ਨਵੀਂ ਦਿੱਲੀ, 21 ਅਪਰੈਲ
ਸੀਬੀਆਈ ਨੇ ਐਨਐਸਈ ਦੇ ਸਾਬਕਾ ਐਮਡੀ ਅਤੇ ਸੀਈਓ ਚਿੱਤਰਾ ਰਾਮਕ੍ਰਿਸ਼ਨ ਅਤੇ ਸਾਬਕਾ ਗਰੁੱਪ ਆਪਰੇਟਿੰਗ ਅਫਸਰ ਆਨੰਦ ਸੁਬਰਾਮਨੀਅਨ ਖ਼ਿਲਾਫ਼ ਕੋ-ਲੋਕੇਸ਼ਨ ਘੁਟਾਲਾ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਸੀਬੀਆਈ ਵੱਲੋਂ ਕ੍ਰਮਵਾਰ 25 ਫਰਵਰੀ ਤੇ 6 ਮਾਰਚ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਰਾਮਕ੍ਰਿਸ਼ਨ ਅਤੇ ਸੁਬਰਾਮਨੀਅਨ ਦੋਵੇਂ ਨਿਆਂਇਕ ਹਿਰਾਸਤ ਵਿੱਚ ਹਨ। ਵਿਸ਼ੇਸ਼ ਅਦਾਲਤ ਵਿੱਚ ਦਾਇਰ ਆਪਣੀ ਚਾਰਜਸ਼ੀਟ ਵਿੱਚ, ਸੀਬੀਆਈ ਨੇ ਦੋਸ਼ ਲਾਇਆ ਹੈ ਕਿ ਰਾਮਕ੍ਰਿਸ਼ਨ ਨੇ ਹੋਰਨਾਂ ਦੋਸ਼ਾਂ ਦੇ ਨਾਲ ਮੁੱਖ ਫੈਸਲਿਆਂ ਵਿੱਚ ਕਥਿਤ ਤੌਰ ‘ਤੇ ਆਪਣੇ ਅਧਿਕਾਰਤ ਅਹੁਦੇ ਦੀ ਦੁਰਵਰਤੋਂ ਕੀਤੀ ਹੈ। ਸੇਬੀ ਨੇ 11 ਫਰਵਰੀ ਨੂੰ ਰਾਮਕ੍ਰਿਸ਼ਨ ਅਤੇ ਹੋਰਾਂ ‘ਤੇ ਮੁੱਖ ਰਣਨੀਤਕ ਸਲਾਹਕਾਰ ਦੇ ਤੌਰ ‘ਤੇ ਸੁਬਰਾਮਨੀਅਨ ਦੀ ਨਿਯੁਕਤੀ ਅਤੇ ਸਮੂਹ ਸੰਚਾਲਨ ਅਧਿਕਾਰੀ ਅਤੇ ਐਮਡੀ ਦੇ ਸਲਾਹਕਾਰ ਵਜੋਂ ਉਸ ਨੂੰ ਮੁੜ ਅਹੁਦਾ ਦੇਣ ਵਿੱਚ ਕਥਿਤ ਪ੍ਰਸ਼ਾਸਕੀ ਕੁਤਾਹੀ ਦਾ ਦੋਸ਼ ਲਾਇਆ ਹੈ। ਰਾਮਕ੍ਰਿਸ਼ਨ ਨੇ ਸੇਬੀ ਨੂੰ ਦੱਸਿਆ ਸੀ ਕਿ ਇੱਕ ਨਿਰਾਕਾਰ ਰਹੱਸਮਈ ‘ਯੋਗੀ’ ਈਮੇਲਾਂ ਰਾਹੀਂ ਫੈਸਲੇ ਲੈਣ ਵਿੱਚ ਉਸਦਾ ਮਾਰਗਦਰਸ਼ਨ ਕਰਦਾ ਸੀ। ਸੇਬੀ ਦੀ ਰਿਪੋਰਟ ਸਾਹਮਣੇ ਆਉਣ ਬਾਅਦ ਸੀਬੀਆਈ ਨੇ ਕੋ- ਲੋਕੇਸ਼ਨ ਘੁਟਾਲੇ ਵਿੱਚ ਆਪਣੀ ਜਾਂਚ ਵਧਾਉਂਦਿਆਂ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਸੀਬੀਆਈ ਨੇ ਅਦਾਲਤ ਨੂੰ ਦੱਸਿਆ ਸੀ ਕਿ ਨਿਰਾਕਾਰ ਯੋਗੀ ਕੋਈ ਹੋਰ ਨਹੀਂ ਸਗੋਂ ਸੁਬਰਾਮਨੀਅਨ ਹੈ, ਜੋ ਉਸ ਦੇ ਫੈਸਲਿਆਂ ਦਾ ਕਥਿਤ ਲਾਭਪਾਤਰੀ ਸੀ।-ਏਜੰਸੀ