ਡਾ. ਗੁਰਬਖ਼ਸ਼ ਸਿੰਘ ਭੰਡਾਲ
ਮੈਂ ਅਕਸਰ ਸ਼ਬਦਾਂ ਦੀ ਦਰਗਾਹ ਜਾਂਦਾ ਹਾਂ। ਮੇਰੇ ਲਈ ਇਸ ਦਰਗਾਹ ’ਤੇ ਜਾਣਾ ਰੂਹੀ ਅਕੀਦਤ ਭੇਂਟ ਕਰਨਾ ਅਤੇ ਸ਼ਬਦਾਂ ਵਿੱਚੋਂ ਖ਼ੁਦ ਨੂੰ ਸਮਝਣਾ, ਸਮਝਾਉਣਾ ਅਤੇ ਉਲਥਾਉਣਾ ਵੀ ਸ਼ਾਮਲ ਹੈ।
ਸ਼ਬਦਾਂ ਦੀ ਦਰਗਾਹ ਕਦੇ ਅਵੇਰੇ, ਕਦੇ ਸਵੇਰੇ, ਕਦੇ ਢਲਦੇ ਪਰਛਾਵੀਂ, ਕਦੇ ਸਰਘੀ ਵੇਲੇ ਜਾਂਦਾ ਹਾਂ। ਕਦੇ ਤਿੱਖੜ ਦੁਪਹਿਰੀਂ ਤੇ ਕਦੇ ਲੌਢੇ ਵੇਲੇ ਮੈਂ ਇਨ੍ਹਾਂ ਦੀ ਇਬਾਦਤ ਕਰਦਾ ਹਾਂ। ਸ਼ਬਦਾਂ ਦੀ ਦਰਗਾਹ ਮਨ ਦਾ ਸਕੂਨ, ਰੂਹ ਨੂੰ ਮਿਲਿਆ ਸੁਖਨ, ਸੋਚ ਵਿੱਚ ਸ਼ਾਂਤੀ ਅਤੇ ਅੰਤਰੀਵ ਦੀ ਯਾਤਰਾ ਦਾ ਸਬੱਬ ਹੈ। ਇਨ੍ਹਾਂ ਰਾਹੀਂ ਹੀ ਅਸੀਂ ਖ਼ੁਦ ਦੇ ਰੂਬਰੂ ਹੁੰਦੇ ਹਾਂ।
ਸ਼ਬਦਾਂ ਦੀ ਦਰਗਾਹ ਜਾ ਕੇ ਮੈਂ ਖ਼ੁਦ ਨਾਲ ਸੰਵਾਦ ਰਚਾਉਂਦਾ ਹਾਂ। ਮਨ ਵਿੱਚ ਉੱਠੇ ਪ੍ਰਸ਼ਨਾਂ ਦਾ ਜਵਾਬ ਭਾਲਦਾ ਅਤੇ ਇਨ੍ਹਾਂ ਦੀ ਚਰਚਾ ਨੂੰ ਸ਼ਬਦਾਂ ਰਾਹੀਂ ਵਰਕਿਆਂ ਦੇ ਨਾਮ ਕਰਦਾ ਹਾਂ। ਸ਼ਬਦਾਂ ਦੀ ਦਰਗਾਹ ਜਾਣਾ ਵਿਰਲਿਆਂ ਦਾ ਨਸੀਬ ਹੈ। ਬਹੁਤੇ ਲੋਕ ਇਸ ਦਰਗਾਹ ਤੋਂ ਪਾਸਾ ਵੱਟਦੇ ਹਨ। ਇਸ ਦੀ ਆਗੋਸ਼ ਦਾ ਨਿੱਘ ਮਾਣਨ ਤੋਂ ਨਾਬਰ ਹਨ। ਉਹ ਸਿਰਫ਼ ਭਰਮ-ਭੁਲੇਖਿਆਂ ਦਾ ਜੀਵਨ ਜਿਉਂਦੇ ਅਤੇ ਮਖੌਟਿਆਂ ਦੇ ਧਾਰਨੀ ਹਨ। ਸ਼ਬਦਾਂ ਦੀ ਦਰਗਾਹ ’ਚ ਜਾ ਕੇ ਹੀ ਮੈਂ ਆਪਣੇ ਪਿੰਡ ਨੂੰ ਮਿਲਦਾ ਹਾਂ। ਇਸ ਦੀ ਫਿਰਨੀ ਦਾ ਗੇੜਾ ਲਾਉਂਦਾ ਹਾਂ। ਪਿੰਡ ਦੀਆਂ ਗਲੀਆਂ ਵਿੱਚ ਧੁੰਧਲੀ ਪੈ ਗਈ ਆਪਣੀ ਪੈੜ ਨੂੰ ਵੀ ਦੇਖਦਾ ਹਾਂ। ਫਿਰ ਆਪਣੇ ਉਸ ਸਫ਼ਰ ਨੂੰ ਨਿਹਾਰਦਾ ਹਾਂ ਜਦੋਂ ਨਿੱਕੇ ਨਿੱਕੇ ਪੈਰਾਂ ਤੋਂ ਸ਼ੁਰੂ ਹੋਇਆ ਸਫ਼ਰ ਦੇਸ਼ਾਂ-ਵਿਦੇਸ਼ਾਂ ਦੀ ਪਰਿਕਰਮਾ ਕਰਦਿਆਂ, ਉਨ੍ਹਾਂ ਸੁਪਨਿਆਂ ਦੀ ਸਾਜ਼ਗਾਰੀ ਨੂੰ ਮਾਣਦਾ ਹਾਂ ਜਿਨ੍ਹਾਂ ਸੁਪਨਿਆਂ ਨੂੰ ਚੜ੍ਹਦੀ ਉਮਰੇ ਲਿਆ ਸੀ।
ਸ਼ਬਦਾਂ ਦੀ ਦਰਗਾਹ ਜਾ ਕੇ ਹੀ ਮੈਨੂੰ ਚੇਤੇ ਆਉਂਦੀ ਹੈ ਪਿੰਡ ਦੀ ਫ਼ਿਜ਼ਾ ਵਿੱਚ ਖੇਤਾਂ, ਖੂਹਾਂ, ਖਲਿਆਣਾਂ ਤੇ ਖ਼ਰਾਸਾਂ ਵਿੱਚੋਂ ਪੈਦਾ ਹੋ ਰਹੀ ਸੰਗੀਤਧਾਰਾ ਜਿਸ ਵਿੱਚ ਜ਼ਿੰਦਗੀ ਮੌਲਦੀ ਸੀ। ਲਹਿਰਾਉਂਦੀਆਂ ਫ਼ਸਲਾਂ ਦਾ ਦ੍ਰਿਸ਼ ਅਤੇ ਆੜਾਂ ਵਿੱਚ ਵਗਦੇ ਚਾਂਦੀ ਰੰਗੇ ਪਾਣੀ ਵਿੱਚੋਂ ਬੁੱਕ ਭਰ ਕੇ ਪਿਆਸ ਮਿਟਾਉਣ ਦਾ ਚੇਤਾ, ਸ਼ਬਦਾਂ ਦੀ ਜੂਨੇ ਪੈ ਕੇ ਵਰਕਿਆਂ ’ਤੇ ਪਸਰਦਾ ਜਾਂਦਾ ਹੈ। ਇਸ ਵਿੱਚੋਂ ਹੀ ਬੰਦੇ ਨੂੰ ਆਪਣੀ ਜ਼ਿੰਦਗੀ ਦੇ ਉਨ੍ਹਾਂ ਪਲਾਂ ਦਾ ਖ਼ਿਆਲ ਆਉਂਦਾ ਜਦੋਂ ਬੀਜ ਦੇ ਕੇਰਨ ਤੋਂ ਲੈ ਕੇ ਫ਼ਸਲ ਦੀ ਕਟਾਈ ਵਿੱਚੋਂ ਨਿਕਲਿਆ ਦਾਣਿਆਂ ਦਾ ਬੋਹਲ, ਖਾਲੀ ਭੜੋਲਿਆਂ ਲਈ ਵਰਦਾਨ ਬਣਦਾ ਸੀ।
ਸ਼ਬਦਾਂ ਦੀ ਦਰਗਾਹ ਜਾ ਕੇ ਹੀ ਅਸੀਂ ਆਪਣੇ ਵਡੇਰਿਆਂ ਨੂੰ ਮਿਲਦੇ ਹਾਂ। ਬਜ਼ੁਰਗ ਜਿਨ੍ਹਾਂ ਦੀਆਂ ਝੁਰੜੀਆਂ ਵਿੱਚੋਂ ਜੀਵਨ ਦਾ ਜਲੌਅ ਪ੍ਰਗਟ ਹੁੰਦਾ ਸੀ। ਜਿਨ੍ਹਾਂ ਦੀਆਂ ਮੱਤਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਮੱਤ ਬਖ਼ਸ਼ੀ। ਜਿਨ੍ਹਾਂ ਦੀਆਂ ਤਜਵੀਜ਼ਾਂ ਤੇ ਤਦਬੀਰਾਂ ਵਿੱਚੋਂ ਹੀ ਸਮਾਜ ਨੇ ਮੌਜੂਦਾ ਮੁਹਾਂਦਰਾ ਅਖ਼ਤਿਆਰ ਕੀਤਾ ਜਿਸ ’ਤੇ ਸਭ ਨੂੰ ਨਾਜ਼ ਹੈ।
ਸ਼ਬਦਾਂ ਦੀ ਦਰਗਾਹ ਵਿੱਚ ਬੈਠ ਕੇ ਬੰਦਾ ਆਪਣੇ ਮਸਤਕ ਵਿੱਚ ਉੱਗੇ ਵਿਚਾਰਾਂ ਨੂੰ ਤਰਤੀਬ ਦਿੰਦਾ ਹੈ। ਇਨ੍ਹਾਂ ਵਿੱਚੋਂ ਜਗਦੇ ਚਿਰਾਗ ਹੀ ਇਸ ਦਰਗਾਹ ਨੂੰ ਰੌਸ਼ਨ ਕਰਦੇ ਹਨ। ਬੰਦਾ ਇਸ ਦਰਗਾਹ ਤੋਂ ਚਾਨਣ ਦੀ ਲੱਪ ਆਪਣੀ ਝੋਲੀ ਵਿੱਚ ਪਵਾ ਕੇ ਪਰਤਦਾ ਹੈ। ਇਹ ਚਾਨਣ ਹੀ ਹੁੰਦਾ ਹੈ ਜਿਸ ਨੇ ਜੀਵਨ ਦੀਆਂ ਰਾਹਾਂ ਨੂੰ ਰੁਸ਼ਨਾਉਣਾ ਹੁੰਦਾ ਹੈ ਅਤੇ ਇਨ੍ਹਾਂ ’ਤੇ ਤੁਰਦਿਆਂ ਮੰਜ਼ਲਾਂ ਦੀ ਨਿਸ਼ਾਨਦੇੇਹੀ ਕਰਨੀ ਹੁੰਦੀ ਹੈ।
ਸ਼ਬਦਾਂ ਦੀ ਦਰਗਾਹ ਦੀ ਅਸੀਮਤਾ, ਅਜ਼ੀਮਤਾ ਅਤੇ ਅਨੂਠੇਪਣ ਤੋਂ ਸਦਕੇ ਜਾਂਦਾ ਹਾਂ। ਇਸ ਦੇ ਭਰੇ ਭੰਡਾਰ ਵਿੱਚੋਂ ਅਸੀਂ ਮਨ-ਮਰਜ਼ੀ ਦੇ ਸ਼ਬਦਾਂ ਦੀ ਤਸ਼ਬੀਹ ਅਤੇ ਤਸਵੀਰ ਸਿਰਜ ਸਕਦੇ ਹਾਂ। ਇਹ ਸ਼ਬਦੀ ਆਵੇਸ਼ ਹੀ ਹੁੰਦਾ ਹੈ ਜੋ ਕਦੇ ਕਵਿਤਾ ਬਣ ਕੇ ਵਹਿ ਤੁਰਦਾ, ਕਦੇ ਕਹਾਣੀ ਦਾ ਰੂਪ ਧਾਰਦਾ ਅਤੇ ਕਦੇ ਇਹ ਵਹਿਣ ਕਿਸੇ ਹੋਰ ਕਲਾ-ਕ੍ਰਿਤ ਰਾਹੀਂ ਜ਼ਿੰਦਗੀ ਦੀਆਂ ਬਾਤਾਂ ਪਾਉਂਦਾ ਅਤੇ ਇਨ੍ਹਾਂ ਵਿੱਚ ਜੀਵਨ-ਨਾਦ ਗੁਣਗੁਣਾਉਂਦਾ ਹੈ।
ਸ਼ਬਦਾਂ ਦੀ ਦਰਗਾਹੇ ਜਾ ਕੇ ਹੀ ਇਉਂ ਲੱਗਦਾ ਹੈ ਜਿਵੇਂ ਮੈਂ ਆਪਣੇ ਪਿੰਡ ਵਿਚਲੀ ਬਾਬਾ ਸ਼ਾਹ ਅਨਾਇਤ ਅਲੀ ਦੀ ਦਰਗਾਹ ’ਤੇ ਗਿਆ ਹਾਂ ਜੋ ਮੇਰੇ ਪਿੰਡ ਵਾਸੀਆਂ ਲਈ ਅਕੀਦਤਯੋਗ ਸਥਾਨ ਹੈ। ਇਸ ਦੀ ਨਤਮਸਤਕਤਾ ਵਿੱਚੋਂ ਹੀ ਜੀਵਨ ਦੇ ਉਨ੍ਹਾਂ ਰਾਜ਼ਾਂ ਦੀ ਸੋਝੀ ਹੋਈ। ਅਜਿਹੀ ਰੂਹੇ ਦਰਗਾਹ ਨੂੰ ਸਿਜਦਾ ਕਰਦਿਆਂ ਹੀ ਬੁੱਲੇ ਸ਼ਾਹ ਨੇ ਨੱਚ ਕੇ ਆਪਣੇ ਪੀਰ ਬਾਬਾ ਸ਼ਾਹ ਅਨਾਇਤ ਅਲੀ ਨੂੰ ਮਨਾਇਆ ਸੀ। ਇਹ ਦਰਗਾਹ ਜਦੋਂ ਸ਼ਬਦਾਂ ਦੀ ਦਰਗਾਹ ਦਾ ਰੂਪ ਧਾਰਦੀ ਹੈ ਤਾਂ ਅਵਚੇਤਨ ਵਿੱਚ ਇੱਕ ਸੂਰਜੀ ਲੋਅ ਉਗਮਦੀ ਹੈ ਜਿਸ ਨੇ ਹਨੇਰਿਆਂ ਨਾਲ ਆਢਾ ਲਾਉਂਦਿਆਂ, ਕਾਲਖਾਂ ਦੀ ਰੁੱਤ ਨੂੰ ਚਾਨਣ ਦਾ ਆੜੀ ਬਣਾਉਣਾ ਹੁੰਦਾ ਹੈ।
ਸ਼ਬਦਾਂ ਦੀ ਦਰਗਾਹੇ ਜਾ ਕੇ ਹੀ ਮੈਂ ਆਪਣੇ ਆਪ ਨੂੰ ਮਿਲਦਾ ਹਾਂ। ਆਪਣੇ ਅੰਤਰੀਵ ਵਿੱਚ ਬੈਠੀ ਖੁਦੀ ਨੂੰ ਮਿਲਦਾ ਹਾਂ। ਖ਼ੁਦਦਾਰੀ ਨੂੰ ਮਿਟਾ ਕੇ ਖੁਦਾਈ ਦੇ ਰਾਹ ਦਾ ਪਾਂਧੀ ਬਣਨ ਵੰਨੀਂ ਰੁਚਿਤ ਹੁੰਦਾ ਹਾਂ। ਸ਼ਬਦ ਹੀ ਮੇਰੇ ਅੰਦਰਲੇ ਕੂੜ-ਕਪਟ ਨੂੰ ਹੂੰਝਦੇ, ਮੇਰੇ ਅੰਤਰੀਵ ਨੂੰ ਸਾਫ਼-ਸੁਥਰਾ ਕਰਦੇ ਅਤੇ ਭਵਿੱਖ ਵਿੱਚ ਇਸ ਦੀ ਪਾਕੀਜ਼ਗੀ ਨੂੰ ਮਲੀਨ ਹੋਣ ਤੋਂ ਰੋਕਣ ਲਈ ਸਭ ਤੋਂ ਵੱਧ ਸਾਜ਼ਗਾਰ ਸਾਬਤ ਹੁੰਦੇ ਹਨ।
ਸ਼ਬਦਾਂ ਦੀ ਜੂਹੇ ਜਾਣ ਲਈ ਜ਼ਰੂਰੀ ਹੁੰਦਾ ਹੈ ਕਿ ਖ਼ੁਦ ਨੂੰ ਸੁੱਚਾ ਕਰਨਾ। ਇਸ ਵਿੱਚ ਪੈਰ ਧਰਦਿਆਂ ਹੀ ਬਾਹਰਲੇ ਸੁੱਚਮ ਤੋਂ ਅੰਦਰਲੇ ਸੁੱਚਮ ਦੀ ਯਾਤਰਾ ’ਤੇ ਤੁਰਨਾ। ਇਸ ਯਾਤਰਾ ਨੂੰ ਸਾਬਤ ਕਦਮੀਂ ਪੂਰਾ ਕਰਨਾ ਕਿਉਂਕਿ ਥਿੜਕਦੇ ਕਦਮਾਂ ਨਾਲ ਕਦੇ ਸਫ਼ਰ ਪੂਰੇ ਨਹੀਂ ਹੁੰਦੇ। ਇਹ ਦਰਗਾਹ ਹੀ ਬੰਦੇ ਨੂੰ ਖ਼ੁਦ ’ਤੇ ਵਿਸ਼ਵਾਸ ਕਰਨਾ ਅਤੇ ਖ਼ੁਦ ’ਤੇ ਭਰੋਸਾ ਕਰਦਿਆਂ ਖ਼ੁਦ ਵਿੱਚੋਂ ਹੀ ਉਨ੍ਹਾਂ ਰਾਹਾਂ ਦੀ ਤਲਾਸ਼ ਕਰਨ ਲਈ ਆਤਮ-ਵਿਸ਼ਵਾਸੀ ਬਣਾਉਂਦੇ ਹਨ ਜਿਹੜੇ ਰਾਹਾਂ ’ਤੇ ਤੁਰਦਾ ਬੰਦਾ ਬੰਦਿਆਈ ਦੇ ਮਾਰਗ ਨੂੰ ਅਪਣਾਉਂਦਾ ਹੈ।
ਸ਼ਬਦਾਂ ਦੀ ਦਰਗਾਹੇ ਜਾ ਕੇ ਮੈਂ ਇਸ ਦੀ ਚਾਨਣ-ਰੰਗੀ ਫ਼ਿਜ਼ਾ ਵਿੱਚ ਬੈਠੇ ਉਨ੍ਹਾਂ ਅਦੀਬਾਂ ਨੂੰ ਮਿਲਦਾ ਹਾਂ ਜਿਨ੍ਹਾਂ ਨੇ ਸ਼ਬਦਾਂ ਰਾਹੀਂ ਸ਼ਬਦ-ਜੋਤ ਜਗਾਈ। ਇਸ ਜੋਤ ਦਾ ਨਿਰਵਿਘਨ ਜਗਣਾ ਹੀ ਮਨੁੱਖ ਨੂੰ ਮਨੁੱਖਤਾ ਦੇ ਰਾਹ ’ਤੇ ਤੋਰਨ ਦਾ ਸਭ ਤੋਂ ਠੋਸ ਕਾਰਨ ਹੈ। ਅਦੀਬਾਂ ਨੂੰ ਮਿਲਦਿਆਂ ਹੀ ਸ਼ਬਦੀ ਲਹਿਰਾਂ ਵਿੱਚ ਗੜੁੱਚ ਹੋ ਕੇ ਅੰਮ੍ਰਿਤ ਬੋਲਾਂ ਨੂੰ ਡੀਕ ਲਾ ਕੇ ਪੀਂਦਾ ਹਾਂ। ਸ਼ਬਦ-ਜੋਤ ਦਾ ਹੀ ਕਮਾਲ ਹੈ ਕਿ ਇਹ ਸ਼ਬਦ ਹੀ ਮੈਨੂੰ ਪਲੋਸਦੇ ਤੇ ਪਿਆਰ ਕਰਦੇ ਹਨ। ਇਨ੍ਹਾਂ ਸ਼ਬਦਾਂ ਦੇ ਸਾਥ ਵਿੱਚ ਜੀਵਨ ਦੀਆਂ ਉਹ ਬਖਸ਼ਿਸ਼ਾਂ ਮਿਲਦੀਆਂ ਹਨ ਜਿਨ੍ਹਾਂ ਨਾਲ ਜ਼ਿੰਦਗੀ ਜਿਊਣ ਜੋਗੀ ਹੋ ਜਾਂਦੀ ਹੈ।
ਸ਼ਬਦਾਂ ਦੀ ਦਰਗਾਹ ਜਾ ਕੇ ਹੀ ਬੰਦਾ ਆਪਣੀ ਵਿਰਾਸਤ ਨੂੰ ਮਿਲਦਾ ਹੈ। ਇਸ ਦੀ ਵਿਲੱਖਣਤਾ ਅਤੇ ਵਿਕਲੋਤਰੇਪਣ ਨੂੰ ਆਪਣੇ ਲਈ ਮੂਲ-ਮੰਤਰ ਸਮਝਦਾ ਹੈ। ਇਸ ਵਿੱਚੋਂ ਹੀ ਆਪਣੀ ਜ਼ਿੰਦਗੀ ਲਈ ਉਨ੍ਹਾਂ ਭਵਿੱਖੀ ਪਲਾਂ ਨੂੰ ਕਿਆਸਦਾ ਹੈ ਜਿਸ ਵਿੱਚੋਂ ਸੂਖਮ ਸੋਝੀ ਅਤੇ ਕਮਾਲ ਦੀਆਂ ਕਲਾਵਾਂ ਦੀ ਉਤਪਤੀ ਹੁੰਦੀ ਹੈ।
ਸ਼ਬਦਾਂ ਦੀ ਜੁੂਹੇ ਕਈ ਵਾਰ ਅਚੇਤ ਰੂਪ ਵਿੱਚ ਜਾਂਦਾ ਹਾਂ ਤੇ ਕਈ ਵਾਰ ਚੇਤਨ ਰੂਪ ਵਿੱਚ। ਕਦੇ ਸੁੰਨ-ਸਮਾਧੀ ਵਿੱਚ ਜਾਂਦਾ ਹਾਂ ਤੇ ਕਦੇ ਹੋਕਰੇ ਲਾਉਂਦਿਆਂ। ਕਦੇ ਪੋਲੇ ਪੱਬੀਂ, ਪਰ ਕਈ ਵਾਰ ਨੱਚ ਕੇ ਇਸ ਦੀ ਸਰਦਲ ਦੀ ਧੂੜ ਨੂੰ ਮੱਥੇ ’ਤੇ ਲਾਉਣ ਦੀ ਤਮੰਨਾ ਪੂਰੀ ਕਰਦਾ ਹਾਂ।
ਸ਼ਬਦਾਂ ਦੀ ਦਰਗਾਹੇ ਜਾਣ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਮਨ ਵਿੱਚ ਜਾਣ ਦੀ ਤਾਂਘ ਹੋਵੇ ਤਾਂ ਜਾਣ ਦੀਆਂ ਤਦਬੀਰਾਂ ਬਣਦੀਆਂ ਹਨ। ਬਾਅਦ ਵਿੱਚ ਬੰਦਾ ਇਸ ਦਰਗਾਹ ਨੂੰ ਹਰ ਰੋਜ਼ ਮੱਥਾ ਟੇਕਣ ਲਈ ਅਹੁਲਦਾ ਹੈ ਜੋ ਉਸ ਦੇ ਜੀਵਨ ਦਾ ਨਿੱਤ ਦਾ ਕਰਮ ਬਣਦਾ ਹੈ।
ਸ਼ਬਦਾਂ ਦੀ ਦਰਗਾਹ ਜਾਣ ਤੋਂ ਕਿਸੇ ਨੂੰ ਨਾ ਹੋੜੋ ਕਿਉਂਕਿ ਤੁਹਾਡਾ ਰੋਕਣਾ ਸ਼ਬਦ-ਸ਼ਰਧਾਲੂ ਦੇ ਮਨ ਵਿੱਚ ਨਾਬਰੀ ਪੈਦਾ ਕਰ ਸਕਦਾ ਹੈ। ਇਹ ਨਾਬਰੀ ਹੀ ਬਗ਼ਾਵਤੀ ਸੁਰ ਨਾਲ ਸਮੁੱਚੀ ਫਿਜ਼ਾ ਨੂੰ ਆਪਣੀ ਲਪੇਟ ਵਿੱਚ ਲੈਂਦਾ, ਸ਼ਬਦਾਂ ਦੀ ਜੂਹ ਨੂੰ ਅਕੀਦਤਯੋਗ ਥਾਂ ਬਣਾਉਣ ਵਿੱਚ ਪ੍ਰਮੁੱਖ ਰੋਲ ਅਦਾ ਕਰਦਾ ਹੈ।
ਸ਼ਬਦਾਂ ਦੀ ਦਰਗਾਹ ਦਾ ਕੇਹਾ ਕਮਾਲ ਕਿ ਬੰਦੇ ਦੇ ਅੰਦਰ ਜਾਹੋ-ਜਲਾਲ ਪ੍ਰਗਟ ਹੁੰਦਾ ਹੈ। ਇਹ ਸ਼ਬਦਾਂ ਦਾ ਉਬਾਲ ਹੀ ਹੁੰਦਾ ਹੈ ਜਿਸ ਵਿੱਚੋਂ ਕਈ ਵਾਰ ਨਵੀਆਂ ਸੁਰਾਂ, ਨਵੇਂ ਗੀਤ, ਨਵੀਆਂ ਕਵਿਤਾਵਾਂ ਅਤੇ ਅਜ਼ੀਮ ਕਲਾ-ਕ੍ਰਿਤਾਂ ਜਨਮ ਲੈਂਦੀਆਂ ਹਨ।
ਸ਼ਬਦਾਂ ਦੀ ਦਰਗਾਹੇ ਵੱਸਦੇ ਫੱਕਰਾਂ ਵਰਗੇ ਲੋਕ।
ਜਿਹਨਾਂ ਦੀ ਲੱਗੀ ਰਹਿੰਦੀ ਖ਼ੁਦ ਦੀ ਖ਼ੁਦ ਨਾਲ ਝੋਕ।
ਸ਼ਬਦਾਂ ਦੀ ਦਰਗਾਹੇ ਜਾਂਦੇ, ਮੰਗਣ ਵਾਲੇ ਫਕੀਰ।
ਉਹਨਾਂ ਦੀ ਖਾਲੀ ਝੋਲੀ, ਲਿਸ਼ਕੇ ਚਾਨਣ ਲਕੀਰ।
ਸ਼ਬਦਾਂ ਦੀ ਦਰਗਾਹੇ ਓਟੀਂ, ਜਗੇ ਚਿਰਾਗਾਂ ਦੀ ਡਾਰ।
ਜਿਸਦੇ ਚਾਨਣ ’ਚ ਹੁੰਦਾ, ਬੰਦੇ ਦਾ ਪਾਰ-ਉਤਾਰ।
ਸ਼ਬਦਾਂ ਦੀ ਜੂਹ ਵਿੱਚ ਪਸਰੀ, ਇੱਕ ਅਲਹਾਮੀ ਚੁੱਪ।
ਜਿਸਦੀ ਆਗੋਸ਼ ’ਚ ਬੈਠਿਆਂ, ਦੁੱਖ ਵਟੇਂਦਾ ਸੁੱਖ।
ਸ਼ਬਦਾਂ ਦੀ ਜੂਹ ਸੁਣਦਾ, ਸ਼ਬਦੀਂ ਰਚਿਆ ਨਾਦ।
ਜੋ ਮਨ ਦੀ ਸੱਖਣੇ ਖੂੰਝੇ, ਭਰ ਦੇਂਦਾ ਵਿਸਮਾਦ।
ਸ਼ਬਦਾਂ ਦੇ ਰੂਹੀ ਰੰਗ ’ਚ, ਜਾਂ ਰੱਤਿਆ ਜਾਵੇ ਬੰਦਾ।
ਤਾਂ ਕਰਮ-ਧਰਮ ਜਾਪਦਾ, ਮਾਣਸ-ਰੱਤਾ ਧੰਦਾ।
ਸ਼ਬਦਾਂ ਦੀ ਦਰਗਾਹ ਜਾ ਕੇ ਹੀ ਅਸੀਂ ਆਪਣੇ ਬਚਪਨ ਨੂੰ ਮਿਲਦੇ ਹਾਂ। ਬਚਪਨੀ ਦੋਸਤਾਂ ਤੇ ਸ਼ਰਾਰਤਾਂ ਨੂੰ ਮਿਲਦੇ ਹਾਂ। ਉਨ੍ਹਾਂ ਪਲਾਂ ਨੂੰ ਸ਼ਬਦਾਂ ਵਿੱਚ ਉਲਥਾਉਂਦੇ ਹਾਂ ਜਦੋਂ ਬੇਫਿਕਰੀ ਨਾਲ ਜੀਵਨ ਦੀਆਂ ਸਭ ਨਿਆਮਤਾਂ ਨੂੰ ਮਾਣਦੇ ਸਾਂ। ਸੁਪਨਿਆਂ ਦੀ ਨਗਰੀ ਦੇ ਵਾਸੀ ਬਣੇ ਆਪਣੀਆਂ ਸੁਪਨ-ਉਡਾਰੀਆਂ ਵਿੱਚ ਵਕਤ ਦਾ ਵਿਸਥਾਰ ਕਰਦੇ ਸਾਂ।
ਇਹ ਸ਼ਬਦ ਹੀ ਹੁੰਦੇ ਸਨ ਜੋ ਸਾਨੂੰ ਕਿਤਾਬਾਂ ਅਤੇ ਧਾਰਮਿਕ ਗ੍ਰੰਥਾਂ ਰਾਹੀਂ ਸੰਬੋਧਤ ਹੁੰਦੇ ਸਨ। ਇਹ ਸ਼ਬਦ ਮਨੁੱਖ ਦਾ ਮਾਰਗ ਦਰਸ਼ਨ ਕਰਦੇ ਅਤੇ ਇਸ ਨੂੰ ਜੀਵਨ-ਜਾਚ ਦਾ ਅੰਗ ਬਣਾਉਂਦੇ ਹਨ।
ਸ਼ਬਦਾਂ ਦੀ ਦਰਗਾਹੇ ਜਾਂਦੇ, ਕੁਝ ਕੁ ਲੋਕ ਅਵੱਲੇ।
ਖ਼ੁਦ ਦੀ ਉਹ ਸਾਰ ਨਾ ਲੈਂਦੇ, ਲੋਕੀਂ ਆਖਣ ਝੱਲੇ।
ਭੀੜ ਦਾ ਨਾ ਹਿੱਸਾ ਬਣਦੇ, ਤੁਰਦੇ ਰਹਿੰਦੇ ’ਕੱਲੇ।
ਦੁਨੀਆ ਦੀਆਂ ਆਲਮੀ ਦੌਲਤਾਂ, ਹੁੰਦੀਆਂ ਉਨ੍ਹਾਂ ਦੇ ਪੱਲੇ।
ਸ਼ਬਦਾਂ ਦੀ ਦਰਗਾਹੇ ਹੁੰਦਾ, ਚੰਨ-ਤਾਰਿਆਂ ਦਾ ਡੇਰਾ
ਮੱਥੇ ਦੀਆਂ ਸੋਚਾਂ ਦਾ ਬਣਦਾ, ਅੰਬਰ ਜੇਡਾ ਘੇਰਾ।
ਇੱਥੇ ਆਵਣ ਵਾਲਿਆਂ ਲਈ, ਨਹੀਂ ਹੁੰਦਾ ਤੇਰਾ-ਮੇਰਾ
ਉਹਨਾਂ ਲਈ ਸਮੂਹ ਲੋਕਾਈ, ਹੁੰਦੀ ਚਾਰ-ਚੁਫੇਰਾ।
ਸ਼ਬਦਾਂ ਦੀ ਦਰਗਾਹੇ ਵਗਦੀ, ਅਰਥਾਂ ਦੀ ਪੁਰਵਾਈ।
ਕਲਮ-ਕ੍ਰਿਤਾਂ ਦੀ ਜੂਹ ਹੁੰਦੀ, ਅਰਥਾਂ ਨੇ ਮਹਿਕਾਈ।
ਸਮਿਆਂ ਦੇ ਵਰਕੇ ’ਤੇ ਉਕਰੇ, ਤਵਾਰੀਖ਼ੀ ਅਸ਼ਨਾਈ।
ਤੇ ਭਵਿੱਖ ਦੇ ਗਰਭ ’ਚ ਉਗਮੇ, ਜੀਵਨ ਦੀ ਰੁਸ਼ਨਾਈ।
ਸਾਡੇ ਧਾਰਮਿਕ ਗ੍ਰੰਥ ਸ਼ਬਦਾਂ ਦੀ ਸਭ ਤੋਂ ਉੱਚੀ ਤੇ ਸੁੱਚੀ ਦਰਗਾਹ ਹੀ ਤਾਂ ਹਨ। ਇਨ੍ਹਾਂ ਵਿਚਲੀ ਸ਼ਬਦ-ਜੋਤ ਹੀ ਸਮੁੱਚੀ ਮਾਨਵਤਾ ਲਈ ਕਿਰਨਾਂ ਦਾ ਕਾਫ਼ਲਾ ਬਣਦੀ ਹੈ ਅਤੇ ਫਿਰ ਇਹ ਜੀਵਨ ਨੂੰ ਕਰਮ ਦਾਨ ਕਰਦੀਆਂ ਹਨ।
ਸ਼ਬਦਾਂ ਦੀ ਦਰਗਾਹ ਸ਼ਬਦ ਇੱਕ ਦੂਜੇ ਨੂੰ ਮਿਲਦੇ ਅਤੇ ਇੱਕ ਦੂਜੇ ਦਾ ਦਰਦ ਜਾਣਦੇ ਹਨ। ਇੱਕ ਦੂਜੇ ਨਾਲ ਸ਼ਬਦੀ ਸਾਂਝ ਵਧਾਉਂਦੇ ਅਤੇ ਅਰਥ ਗਲਵਕੜੀ ਪਾਉਂਦੇ ਹਨ। ਸ਼ਬਦਾਂ ਦਾ ਇੱਕ ਪ੍ਰਵਾਹ ਦਰਗਾਹ ਤੋਂ ਸ਼ੁਰੂ ਹੋ ਕੇ ਸਮੁੱਚੀ ਕਾਇਨਾਤ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ। ਇਹ ਸ਼ਬਦਾਂ ਦੀ ਦਰਗਾਹ ਵਿੱਚ ਸ਼ਬਦਾਂ ਦੀ ਜੁਗਲਬੰਦੀ ਦਾ ਹੀ ਕਮਾਲ ਹੈ ਕਿ ਸ਼ਬਦਾਂ ਵਿੱਚੋਂ ਹੋਰ ਸ਼ਬਦ ਪੈਦਾ ਹੁੰਦੇ ਹਨ। ਫਿਰ ਕਿਤਾਬਾਂ ਜਨਮ ਲੈਂਦੀਆਂ ਹਨ। ਕਿਤਾਬਾਂ ਦਾ ਕਾਫ਼ਲਾ ਪਾਠਕ ਦੇ ਮਨ-ਮਸਤਕ ਵਿੱਚ ਬੈਠ ਕੇ ਜੀਵਨ ਜੁਗਤਾਂ ਨੂੰ ਉਨ੍ਹਾਂ ਦੇ ਨਾਮ ਲਾਉਂਦਾ ਹੈ ਜਿਸ ਦੇ ਮਨ ਵਿੱਚ ਇਨ੍ਹਾਂ ਨੂੰ ਅਪਣਾਉਣ ਦੀ ਜਗਿਆਸਾ ਹੁੰਦੀ ਹੈ।
ਸ਼ਬਦਾਂ ਦੀ ਦਰਗਾਹ ਦਾ ਸਫ਼ਰ ਪੈਰਾਂ ਨਾਲ ਨਹੀਂ ਸਗੋਂ ਮਾਨਸਿਕ ਧਰਾਤਲ ਤੋਂ ਸ਼ੁਰੂ ਹੋ ਕੇ ਮਾਨਸਿਕ ਪੱਧਰ ’ਤੇ ਹੀ ਖ਼ਤਮ ਹੁੰਦਾ ਹੈ। ਇਹ ਮਨ ਤੋਂ ਸੋਚ ਅਤੇ ਫਿਰ ਇਹ ਸੋਚ ਕਰਮ ਵਿੱਚ ਤਬਦੀਲ ਹੋ ਕੇ ਨਵੇਂ ਕੀਰਤੀਮਾਨਾਂ ਦੀ ਸਿਰਹਜਣਹਾਰੀ ਬਣ ਜਾਂਦੀ ਹੈ। ਪੈਰੀਂ ਤੁਰ ਕੇ ਜਾਣ ਵਾਲੇ ਲੋਕ ਸਿਰਫ਼ ਆਉਣ ਜਾਣ ਦੇ ਪੈਂਡੇ ਵਿੱਚ ਹੀ ਆਪਣਾ ਜੀਵਨ ਵਿਅਰਥ ਗੁਆ ਦਿੰਦੇ ਹਨ। ਲੋੜ ਹੈ ਕਿ ਅਸੀਂ ਰੂਹ ਤੋਂ ਸ਼ਬਦਾਂ ਦੀ ਦਰਗਾਹ ਅਕੀਦਤ ਕਰਨ ਜਾਈਏ। ਅਕੀਦਤ ਵਿੱਚੋਂ ਮਨੁੱਖ ਉਹ ਸਭ ਕੁਝ ਹਾਸਲ ਕਰ ਲੈਂਦਾ ਹੈ ਜਿਸ ਦੀ ਲੋਚਾ ਉਸ ਨੇ ਕਦੇ ਆਪਣੇ ਮਨ ਵਿੱਚ ਪਾਲੀ ਹੁੰਦੀ ਹੈ।
ਸਮੁੱਚੀ ਗੁਰਬਾਣੀ ਸ਼ਬਦ ਦੀ ਮਹਿਮਾ ਨਾਲ ਭਰੀ ਹੋਈ ਹੈ ਕਿਉਂਕਿ ਸ਼ਬਦ ਹੀ ਜੀਵਨ ਦਾ ਸੱਚ ਤੇ ਸਾਰ ਹੈ। ਜੀਵਨ ਦਾ ਜਲੌਅ ਅਤੇ ਆਧਾਰ ਹੈ। ਸ਼ਬਦਾਂ ਦੇ ਸੰਸਾਰ ਦੀਆਂ ਰੰਗੀਨੀਆਂ ਲੁਭਾਉਣੀਆਂ ਵੀ ਹੁੰਦੀਆਂ, ਮਨਮੋਹਣੀਆਂ ਵੀ ਅਤੇ ਭਰਮਾਉਣੀਆਂ ਵੀ ਹੁੰਦੀਆਂ ਹਨ। ਇਨ੍ਹਾਂ ਰੰਗਾਂ ਵਿੱਚੋਂ ਖ਼ੁਦ ਨੂੰ ਸਤਯੁੱਗੀ ਰੰਗਾਂ ਨਾਲ ਰੰਗਣਾ ਜਾਂ ਆਲੇ-ਦੁਆਲੇ ਵਿੱਚ ਕਾਲਖ਼ ਦਾ ਵਪਾਰ ਕਰਨਾ, ਇਹ ਮਨੁੱਖੀ ਤਾਸੀਰ ਅਤੇ ਤਰਬੀਅਤ ’ਤੇ ਨਿਰਭਰ ਕਰਦਾ ਹੈ।
ਸ਼ਬਦਾਂ ਦੀ ਦਰਗਾਹ ਵਿੱਚ ਜਾ ਕੇ ਰੂਹ ਨੂੰ ਸੁੱਚੇ ਸ਼ਬਦਾਂ ਦੇ ਰੰਗ ਵਿੱਚ ਰੰਗੋ। ਤੁਸੀਂ ਖ਼ੁਦ ਵੀ ਸੁੱਚਮ ਦੇ ਸਮੁੰਦਰ ਦਾ ਮੁਹਾਂਦਰਾ ਬਣ ਜਾਵੋਗੇ। ਸ਼ਬਦਾਂ ਦੀ ਦਰਗਾਹ ਤੁਹਾਡੇ ਅੰਦਰ ਵੀ ਹੁੰਦੀ ਹੈ। ਇਸ ਦਰਗਾਹ ਨੂੰ ਕਦੇ ਵੀ ਨਾ ਵਿਸਾਰੋ। ਸਗੋਂ ਇਸ ਨੂੰ ਸਿੱਜਦਾ ਕਰਦੇ ਰਹੋ। ਇਸ ਦੀ ਸਦਾਕਤ ਵਿੱਚੋਂ ਹੀ ਮਨੁੱਖ ਨੂੰ ਮਿਲਦੀ ਹੈ ਸਫ਼ਾਕਤ। ਮਨ ਵਿੱਚ ਮੌਲਦੀ ਹੈ ਲਿਆਕਤ। ਤੁਸੀਂ ਕਰਦੇ ਹੋ ਖ਼ੁਦ ਹੀ ਖੁ਼ਦ ਦੀ ਜ਼ਿਆਰਤ ਅਤੇ ਇਹ ਜ਼ਿਆਰਤ ਹੀ ਬੰਦੇ ਲਈ ਹੁੰਦੀ ਹੈ ਇਨਾਇਤ।
News Source link
#ਸ਼ਬਦ #ਦ #ਦਰਗਹ