ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 17 ਅਪਰੈਲ
ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਪੋਰਟਸ ਐਂਡ ਵੈਲਫੇਅਰ ਕਲੱਬ ਮਾਛੀਵਾੜਾ ਵੱਲੋਂ ਪਰਵਾਸੀ ਪੰਜਾਬੀਆਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਕਬੱਡੀ ਮਹਾਕੁੰਭ ਕਰਵਾਇਆ ਗਿਆ, ਜਿਸ ਵਿੱਚ ਆਲ ਓਪਨ ਦੀਆਂ 8 ਟੀਮਾਂ ਨੇ ਭਾਗ ਲਿਆ। ਫਸਵੇਂ ਮੁਕਾਬਲਿਆਂ ’ਚ ਮਾਛੀਵਾੜਾ ਦਾ ਕਬੱਡੀ ਕੱਪ ਬਾਬਾ ਸਿੱਧਸਰ ਕਲੱਬ ਲਸਾੜਾ ਗਿੱਲ ਦੇ ਗੱਭਰੂਆਂ ਨੇ ਜਿੱਤਿਆ, ਜਿਨ੍ਹਾਂ ਨੇ 71 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਪ੍ਰਾਪਤ ਕੀਤੀ। ਦੂਜੇ ਨੰਬਰ ’ਤੇ ਮਾਤਾ ਵਿੱਦਿਆ ਦੇਵੀ ਕਬੱਡੀ ਕਲੱਬ ਪੋਜੇਵਾਲ ਦੀ ਟੀਮ ਰਹੀ, ਜਿਨ੍ਹਾਂ ਨੂੰ 51 ਹਜ਼ਾਰ ਦਾ ਇਨਾਮ ਜਿੱਤਿਆ। ਇਸ ਮੌਕੇ ਬੈਸਟ ਧਾਵੀ ਦਾ ਖਿਤਾਬ ਦੁੱਲਾ ਚੱਠਾ ਗੋਬਿੰਦਪੁਰਾ ਅਤੇ ਬੈਸਟ ਜਾਫ਼ੀ ਜੱਟ ਲਾਟੋਂ ਨੂੰ ਚੁਣਿਆ ਗਿਆ, ਜਿਨ੍ਹਾਂ ਨੇ 11-11 ਹਜ਼ਾਰ ਰੁਪਏ ਦੇ ਇਨਾਮ ਪ੍ਰਾਪਤ ਕੀਤੇ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਕਾਂਗਰਸ ਦੇ ਪੁਲੀਸ ਜ਼ਿਲ੍ਹਾ ਖੰਨਾ ਪ੍ਰਧਾਨ ਰੁਪਿੰਦਰ ਸਿੰਘ ਰਾਜਾ ਗਿੱਲ, ਡੀਐੱਸਪੀ ਹਰਵਿੰਦਰ ਸਿੰਘ ਖਹਿਰਾ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਰੁਪਿੰਦਰ ਸਿੰਘ ਬੈਨੀਪਾਲ, ਥਾਣਾ ਮੁਖੀ ਵਿਜੈ ਕੁਮਾਰ ਪੁੱਜੇ, ਜਿਨ੍ਹਾਂ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਜੇਤੂਆਂ ਨੂੰ ਇਨਾਮ ਵੰਡੇ। ਇਸ ਮੌਕੇ ਚੇਅਰਮੈਨ ਹਰਪ੍ਰੀਤ ਸਿੰਘ ਸੋਨਾ, ਪ੍ਰਧਾਨ ਦਵਿੰਦਰ ਸਿੰਘ ਬਿੰਦਰ ਲੁਬਾਣਗੜ੍ਹ, ਸਰਪ੍ਰਸਤ ਪਰਮਿੰਦਰ ਸਿੰਘ ਰੋਮੀ ਯੂਐੱਸਏ, ਉਪ ਪ੍ਰਧਾਨ ਦਲਜੀਤ ਸਿੰਘ ਬੁੱਲੇਵਾਲ, ਖਜ਼ਾਨਚੀ ਹਰਵਿੰਦਰ ਸਿੰਘ ਗਿੱਲ, ਉਪ ਖਜ਼ਾਨਚੀ ਧਰਮਿੰਦਰ ਸਿੰਘ ਲੰਬੜਦਾਰ, ਮੀਡੀਆ ਸਲਾਹਕਾਰ ਗੁਰਜੀਤ ਸਿੰਘ ਲੌਂਗੀਆ, ਅੰਮ੍ਰਿਤ ਲੋਹਟ ਰਤੀਪੁਰ ਅਤੇ ਗੁਰਿੰਦਰ ਸਿੰਘ ਸੈਣੀ ਵੀ ਮੌਜੂਦ ਸਨ। ਕਬੱਡੀ ਮਹਾਕੁੰਭ ਦਾ ਅੱਖੀਂ ਡਿੱਠਾ ਹਾਲ ਕੁਮੈਂਟੇਟਰ ਸੁਰਜੀਤ ਕਕਰਾਲੀ, ਓਮ ਕੜਿਆਣਾ, ਬਿੱਟੂ ਰੋੜ, ਜੱਸਾ ਘਰਖਣਾ ਅਤੇ ਸਾਹਿਲ ਮਲੌਦ ਨੇ ਬਾਖੂਬੀ ਸੁਣਾਇਆ, ਜਦਕਿ ਰੈਫ਼ਰੀ ਦੀ ਭੂਮਿਕਾ ਸੇਠੀ ਦੁਸਰਾਨਾ, ਰਣਜੀਤ ਸ਼ਾਂਤਪੁਰ, ਬਿੱਟੂ ਲਾਟੋਂ ਅਤੇ ਬਲਦੇਵ ਰਾਹੋਂ ਨੇ ਨਿਭਾਈ।