ਇਸਲਾਮਾਬਾਦ, 25 ਅਪਰੈਲ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ (72) ਨੂੰ ਬਰਤਾਨੀਆ ਤੋਂ ਆਪਣੇ ਮੁਲਕ ਪਾਕਿਸਤਾਨ ਪਰਤਣ ਲਈ ਪਾਸਪੋਰਟ ਜਾਰੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਸੋਮਵਾਰ ਨੂੰ ਮੀਡੀਆ ਦੀਆਂ ਖਬਰ ਤੋਂ ਮਿਲੀ ਹੈ। ਤਿੰਨ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ਼ ਬਰਤਾਨੀਆ ਵਿੱਚ ਇਲਾਜ ਕਰਵਾ ਰਹੇ ਹਨ। ਨਵਾਜ਼ ਸ਼ਰੀਫ ਖ਼ਿਲਾਫ਼ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੇ ਕਈ ਮਾਮਲੇ ਸ਼ੁਰੂ ਕੀਤੇ ਗਏ ਸਨ। ਨਵਾਜ਼ ਸ਼ਰੀਫ ਨਵੰਬਰ 2019 ਵਿੱਚ ਲਾਹੌਰ ਹਾਈ ਕੋਰਟ ਵੱਲੋਂ ਉਨ੍ਹਾਂ ਨੂੰ ਇਲਾਜ ਲਈ ਚਾਰ ਹਫ਼ਤਿਆਂ ਵਾਸਤੇ ਵਿਦੇਸ਼ ਜਾਣ ਦੀ ਆਗਿਆ ਦਿੱਤੇ ਜਾਣ ਮਗਰੋਂ ਲੰਡਨ ਗਏ ਸਨ ਅਤੇ ਹਾਲੇ ਉੱਥੇ ਹੀ ਹਨ। ਅਖਬਾਰ ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਨੇ ਦੱਸਿਆ ਕਿ ਨਵਾਜ਼ ਸ਼ਰੀਫ਼ ਨੂੰ ਉਨ੍ਹਾਂ ਦੇ ਛੋਟੇ ਭਰਾ ਅਤੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਸਰਕਾਰ ਨੇ ਪਾਸਪੋਰਟ ਜਾਰੀ ਕੀਤਾ ਹੈ। ‘ਜੀਓ ਨਿਊਜ਼’ ਨੇ ਦੱਸਿਆ ਕਿ ਪਾਸਪੋਰਟ ਦੀ ਸਥਿਤੀ ‘ਸਧਾਰਨ’ ਹੈ ਅਤੇ ਇਸ ਨੂੰ ‘ਤਤਕਾਲ ਸ਼੍ਰੇਣੀ’ ਵਿੱਚ ਬਣਾਇਆ ਗਿਆ ਹੈ। -ਪੀਟੀਆਈ