38.6 C
Patiāla
Friday, March 29, 2024

ਕਾਵਿ ਕਿਆਰੀ

Must read


ਜਸਵੰਤ ਕੌਰ ਮਣੀ

ਪੁਰਾਣਾ ਘਰ

ਨਿੰਮਾਂ ਵਾਲੀ ਗਲੀ ਵਿੱਚ ਸਾਡਾ ਨਿੱਕਾ ਜਿਹਾ ਘਰ ਸੀ

ਘਰ ਦੀ ਸੀ ਮਾੜੀ ਦਸ਼ਾ, ਨਾ ਚੰਗੀ ਦਹਿਲੀਜ਼ ਤੇ ਨਾ ਦਰ ਸੀ

ਪਰ ਮੁਹੱਬਤਾਂ ਦੇ ਰੰਗ ਵਿੱਚ ਭਿੱਜੇ ਸਾਡੇ ਪਰ ਸੀ

ਕੱਚੇ ਵਿਹੜੇ ਖੇਡਦੇ ਸਾਂ ਗੀਟੀਆਂ ਤੇ ਸਰ ਸੀ

ਹਾਣਦਿਆਂ ਨਾਲ ਪਾਉਂਦੇ ਮਨ ਦੀਆਂ ਬਾਤਾਂ

ਮੈਨੂੰ ਅੱਜ ਵੀ ਨੇ ਚੇਤੇ ਮੇਰੀਆਂ ਉਹ ਕੱਚੀਆਂ ਸਵਾਤਾਂ।

ਕੱਚੇ ਘਰ ਦੀਆਂ ਉਹ ਦੋ ਕੱਚੀਆਂ ਸਵਾਤਾਂ

ਜਿਹਦੇ ਵਿੱਚ ਵਸੀਆਂ ਮੇਰੇ ਬਚਪਨ ਦੀਆਂ ਸੌਗਾਤਾਂ

ਨਿੱਕੇ-ਨਿੱਕੇ ਚਾਅ ਸਾਡੇ ਗਾ-ਗਾ ਗੀਤ ਦੱਸਦੇ

ਸਵਾਤਾਂ ਦੇ ਕੋਨੇ ਸਾਡੇ ਹਾਸਿਆਂ ਨਾਲ ਵੱਸਦੇ

ਬਾਪੂ ਦੀ ਜ਼ੁਬਾਨੀ ਸੁਣਦੇ ਦਹੂਦ ਦੀਆਂ ਕਰਾਮਾਤਾਂ

ਮੈਨੂੰ ਅੱਜ ਵੀ ਨੇ ਚੇਤੇ ਮੇਰੀਆਂ ਉਹ ਕੱਚੀਆਂ ਸਵਾਤਾਂ।

ਮਾਂ ਘੋਲ ਚੀਕਣੀ ਮਿੱਟੀ ਨੂੰ ਜਦ ਕੰਧਾਂ ਕੋਠੇ ਲਿੱਪਦੀ ਸੀ

ਤੇ ਮਿੱਟੀ ਦੀ ਖ਼ੁਸ਼ਬੂ ਮਿੱਠੀ ਸਾਡੇ ਸਾਹਾਂ ਦੇ ਵਿੱਚ ਵੱਸਦੀ ਸੀ

ਇੱਕ ਪਾਸੇ ਬਣੇ ‘ਬਾਬੇ’ ਨੂੰ ਪੂਰੇ ਚਾਵਾਂ ਨਾਲ ਨਿਖੇਰਦੀ ਸੀ

ਰਲਕੇ ਕਰਦੇ ਕੰਮ ਸਾਰੇ ‘ਨਾ ਤੇਰ ਦੀ ਸੀ ਨਾ ਮੇਰ ਦੀ’ ਸੀ

ਦਰਦ ਗ਼ਮਾਂ ਦੇ ਵਿੱਚ ਵੀ ਜਿਨ੍ਹਾਂ ਖ਼ੁਸ਼ੀ ਨਾਲ ਰਹਿਣਾ ਸਿਖਾਤਾ

ਮੈਨੂੰ ਅੱਜ ਵੀ ਨੇ ਚੇਤੇ ਮੇਰੀਆਂ ਉਹ ਕੱਚੀਆਂ ਸਵਾਤਾਂ

ਇੱਕ ਨੁੱਕਰੇ ਝੋਲਾ ਅਖ਼ਬਾਰਾਂ ਦਾ ਅਸਾਂ ਬੂਹੇ ਕੋਲ ਟੰਗਾਇਆ

ਇੱਕ ਪਾਸੇ ਕੱਪੜੇ ਦੀਆਂ ਤਣੀਆਂ ਨੂੰ ਅਸੀਂ ਰੀਝਾਂ ਨਾਲ ਬੰਨ੍ਹਾਇਆ

ਉੱਚੇ ਜਿਹੇ ਰੌਸ਼ਨਦਾਨ ਉੱਤੇ ਚਾਚੇ ਨੇ ਕਿਤਾਬਾਂ ਨੂੰ ਸਜਾਇਆ

ਜੰਗਲੇ ਵਿੱਚ ਪੈਰ ਫਸਾ ਕੇ ਮੈਂ ਚੁੱਕ ਕਿਤਾਬਾਂ ਪੜ੍ਹਦੀ ਸੀ

ਭਾਵੇਂ ਸੀ ਨਿਆਣੀ ਉਮਰ ਉਦੋਂ ਪਰ ਸਮਝਦੀ ਸੀ ਸਭ ਹਾਲਾਤਾਂ

ਮੈਨੂੰ ਅੱਜ ਵੀ ਨੇ ਚੇਤੇ ਮੇਰੀਆਂ ਉਹ ਕੱਚੀਆਂ ਸਵਾਤਾਂ।

ਕਦੇ ਘਰਾਂ ‘ਚੋਂ ਪੁੱਟ ਕਦੇ ਵਾਣਾਂ ‘ਚੋਂ ਅਸੀਂ ਬੂਟੇ ਖੋਦ ਲਿਆਉਂਦੇ

ਸਵਾਤਾਂ ਸਾਹਵੇਂ ਬਣਾ ਕਿਆਰੀ ਅਸੀਂ ਵਿਹੜੇ ਨੂੰ ਮਹਿਕਾਉਂਦੇ

ਭੁੱਖ ਪਿਆਸ ਦੀ ਸਾਰ ਨਾ ਰਹਿੰਦੀ ਜਦ ਵਿਹੜੇ ਨੂੰ ਰੁਸ਼ਨਾਉਂਦੇ

ਫਿਰ ਬਣਾ ‘ਲੀਰਾਂ ਦੀ ਗੁੱਡੀ’ ਨੂੰ ਵਿੱਚ ਕਿਆਰੀ ਬਿਠਾਉਂਦੇ

ਭੋਲੇਪਣ ਦੇ ਉਸ ਸਮੇਂ ਨੂੰ ਅੱਜ ਕਿਉਂ ਅਸੀਂ ਗਵਾਤਾ

ਮੈਨੂੰ ਅੱਜ ਵੀ ਨੇ ਚੇਤੇ ਮੇਰੀਆਂ ਉਹ ਕੱਚੀਆਂ ਸਵਾਤਾਂ।

ਬਾਬੇ ਦੇ ਪਹਿਲੇ ਸ਼ਬਦ ਨਾਲ ਸਾਨੂੰ ਬੇਬੇ ਸੀ ਜਗਾਉਂਦੀ

ਪੇਪਰਾਂ ਦੇ ਦਿਨਾਂ ਵਿੱਚ ਪਿਆ ਚਾਹ ਸੀ ਪੜ੍ਹਨ ਬਿਠਾਉਂਦੀ

ਭਵਿੱਖ ‘ਚ ਹੈ ਕੁਝ ਬਣਨਾ ਸਾਨੂੰ ਚੇਤੇ ਸਦਾ ਕਰਵਾਉਂਦੀ

ਚਾਚੇ ਦੀਆਂ ਮਿੱਠੀਆਂ ਝਿੜਕਾਂ ਤੋਂ ਵੀ ਅੱਗੇ ਆ ਬਚਾਉਂਦੀ

ਦਾਦੀ ਦੇ ਇਸ ਆਸ਼ੀਰਵਾਦ ਨੇ ਅੱਜ ਖ਼ੁਦ ਦੇ ਪੈਰਾਂ ‘ਤੇ ਖੜ੍ਹਾਤਾ

ਮੈਨੂੰ ਅੱਜ ਵੀ ਨੇ ਚੇਤੇ ਮੇਰੀਆਂ ਉਹ ਕੱਚੀਆਂ ਸਵਾਤਾਂ।

ਕਦੇ ਮੀਹਾਂ ਦੀ ਵਾਛੜ ਸੀ ਵਿਰਲਾਂ ਥਾਣੀ ਆਉਂਦੀ

ਤੇ ਸੁੱਤੇ ਪਿਆ ਦੇ ਮੰਜਿਆਂ ਨੂੰ ਚੁੱਕ ਖੂੰਜੇ ਨਾਲ ਲਵਾਉਂਦੀ

ਲਾ ਲਾ ਬੁਰਜੀਆਂ ਲਟੈਣਾਂ ਨੂੰ ਅਸੀਂ ਡਿੱਗਦੀ ਛੱਤ ਬਚਾਉਂਦੇ ਸਾਂ

ਤਿੜਕੇ ਜਾਂਦੇ ਰਿਸ਼ਤਿਆਂ ਨੂੰ ਜਿਵੇਂ ਫਿਰ ਤੋਂ ਇੱਕ ਬਣਾਉਂਦੇ ਸਾਂ

ਵਾ-ਵਰੋਲੇ-ਵਾਛੜਾਂ ਨਾਲ ਕਦੇ ਕੰਬ-ਕੰਬ ਕੱਢਦੇ ਰਾਤਾਂ

ਮੈਨੂੰ ਅੱਜ ਵੀ ਨੇ ਚੇਤੇ ਮੇਰੀਆਂ ਉਹ ਕੱਚੀਆਂ ਸਵਾਤਾਂ।

ਮੀਹਾਂ ਦੇ ਦਿਨਾਂ ਵਿੱਚ ਮਾਂ ਚੁੱਲ੍ਹਾ ਸਵਾਤ ‘ਚ ਧਰਦੀ ਸੀ

ਧੂੰਏ ਨਾਲ ਹੋ ਕੇ ਰੋਣ ਹਾਕੀ ਵੀ ਸਾਡਾ ਢਿੱਡ ਭਰਦੀ ਸੀ

ਵੀਰਾਂ ਨੂੰ ਵੱਡੇ ਹੁੰਦੇ ਵੇਖ ਖ਼ੁਸ਼ੀ ‘ਚ ਦੁੱਖੜੇ ਜਰਦੀ ਸੀ

ਇੱਕ ਪਾਸੇ ਪਈ ਤੂੜੀ ਨੂੰ ਅੱਗ ਤੋਂ ਵੀ ਬਚਾਉਂਦੀ ਡਰਦੀ

ਖੱਟੀਆਂ ਮਿੱਠੀਆਂ ਯਾਦਾਂ ਨਾਲ ਭਰੀਆਂ ਸਵਾਤਾਂ ਨੂੰ ਕਿਉਂ ਢਾਤਾ

ਮੈਨੂੰ ਅੱਜ ਵੀ ਨੇ ਚੇਤੇ ਮੇਰੀਆਂ ਉਹ ਕੱਚੀਆਂ ਸਵਾਤਾਂ।

ਵਿਹੜਾ ਭਾਵੇਂ ਛੋਟਾ ਸੀ ਪਰ ਸੁਪਨੇ ਸਾਡੇ ਵੱਡੇ ਸੀ

ਜ਼ਿੰਦਗੀ ਦੇ ਕਈ ਮੋੜਾਂ ‘ਤੇ ਫਿਰ ਪੇਸ਼ ਵੀ ਆਏ ਖੱਡੇ ਸੀ

ਬਹੁਤੇ ਸੁਪਨੇ ਚਾਅ ਵੀ ਵਿੱਚ ਵਿਚਾਲੇ ਛੱਡੇ ਸੀ

ਘਰ ਦੀ ਤੰਗੀ ਸੋਚ ਦੀ ਤੰਗੀ ਦੇ ਵਿੱਚ ਗਏ ਅਸੀਂ ਵੰਡੇ ਸੀ

ਭੁੱਲ ਕੇ ਵੀ ਨਾ ਭੁੱਲ ਹੋਣੀਆਂ ਟੁੱਟੇ ਸੁਪਨਿਆਂ ਦੀਆਂ ਵਾਰਦਾਤਾਂ

ਮੈਨੂੰ ਅੱਜ ਵੀ ਨੇ ਚੇਤੇ ਮੇਰੀਆਂ ਉਹ ਕੱਚੀਆਂ ਸਵਾਤਾਂ।

ਅੱਜ ਘਰ ਭਾਵੇਂ ਪੱਕੇ ਨੇ ਸਾਡੇ ਕਮਰੇ ਭਾਵੇਂ ਪੱਕੇ ਨੇ

ਪਰ ਗੈਰਤਪੁਣੇ ਦੀ ਰੰਗਤ ਨੇ ਅੱਜ ਰਿਸ਼ਤੇ ਕਰਤੇ ਕੱਚੇ ਨੇ

ਆਪੇ ਮੈਂ ਵਿੱਚ ਕਰਨ ਲੱਗੇ ਲੋਕ ਆਪਣਿਆਂ ਨਾਲ ਹੀ ਧੱਕੇ ਨੇ

ਮੋਹ ਦੀਆਂ ਤੰਦਾਂ ਤਿੜਕ ਰਹੀਆਂ ਕਿੱਥੇ ਗਈਆਂ ਸੋਹਣੀਆਂ ਬਾਤਾਂ

ਮੈਨੂੰ ਅੱਜ ਵੀ ਨੇ ਚੇਤੇ ਮੇਰੀਆਂ ਉਹ ਕੱਚੀਆਂ ਸਵਾਤਾਂ।
ਸੰਪਰਕ: 98888-70822



News Source link
#ਕਵ #ਕਆਰ

- Advertisement -

More articles

- Advertisement -

Latest article