38.6 C
Patiāla
Friday, March 29, 2024

ਪਰਵਾਸੀ ਸਰਗਰਮੀਆਂ

Must read


ਦਰਦ-ਏ-ਸ਼ਹਿਰ

ਜਗਜੀਤ ਸੇਖੋਂ

ਬਣ ਗਿਆ ਤਮਾਸ਼ਾ ਹਰ ਸ਼ਹਿਰ ਵਿਹੜਾ

ਨਿੱਤ ਨਵਾਂ ਹੀ ਝੱਲਦੈ ਕਹਿਰ ਜਿਹੜਾ।

ਹਾਸੇ, ਖੁਸ਼ੀਆਂ ਤੇ ਚਾਅ ਕਾਫੂਰ ਹੋ ਗਏ

ਲੱਭਦਾ ਨਹੀਂ ਹੈ ਖੁਸ਼ਗਵਾਰ ਚਿਹਰਾ।

ਵਿਹੜੇ ਚੀਕਦੇ, ਡੱਸ ਗਿਆ ਨਾਗ ‘ਚਿੱਟਾ’

ਸਾਰ ਏਸ ਦੀ ਮਾਂਦਰੀ ਲਵੇ ਕਿਹੜਾ।

ਭਾਅ ਕੌਡੀਆਂ ਤੁਲ ਗਏ ਪੁੱਤ ਹੀਰੇ

ਸੱਥਾਂ ਸੁੰਨੀਆਂ ਦੇਵੇ ਧਰਵਾਸ ਕਿਹੜਾ।

ਇੱਥੇ ਹੁੰਦੀ ਸਿਆਸਤ ਮੌਤ ‘ਤੇ ਵੀ

ਇਸ ਤੋਂ ਡਿੱਗ ਕੇ ਕੰਮ ਹੈ ਨੀਚ ਕਿਹੜਾ।

ਕੂੜ ਨੀਚ ਰਾਜੇ, ਬੇਸ਼ਰਮ ਹਾਕਮ

ਵਾੜ ਖੇਤ ਖਾਵੇ ਕਰੇ ਨਿਆਂ ਕਿਹੜਾ।

ਸੇਹ ਦਾ ਤੱਕਲਾ ਆਪ ਹੀ ਗੱਡਿਆ ਹੈ

ਉੱਤੋਂ ਬਣਦਾ ਹੈ ਖੈਰਖਾਹ ਜਿਹੜਾ।

ਸਿੱਜਦੇ ਕਰਦਿਆਂ ਸਦੀਆਂ ਬੀਤ ਗਈਆਂ

ਰੱਬ ਨੇ ਵੇਖਿਆ ਨਹੀਂ ਕਦੀ ਪਾ ਫੇਰਾ।

ਜਿਹੜੇ ਪਾ ਮਖੌਟਾ ਨੇ ਤੁਰੇ ਫਿਰਦੇ

ਇੱਕ ਦਿਨ ਹੋਵੇਗਾ ਬੇਨਕਾਬ ਚਿਹਰਾ।

ਸੇਖੋਂ ਛੱਡ ਦੇ ਵਕਤ ਦੇ ਗਜ਼ ਮਿਣਨੇ

ਦੇਣਾ ਔਖ ਵਿੱਚ ਕਿਸੇ ਨਹੀਂ ਸਾਥ ਤੇਰਾ।
ਸੰਪਰਕ: +61431157590


ਬੋਲੀਏ ਪੰਜਾਬੀਏ

ਲਖਵਿੰਦਰ ਸਿੰਘ ਲੱਖਾ ਸਲੇਮਪੁਰੀ

ਬੋਲੀਏ ਪੰਜਾਬੀਏ ਮੈਂ ਤੇਰਾ ਹਾਂ ਮੁਰੀਦ ਹੋਇਆ।

ਜਿਨ੍ਹਾਂ ਲੋਕਾਂ ਭੰਡਿਆ ਮੈਂ ਓਨਾ ਹੀ ਕਰੀਬ ਹੋਇਆ।

ਮਿੱਠੀ ਤੇਰੀ ਮਹਿਕ ਨੇ ਹੈ ਦਿਲ ਮੇਰਾ ਜਿੱਤਿਆ

ਕਿੱਸਾ ਮੇਰੇ ਨਾਲ ਇਹ ਤਾਂ ਜੱਗ ਤੋਂ ਅਜੀਬ ਹੋਇਆ।

ਜਦੋਂ ਦੀ ਤੂੰ ਦਿਲ ਵਿੱਚ ਵੱਸੀ ਏਂ ਪੰਜਾਬੀਏ

ਭੈੜਾ ਕੱਲ੍ਹ ਵਾਲਾ ਅੱਜ ਚੰਗਾ ਉਹ ਨਸੀਬ ਹੋਇਆ।

ਤੇਰੇ ਸੰਗ ਮਿਲਦੀਆਂ ਸ਼ੁਹਰਤਾਂ ਜਹਾਨ ‘ਤੇ

ਫੇਰ ਭਲਾ ਦੱਸੇ ਕੋਈ ਕਿੰਝ ਮੈਂ ਗਰੀਬ ਹੋਇਆ।

ਜਿਸ ਦਿਨ ਤੇਰੇ ਸੀ ਮੈਂ ਰੰਗਾਂ ਵਿੱਚ ਰੰਗਿਆ

ਭਾਗਾਂ ਵਾਲਾ ਉਹੀ ਦਿਨ ਸੱਚੀਂ ਮੇਰੀ ਈਦ ਹੋਇਆ।

ਮਾਂ ਬੋਲੀ ਕਹਿ ਕੇ ਤੈਨੂੰ ਮਾਣ ਹੈ ਜਹਾਨ ਦਿੰਦਾ

‘ਲੱਖਾ’ ਤੇਰਾ ਪੁੱਤ ਵੀ ਇਹ ਤੇਰਾ ਹੈ ਅਜ਼ੀਜ਼ ਹੋਇਆ।
ਸੰਪਰਕ: +447438398345


ਕਵਿਤਾ ਦੀ ਉਡਾਣ

ਜਸਵੰਤ ਗਿੱਲ

ਸੱਚ ਲਿਖਦੀ

ਕਲਮ ਦੀ ਨੋਕ ਨੇ

ਧਰਮ ਦੇ ਠੇਕੇਦਾਰਾਂ ਨੂੰ

ਮਸੰਦ ਬਣੇ ਜਥੇਦਾਰਾਂ ਨੂੰ

ਫਿਰਕੂ ਅੱਗ ਲਾ ਰਹੀਆਂ

ਸਰਕਾਰਾਂ ਨੂੰ

ਮਜ਼ਹਬਾਂ ਦੇ ਨਾਂ ‘ਤੇ ਉੱਠਦੀਆਂ

ਨਫ਼ਰਤੀ ਤਲਵਾਰਾਂ ਨੂੰ

ਦੇਸ਼ ਭਗਤ ਬਣੇ ਗੱਦਾਰਾਂ ਨੂੰ

ਫ਼ਿਕਰ ਪਾ ਦਿੱਤਾ ਏ

ਮੋਤੀਆਂ ਵਰਗੇ ਅੱਖਰਾਂ ਨੇ

ਲੁਟੇਰਿਆਂ ਦੇ ਟੋਲੇ ਨੂੰ

ਮਹਿਲਾਂ ਦੇ

ਸਰਕਾਰੀ ਵਿਚੋਲੇ ਨੂੰ

ਫ਼ਿਕਰ ਪਾ ਦਿੱਤਾ ਏ।

ਸੱਚੀ ਸੁੱਚੀ

ਕਵਿਤਾ ਦੀ ਉਡਾਣ ਨੇ

ਤਖ਼ਤਾਂ ਦੀ ਸ਼ਾਨ ਨੂੰ

ਮਿੱਟੀ ਦੇ ਭਗਵਾਨ ਨੂੰ

ਬੰਦੇ ਸ਼ੈਤਾਨ ਨੂੰ

ਫ਼ਿਕਰ ਪਾ ਦਿੱਤਾ ਏ

ਫ਼ਿਕਰ ਪਾ ਦਿੱਤਾ ਏ

ਚੌਕੀਦਾਰ ਨੂੰ

ਵੱਡੇ ਕਾਰੋਬਾਰ ਨੂੰ

ਧਰਮ ਦੇ ਹਥਿਆਰ ਨੂੰ

ਸਮੇਂ ਸਮੇਂ ਦੀ ਸਰਕਾਰ ਨੂੰ

ਫੁੱਲਾਂ ਨੂੰ, ਖ਼ਾਰ ਨੂੰ

ਖਾਕੀ ਦੇ ਡੰਡੇ ਦੀ ਮਾਰ ਨੂੰ

ਕਾਵਾਂ ਦੀ ਡਾਰ ਨੂੰ

ਫ਼ਿਕਰ ਪਾ ਦਿੱਤਾ ਏ

ਕਵਿਤਾ ਦੀ ਉਡਾਣ ਨੇ।
ਸੰਪਰਕ: 97804-51878


ਫੇਸ-ਬੁੱਕ ਤੇ ਫੀਲਡ

ਤਰਲੋਚਨ ਸਿੰਘ ‘ਦੁਪਾਲਪੁਰ’

ਭਾਵਨਾ ਲਿਖਤ ਵਿੱਚੋਂ ਝੱਟ ਹੀ ਨਜ਼ਰ ਪੈਂਦੀ

ਦਿਲ ਵਿੱਚ ਭਰੀ ਪਈ ਈਰਖਾ ਤੇ ਖਾਰ ਦੀ।

ਆਪਣੀ ਹੀ ਪੋਸਟ ਨੂੰ ਮੰਨ ਕੇ ਅਖੀਰੀ ਸੱਚ

ਖੁੰਬ ਠੱਪ ਦਿੰਦੇ ਨੇ ਸਿਆਣੇ ਕਿਸੇ ਯਾਰ ਦੀ।

ਹੋਰਨਾਂ ਦੀ ‘ਸੌ’ ਵੀ ਸੁਨਿਆਰ ਵਾਲੀ ਜਾਣਦੇ ਨੇ

ਆਪੇ ਲਿਖੀ ‘ਇੱਕ’ ਨੂੰ ਹੀ ਦੱਸਦੇ ਲੁਹਾਰ ਦੀ।

ਦੇਖ ਕੇ ਅਸਹਿਮਤੀ ਨੂੰ ਹੋ ਜਾਂਦੇ ਨੇ ਲੋਹੇ ਲਾਖੇ

‘ਫੀਤ੍ਵੀ’ ਝੱਟ ਠੋਕਦੇ ਐ ‘ਭਗਤ-ਗੱਦਾਰ’ ਦੀ।

ਸਿੰਗ ਹੀ ਫਸਾ ਲੈਂਦੇ ਨੇ ਬਹੁਤੇ ਏਸ ਮੰਚ ਉੱਤੇ

ਮਿਹਣੋ ਮਿਹਣੀ ਹੁੰਦੇ ਗੱਲ ਛੱਡ ਕੇ ਵਿਚਾਰ ਦੀ।

ਫੀਲਡ ਦੇ ਵਿੱਚ ਤਾਂ ਹਾਲਾਤ ਹੁੰਦੇ ਆਮ ਜਿਹੇ

‘ਫੇਸ-ਬੁੱਕ’ ਰਹਿੰਦੀ ਐ ਉਬਾਲੇ ਸਦਾ ਮਾਰਦੀ।
ਸੰਪਰਕ: 001-408-915-1268



News Source link
#ਪਰਵਸ #ਸਰਗਰਮਆ

- Advertisement -

More articles

- Advertisement -

Latest article