦੀ। ਆਪਣੇ ਦੋਵੇਂ ਪੁੱਤਰਾਂ ਤੇ ਧੀ ਦੇ ਚਾਅ ਤੇ ਲੋੜਾਂ ਪੂਰੀਆਂ ਕਰਨ ਵਿੱਚ ਉਸ ਨੇ ਨਾ ਦਿਨ ਵੇਖਿਆ ਤੇ ਨਾ ਰਾਤ। ਤਿੰਨਾਂ ਦੇ ਵਿਆਹ ਪੂਰੇ ਚਾਵਾਂ ਨਾਲ ਕੀਤੇ। ਸਾਰੇ ਮੌਕਿਆਂ ’ਤੇ ਉਸ ਨੇ ਇੰਜ ਦੀ ਕੋਈ ਕਸਰ ਨਾ ਛੱਡੀ ਜਿਸ ਦਾ ਉਸ ਨੂੰ ਆਪਣੇ ਵਿਆਹ ਮੌਕੇ ਗਲਤੀ ਨਾਲ ਰਹਿ ਗਈ ਹੋਣ ਦਾ ਚੇਤਾ ਸੀ। ਛੋਟੇ ਦੇ ਵਿਆਹ ਨੂੰ ਅਜੇ ਸਾਲ ਕੁ ਹੀ ਹੋਇਆ ਸੀ। ਛੇ ਕੁ ਮਹੀਨੇ ਦੇ ਫਰਕ ਨਾਲ ਸ਼ਿੰਦੋ ਦੇ ਸੱਸ ਸਹੁਰਾ ਉਮਰ ਭੋਗ ਕੇ ਤੁਰਦੇ ਬਣੇ। ਮਾਂ ਦੇ ਫੁੱਲ ਪਾ ਕੇ ਆਉਂਦਿਆਂ ਉਸ ਦੇ ਪਤੀ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਤੇ ਚੂਲਾ ਟੁੱਟਣ ਕਾਰਨ ਉਹ ਮੰਜੀ ’ਤੇ ਪੈ ਗਿਆ। ਘਰ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਪੁੱਤਰਾਂ ਤੇ ਨੂੰਹਾਂ ਨੇ ਸੰਭਾਲ ਲਈ। ਪਤੀ ਦਾ ਇਲਾਜ ਅਤੇ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਸ਼ਿੰਦੋ ਨੂੰ ਪੁੱਤਰਾਂ ਨੂੰਹਾਂ ਅੱਗੇ ਹੱਥ ਅੱਡਣਾ ਪੈਂਦਾ। ਸ਼ਿੰਦੋ ਦੀ ਧੀ ਦੇ ਘਰ ਤਿੰਨ ਧੀਆਂ ਤੋਂ ਬਾਅਦ ਪੁੱਤਰ ਜੰਮਿਆ ਸੀ। ਨਾਨੀ ਨੇ ਛੂਛਕ ਲੈ ਕੇ ਜਾਣਾ ਸੀ। ਦੋਹਤੇ ਦਾ ਮੂੰਹ ਵੇਖਣ ਲਈ ਉਸ ਨੇ ਕਈ ਸਾਲ ਅਰਦਾਸਾਂ ਕੀਤੀਆਂ ਸੀ। ਰੱਬ ਨੇ ਉਸ ਦੀ ਅਰਦਾਸ ਨੇੜੇ ਹੋ ਕੇ ਸੁਣ ਲਈ ਸੀ। ਹੁਣ ਉਹ ਆਪਣੇ ਮਨ ਦੇ ਚਾਅ ਪੂਰੇ ਕਰਨਾ ਚਾਹੁੰਦੀ ਸੀ। ਉਸ ਨੇ ਪੁੱਤਾਂ ਨੂੰਹਾਂ ਨੂੰ ਬਹਾਕੇ ਛੂਛਕ ਦੀ ਤਿਆਰੀ ਬਾਰੇ ਕਿਹਾ। ਦੋਹਤੇ ਲਈ ਸੋਨੇ ਦੇ ਕੜੇ ਵਾਲੀ ਗੱਲ ਸ਼ਿੰਦੋ ਦੇ ਮੂੰਹੋਂ ਨਿਕਲਦਿਆਂ ਈ ਵੱਡੀ ਨੂੰਹ ਭੜਕ ਪਈ।

“ਬੀਬੀ ਉੱਥੇ ਕੀ ਲੈ ਕੇ ਜਾਣਾ ਤੇ ਕੀ ਨਹੀਂ, ਇਹ ਤੂੰ ਸਾਨੂੰ ਨਾ ਸਮਝਾ, ਹੁਣ ਅਸੀਂ ਸੋਚਾਂਗੇ ਕੀ ਕਰਨਾ, ਇੱਥੇ ਸਾਡੀ ਮਰਜ਼ੀ ਚੱਲੂ ਹੁਣ। ਨਾਲੇ ਤੂੰ ਘਰ ਦੀ ਮਾਲਕਣ ਨਹੀਂ ਜੋ ਸਾਨੂੰ ਹੁਕਮ ਦੇਵੇਂਗੀ।’’

ਸ਼ਿੰਦੋ ਨੂੰ ਲੱਗਿਆ ਜਿਵੇਂ ਕਿਸੇ ਨੇ ਪੱਥਰ ਮਾਰ ਕੇ ਉਸ ਦਾ ਸਿਰ ਪਾੜ ਦਿੱਤਾ ਹੋਵੇ। ਉਸ ਨੇ ਕੁਝ ਕਹਿਣਾ ਤਾਂ ਚਾਹਿਆ, ਪਰ ਗਲਾ ਕੁਝ ਕਹਿਣ ਤੋਂ ਜਵਾਬ ਦੇ ਗਿਆ। ਆਵਾਜ਼ ਅੰਦਰੇ ਦੱਬਕੇ ਰਹਿ ਗਈ। ਬਿਨਾਂ ਕੁਝ ਬੋਲੇ ਲਾਗਲੇ ਕਮਰੇ ਵਿੱਚ ਜਾ ਕੇ ਉਸ ਨੇ ਪਤੀ ਦੇ ਨਾਲ ਵਾਲੀ ਮੰਜੀ ਮੱਲ ਲਈ। ਉਸ ਨੂੰ ਕੁਝ ਨਹੀ ਸੀ ਸੁੱਝ ਰਿਹਾ। ਅੱਖਾਂ ’ਚੋਂ ਗਰਮ ਪਾਣੀ ਪਰਨਾਲੇ ਬਣ ਕੇ ਵਹਿਣ ਲੱਗਾ, ਜੋ ਘਟਣ ਦਾ ਨਾਂ ਨਹੀਂ ਸੀ ਲੈ ਰਿਹਾ। ਕਈ ਘੰਟਿਆਂ ਬਾਅਦ ਉਹ ਆਪਣੇ ਆਪ ਵਿੱਚ ਆਈ। ਲਹਿੰਦੇ ਪਾਸੇ ਵਾਲੀ ਖਿੜਕੀ ਦੇ ਅੱਧਖੁੱਲ੍ਹੇ ਪੱਲੇ ਰਾਹੀਂ ਡੁੱਬਦੇ ਸੂਰਜ ਦੀ ਲਾਲਗੀ ਦਿਸਣ ਲੱਗ ਪਈ ਸੀ। ਮਨ ਨੂੰ ਤਕੜਾ ਜਿਹਾ ਕਰਕੇ ਉਹ ਉੱਠੀ। ਰਹਿਰਾਸ ਦੇ ਪਾਠ ਤੋਂ ਬਾਅਦ ਅਰਦਾਸ ਕਰਦਿਆਂ ਰੱਬ ਨੂੰ ਮੁਖਾਤਬ ਹੁੰਦਿਆਂ ਉਹ ਏਨਾ ਹੀ ਆਖ ਸਕੀ, “ਹੇ ਸੱਚੇ ਪਾਤਸ਼ਾਹ ਕਈ ਸਾਲਾਂ ਤੋਂ ਤੂੰ ਮੇਰੇ ਸਵਾਲ ਦਾ ਜਵਾਬ ਦੇਣ ਤੋਂ ਘੇਸ ਮਾਰੀ ਹੋਈ ਹੈ, ਘੱਟੋ ਘੱਟ ਅੱਜ ਤਾਂ ਮੈਨੂੰ ਦੱਸਦੇ ਕਿ ਔਰਤ ਦਾ ਆਪਣਾ ਘਰ ਕਿਹੜਾ ਹੁੰਦਾ?”

ਅਚਾਨਕ ਅੰਦਰੋਂ ਧੜੱਮ ਦੀ ਆਵਾਜ਼ ਸੁਣ ਕੇ ਉਸ ਦੇ ਦੋਵੇਂ ਪੁੱਤਰ ਭੱਜ ਕੇ ਆਏ। ਉਨ੍ਹਾਂ ਮਾਂ ਨੂੰ ਚੁੱਕ ਮੰਜੇ ’ਤੇ ਪਾਇਆ। ਆਵਾਜ਼ਾਂ ਮਾਰੀਆਂ, ਕੋਈ ਜਵਾਬ ਨਹੀਂ। ਇੱਕ ਪੁੱਤ ਡਾਕਟਰ ਨੂੰ ਸੱਦਣ ਭੱਜ ਗਿਆ, ਦੂਜਾ ਉਸ ਦੇ ਪੈਰਾਂ ਦੀਆਂ ਤਲੀਆਂ ਝੱਸਣ ਲੱਗਾ। ਡਾਕਟਰ ਨੇ ਆ ਕੇ ਚੈੱਕ ਕੀਤਾ, ਸਰੀਰ ਠੰਢਾ ਹੋ ਰਿਹਾ ਸੀ। ਸਾਹ ਵੀ ਬੰਦ ਸੀ। ਨਬਜ਼ ਦੇਖੀ, ਰੁਕੀ ਹੋਈ ਸੀ। ਆਪਣੇ ਸਵਾਲ ਦਾ ਜਵਾਬ ਲੈਣ ਲਈ ਸ਼ਿੰਦੋ ਖ਼ੁਦ ਰੱਬ ਦੇ ਦਰਬਾਰ ਪਹੁੰਚ ਗਈ ਸੀ।
ਸੰਪਰਕ +16044427676News Source link
#ਬਘਰ #ਔਰਤ

- Advertisement -

More articles

- Advertisement -

Latest article