ਕੰਵਲਜੀਤ ਹਰੀਨੌ
ਅੱਧੀ ਸਦੀ ਦੇ ਸੰਗੀਤਕ ਯੁੱਗ ਦਾ ਰਚੇਤਾ – ਬਾਬਾ ਗੁਰਦਾਸ ਮਾਨ !
ਲਗਭਗ ਅੱਧੀ ਸਦੀ ਤੋਂ ਪੰਜਾਬੀ ਸੰਗੀਤ ਵਿੱਚ ਰਾਜ ਕਰ ਰਿਹਾ ਗੁਰਦਾਸ ਮਾਨ ਕੇਵਲ ਇੱਕ ਗਾਇਕ ਹੀ ਨਹੀਂ ਹੈ, ਉਹ ਪੇਸ਼ਕਾਰ ਵੀ ਹੈ। ਉਹ ਸੰਗੀਤ ਨੂੰ ਲੈਅਬੱਧ ਕਰਨ ਵਾਲਾ ਸੰਗੀਤ ਨਿਰਦੇਸ਼ਕ ਵੀ ਹੈ। ਉਹ ਸੰਗੀਤ ਲਈ ਸ਼ਬਦ ਵੀ ਆਪ ਹੀ ਘੜਦਾ ਹੈ ਭਾਵ ਸ਼ਾਇਰ ਵੀ ਹੈ।
ਕਹਿੰਦੇ ਹਨ ਕਿ ਸੰਗੀਤ ਆਪਣੇ ਸੁਰਾਂ ਦੇ ਆਸਰੇ ਹੀ ਸੰਪੂਰਨ ਸੀ, ਪਰ ਸ਼ਬਦ ਸੰਗੀਤ ਨੂੰ ਆਮ ਲੋਕਾਂ ਦੀ ਸਮਝ ਵਿੱਚ ਆਉਣ ਵਾਲਾ ਬਣਾ ਦਿੰਦੇ ਹਨ। ਇਸ ਕਰਕੇ ਸ਼ਬਦ ਜੜਤਾਂ ਅਤੇ ਤੁਕਾਂ ਦੀ ਲੋੜ ਪਈ। ਸੋਹਣੇ ਸ਼ਬਦ, ਸੋਹਣੀ ਸ਼ਾਇਰੀ, ਪੇਸ਼ਕਾਰ ਨੂੰ ਲੋਕਾਂ ਦਾ ਮਹਿਬੂਬ ਅਤੇ ਮਹਾਨ ਕਲਾਕਾਰ ਬਣਾ ਦਿੰਦੇ ਹਨ। ਇਹੋ ਜਿਹੇ ਹੀ ਸੋਹਣੇ ਗੀਤ ਘੜਦਾ, ਸ਼ਿੰਗਾਰਦਾ ਅਤੇ ਗਾਉਂਦਾ ਆ ਰਿਹਾ ਹੈ ਸਾਡੀਆਂ ਪੰਜ ਪੀੜ੍ਹੀਆਂ ਦਾ ਹਾਣੀ ਬਾਬਾ ਗੁਰਦਾਸ ਮਾਨ।
ਜਦੋਂ ਸੰਗੀਤਕ ਧੁਨਾਂ ਦੀ ਖੋਜ ਹੋਈ ਹੋਵੇਗੀ ਤਾਂ ਕੁਝ ਸਮਾਂ ਬਾਅਦ ਗਾਉਣ ਲਈ ਸ਼ਬਦਾਂ (ਭਾਸ਼ਾ) ਦੀ ਲੋੜ ਪਈ ਹੋਵੇਗੀ। ਪਹਿਲਾਂ ਪਹਿਲ ਕੇਵਲ ਅੱਖਰ ਬੋਲ ਕੇ ਗਾਏ ਗਏ ਹੋਣਗੇ ਫੇਰ ਬਿੰਬ, ਪ੍ਰਤੀਕ, ਅਲੰਕਾਰ, ਤਸ਼ਬੀਹਾਂ ਗਾਈਆਂ ਗਈਆਂ ਹੋਣਗੀਆਂ। ਇਨ੍ਹਾਂ ਨੂੰ ਜਾਗ ਲਾਈ ਕਲਾਕਾਰਾਂ/ਸ਼ਾਇਰਾਂ ਨੇ। ਇਨ੍ਹਾਂ ਨੂੰ ਪੱਕਾ ਕੀਤਾ ਆਮੀਰ ਖੁਸਰੋ, ਮੀਰਾ ਬਾਈ ਅਤੇ ਉਸ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਅਨੇਕਾਂ ਨੇ ਇਸ ਕਲਾ ਨੂੰ ਨਿਖਾਰਿਆ। ਉਨ੍ਹਾਂ ਸੁਚੱਜੇ ਸ਼ਬਦਾਂ ਦਾ ਪਿਛਲੇ ਕੋਈ ਪੰਜਾਹ ਸਾਲ ਤੋਂ ਸ਼ਿੰਦਾ ਪੁੱਤ ਅਤੇ ਲਾਣੇਦਾਰ ਪੇਸ਼ਕਾਰ ਬਣਿਆ ਹੋਇਆ ਹੈ ਸਾਡਾ ਆਪਣਾ ਗੁਰਦਾਸ ਮਾਨ।
ਇੱਥੇ ਆਪਣੇ ਬਚਪਨ ਦੀ ਇੱਕ ਗੱਲ ਦਾ ਜ਼ਿਕਰ ਕਰਾਂਗਾ। ਗੱਲ ਕੋਈ 1976-77 ਦੀ ਹੈ। ਮੇਰੇ ਚਾਚਾ ਜੀ ਦੇ ਬੇਟੇ ਨੇ ਇੱਕ ਦਿਨ ਖੇਤ ਪੱਠੇ ਲੈਣ ਜਾਂਦੇ ਨੇ ਮੈਨੂੰ ਵੀ ਨਾਲ ਗੱਡੇ ’ਤੇ ਬਿਠਾ ਲਿਆ ਅਤੇ ਲਾਲਚ ਦਿੱਤਾ ਕਿ ‘ਚੱਲ ਤੈਨੂੰ ਖੇਤ ਵਿੱਚ ਟੇਪ ਲਾ ਕੇ ਗਾਣੇ ਸੁਣਾਵਾਂਗਾ।’ ਉਨ੍ਹਾਂ ਵੇਲਿਆਂ ਵਿੱਚ ਮੁੰਡੇ ਅਕਸਰ ਖੇਤ ਵਿੱਚ ਵੀ ਘਰਦਿਆਂ ਤੋਂ ਚੋਰੀ ਗਾਣੇ ਸੁਣਦੇ ਹੁੰਦੇ ਸਨ। ਚਾਚੇ ਦੇ ਮੁੰਡੇ ਦੀ ਇਹ ਗੱਲ ਸ਼ਾਇਦ ਮੇਰੇ ਦਾਦਾ ਜੀ ਨੇ ਸੁਣ ਲਈ ਸੀ। ਉਹ ਸਾਡੇ ਪਿੱਛੇ ਹੀ ਖੇਤ ਆ ਗਏ ਅਤੇ ਸਾਨੂੰ ਗਾਣੇ ਸੁਣਦਿਆਂ ਨੂੰ ਉੱਤੋਂ ਆ ਫੜਿਆ ਅਤੇ ਬਹੁਤ ਝਿੜਕਿਆ ਕਿ ‘ਜਵਾਕਾਂ ਨੂੰ ਅਜਿਹੇ ਗਾਣੇ ਨਹੀਂ ਸੁਣਾਈ ਦੇ ਹੁੰਦੇ।’
ਲਗਭਗ ਸਾਲ ਕੁ ਬਾਅਦ ਪਿੰਡ ਦੇ ਬਾਹਰਲੀ ਫਿਰਨੀ ਉੱਤੇ ਇੱਕ ਦੁਕਾਨ ਵਿੱਚ ‘ਟੇਪ’ ਉੱਤੇ ਗਾਣੇ ਚੱਲ ਰਹੇ ਸਨ। ਜਿਸ ਦੇ ਵੀ ਲੰਘਦੇ-ਟੱਪਦੇ ਦੇ ਗਾਣੇ ਕੰਨੀਂ ਪੈਣ, ਉਹ ਵੀ ਉੱਥੇ ਰੁਕ ਜਾਵੇ। ਇੰਜ ਉੱਥੇ ਕੋਈ ਦਸ-ਪੰਦਰਾਂ ਬੰਦਿਆਂ ਦਾ ਇਕੱਠ ਜਿਹਾ ਦੇਖ ਕੇ ਮੇਰੇ ਦਾਦਾ ਜੀ ਵੀ ਚਲੇ ਗਏ ਅਤੇ ਕਿੰਨਾ ਹੀ ਚਿਰ ਉੱਥੇ ਖੜ੍ਹੇ ਗਾਣੇ ਸੁਣਦੇ ਰਹੇ। ਫੇਰ ਉਨ੍ਹਾਂ ਨੇ ਸ਼ਾਮ ਨੂੰ ਮੇਰੇ ਚਾਚੇ ਦੇ ਮੁੰਡੇ ਤੋਂ ਖੇਤੋਂ ਟੇਪ ਮੰਗਵਾ ਕੇ ਬਾਣੀਏਂ ਤੋਂ ਰੀਲ੍ਹ ਮੰਗ ਕੇ ਲਗਾਈ। ਦਾਦਾ ਜੀ ਵੱਲੋਂ ਸਾਡੀ ਬੈਠਕ ਵਿੱਚ ਅਗਲੇ ਦਿਨ ਸਾਰਾ ਦਿਨ ਉਹ ਰੀਲ੍ਹ ਸੁਣੀ ਗਈ। ਫੇਰ ਪਤਾ ਲੱਗਾ ਸੀ ਕੇ ਇਹ ਨਵੇਂ ਗਾਇਕ ਗੁਰਦਾਸ ਮਾਨ ਦੀ ਪਹਿਲੀ ਰੀਲ੍ਹ ਸੀ।
ਇੰਜ ਪੰਜਾਬੀ ਗੀਤ ਸੰਗੀਤ ਪਿਛਲੇ 42 ਸਾਲਾਂ ਵਿੱਚ ਗੁਰਦਾਸ ਮਾਨ ਦੇ ਨਾਲ ਖੇਤਾਂ ਤੋਂ ਘਰਾਂ ਵਿੱਚ, ਘਰਾਂ ਤੋਂ ਸ਼ਹਿਰਾਂ, ਸ਼ਹਿਰਾਂ ਤੋਂ ਮਹਾਨਗਰਾਂ, ਮਹਾਨਗਰਾਂ ਤੋਂ ਦੇਸ਼ਾਂ ਵਿਦੇਸ਼ਾਂ ਦੇ ਹਰ ਨਾਮੀਂ ਥੀਏਟਰ/ਹਾਲ ਤੱਕ ਜਾਂਦਾ ਹੈ। ‘ਰਾਇਲ ਐਲਬਰਟ ਹਾਲ’ ਲੰਡਨ ਵਿੱਚ ਲਗਾਤਾਰ ਦੋ ਦਿਨ ਧਮਾਲ ਪਾਉਂਦਾ ਹੈ।
ਗੁਰਦਾਸ ਮਾਨ ਦੀ ਸੋਚ ਹਮੇਸ਼ਾਂ ਸਾਂਝੀਵਾਲਤਾ ਦੀ ਰਹੀ ਹੈ, ਸਰਬ ਧਰਮ ਸਨਮਾਨ ਰਹੀ ਹੈ, ਮਾਵਾਂ ਠੰਢੀਆਂ ਛਾਵਾਂ ’ਚ ਉਹ ਲਿਖਦਾ ਹੈ:
ਮਾਨ ਤੇਰੇ ਨੇ ਮਰਜਾਣੇ ਦਾ ਰੁਤਬਾ ਮਾਂ ਤੋਂ ਪਾਇਆ
ਜਦ ਮੇਰੇ ਹੱਥ ਗੁਟਕਾ ਦੇ ਕੇ ‘ਏਕਓਂਕਾਰ’ ਪੜ੍ਹਾਇਆ’
ਰਾਮ ਨਾਮ ਬੋਲੀਂ ਜਾਂ ਬੋਲੀ ਹਰੇ-ਹਰੇ
ਮਾਵਾਂ ਠੰਢੀਆਂ ਛਾਵਾਂ, ਛਾਵਾਂ ਕੌਣ ਕਰੇ
ਸਾਂਝੀਵਾਲਤਾ ਦਾ ਸਿਧਾਂਤ ਹੀ ਗੁਰੂ ਸਾਹਿਬਾਨ ਦਾ ਹੈ ਅਤੇ ਸਾਂਝਾ ਸਮਾਜ ਹੀ ਸਾਡੇ ਸੱਭਿਆਚਾਰ ਦੀ ਰੀੜ੍ਹ ਦੀ ਹੱਡੀ ਹੈ। ਇੱਕ ਪੁਰਾਣੇ ਗੀਤ ‘ਇੱਕ ਨਵੀਂ ਬਿਮਾਰੀ ਚੱਲੀ ਹੈ’ ਵਿੱਚ ਉਹ ਲਿਖਦਾ/ਗਾਉਂਦਾ ਹੈ:
ਮਰਜਾਣੇ ਨੂੰ ਛੱਡੋ ਮਾਨਾਂ ਜੀਵਨ ਜੋਗੇ ਹੋਵੋ
ਗੁਰੂ ਗੋਬਿੰਦ ਦੇ ਬੱਬਰ ਸ਼ੇਰੋ ਨ੍ਹੇਰਾ ਹੀ ਨਾ ਢੋਵੋ
ਹਿੰਦੂ ਅਤੇ ਮੁਸਲਮਾਨ ਤੇਰੇ ਛੋਟੇ ਵੱਡੇ ਭਾਈ
ਜਿਹਨਾਂ ਖਾਤਰ ਸਾਡੇ ਗੁਰੂਆਂ ਰਣ ਵਿੱਚ ਤੇਗ ਚਲਾਈ
ਗੁਰਦਾਸ ਮਾਨ ਨੇ ਆਪਣੇ ਸੁਖਨ ਦੀ ਗਾਗਰ ਪਿਛਲੀ ਸਦੀ ਦੇ ਘੁੱਗ ਵਸਦੇ ਪੰਜਾਬ ਵਿੱਚੋਂ ਭਰੀ। ਉਹ ਪਿੰਡਾਂ ਦੀਆਂ ਸੱਥਾਂ, ਫਿਰਨੀਆਂ, ਮੋੜਾਂ, ਖੁੰਢਾਂ ਉੱਤੇ ਬੈਠੇ ਬਾਬਿਆਂ ਨੂੰ ਅਤੇ ਭੱਤੇ ਢੋਂਦੀਆਂ ਚਾਚੀਆਂ, ਤਾਈਆਂ ਨੂੰ ਪਿਆਰਦਾ ਸਤਿਕਾਰਦਾ ਪਟਿਆਲਾ ਵਰਗੇ ਸ਼ਹਿਰ ਵਿੱਚ ਜਾਂਦਾ ਹੈ। ਪਿੰਡਾਂ ਦੇ ਲਿਆਕਤ, ਇੱਜ਼ਤ ਤੇ ਖ਼ਲੂਸ ਭਰੇ ਮਾਹੌਲ ਵਿੱਚੋਂ ਹੀ ਉਹਦਾ ਧੀਆਂ, ਭੈਣਾਂ, ਕੁੜੀਆਂ, ਚਿੜੀਆਂ, ਮੁਟਿਆਰਾਂ ਪ੍ਰਤੀ ਸਤਿਕਾਰ ਹਰ ਥਾਂ ਝਲਕਦਾ ਹੈ, ਫੇਰ ਚਾਹੇ ਸਟੇਜ ਉੱਤੇ…
ਕੁੜੀਏ ਕਿਸਮਤ ਪੁੜੀਏ
ਤੈਨੂੰ ਐਨਾ ਪਿਆਰ ਦਿਆਂ
ਆਪਣੇ ਹਿੱਸੇ ਦੀ ਦੁਨੀਆ
ਮੈਂ ਤੈਨੂੰ ਵਾਰ ਦਿਆਂ
ਗਾ ਰਿਹਾ ਹੋਵੇ ਜਾਂ ਫੇਰ …
ਬਾਬਲ ਤੇਰੇ ਦਾ ਦਿਲ ਕਰੇ ਧੀਏ ਮੇਰੀਏ ਨੀਂ
ਡੋਲੀ ਤੈਨੂੰ ਕਦੇ ਨਾ ਬਿਠਾਵਾਂ
ਸਦਾ ਰਹੇਂ ਗੁੱਡੀਆਂ ਪਟੋਲੇ ਨੀਂ ਤੂੰ ਖੇਡਦੀ
ਚੁੱਕ ਚੁੱਕ ਗੋਦੀ ’ਚ ਖਿਡਾਵਾਂ
ਚਾਹੇ ਪੰਜਾਬਣ ਮੁਟਿਆਰ ਦੇ ਸੁਹੱਪਣ ਅਤੇ ਜਜ਼ਬੇ ਦੀ ਸਿਫਤ ਕਰ ਰਿਹਾ ਹੋਵੇ…
ਅੱਲ੍ਹੜ ਜਵਾਨੀ ਦੇ ਅੱਲ੍ਹੜ ਤਮਾਸ਼ੇ
ਨੈਣਾਂ ਵਿੱਚ ਕਜਲੇ ਨੇ ਬੁੱਲ੍ਹਾਂ ’ਚ ਦੰਦਾਸੇ
ਆਪੇ ਬਹਿ ਬਹਿ ਨਿਕਲਣ ਹਾਸੇ
ਤੇ ਦਿਲ ਵਿੱਚ ਗੱਲਾਂ ਪਿਆਰ ਦੀਆਂ
ਇਹ ਸਿਫਤਾਂ ਮੁਟਿਆਰ ਦੀਆਂ
ਭਾਵੇਂ ਮਾਹੀ ਦੇ ਖਿਆਲ ਮਨ ਵਿੱਚ ਚਿਤਵਦੀ ਮੁਟਿਆਰ ਦੇ ਵੇਗ ਹੋਣ, ਗੁਰਦਾਸ ਮਾਨ ਦੀ ਕਲਮ ਜ਼ਰਾ ਵੀ ਮਿਆਰ ਤੋਂ ਥੱਲੇ ਨਹੀਂ ਜਾਂਦੀ:
ਸਾਨੂੰ ਤੇ ਐਸਾ ਮਾਹੀ, ਲੈ ਦੇ ਨੀਂ ਮਾਏ
ਦਿਲ ਦੀ ਜੋ ਰਮਜ਼ ਪਛਾਣੇ
ਸੋਹਣਾ ਬੇਸ਼ੱਕ ਸੋਹਣਾ ਹੋਵੇ ਨਾ ਹੋਵੇ
ਲੱਗੀਆਂ ਨਿਭਾਵਣ ਜਾਣੇ
ਗੁਰਦਾਸ ਮਾਨ ਦਾ ਦੌਰ ਅਜੇ ਸ਼ੁਰੂ ਹੋਇਆ ਹੀ ਸੀ ਕਿ ਪੰਜਾਬ ਨੂੰ ਬੁਰੀਆਂ ਬਲਾਵਾਂ ਨੇ ਘੇਰ ਲਿਆ। ਹੱਸਦੇ ਵਸਦੇ ਪੰਜਾਬ ਨੂੰ ਜਾਣੀ ਨਜ਼ਰ ਲੱਗ ਗਈ। ਸੱਭਿਆਚਾਰਕ ਮੇਲੇ, ਅਖਾੜੇ ਆਦਿ ਮੁਕੰਮਲ ਬੰਦ ਹੋ ਗਏ। ਬਹੁਤ ਸਾਰੇ ਨਾਮੀਂ ਕਲਾਕਾਰ ਗੁੰਮਨਾਮੀ ਵਿੱਚ ਚਲੇ ਗਏ। ਗੁਰਦਾਸ ਮਾਨ ਕਿਸੇ ਹੋਰ ਰਸਤੇ ਦੀ ਝਾਕ ਵਿੱਚ ਬੰਬੇ ਚਲਾ ਗਿਆ, ਪਰ ਪੰਜਾਬ ਅਤੇ ਪੰਜਾਬੀਅਤ ਦਾ ਦਰਦ ਉਹਦੇ ਨਾਲ ਨਾਲ ਅਤੇ ਉਹਦੇ ਗੀਤ ’ਚੋਂ ਝਲਕਦਾ ਰਿਹਾ। ਉਸ ਕਾਲੇ ਦੌਰ ਵਿੱਚ ਉਸ ਨੇ ਵੀ ਹਰ ਸੰਜੀਦਾ ਪੰਜਾਬੀ ਵਾਂਗ ਅੱਥਰੂ ਕੇਰੇ:
ਮੇਰੇ ਸੋਹਣੇ ਵਤਨ ਪੰਜਾਬ ਲਈ ਕੋਈ ਕਰੋ ਦੁਆਵਾਂ
ਸੁੱਖੋ ਨੀਂ ਅਖੰਡ ਪਾਠ, ਚਲੀਹੇ ਸੁੱਖੋ ਨੀਂ
ਬਣਿਆ ਰਹੇ ਰਸੂਖ ਵਿੱਚ ਭੈਣ ਭਰਾਵਾਂ
ਮੇਰੇ ਸੋਹਣੇ ਵਤਨ ਪੰਜਾਬ ਲਈ ਕੋਈ ਕਰੋ ਦੁਆਵਾਂ
ਇਸੇ ਦੌਰ ਵਿੱਚ ਉਸ ਦਾ ਇੱਕ ਸ਼ਾਹਕਾਰ ਗੀਤ ਆਇਆ ‘ਮੈਂ ਧਰਤੀ ਪੰਜਾਬ ਦੀ ਲੋਕੋ ਵੱਸਦੀ ਉੱਜੜ ਗਈ’ ਕੋਈ ਵਿਰਲਾ ਹੀ ਸਕੂਲ- ਕਾਲਜ ਹੋਵੇਗਾ ਜਿੱਥੇ ਇਸ ਗੀਤ ’ਤੇ ਕੋਰੀਓਗ੍ਰਾਫੀ ਨਾ ਹੋਈ ਹੋਵੇਗੀ। ਆਜ਼ਾਦੀ ਤੋਂ ਪਹਿਲਾਂ ਵੰਡ ਵੇਲੇ ਅਤੇ ਵੰਡ ਤੋਂ ਬਾਅਦ ਰਾਜਨੀਤਕ ਲੋਕਾਂ ਦੀ ਬੇਗਰਜ਼ੀ ਅਤੇ ਉਜਾੜੇ ਦਾ ਦਰਦ ਗੁਰਦਾਸ ਦੇ ਬੋਲਾਂ ਅਤੇ ਗਾਇਕੀ ’ਚੋਂ ਵਿਲਕ ਵਿਲਕ ਝਲਕਦਾ ਸੀ। ਮੈਨੂੰ ਯਾਦ ਹੈ ਕਿ ਕੁਲਦੀਪ ਮਾਣਕ ਸਾਹਬ ਦੇ ਕਹਿਣ ’ਤੇ ਜਦੋਂ ਗੁਰਦਾਸ ਮਾਨ ਨੇ ਇਹ ਗੀਤ ਪ੍ਰੋ. ਮੋਹਨ ਸਿੰਘ ਦੇ ਮੇਲੇ ’ਤੇ ਲੁਧਿਆਣਾ ਵਿਖੇ ਗਾਇਆ ਤਾਂ ਗੁਰਦਾਸ ਮਾਨ ਧਾਹਾਂ ਮਾਰ ਕੇ ਰੋਣ ਲੱਗ ਗਿਆ ਸੀ। ਇਸ ਗੀਤ ਦੇ ਕੁਝ ਬੋਲ ਲੋਕ ਤੱਥਾਂ ਦਾ ਰੁਤਬਾ ਬਣ ਗਏ:
ਸੱਚ ਲਈ ਮੇਰੇ ਪੁੱਤਰਾਂ ਨੇ ਜਦ ਹੱਕ ਕਿਸੇ ਤੋਂ ਮੰਗੇ
ਸਮੇਂ ਦੀਆਂ ਸਰਕਾਰਾਂ ਨੇ ਸਭ ਫੜ ਕੇ ਸੂਲੀ ਟੰਗੇ
ਸੱਚ ਨੂੰ ਫਾਂਸੀ ਝੂਠ ਨੂੰ ਰੁਤਬੇ, ਮੈਡਲ ਤਮਗੇ ਲਾਏ
ਏਨੇ ਸਸਤੇ ਘਟੀਆ ਮੇਰੇ ਪੁੱਤਰਾਂ ਦੇ ਮੁੱਲ ਪਾਏ
ਆਜ਼ਾਦੀ ਦੇ ਝੂਠੇ ਆਗੂ ਕੁਰਸੀ ਲੈ ਕੇ ਬਹਿ ਗਏ
ਰਾਜਗੁਰੂ, ਸੁਖਦੇਵ, ਭਗਤ ਸਿੰਘ ਫੁੱਲਾਂ ਜੋਗੇ ਰਹਿ ਗਏ
ਜਾਂ ਫਿਰ ਉਹ ਪੰਜਾਬੀ ਦੀ ਧਰਤੀ ਦਾ ਦਰਦ ਵਿਲਕ ਕੇ ਗਾਉਂਦਾ ਹੈ:
ਦੋ ਸੌ ਸਾਲ ਮੈਂ ਅੰਗਰੇਜ਼ਾਂ ਦੀ ਜੂਠੀ ਪੱਤਲ ਖਾਧੀ
ਸੂਰਮੀਓਂ ਸਰਦਾਰੋ ਵੇ ਮੈਨੂੰ ਲੈ ਕੇ ਦਿਓ ਆਜ਼ਾਦੀ
ਮੈਂ ਗੈਰਾਂ ਦੇ ਠੁੱਡੇ ਠੇਡੇ ਹੋਰ ਨਹੀਂ ਸਹਿ ਸਕਦੀ
ਮੈਂ ਗੈਰਾਂ ਦੀ ਬੁੱਕਲ ਦੇ ਵਿੱਚ ਨੰਗੀ ਨਹੀਂ ਬਹਿ ਸਕਦੀ
ਇਸ ਤਰ੍ਹਾਂ ਦੇ ਗੀਤ ਲਿਖਦਾ, ਗਾਉਂਦਾ ਉਹ ਬਹੁਤ ਵੱਡਾ ਗਾਇਕ ਕਲਾਕਾਰ ਬਣ ਗਿਆ। ਉਹ ਪੰਜਾਬੀ ਗਾਇਕੀ ਦਾ ਬਾਬਾ ਬੋਹੜ ਹੋ ਗਿਆ। ਇੱਕ ਤਰ੍ਹਾਂ ਨਾਲ ਪੰਜਾਬੀ ਗਾਇਕੀ ਦਾ ਭਰ ਵਗਦਾ ਦਰਿਆ। ਫਿਰ ਉਹ ਆਪਣੀ ਮਾਂ ਬੋਲੀ ਪੰਜਾਬੀ ਨੂੰ ‘ਦੇਸ਼ ਦੀ ਰਕਾਨ’ ਆਖ ਕੇ ਨਿਵਾਜਦਾ ਹੈ ਅਤੇ ਬੋਲੀ ਦਾ ਨਿਰਾਦਰ ਕਰਨ ਵਾਲਿਆਂ ਨੂੰ ਫਟਕਾਰਦਾ ਹੈ ਅਤੇ ਕਹਿੰਦਾ ਹੈ:
ਪੰਜਾਬੀਏ ਜ਼ੁਬਾਨੇ ਨੀਂ ਰਕਾਨੇ ਮੇਰੇ ਦੇਸ਼ ਦੀਏ
ਫਿੱਕੀ ਪੈ ਗਈ ਚਿਹਰੇ ਦੀ ਨੁਹਾਰ ਨੀਂ
ਮੀਢੀਆਂ ਖਿਲਾਰੀ ਫਿਰੇਂ ਨੀਂ ਬੁੱਲੇ ਦੀਏ ਕਾਫੀਏ
ਕੀਹਨੇ ਤੇਰਾ ਲਾਹ ਲਿਆ ਸ਼ਿੰਗਾਰ
***
ਤੂੰ ਗੋਰਖ ਦੀ ਗੁੜਤੀ ਲੈ ਕੇ ਨਾਥਾਂ ਟਿੱਲੇ ਜਾਈਂ
ਤੂੰ ਬਾਬੇ ਦੀ ਬਾਣੀ ਬਣ ਕੇ ਗੁਰੂਆਂ ਦੇ ਘਰ ਆਈਂ
ਫੇਰ ਇਸੇ ਗੀਤ ਵਿੱਚ ਮਾਂ ਬੋਲੀ ਦਾ ਨਿਰਾਦਰ ਕਰਨ ਵਾਲਿਆਂ ਲਈ ਤਾਅਨਾ ਮਾਰਦਾ ਹੈ ਅਤੇ ਲਿਖਦਾ ਹੈ:
ਬੇਕਦਰਾਂ, ਬੇ-ਅਦਬਾਂ ਨੇ ਕਦ ਕਦਰ ਕਿਸੇ ਦੀ ਪਾਈ
ਆਪਣੀ ਮਾਂ ਨੂੰ ਨੰਗਿਆਂ ਕਰਕੇ ਲੱਗ ਪਏ
ਖਾਣ ਕਮਾਈ
ਉਹ ਸ਼ਿਵ ਬਟਾਲਵੀ ਦੀ ਲੂਣਾ ਵਾਂਗ ਹੀਰ ਦੇ ਹੱਕ ਵਿੱਚ ਵੀ ਖੜ੍ਹਦਾ ਹੈ ਅਤੇ ਸਾਹਿਬਾਂ ਦੇ ਹੱਕ ਵਿੱਚ ਵੀ ਨਿਤਰਦਾ ਹੈ। ਸਾਹਿਬਾਂ ਲਈ ਉਹ ਆਵਾਜ਼ ਉਠਾਉਂਦਾ ਹੈ:
ਸੱਤ ਭਰਾ ਇੱਕ ਮਿਰਜ਼ਾ, ਬਾਕੀ ਕਿੱਸਾਕਾਰਾਂ ਨੇ
’ਕੱਲੀ ਸਾਹਿਬਾਂ ਬੁਰੀ ਬਣਾ ਤੀ ਮਰਦ ਹਜ਼ਾਰਾਂ ਨੇ
ਹੀਰ ਦੇ ਹੱਕ ’ਚ ਰਾਂਝੇ ਨੂੰ ਮਿਹਣਾ ਮਾਰਦਾ ਹੈ:
ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ
ਇੱਕ ਅੰਤਰੇ ਵਿੱਚ ਉਹ ਕੈਦੋਂ ਹੱਥੋਂ ਹੀਰ ਦੀ ਚੁੰਨੀ ਦੇ ਲੀਰ ਹੋਣ ਦਾ ਦੁੱਖ ਬਿਆਨਦਾ ਹੈ:
ਚੁੰਨੀ ਕੈਦੋਂ ਹੱਥ ਰਹਿ ਗਈ, ਸਾਡੀ ਲੀਰ ਬਣ ਕੇ
ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ
ਇਸੇ ਗੀਤ ਵਿੱਚ ਉਹ ਇੱਕ ਅੰਤਰੇ ਵਿੱਚ ਪੂਰੇ ਦਾ ਪੂਰਾ ਫ਼ਲਸਫ਼ਾ ਘੜਦਾ ਹੈ। ਮੈਨੂੰ ਨਿੱਜੀ ਤੌਰ ’ਤੇ ਇਹ ਅੰਤਰਾ ਪੰਜਾਬੀ ਲੇਖਣੀ/ਗਾਇਕੀ ਦਾ ਸਭ ਤੋਂ ਸੋਹਣਾ ਅੰਤਰਾ ਲੱਗਦਾ ਹੈ:
ਤੇਰੇ ਜੋਗ ਦਾ ਕੀ ਫਾਇਦਾ
ਜੇ ਸੰਜੋਗ ਹੀ ਨਾ ਜਿੱਤੇ
ਤੈਨੂੰ ਮਰਜਾਣੇ ਮਾਨਾਂ
ਰੱਬ ਹੱਥ ਪੈਰ ਦਿੱਤੇ
ਇਹ ਉਹ ਵੰਨਗੀਆਂ ਹਨ ਜੋ ਕਿਸੇ ਵੀ ਕਲਾਕਾਰ ਨੂੰ ਸ਼ਬਦਾਂ ਤੋਂ ਪਾਰ ਦਾ ਬਣਾਉਂਦੀਆਂ ਹਨ। ਸੁੱਤੇ-ਸਿੱਧ ਦੇਖੋ ਤਾਂ ਉਹ ਪੰਜਾਬੀ ਗਾਇਕੀ ਦਾ ਅੰਬਰ ਲੱਗਦਾ ਹੈ।
ਗੁਰੂ ਘਰ ਦੇ ਪਿਆਰ ਅਤੇ ਖਾਸ ਕਰਕੇ ਦਸਵੇਂ ਗੁਰੂ ਦੇ ਜਾਹੋ-ਜਲਾਲ ਨੂੰ ਸਤਿਕਾਰਦਾ ਅਤੇ ਗੁਰੂ ਪਰਿਵਾਰ ਦੇ ਇਕੱਲੇ ਇਕੱਲੇ ਜੀਅ ਦੀ ਲਾਸਾਨੀ ਕੁਰਬਾਨੀ ਨੂੰ ਵਡਿਆਉਂਦਾ ਗੀਤ ਹੈ:
ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ
ਜਦੋਂ ਮੈਂ ਇਹ ਗੀਤ ਪਹਿਲੀ ਵਾਰ ਸੁਣਿਆ ਤਾਂ ਮਨ ਵਿੱਚ ਇੱਕ ਸਵਾਲ ਹੀ ਆਈ ਗਿਆ ਕਿ ਏਨੇ ਸੋਹਣੇ ਬਿੰਬ, ਏਨੇ ਸਹਿਜ ਵਿੱਚ ਕੋਈ ਕਿਵੇਂ ਸਿਰਜ ਸਕਦਾ ਹੈ, ਖੌਰੇ ਇਸੇ ਕਰਕੇ ਉਹ ਗੁਰਦਾਸ ਮਾਨ ਹੈ।
ਇੱਕ ਵਾਰ ਪਾਕਿਸਤਾਨੀ ਗਾਇਕਾ ਰੇਸ਼ਮਾ ਨੂੰ ਕਿਸੇ ਨੇ ਸਵਾਲ ਕੀਤਾ ਕਿ, ‘ਤੁਸੀਂ ਗਾਇਕੀ ਦੀ ਸਿੱਖਿਆ ਕਿੱਥੋਂ ਲਈ?’ ਰੇਸ਼ਮਾ ਨੇ ਭੋਲੇ-ਭਾਅ ਜਵਾਬ ਦਿੱਤਾ, ‘‘ਰਹਿਮਤ ਨੂੰ ਸਿੱਖਣ ਦੀ ਲੋੜ ਨਹੀਂ ਪੈਂਦੀ।’’ ਇਸੇ ਤਰ੍ਹਾਂ ਪਿੱਛੇ ਜਿਹੇ ਗੁਰਦਾਸ ਮਾਨ ਇੱਕ ਟੀਵੀ ਸ਼ੋਅ ਵਿੱਚ ਆਖ ਰਿਹਾ ਸੀ, ‘‘ਮੈਂ ਗਾਇਕ ਨਹੀਂ ਹਾਂ, ਮੈਂ ਇੱਕ ਪੇਸ਼ਕਾਰ (ਪ੍ਰਫਾਰਮਰ) ਹਾਂ, ਜਿਸ ਨੂੰ ਥੋੜ੍ਹਾ ਨੱਚਣਾ ਆਉਂਦਾ ਹੈ, ਥੋੜ੍ਹਾ ਬੋਲਣਾ ਆਉਂਦਾ ਹੈ ਅਤੇ ਓਨਾ ਕੁ ਗਾਉਣਾ ਆਉਂਦਾ ਹੈ ਜਿੰਨਾ ਕੁ ਓਹਦੀ ਰਹਿਮਤ ਨਾਲ ਮਿਲਿਆ ਹੈ।’’
ਇਸ ਮੁਕਾਮ ਉੱਤੇ ਜਾ ਕੇ ਵੀ ਰੱਬ ਤੋਂ ਡਰ ਕੇ ਰਹਿਣਾ, ਏਨਾ ਨਿਮਰ ਹੋ ਕੇ ਵਿਚਰਨਾ ਗੁਰੂ ਦੀ ਬਾਣੀ ਨੂੰ ਕਮਾਉਣ ਵਾਲੀ ਗੱਲ ਹੈ। ਏਨੇ ਉਮਦਾ ਕਲਾਕਾਰ ’ਚੋਂ ਵਡੇਰਿਆਂ ਦੀ ਝਲਕ ਨਾ ਮਿਲੇ, ਇਹ ਹੋ ਹੀ ਨਹੀਂ ਸਕਦਾ। ਇਸ ਸੰਦਰਭ ਵਿੱਚ ਕੁਝ ਜ਼ਿਕਰ ਕਰਨਾ ਜ਼ਰੂਰੀ ਹੈ। ਸ਼ਾਇਰ ਪੀਲੂ ਆਪਣੇ ਕਿੱਸੇ ਮਿਰਜ਼ਾ ਸਾਹਿਬਾਂ ’ਚ ਲਿਖਦੇ ਹਨ ਜਿੱਥੇ ਮਿਰਜ਼ੇ ਦਾ ਪਿਤਾ ਮਿਰਜ਼ੇ ਨੂੰ ਸਾਹਿਬਾਂ ਵੱਲ ਜਾਣ ਤੋਂ ਰੋਕਦਾ ਹੈ ਤਾਂ ਆਖਦਾ ਹੈ:
ਜਿਸ ਘਰ ਲਾਈ ਦੋਸਤੀ, ਮੂਲ ਨਾ ਘੱਤੇ ਲੱਤ
ਗੁਰਦਾਸ ਮਾਨ ਦੇ ਇੱਕ ਹੋਰ ਅਨੂਠੇ ਗੀਤ ‘ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨਹੀਂ ਮੰਗੀਦਾ’ ਵਿੱਚ ਇੱਕ ਅੰਤਰਾ ਹੈ:
ਜਿਹੜੇ ਘਰ ਦੀ ਇੱਜ਼ਤ ਨੂੰ ਮਾਸ਼ੂਕ ਬਣਾ ਲਈਏ
ਉਸ ਗਲੀ ’ਚੋਂ ਸੱਜਣਾ ਸੋਚ ਸਮਝ ਕੇ ਲੰਘੀਦਾ
ਇੱਕ ਹੋਰ ਵੰਨਗੀ: ਗਿਆਨੀ ਗੁਰਦਿੱਤ ਸਿੰਘ ਆਪਣੀ ਕਿਤਾਬ ‘ਮੇਰਾ ਪਿੰਡ’ ਵਿੱਚ ਲਿਖਦੇ ਹਨ, ‘ਸਿਆਲਾਂ ਦੀਆਂ ਰਾਤਾਂ ’ਚ ਧੂਣੀ ਦਾ ਨਿੱਘ ਰਾਤ ਨੂੰ ਹੁਸੀਨ ਬਣਾ ਦਿੰਦਾ ਹੈ, ਕਈ ਵਾਰ ਪਤਾ ਹੀ ਨਹੀਂ ਲੱਗਦਾ ਕਿ ਨਿੱਘ ਧੂਣੀ ਦਾ ਆ ਰਿਹਾ ਹੈ ਕਿ ਗੱਲਬਾਤ ਦਾ?’’
ਗੁਰਦਾਸ ਮਾਨ ਇੱਕ ਗੀਤ ’ਚ ਲਿਖਦਾ ਹੈ:
ਧੂਣੀ ਉੱਤੇ ਬੈਠ ਜਦੋਂ ਪਾਉਂਦੇ ਲੋਕੀਂ ਬਾਤਾਂ ਨੀਂ
ਰੱਬ ਦਾ ਨਜ਼ਾਰਾ ਸਾਡੇ ਪਿੰਡ ਦੀਆਂ ਰਾਤਾਂ ਨੀਂ
ਮਸ਼ਹੂਰ ਪਾਕਿਸਤਾਨੀ ਗ਼ਜ਼ਲ ਗਾਇਕ ਮਹਿੰਦੀ ਹਸਨ ‘ਲੋਕ ਵਿਰਸਾ’ ਪ੍ਰੋਗਰਾਮ ਵਿੱਚ ਇੱਕ ਵਾਰ ਦੱਸ ਰਹੇ ਸਨ ਕਿ ਕਿਵੇਂ ਉਨ੍ਹਾਂ ਦੇ ਉਸਤਾਦ ਪਿਤਾ ਜਦੋਂ ਉਨ੍ਹਾਂ ਨੂੰ ਰਿਆਜ਼ ਕਰਵਾਉਂਦੇ ਸਨ ਤਾਂ ਪਹਿਲਾਂ ਚੰਗੀ ਖੁਰਾਕ , ਫੇਰ ਦੱਬ ਕੇ ਭੱਜਣਾ, ਫੇਰ ਕਸਰਤ ਕਰਵਾਉਣੀ ਅਤੇ ਫੇਰ ਰਿਆਜ਼ ਕਰਵਾਉਣਾ। ਜਦੋਂ ਇੰਟਰਵਿਊ ਕਰਨ ਵਾਲੇ ਨੇ ਪੁੱਛਿਆ ਕਿ ਗਾਇਕੀ ਕੋਈ ਭਲਵਾਨੀ ਤਾਂ ਨਹੀਂ ? ਤਾਂ ਮਹਿੰਦੀ ਹਸਨ ਕਹਿੰਦੇ, ‘‘ਭਲਵਾਨੀ ਜਿਹੇ ਦਮਖਮ ਬਿਨਾਂ ਅਸਲ ਗਾਇਕੀ ਹੋ ਹੀ ਨਹੀਂ ਸਕਦੀ।’’
ਗੁਰਦਾਸ ਮਾਨ ਇੱਕ ਪੇਂਡੂ ਖੇਤੀਬਾੜੀ ਪਰਿਵਾਰ ਵਿੱਚ ਪਲਿਆ, ਪਹਿਲਾਂ ਉਹ ਭਲਵਾਨੀ ਵੀ ਕਰਦਾ ਰਿਹਾ, ਫਿਰ ਉਹ ਪਟਿਆਲੇ ਜਾ ਕੇ ਜਪਾਨੀ ਕੋਚ ਦੀ ਦੇਖ ਰੇਖ ਹੇਠ ‘ਜੂਡੋ ਕਰਾਟੇ’ ਸਿੱਖਦਾ ਤੇ ਖੇਡਦਾ ‘ਬਲੈਕ ਬੈਲਟ’ ਜੇਤੂ ਬਣਿਆ। ਫਿਰ ਉਸ ਨੇ ਐੱਨਆਈਐੱਸ (ਜੂਡੋ ਕਰਾਟੇ) ਕੀਤੀ ਅਤੇ ਕੋਚ ਬਣਨ ਦੇ ਯੋਗ ਹੋਇਆ।
ਇਸ ਤਰ੍ਹਾਂ ਗੁਰਦਾਸ ਮਾਨ ਦਾ ਇਹ ਦਮਖਮ ਕੁਦਰਤੀ ਤੌਰ ਉੱਤੇ ਪੱਕਦਾ ਰਿਹਾ ਜੋ ਉਸ ਦੀ ਸਟੇਜ ਪੇਸ਼ਕਾਰੀ ਵਿੱਚ ਸਾਫ਼ ਦਿਸਦਾ ਹੈ। ਉਹ ਨੱਚਦਾ ਹੈ, ਟੱਪਦਾ ਹੈ, ਬੇਮੁਹਾਰਾ ਜ਼ੋਰ ਲਾ ਕੇ ਗਾਉਂਦਾ ਹੈ, ਸਟੇਜ ਉੱਤੇ ਕਦੇ ਉਹ ਦਮਾਮੇ ਮਾਰਦਾ ਮੇਲੇ ਆਉਂਦਾ ਜੱਟ ਲੱਗਦਾ ਹੈ, ਕਦੇ ਉਹ ਟਿੱਬਿਆਂ ਵਿੱਚ ਭੱਜਿਆ ਫਿਰਦਾ ਮਸਤਿਆ ਊਠ ਲੱਗਦਾ ਹੈ, ਕਦੇ ਸੁਹਾਗੇ ਚੜ੍ਹਿਆ ਕਿਸਾਨ ਜਾਪਦਾ ਹੈ ਅਤੇ ਕਦੇ ਉਹ ਫਲ੍ਹੇ ਗਾਹੁੰਦਾ ਪਿੜ ਵਿੱਚ ਧੁੱਪੇ ਖੜ੍ਹਾ ਹੇਕਾਂ ਲਾਉਂਦਾ ਜੱਟ ਲੱਗਦਾ ਹੈ। ਇਸ ਸਾਰੇ ਕੁਝ ਦੌਰਾਨ ਨਾ ਓਹਦਾ ਸਾਹ ਚੜ੍ਹਦਾ ਹੈ, ਨਾ ਉਹ ਥੱਕਦਾ ਹੈ।
ਨਾ ਕੋਈ ਇੱਕ ਜਨਮ ਵਿੱਚ ਗੁਰਦਾਸ ਮਾਨ ਬਣਦਾ ਹੈ, ਇਹ ਕਈ ਜਨਮਾਂ ਦੀ ਘਾਲਣਾ ਹੈ ਅਤੇ ਨਾ ਹੀ ਗੁਰਦਾਸ ਮਾਨ ਜਿੰਨਾ ਵੱਡਾ ਕਲਾਕਾਰ ਇੱਕ ਜਨਮ ਵਿੱਚ ਆਪਣੀ ਕਲਾ ਅਸਲ ਵਿੱਚ ਬਿਖੇਰ ਸਕਦਾ ਹੈ। ਗੁਰਦਾਸ ਮਾਨ ਤੋਂ ਸੁਲਤਾਨ ਬਾਹੂ, ਮੀਆਂ ਮੁਹੰਮਦ ਬਖਸ਼ (ਸੈਫ-ਉੱਲ-ਮਲੂਕ) ਅਤੇ ਸ਼ਿਵ ਬਟਾਲਵੀ ਦੀਆਂ ਕੈਸੇਟਾਂ ਦੀ ਆਸ ਰੱਖਦਾ ਹੋਇਆ ਉਹਦੀ ਲੰਬੀ ਉਮਰ ਦੀ ਦੁਆ ਕਰਦਾ ਹਾਂ।
ਐਡਮਿੰਟਨ (ਕੈਨੇਡਾ)
ਸੰਪਰਕ: 0017803405002
News Source link
#ਸਡ #ਮਣ #ਗਰਦਸ #ਮਨ