34.1 C
Patiāla
Monday, June 24, 2024

ਕਾਂਗਰਸੀ ਨੇਤਾ ਅਲਕਾ ਲਾਂਬਾ ਰੂਪਨਗਰ ਥਾਣੇ ’ਚ ਪੇਸ਼: ਵੜਿੰਗ ਤੇ ਬਾਜਵਾ ਸਣੇ ਕਈ ਨੇਤਾਵਾਂ ਵੱਲੋਂ ਪ੍ਰਦਰਸ਼ਨ

Must read


ਜਗਮੋਹਨ ਸਿੰਘ ਘਨੌਲੀ

ਰੂਪਨਗਰ, 27 ਅਪਰੈਲ

ਆਪ ਮੁਖੀ ਅਰਵਿੰਦ ਕੇਜਰੀਵਾਲ ’ਤੇ ਟਿੱਪਣੀ ਕਰਨ ਕਾਰਨ ਕਾਂਗਰਸੀ ਆਗੂ ਅਲਕਾ ਲਾਂਬਾ ਅੱਜ ਇਥੇ ਪਹੁੰਚੀ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਰੂਪਨਗਰ ਪੁੱਜੀ ਸ੍ਰੀਮਤੀ ਲਾਂਬਾ ਪਹਿਲਾਂ ਇੱਥੇ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿਚ ਦਿੱਤੇ ਜਾ ਰਹੇ ਪੰਜਾਬ ਯੂਥ ਕਾਂਗਰਸ ਦੇ ਧਰਨੇ ਵਿਚ ਸ਼ਾਮਲ ਹੋਈ। ਧਰਨੇ ਦੌਰਾਨ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਸਪੀਕਰ ਵਿਧਾਨ ਸਭਾ ਰਾਣਾ ਕੰਵਰਪਾਲ ਸਿੰਘ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿੱਚ ਨੇਤਾ ਤੇ ਵਰਕਰ ਹਾਜ਼ਰ ਹੋਏ। ਧਰਨੇ ਦੌਰਾਨ ਕਾਂਗਰਸੀ ਆਗੂ ਨੇ ਦੋਸ਼ ਲਗਾਇਆ ਕਿ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਬਦਲਾਖੋਰੀ ਦੀ ਭਾਵਨਾ ਅਧੀਨ ਝੂਠੇ ਪਰਚੇ ਦਰਜ ਕਰਕੇ ਵਿਰੋਧੀਆਂ ਦੀ ਆਵਾਜ਼ ਬੰਦ ਕਰ ਰਹੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਜਿੱਤ ਹਾਰ ਦਾ ਸਾਹਮਣਾ ਹਰ ਸਿਆਸੀ ਵਿਅਕਤੀ ਨੂੰ ਕਰਨਾ ਪੈਂਦਾ ਹੈ ਜੇ ਅੱਜ ਪੰਜਾਬ ਦੇ ਲੋਕਾਂ ਨੇ ਸੱਤਾ ਆਪ ਨੂੰ ਸੌਂਪ ਦਿੱਤੀ ਹੈ ਤਾਂ ਆਪ ਆਗੂਆਂ ਨੂੰ ਸੱਤਾ ਦਾ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਧਰਨੇ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਗੇਟ ਟੱਪ ਕੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਨ੍ਹਾਂ ਦੀ ਪੁਲੀਸ ਨਾਲ ਧੱਕਾ-ਮੁੱਕੀ ਵੀ ਹੋਈ। ਇਸੇ ਧੱਕਾ-ਮੁੱਕੀ ਦੌਰਾਨ ਐੱਸਐੱਸਪੀ ਦਫ਼ਤਰ ਦੇ ਮੁੱਖ ਗੇਟ ਦਾ ਸ਼ੀਸ਼ਾ ਵੀ ਟੁੱਟ ਗਿਆ। ਇਸ ਦੌਰਾਨ ਕੁਝ ਨੇਤਾਵਾਂ ਸਮੇਤ ਅਲਕਾ ਲਾਂਬਾ ਨੂੰ ਐੱਸਐੱਸਪੀ ਦਫ਼ਤਰ ਜਾਣ ਦੀ ਆਗਿਆ ਦਿੱਤੀ ਗਈ। ਐੱਸਐੱਸਪੀ ਡਾ. ਸੰਦੀਪ ਗਰਗ ਵੱਲੋਂ ਆਪਣੇ ਦਫ਼ਤਰ ਪੁੱਜੀ ਅਲਕਾ ਲਾਂਬਾ ਨੂੰ ਕਿਹਾ ਗਿਆ ਕਿ ਉਹ ਸਦਰ ਥਾਣੇ ਜਾ ਕੇ ਹਾਜ਼ਰੀ ਲਗਵਾ ਲੈਣ ਕਿਉਂਕਿ ਇਸ ਮਾਮਲੇ ਨਾਲ ਸਬੰਧਤ ਫਾਈਲ ਹਾਈ ਕੋਰਟ ਚਲੀ ਗਈ ਹੈ, ਜਦੋਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਐੱਸਐੱਸਪੀ ਨੂੰ ਕਿਹਾ ਕਿ ਉਹ ਇੱਥੇ ਹੀ ਹਾਜ਼ਰੀ ਲਗਵਾ ਲੈਣ ਤਾਂ ਐੱਸਐੱਸਪੀ ਨੇ ਕਿਹਾ ਕਿ ਸਿਟ ਟੀਮ ਸਦਰ ਥਾਣੇ ਬੈਠੀ ਹੈ ਤੇ ਉੱਥੇ ਹੀ ਹਾਜ਼ਰੀ ਲੱਗੇਗੀ। ਇਸ ਤੋਂ ਬਾਅਦ ਸ੍ਰੀਮਤੀ ਲਾਂਬਾ ਨੇ ਸਦਰ ਥਾਣੇ ਪੁੱਜ ਕੇ ਹਾਜ਼ਰੀ ਲਗਵਾਈ।

ਐੱਸਐੱਸਪੀ ਦਫ਼ਤਰ ਵਿੱਚ ਪੇਸ਼ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਅਲਕਾ ਲਾਂਬਾ ਨੇ ਕਿਹਾ ਕਿ ਜਾਂਚ ਕਰੋ ਇਹ ਆਦੇਸ਼ ਦਿੱਲੀ ਤੋਂ ਆਏ ਹਨ ਤੇ ਕੀ ਜਾਂਚ ਕਰਨੀ ਹੈ ਤੇ ਕੀ ਸਵਾਲ ਪੁੱਛਣੇ ਹਨ ਉਨ੍ਹਾਂ ਉਨ੍ਹਾਂ ਬਾਰੇ ਪੁਲੀਸ ਨੂੰ ਨਹੀਂ ਪਤਾ, ਕਿਉਂਕਿ ਹਾਲੇ ਸਵਾਲ ਦਿੱਲੀ ਤੋਂ ਆਉਣੇ ਹਨ। ਉਨ੍ਹਾਂ ਕਿਹਾ,‘ਮੈਂ ਇਨ੍ਹਾਂ ਦੇ ਨਾਲ ਪੰਜ ਸਾਲ ਸੱਤਾ ਵਿੱਚ ਰਹੀ ਹਾਂ ਤੇ ਇਨ੍ਹਾਂ ਬਾਰੇ ਪਤਾ ਲੱਗਣ ’ਤੇ ਸੱਤਾ ਵਿਧਾਇਕੀ ਛੱਡ ਕੇ ਇਨ੍ਹਾਂ ਨੂੰ ਬੇਨਕਾਬ ਕਰਦੀ ਆਈ ਹਾਂ ਤੇ ਭਵਿੱਖ ਵਿੱਚ ਵੀ ਬੇਨਕਾਬ ਕਰਦੀ ਰਹਾਂਗੀ।’

News Source link

- Advertisement -

More articles

- Advertisement -

Latest article