39.1 C
Patiāla
Thursday, April 25, 2024

ਯੂਕਰੇਨ: ਰੂਸੀ ਫ਼ੌਜਾਂ ਵੱਲੋਂ ਮਾਰੀਓਪੋਲ ਦੇ ਸਟੀਲ ਪਲਾਂਟ ’ਤੇ ਬੰਬਾਰੀ

Must read


ਕੀਵ, 24 ਅਪਰੈਲ

ਯੂਕਰੇਨ ਵਿੱਚ ਰੂਸੀ ਫ਼ੌਜੀ ਬਲਾਂ ਨੇ ਦੱਖਣੀ ਸ਼ਹਿਰ ਮਾਰੀਓਪੋਲ ਵਿੱਚ ਯੂਕਰੇਨੀ ਫ਼ੌਜੀਆਂ ਨੂੰ ਆਸਰਾ ਦੇਣ ਵਾਲੇ ਇਕ ਸਟੀਲ ਪਲਾਂਟ ’ਤੇ ਹਵਾਈ ਹਮਲੇ ਕਰ ਕੇ ਇਸ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਇਸ ਕਾਰਵਾਈ ਨੂੰ ਰਣਨੀਤਕ ਤੌਰ ’ਤੇ ਅਹਿਮ ਮੰਨੇ ਜਾਂਦੇ ਬੰਦਰਗਾਹ ਵਾਲੇ ਸ਼ਹਿਰ ਵਿੱਚ ਯੂਕਰੇਨੀ ਫ਼ੌਜੀਆਂ ਦੇ ਕਬਜ਼ੇ ਵਾਲੇ ਆਖ਼ਰੀ ਟਿਕਾਣੇ ਨੂੰ ਖ਼ਤਮ ਕਰਨ ਦੀ ਰੂਸ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਉਧਰ, ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਉਹ ਕੀਵ ਵਿੱਚ ਦੋ ਚੋਟੀ ਦੇ ਅਮਰੀਕੀ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ।

ਜ਼ੇਲੈਂਸਕੀ ਨੇ ਦੱਸਿਆ ਕਿ ਉਹ ਰਾਜਧਾਨੀ ਕੀਵ ਵਿੱਚ ਐਤਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਰੱਖਿਆ ਮੰਤਰੀ ਲਾਇਡ ਔਸਟਿਨ ਨਾਲ ਮੁਲਾਕਾਤ ਕਰਨਗੇ। ਇਹ ਮੁਲਾਕਾਤ ਰੂਸ ਦੀ ਫ਼ੌਜੀ ਕਾਰਵਾਈ ਦੇ 60ਵੇਂ ਦਿਨ ਹੋ ਰਹੀ ਹੈ। ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਨਤੀਜਿਆਂ ਦੀ ਆਸ ਕਰ ਰਹੇ ਹਨ। ਉਹ ਖ਼ਾਸ ਚੀਜ਼ਾਂ ਅਤੇ ਖ਼ਾਸ ਹਥਿਆਰਾਂ ਦੀ ਆਸ ਕਰ ਰਹੇ ਹਨ। ਯੂਕਰੇਨ ਵਿੱਚ 24 ਫਰਵਰੀ ਨੂੰ ਰੂਸੀ ਫ਼ੌਜ ਦੀ ਕਾਰਵਾਈ ਸ਼ੁਰੂ ਹੋਣ ਦੇ ਬਾਅਦ ਤੋਂ ਅਮਰੀਕੀ ਮੰਤਰੀਆਂ ਦੀ ਇਹ ਕੀਵ ਦੀ ਪਹਿਲੀ ਉੱਚ ਪੱਧਰੀ ਯਾਤਰਾ ਹੋਵੇਗੀ। ਬਲਿੰਕਨ ਮਾਰਚ ਵਿੱਚ ਪੋਲੈਂਡ ਦੀ ਯਾਤਰਾ ਦੌਰਾਨ ਯੂਕਰੇਨ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਨ ਲਈ ਕੁਝ ਦੇਰ ਵਾਸਤੇ ਯੂਕਰੇਨ ਵਿੱਚ ਰੁਕੇ ਸਨ। ਜ਼ੇਲੈਂਸਕੀ ਦੀ ਕਿਸੇ ਅਮਰੀਕੀ ਆਗੂ ਨਾਲ ਪਿਛਲੀ ਵਾਰ ਆਹਮੋ-ਸਾਹਮਣੇ ਦੀ ਮੁਲਾਕਾਤ 19 ਫਰਵਰੀ ਨੂੰ ਹੋਈ ਸੀ। ਉਸ ਵੇਲੇ ਮਿਊਨਿਖ ਵਿੱਚ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ ਕੀਤੀ ਸੀ।

ਇਹ ਮੁਲਾਕਾਤ ਅਜਿਹੇ ਸਮੇਂ ਵਿੱਚ ਹੋ ਰਹੀ ਹੈ ਜਦੋਂ ਯੂਕਰੇਨ ਤੇ ਰੂਸੀ ਲੋਕ ਆਰਥੋਡਾਕਸ ਈਸਟਰ ਮਨਾ ਰਹੇ ਹਨ। ਜ਼ਿਕਰਯੋਗ ਹੈ ਕਿ ਮਾਰੀਓਪੋਲ ਸ਼ਹਿਰ ’ਤੇ ਕਬਜ਼ੇ ਵਾਸਤੇ ਰੂਸੀ ਫ਼ੌਜ ਪਿਛਲੇ ਦੋ ਮਹੀਨਿਆਂ ਤੋਂ ਕੋਸ਼ਿਸ਼ ਕਰ ਰਹੀ ਹੈ। ਅਜ਼ੋਵ ਸਾਗਰ ਕੰਢੇ ਵੱਸੇ ਇਸ ਸ਼ਹਿਰ ਨੇ ਜੰਗ ਦੇ ਸਭ ਤੋਂ ਭਿਆਨਕ ਰੂਪ ਨੂੰ ਦੇਖਿਆ ਹੈ। ਇਸ ’ਤੇ ਕਬਜ਼ੇ ਨਾਲ ਯੂਕਰੇਨ ਦਾ ਬੰਦਰਗਾਹ ਨਾਲ ਸੰਪਰਕ ਟੁੱਟ ਜਾਵੇਗਾ ਅਤੇ ਰੂਸੀ ਫ਼ੌਜੀਆਂ ਨੂੰ ਕਿਧਰੇ ਵੀ ਜੰਗ ਲੜਨ ਵਿੱਚ ਆਸਾਨੀ ਹੋਵੇਗੀ। ਇਸ ਦੇ ਨਾਲ ਹੀ ਕਰੀਮੀਆ ਪ੍ਰਾਇਦੀਪ ਲਈ ਜ਼ਮੀਨੀ ਲਾਂਘਾ ਤਿਆਰ ਹੋ ਜਾਵੇਗਾ, ਜਿਸ ’ਤੇ ਰੂਸ ਨੇ 2014 ਵਿੱਚ ਕਬਜ਼ਾ ਕੀਤਾ ਸੀ।

ਕਰੀਬ ਦੋ ਹਜ਼ਾਰ ਯੂਕਰੇਨੀ ਸੈਨਿਕ ਯੂਕਰੇਨ ਦੇ ਆਖ਼ਰੀ ਮੋਰਚੇ ਮਾਰੀਓਪੋਲ ਦੇ ਅਜ਼ੋਵਸਤਾਲ ਸਟੀਲ ਪਲਾਂਟ ’ਤੇ ਕਬਜ਼ਾ ਕਾਇਮ ਰੱਖਣ ਲਈ ਸੰਘਰਸ਼ ਕਰ ਰਹੇ ਹਨ। ਇਸ ਪਲਾਂਟ ਦੀ ਗੁੰਝਲਦਾਰ ਸੁਰੰਗ ਪ੍ਰਣਾਲੀ ਵਿੱਚ ਆਮ ਨਾਗਰਿਕਾਂ ਨੇ ਵੀ ਸ਼ਰਨ ਲਈ ਹੋਈ ਹੈ। ਯੂਕਰੇਨੀ ਹਥਿਆਰਬੰਦ ਬਲ ਦੇ ਜਨਰਲ ਸਟਾਫ਼ ਤਰਜਮਾਨ ਓਲੇਕਜ਼ੈਂਡਰ ਸ਼ਤੁਪਨ ਨੇ ਅੱਜ ਦੱਸਿਆ ਕਿ ਰੂਸੀ ਬਲ ਪਲਾਂਟ ਨੂੰ ਨਸ਼ਟ ਕਰਨ ਦਾ ਕੰਮ ਜਾਰੀ ਰੱਖ ਰਹੇ ਹਨ ਅਤੇ ਉਹ ਲੰਬੀ ਦੂਰੀ ਵਾਲੇ ਜੰਗੀ ਜਹਾਜ਼ਾਂ ਦੀ ਮਦਦ ਨਾਲ ਹਵਾਈ ਹਮਲੇ ਕਰ ਰਹੇ ਹਨ। -ਏਪੀ

ਜ਼ੇਲੈਂਸਕੀ ਵੱਲੋਂ ਮਾਰੀਓਪੋਲ ’ਚੋਂ ਆਮ ਨਾਗਰਿਕਾਂ ਨੂੰ ਕੱਢਣ ਬਾਰੇ ਤੁਰਕੀ ਦੇ ਰਾਸ਼ਟਰਪਤੀ ਨਾਲ ਚਰਚਾ

ਕੀਵ: ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਅੱਜ ਕਿਹਾ ਕਿ ਬੰਦਰਗਾਹ ਵਾਲੇ ਸ਼ਹਿਰ ਮਾਰੀਓਪੋਲ ’ਚੋਂ ਤੁਰੰਤ ਆਮ ਨਾਗਰਿਕਾਂ ਨੂੰ ਕੱਢਣ ਬਾਰੇ ਉਨ੍ਹਾਂ ਤੁਰਕੀ ਦੇ ਰਾਸ਼ਟਰਪਤੀ ਤੇਈਪ ਐਰਦੋਗਨ ਨਾਲ ਚਰਚਾ ਕੀਤੀ ਹੈ। ਉਨ੍ਹਾਂ ਟਵਿੱਟਰ ’ਤੇ ਲਿਖਿਆ, ‘‘ਮੈਂ ਅਜ਼ੋਵਸਤਾਲ ਸਣੇ ਮਾਰੀਓਪੋਲ ’ਚੋਂ ਆਮ ਨਾਗਰਿਕਾਂ ਨੂੰ ਤੁਰੰਤ ਕੱਢਣ ਅਤੇ ਇਕ-ਦੂਜੇ ਦੇ ਫੜੇ ਹੋਏ ਸੈਨਿਕਾਂ ਨੂੰ ਛੱਡਣ ਦੀ ਲੋੜ ’ਤੇ ਜ਼ੋਰ ਦਿੱਤਾ।’’ ਨਾਟੋ ਮੈਂਬਰ ਤੁਰਕੀ ਦੀ ਯੂਕਰੇਨ ਤੇ ਰੂਸ ਦੋਹਾਂ ਨਾਲ ਸਮੁੰਦਰੀ ਸਰਹੱਦ ਲੱਗਦੀ ਹੈ ਅਤੇ ਉਸ ਦੇ ਦੋਹਾਂ ਮੁਲਕਾਂ ਨਾਲ ਚੰਗੇ ਸਬੰਧ ਹਨ। ਤੁਰਕੀ ਦੇ ਰਾਸ਼ਟਰਪਤੀ ਦਫ਼ਤਰ ਨੇ ਕਿਹਾ ਕਿ ਐਰਦੋਗਨ ਨੇ ਜ਼ੇਲੈਂਸਕੀ ਨਾਲ ਫ਼ੋਨ ’ਤੇ ਹੋਈ ਗੱਲਬਾਤ ਦੌਰਾਨ ਮਾਰੀਓਪੋਲ ਵਿੱਚ ਫਸੇ ਜ਼ਖ਼ਮੀਆਂ ਤੇ ਆਮ ਨਾਗਰਿਕਾਂ ਨੂੰ ਤੁਰੰਤ ਕੱਢਣਾ ਯਕੀਨੀ ਬਣਾਉਣ ਲਈ ਕਿਹਾ। ਤੁਰਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਵਿਚੋਲਗੀ ਕਰਨ ਸਮੇਤ ਗੱਲਬਾਤ ਦੀ ਪ੍ਰਕਿਰਿਆ ਦੌਰਾਨ ਹਰ ਸੰਭਵ ਸਹਿਯੋਗ ਦੇਣ ਲਈ ਤਿਆਰ ਹਨ। -ਰਾਇਟਰਜ਼





News Source link

- Advertisement -

More articles

- Advertisement -

Latest article