ਚੰਡੀਗੜ੍ਹ, 23 ਅਪਰੈਲ
ਪੰਜਾਬ ਦੇ ਨਿੱਜੀ ਟਰਾਂਸਪੋਰਟਰਾਂ ਨੂੰ ਰਾਹਤ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਅਗਲੇ ਤਿੰਨ ਮਹੀਨਿਆਂ ਵਿੱਚ ਬਿਨਾਂ ਕਿਸੇ ਜੁਰਮਾਨੇ ਦੇ ਮੋਟਰ ਵਹੀਕਲ ਟੈਕਸ ਅਦਾ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਉਨ੍ਹਾਂ ਅੱਜ ਪੰਜਾਬੀ ਤੇ ਹਿੰਦੀ ਵਿੱਚ ਟਵੀਟ ਕਰਦਿਆਂ ਕਿਹਾ,‘ਅਪਣੇ ਟਰਾਂਸਪੋਰਟਰ ਸਾਥੀਆਂ ਨਾਲ ਕੀਤਾ ਵਾਅਦਾ ਅੱਜ ਅਸੀਂ ਪੂਰਾ ਕਰ ਰਹੇ ਹਾਂ। ਕਰੋਨਾ ਕਾਰਨ ਜਿਹੜੇ ਟਰਾਂਸਪੋਰਟਰ ਮੋਟਰ ਟੈਕਸ ਨਹੀਂ ਭਰ ਸਕੇ, ਉਹ ਹੁਣ ਅਗਲੇ 3 ਮਹੀਨਿਆਂ ਤੱਕ ਬਿਨਾਂ ਜੁਰਮਾਨੇ ਜਾਂ ਏਰੀਅਰ ਬਕਾਇਆ ਟੈਕਸ ਭਰ ਸਕਣਗੇ। ਟਰਾਂਸਪੋਰਟਰ ਸਾਡੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ, ਅਸੀਂ ਹਰ ਲੋੜ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਹਾਂ।’