ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 25 ਅਪਰੈਲ
ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਪੰਜਾਬ ਨੂੰ 2024 ਤੱਕ ਮਲੇਰੀਆ ਮੁਕਤ ਕੀਤਾ ਜਾਵੇਗਾ ਅਤੇ ਇਸ ਬਿਮਾਰੀ ਦੇ ਖਾਤਮੇ ਲਈ ਸਿਹਤ ਵਿਭਾਗ ਲਗਾਤਾਰ ਯਤਨ ਕਰ ਰਿਹਾ ਹੈ ਅਤੇ ਪਿਛਲੇ ਸਾਲ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਮਲੇਰੀਆ ਦਾ ਕੋਈ ਕੇਸ ਨਹੀਂ ਮਿਲਿਆ ਹੈ। ਮਾਨਾਂਵਾਲਾ ਕਮਿਊਨਿਟੀ ਸਿਹਤ ਕੇਂਦਰ ਵਿੱਚ ਐਤਵਾਰ ਨੂੰ ਵਿਸ਼ਵ ਮਲੇਰੀਆ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੀ ਮੁੱਖ ਤਰਜੀਹ ਸਿੱਖਿਆ ਅਤੇ ਸਿਹਤ ਹੈ। ਸਿਹਤ ਵਿਭਾਗ ਅੰਮ੍ਰਿਤਸਰ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜ਼ਿਲ੍ਹਾ ਅੰਮ੍ਰਿਤਸਰ ਨੂੰ ਰਾਜ ਪੱਧਰੀ ਅਵਾਰਡ ਮਿਲਣਾ ਇਥੋਂ ਦੇ ਸਿਹਤ ਵਿਭਾਗ ਦੇ ਸਮੂਹ ਟੀਮ ਲਈ ਸ਼ਲਾਘਾਯੋਗ ਹੈ। ਇਸ ਮੌਕੇ ਸਿਵਲ ਸਰਜਨ ਅੰਮਿ੍ਤਸਰ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਅੰਮਿ੍ਤਸਰ ਮਲੇਰੀਆ ਵਿੰਗ ਨੇ ਪੁਰਜ਼ੋਰ ਕੋਸ਼ਿਸ਼ ਕੀਤੀ ਕਿ ਅੰਮਿ੍ਤਸਰ ਸ਼ਹਿਰ ਨੂੰ ਮਲੇਰੀਆ ਮੁਕਤ ਰੱਖਿਆ ਜਾਵੇ, ਜਿਸ ਲਈ ਸਿਹਤ ਵਿਭਾਗ ਦੀਆਂ ਸਮੂਹ ਟੀਮਾਂ ਕੰਮ ਕਰ ਰਹੀਆਂ ਹਨ। ਇਸ ਮੌਕੇ ਵੱਖ-ਵੱਖ ਸਕੂਲ ਦੇ ਵਿਦਿਆਰਥੀਆਂ ਵਲੋਂ ਪੇਟਿੰਗ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਇਨ੍ਹਾਂ ਪੇਟਿੰਗ ਦੀ ਪ੍ਰਦਰਸ਼ਨੀ ਰਾਹੀਂ ਲੋਕਾਂ ਨੂੰ ਮਲੇਰੀਆ ਬਾਰੇ ਜਾਗਰੂਕ ਕੀਤਾ। ਇਸ ਮੌਕੇ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋਂ ਪਹੁੰਚੇ ਵਧੀਆਂ ਸੇਵਾਵਾਂ ਦੇਣ ਵਾਲੇ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਨੂੰ ਸਨਮਾਨ ਚਿੰਨ ਅਤੇ ਬਲਾਕ ਮਾਨਾਂਵਾਲਾ ਦੇ ਸਮੂਹ ਮੇਲ ਹੈਲਥ ਵਰਕਰ ਨੂੰ ਪ੍ਰਸ਼ੰਸਾ ਪੱਤਰ ਅਤੇ ਪੇਟਿੰਗ ਮੁਕਾਬਲਿਆਂ ਦੌਰਾਨ ਪਹਿਲੇ ਦੂਜੇ ਨੰਬਰ ’ਤੇ ਰਹਿਣ ਵਾਲੇ ਬੱਚਿਆਂ ਨੂੰ ਇਨਾਮ ਵੰਡੇ ਗਏ।