ਉਲਾਨਬਾਟਰ (ਮੰਗੋਲੀਆ), 23 ਅਪਰੈਲ
ਭਾਰਤੀ ਪਹਿਲਵਾਨ ਰਵੀ ਕੁਮਾਰ ਦਹੀਆ ਨੇ ਅੱਜ ਇੱਥੇ ਕਜ਼ਾਖ਼ਸਤਾਨ ਦੇ ਰਖ਼ਤ ਕਾਲਜ਼ਾਨ ਖ਼ਿਲਾਫ਼ ਦਬਦਬੇ ਵਾਲਾ ਪ੍ਰਦਰਸ਼ਨ ਕਰਦਿਆਂ ਫਾਈਨਲ ਵਿੱਚ ਤਕਨੀਕੀ ਆਧਾਰ ’ਤੇ ਜਿੱਤ ਦਰਜ ਕਰਦਿਆਂ ਏਸ਼ਿਆਈ ਚੈਂਪੀਅਨਸ਼ਿਪ ’ਚ ਲਗਾਤਾਰ ਤੀਸਰਾ ਸੋਨ ਤਗ਼ਮਾ ਆਪਣੇ ਨਾਮ ਕੀਤਾ ਹੈ।
ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਰਵੀ ਨੇ ਆਪਣੇ ਸਾਰੇ ਮੁਕਾਬਲਿਆਂ ਦੌਰਾਨ ਸ਼ੁਰੂ ਵਿੱਚ ਲੀਡ ਗੁਆ ਲਈ ਸੀ, ਪਰ ਉਸ ਨੇ ਸ਼ਾਨਦਾਰ ਢੰਗ ਨਾਲ ਵਾਪਸੀ ਕਰਦਿਆਂ ਪੁਰਸ਼ ਫਰੀਸਟਾਈਲ ਮੁਕਾਬਲੇ ਵਿੱਚ ਸਾਰੇ ਵਿਰੋਧੀਆਂ ਨੂੰ ਚਿੱਤ ਕਰ ਦਿੱਤਾ। ਇਹ ਉਸ ਦਾ ਸੈਸ਼ਨ ਦਾ ਦੂਸਰਾ ਫਾਈਨਲ ਸੀ। ਸੋਨੀਪਤ ਦੇ ਨਹਿਰੀ ਪਿੰਡ ਦੇ ਵਸਨੀਕ ਰਵੀ ਨੇ ਇੱਕ ਵਾਰ ਫਿਰ ਆਪਣੀ ਸਰੀਰਕ ਸਮਰੱਥਾ ਅਤੇ ਰਣਨੀਤੀ ਦਾ ਬਿਹਤਰੀਨ ਨਮੂਨਾ ਪੇਸ਼ ਕਰਦਿਆਂ ਪੁਰਸ਼ਾਂ ਦੇ 57 ਕਿਲੋ ਫਰੀਸਟਾਈਲ ਵਿੱਚ ਪਹਿਲਾਂ ਜਾਪਾਨ ਦੇ ਰਿਕੁਤੋ ਅਰਾਈ ਨੂੰ ਹਰਾਇਆ ਅਤੇ ਫਿਰ ਮੰਗੋਲੀਆ ਦੇ ਜਾਨਾਬਾਜ਼ਾਰ ਜ਼ੰਦਾਨਬੁਡ ’ਤੇ 12-5 ਨਾਲ ਸ਼ਾਨਦਾਰ ਜਿੱਤ ਦਰਜ ਕਰ ਕੇ ਫਾਈਨਲ ਵਿੱਚ ਥਾਂ ਬਣਾਈ। ਫਾਈਨਲ ਵਿੱਚ ਕਾਲਜ਼ਾਨ ਨੇ ਰਵੀ ’ਤੇ ਦਬਦਬਾ ਬਣਾਈ ਰੱਖਿਆ ਅਤੇ ਉਸ ਨੂੰ ਕਾਫੀ ਸਮੇਂ ਤੱਕ ਕੋਈ ਅੰਕ ਨਹੀਂ ਲੈਣ ਦਿੱਤਾ। ਫਿਰ ਰਵੀ ਨੇ ਬਿਹਤਰੀਨ ਤਕਨੀਕ ਦੀ ਬਦੌਲਤ ਮੁਕਾਬਲੇ ਵਿੱਚ ਦਬਦਬਾ ਬਣਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਲਗਾਤਾਰ ਅੰਕ ਹਾਸਲ ਕੀਤੇ ਅਤੇ ਇਸ ਦੌਰਾਨ ਖੁਦ ਨੂੰ ਕਾਲਜ਼ਾਨ ਦੇ ਹਮਲੇ ਦਾ ਸ਼ਿਕਾਰ ਹੋਣ ਤੋਂ ਵੀ ਬਚਾਇਆ। ਇਸ ਤਰ੍ਹਾਂ ਇਹ ਮੁਕਾਬਲਾ ਦੂਜੇ ਗੇੜ ਦੇ ਸ਼ੁਰੂ ਵਿੱਚ ਹੀ ਖ਼ਤਮ ਹੋ ਗਿਆ। ਭਾਰਤ ਨੇ ਇਸ ਸਾਲ ਟੂਰਨਾਮੈਂਟ ਦਾ ਪਹਿਲਾ ਸੋਨ ਤਗ਼ਮਾ ਜਿੱਤ ਲਿਆ ਹੈ। ਰਵੀ ਨੇ ਦਿੱਲੀ ਵਿੱਚ 2020 ਸੈਸ਼ਨ ਵਿੱਚ ਅਤੇ ਪਿਛਲੇ ਸਾਲ ਅਲਮਾਟੀ ਵਿੱਚ ਵੀ ਸੋਨ ਤਗ਼ਮਾ ਜਿੱਤਿਆ ਸੀ। -ਪੀਟੀਆਈ