ਮਹਿੰਦਰ ਸਿੰਘ ਰੱਤੀਆਂ
ਮੋਗਾ, 23 ਅਪਰੈਲ
ਦਫ਼ਤਰ ਵਿੱਚ ਬੈੱਡ ’ਤੇ ਅਰਾਮ ਫ਼ਰਮਾਉਂਦੇ ਸਮੇਂ ਦੀ ਵੀਡੀਓ ਵਾਇਰਲ ਹੋਣ ਮਗਰੋਂ ਪੰਜਾਬ ਸਰਕਾਰ ਨੇ ਬਾਘਾਪੁਰਾਣਾ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ (ਬੀਡੀਪੀਓ) ਨਿਰਮਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਦਰਅਸਲ ਮੁਅੱਤਲ ਕੀਤੇ ਗਏ ਨਿਰਮਲ ਸਿੰਘ ਸੀਨੀਅਰ ਸਹਾਇਕ (ਲੇਖਾ) ਸਨ ਪਰ ਕਥਿਤ ਸਿਆਸੀ ਪਹੁੰਚ ਨਾਲ ਬੀਡੀਪੀਓ ਦੇ ਅਹੁਦੇ ’ਤੇ ਬਿਰਾਜਮਾਨ ਸਨ।
ਜਸਵਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਉਹ ਗਲੀ ’ਤੇ ਹੋਇਆ ਨਾਜਾਇਜ਼ ਕਬਜ਼ਾ ਚੁਕਵਾਉਣ ਲਈ ਕਰੀਬ 2 ਸਾਲ ਤੋਂ ਬੀਡੀਪੀਓ ਦਫ਼ਤਰ ਬਾਘਾਪੁਰਾਣਾ ਦੇ ਗੇੜੇ ਮਾਰ ਰਿਹਾ ਹੈ। ਉਹ ਜਦੋਂ ਵੀ ਆਉਂਦਾ ਤਾਂ ਬੀਡੀਪੀਓ ਆਪਣੇ ਦਫ਼ਤਰ ਦੇ ਚੁਬਾਰੇ ਵਿੱਚ ਹੀ ਅਰਾਮ ਫ਼ਰਮਾ ਰਹੇ ਹੁੰਦੇ ਹਨ। ਅੱਜ ਫਿਰ ਜਦੋਂ ਉਹ ਬੀਡੀਪੀਓ ਦਫ਼ਤਰ ਗਿਆ ਤਾਂ ਉਸ ਨੇ ਦੇਖਿਆ ਕਿ ਕੁਝ ਲੋਕ ਬੀਡੀਪੀਓ ਨੂੰ ਮਿਲਣ ਉੱਥੇ ਬੈਠੇ ਸਨ ਪਰ ਬੀਡੀਪੀਓ ਦਫ਼ਤਰ ਦੇ ਚੁੁਬਾਰੇ ਵਿੱਚ ਬੈੱਡ ’ਤੇ ਅਰਾਮ ਫ਼ਰਮਾ ਰਹੇ ਸਨ। ਉਨ੍ਹਾਂ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਸਾਂਝੀ ਕਰ ਦਿੱਤੀ, ਜਿਸ ਮਗਰੋਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਗੰਭੀਰ ਨੋਟਿਸ ਲੈਂਦਿਆਂ ਉਸ ਨੂੰ ਮੁਅੱਤਲ ਕਰ ਦਿੱਤਾ।
ਬੀਡੀਪੀਓ ਨਿਰਮਲ ਸਿੰਘ ਨੇ ਕਿਹਾ ਕਿ ਡਿਸਕ ਦੀ ਸਮੱਸਿਆ ਹੋਣ ਕਾਰਨ ਉਹ ਛੁੱਟੀ ’ਤੇ ਸਨ। ਵਿੱਤ ਕਮਿਸ਼ਨਰ, ਪੰਜਾਬ ਸਰਕਾਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਕੇ.ਸ਼ਿਵਾ ਪ੍ਰਸਾਦ ਵੱਲੋਂ ਜਾਰੀ ਹੁਕਮਾਂ ਅਨੁਸਾਰ ਮੁਅੱਤਲ ਬੀਡੀਪੀਓ ਨਿਰਮਲ ਸਿੰਘ ਦਾ ਹੈੱਡਕੁਆਟਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਹੋਵੇਗਾ। ਉਸ ਨੂੰ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਤਹਿਤ ਗੁਜ਼ਾਰਾ ਭੱਤਾ ਇਸ ਸ਼ਰਤ ’ਤੇ ਮਿਲੇਗਾ ਕਿ ਉਹ ਕੋਈ ਨੌਕਰੀ ਜਾਂ ਕੰਮ ਨਹੀਂ ਕਰ ਰਿਹਾ।