ਨਿਊਯਾਰਕ, 26 ਅਪਰੈਲ
ਅਰਬਪਤੀ ਐਲੋਨ ਮਸਕ ਵੱਲੋਂ ਟਵਿੱਟਰ ਨੂੰ ਖਰੀਦਣ ਤੋਂ ਬਾਅਦ ਇਸ ਦੇ ਸੀਈਓ ਪਰਾਗ ਅਗਰਵਾਲ ਨੇ ਚਿੰਤਤ ਕਰਮਚਾਰੀਆਂ ਨੂੰ ਕਿਹਾ ਕਿ ਉਹ ਨਹੀਂ ਜਾਣਦੇ ਕਿ 44 ਅਰਬ ਡਾਲਰ ਦੇ ਇਸ ਵੱਡੇ ਸੌਦੇ ਤੋਂ ਬਾਅਦ ਕੰਪਨੀ ਕਿਸ ਦਿਸ਼ਾ ਵੱਲ ਜਾਵੇਗੀ। ਉਨ੍ਹਾਂ ਇਹ ਗੱਲ ਸੋਮਵਾਰ ਦੁਪਹਿਰ ਕੰਪਨੀ ਦੇ ਕਰਮਚਾਰੀਆਂ ਨਾਲ ਮੀਟਿੰਗ ਦੌਰਾਨ ਕਹੀ। ਅਗਰਵਾਲ ਨੇ ਪੰਜ ਮਹੀਨੇ ਪਹਿਲਾਂ ਹੀ ਟਵਿੱਟਰ ਦਾ ਚਾਰਜ ਸੰਭਾਲਿਆ ਸੀ। ਟਵਿੱਟਰ ਦੇ ਬੋਰਡ ਨੇ ਮਸਕ ਦੀ 44 ਅਰਬ ਡਾਲਰ ਦੀ ਬੋਲੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਉਹ ਸੋਸ਼ਲ ਮੀਡੀਆ ਪਲੇਟਫਾਰਮ ਦੀ ਮਾਲਕੀ ਦੇ ਕਦਮ ਨੇੜੇ ਹਨ। ਇਹ ਸੌਦਾ ਇਸ ਸਾਲ ਪੂਰਾ ਹੋਣ ਦੀ ਆਸ ਹੈ ਪਰ ਇਸ ਲਈ ਹਾਲੇ ਸ਼ੇਅਰਧਾਰਕਾਂ ਤੇ ਅਮਰੀਕੀ ਅਥਾਰਿਟੀ ਤੋਂ ਇਜਾਜ਼ਤ ਲੈਣੀ ਬਾਕੀ ਹੈ।