ਡੀ.ਪੀ.ਐੱਸ ਬੱਤਰਾ
ਸਮਰਾਲਾ, 22 ਅਪਰੈਲ
ਪਿੰਡ ਕੋਟਲਾ ਭੜੀ ਵਿੱਚ ਇੱਕ ਨੌਜਵਾਨ ਨੇ ਅੱਜ ਗੋਲੀ ਮਾਰ ਕੇ ਆਪਣੀ ਮੰਗੇਤਰ ਦਾ ਕਤਲ ਕਰ ਦਿੱਤਾ। ਇਸ ਮਗਰੋਂ ਜਦੋਂ ਲੋਕਾਂ ਨੇ ਮੁਲਜ਼ਮ ਨੌਜਵਾਨ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਕੋਟਲਾ ਭੜੀ ਵਿੱਚ ਇੱਟਾਂ ਦੇ ਭੱਠੇ ’ਤੇ ਕੰਮ ਕਰਦੇ ਓਮ ਸਿੰਘ ਦੀ ਲੜਕੀ ਮਨੀਸ਼ਾ (22) ਦੀ ਲਗਪਗ ਛੇ ਮਹੀਨੇ ਪਹਿਲਾਂ ਮੁਜ਼ੱਫਰਨਗਰ (ਉੱਤਰ ਪ੍ਰਦੇਸ਼) ਦੇ 24 ਸਾਲਾ ਨੌਜਵਾਨ ਅਜੀਤ ਕੁਮਾਰ ਉਰਫ ਸੰਨੀ ਨਾਲ ਮੰਗਣੀ ਹੋਈ ਸੀ। ਅੱਜ ਅਚਾਨਕ ਅਜੀਤ ਕੁਮਾਰ ਆਪਣੀ ਮੰਗੇਤਰ ਨੂੰ ਮਿਲਣ ਉਸ ਦੇ ਘਰ ਪਹੁੰਚ ਗਿਆ। ਲੜਕੀ ਦਾ ਪਿਤਾ ਓਮ ਸਿੰਘ ਕੁਝ ਸਾਮਾਨ ਲਿਆਉਣ ਬਾਹਰ ਚਲਾ ਗਿਆ। ਸੰਨੀ ਨੇ ਲੜਕੀ ਦੀ ਮਾਂ ਨੂੰ ਵੀ ਕਿਸੇ ਬਹਾਨੇ ਬਾਹਰ ਭੇਜ ਦਿੱਤਾ ਤੇ ਮਨੀਸ਼ਾ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਲੋਕਾਂ ਵੱਲੋਂ ਰੌਲਾ ਪਾਉਣ ’ਤੇ ਮੁਲਜ਼ਮ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਸੂਤਰਾਂ ਅਨੁਸਾਰ ਸੰਨੀ ਆਪਣੀ ਮੰਗੇਤਰ ਨੂੰ ਮਾਰਨ ਦੀ ਨੀਅਤ ਨਾਲ ਹੀ ਯੂਪੀ ਤੋਂ ਦੇਸੀ ਕੱਟਾ ਲੈ ਕੇ ਆਇਆ ਸੀ। ਪੁਲੀਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ। ਸਮਰਾਲਾ ਦੇ ਡੀਐੱਸਪੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਵਾਰਦਾਤ ਵਿੱਚ ਵਰਤਿਆ ਗਿਆ ਦੇਸੀ ਕੱਟਾ ਬਰਾਮਦ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।