37.5 C
Patiāla
Monday, June 24, 2024

ਲੰਡਨ ਦੀ ਧੜਕਣ

Must read


ਹਰਜੀਤ ਅਟਵਾਲ

ਤੁਸੀਂ ਜਿਸ ਸ਼ਹਿਰ ਜਾਂ ਪਿੰਡ ਵਿੱਚ ਰਹਿੰਦੇ ਹੋ, ਉਸ ਦੀਆਂ ਇਮਾਰਤਾਂ, ਪਾਰਕਾਂ, ਸੜਕਾਂ ਆਦਿ ਨਾਲ ਖਾਸ ਮੋਹ ਜਿਹਾ ਹੋ ਜਾਂਦਾ ਹੈ। ਮੈਨੂੰ ਵੀ ਲੰਡਨ ਨਾਲ ਇਵੇਂ ਹੀ ਹੈ ਖਾਸ ਕਰਕੇ ਲੰਡਨ ਦੇ ਓਰਬਿਟਲ ਮੋਟਰਵੇਅ ਐੱਮ-25 ਨਾਲ। ਇਹ ਲੰਡਨ ਦੇ ਦੁਆਲੇ ਘੁੰਮਦੀ ਰਿੰਗ ਰੋਡ ਹੈ। ਇਸ ਨੂੰ ਅਸਮਾਨ ਵਿੱਚੋਂ ਦੇਖਿਆ ਜਾਵੇ ਤਾਂ ਇਹ ਲੰਡਨ ਦੁਆਲੇ ਹਾਰ ਜਿਹਾ ਜਾਪਦੀ ਹੈ। ਰਿੰਗ ਰੋਡ ਤਾਂ ਹਰ ਸ਼ਹਿਰ ਵਿੱਚ ਹੁੰਦੇ ਹਨ, ਪਰ ਲੰਡਨ ਓਰਬਿਟ ਸਾਰੇ ਰਿੰਗ ਰੋਡ’ਜ਼ ਦੀ ਹੈੱਡ ਹੈ। ਯੂਰਪ ਦੀ ਇਹ ਸਭ ਤੋਂ ਵੱਡੀ ਰਿੰਗ ਰੋਡ ਹੈ। ਯੂਕੇ ਮੁਲਕ ਦਾ ਛੋਟਾ ਹੋਣਾ, ਇਸ ਨੂੰ ਹੋਰ ਵੀ ਮਹੱਤਵਪੂਰਨ ਬਣਾ ਜਾਂਦਾ ਹੈ।

ਤੁਸੀਂ ਡਰਾਈਵਰ ਹੋ, ਲੰਡਨ ਵਿੱਚ ਰਹਿੰਦੇ ਹੋ ਤਾਂ ਐੱਮ-25 ਤੁਹਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੋਵੇਗੀ। ਇਸ ਉੱਪਰੋਂ ਗੁਜ਼ਰਨ ਤੋਂ ਬਿਨਾਂ ਤੁਹਾਡਾ ਗੁਜ਼ਾਰਾ ਨਹੀਂ ਹੋਵੇਗਾ। ਮੈਨੂੰ ਵੀ ਤਕਰੀਬਨ ਹਰ ਰੋਜ਼ ਇਸ ਦੀ ਵਰਤੋਂ ਕਰਨੀ ਪੈਂਦੀ ਹੈ, ਚਾਹੇ ਕੰਮ ’ਤੇ ਜਾਣਾ ਹੋਵੇ ਜਾਂ ਕਿਸੇ ਰਿਸ਼ਤੇਦਾਰ-ਦੋਸਤ ਨੂੰ ਮਿਲਣ। ਇਸ ਰੋਡ ਨੂੰ ਵਰਤਣ ਦਾ ਸੁਖਦ ਤਜਰਬਾ ਵੀ ਹੈ, ਦੁਖਦ ਵੀ। ਸੁਖਦ ਇਸ ਲਈ ਕਿ ਜੇ ਮੈਂ ਕੈਂਟ ਵਿੱਚ ਵਸਦੇ ਰਿਸ਼ਤੇਦਾਰਾਂ ਨੂੰ ਮਿਲਣ ਜਾਣਾ ਹੋਵੇ ਤਾਂ ਲੰਡਨ ਵਿੱਚੋਂ ਦੀ ਮੇਰਾ ਸਫ਼ਰ ਤੀਹ ਕੁ ਮੀਲ ਹੋਵੇਗਾ ਤੇ ਐੱਮ-25 ਤੋਂ 75 ਮੀਲ ਦਾ, ਪਰ ਲੰਡਨ ਵਿੱਚੋਂ ਦੀ ਲੰਘਣ ਲਈ ਢਾਈ-ਤਿੰਨ ਘੰਟੇ ਲੱਗ ਜਾਣਗੇ ਤੇ ਪੰਦਰਾਂ ਪੌਂਡ ਕੰਜੈਸ਼ਨ-ਚਾਰਜਜ ਵੀ। ਦੂਜੇ ਪਾਸੇ ਐੱਮ-25 ਤੋਂ ਸਿਰਫ਼ ਸਵਾ ਘੰਟਾ ਲੱਗੇਗਾ। ਦੁਖਦ ਇਸ ਕਰਕੇ, ਜੇਕਰ ਇਸ ਮੋਟਰਵੇਅ ’ਤੇ ਟਰੈਫਿਕ ਪੈ ਗਿਆ ਤਾਂ ਸਵਾ ਘੰਟੇ ਦੀ ਥਾਂ ਕਈ ਘੰਟੇ ਵੀ ਲੱਗ ਸਕਦੇ ਹਨ। ਮੇਰੇ ਨਾਲ ਕਈ ਵਾਰ ਇਵੇਂ ਹੋਇਆ, ਪਾਰਟੀ ’ਤੇ ਜਾਂਦਿਆਂ ਇਸ ’ਤੇ ਇਵੇਂ ਟਰੈਫਿਕ ਵਿੱਚ ਫਸਿਆ ਹਾਂ ਕਿ ਪਾਰਟੀ ਖਤਮ ਹੋਣ ਵੇਲੇ ਹੀ ਪੁੱਜ ਹੁੰਦਾ ਹੈ। ਇਸ ਈਸਟਰ ਦੀਆਂ ਛੁੱਟੀਆਂ ਵੇਲੇ ਐੱਮ-25 ਉੱਪਰ ਸਤਾਈ ਮੀਲ ਲੰਮਾ ਜਾਮ ਲੱਗਿਆ ਹੋਇਆ ਸੀ। ਅੱਠ ਘੰਟੇ ਇਸ ਨੂੰ ਕਲੀਅਰ ਹੋਣ ਲਈ ਲੱਗ ਗਏ। ਇਹ ਯੂਕੇ ਦਾ ਸਭ ਤੋਂ ਵੱਧ ਜਾਮ ਲੱਗਣ ਵਾਲਾ ਮੋਟਰਵੇਅ ਹੈ। ਜਦੋਂ ਇਹ ਬਣਾਇਆ ਗਿਆ ਸੀ ਤਾਂ ਇਸ ਦੀ ਸਮਰੱਥਾ ਇੱਕ ਲੱਖ ਵਾਹਨਾਂ ਦੀ ਸੀ, ਪਰ ਜਲਦੀ ਹੀ ਇਸ ਉੱਪਰੋਂ ਦੋ ਲੱਖ ਵਾਹਨ ਲੰਘਣ ਲੱਗੇ ਤੇ ਇਸ ਨੂੰ ਅਪਗ੍ਰੇਡ ਕਰਨਾ ਪਿਆ। ਅਪਗ੍ਰੇਡ ਤਾਂ ਇਸ ਨੂੰ ਹਾਲੇ ਤੱਕ ਕੀਤਾ ਜਾ ਰਿਹਾ ਹੈ। ਹੁਣ ਇਸ ਨੂੰ ਸਮਾਰਟ ਮੋਟਰਵੇਅ ਬਣਾਇਆ ਜਾ ਰਿਹਾ ਹੈ।

ਅੰਦਰਲੇ ਲੰਡਨ ਵਿੱਚ ਰਿੰਗ ਰੋਡ ਹੈ ਹੀ ਸੀ, ਪਰ ਟਰੈਫਿਕ ਵਧਣ ਨਾਲ ਵੱਡੇ ਲੰਡਨ ਦੁਆਲੇ ਨਵਾਂ ਰਿੰਗ ਰੋਡ ਬਣਾਇਆ ਗਿਆ। ਜਿਸ ਨੂੰ ਨੌਰਥ ਸਰਕੂਲਰ ਰੋਡ ਤੇ ਸਾਊਥ ਸਰਕੂਲਰ ਰੋਡ ਕਿਹਾ ਜਾਂਦਾ ਹੈ। ਟਰੈਫਿਕ ਦੇ ਵਧਣ ਨਾਲ ਇਹ ਛੋਟੇ ਪੈਣ ਲੱਗ ਪਏ ਤੇ ਐੱਮ-25 ਬਣਾਉਣਾ ਪਿਆ। ਤਤਕਾਲੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਨੇ ਇਸ ਨੂੰ 1986 ਵਿੱਚ ਖੋਲ੍ਹਿਆ ਸੀ। ਇਹ ਥੇਮਜ਼ ਦਰਿਆ ਦੇ ਦੱਖਣ ਵੱਲੋਂ ਡਾਰਟਫੋਰਟ-ਕਰਾਸਿੰਗ ਤੋਂ ਸ਼ੁਰੂ ਹੁੰਦਾ ਹੈ ਤੇ ਬਾਹਰੋ-ਬਾਹਰ ਪੂਰਾ ਲੰਡਨ ਵਗਲ਼ਦਾ ਹੋਇਆ, 117 ਮੀਲ ਦਾ ਓਰਬਿਟ ਬਣਾਉਂਦਾ ਹੋਇਆ ਥੇਮਜ਼ ਦੇ ਉੱਤਰ ਵੱਲ ਥਰੱਕ ਸ਼ਹਿਰ ਵਿੱਚ ਆ ਕੇ ਜੁੜ ਜਾਂਦਾ ਹੈ। ਡਾਰਟਫੋਰਡ ਕਰਾਸਿੰਗ ਦੇ ਨੇੜੇ ਆ ਕੇ ਇਹ ਮੋਟਰਵੇਅ ਨਹੀਂ ਰਹਿੰਦਾ ਬਲਕਿ ਟਰੰਕ ਰੋਡ ਬਣ ਜਾਂਦਾ ਹੈ ਤੇ ਇਸ ਦਾ ਨਾਂ ਵੀ ਏ-282 ਹੋ ਜਾਂਦਾ ਹੈ। ਇਸ ਥੋੜ੍ਹੀ ਜਿਹੀ ਜਗ੍ਹਾ ਵਿੱਚ ਮੋਟਰਵੇਅ ਵਾਲੇ ਕਾਨੂੰਨ ਲਾਗੂ ਨਹੀਂ ਹੁੰਦੇ। ਇਸ ਦਾ 117 ਮੀਲ ਦਾ ਸਫ਼ਰ ਜੇ ਤੁਸੀਂ ਲਗਾਤਾਰ ਸੱਤਰ ਮੀਲ ਦੀ ਪ੍ਰਵਾਨਿਤ ਸਪੀਡ ’ਤੇ ਚਲਦੇ ਜਾਵੋ ਤਾਂ ਇੱਕ ਘੰਟਾ ਚਾਲੀ ਮਿੰਟ ਵਿੱਚ ਤੈਅ ਕਰ ਸਕਦੇ ਹੋ। ਇਸ ਦੇ ਦੋਵੇਂ ਪਾਸਿਆਂ ਦੇ ਸਫ਼ਰ ਨੂੰ ‘ਕਲੌਕਵਾਈਜ਼’ ਤੇ ‘ਐਂਟੀਕਲੌਕਵਾਈਜ਼’ ਕਿਹਾ ਜਾਂਦਾ ਹੈ।

ਦੂਜੇ ਮਹਾਯੁੱਧ ਤੋਂ ਪਹਿਲਾਂ ਯੂਕੇ ਵਿੱਚ ਕੋਈ ਮੋਟਰਵੇਅ ਨਹੀਂ ਸੀ। ਪਹਿਲਾ ਮੋਟਰਵੇਅ 1958 ਵਿੱਚ ਬਣਦਾ ਹੈ। ਕਹਿੰਦੇ ਹਨ ਕਿ ਯੁੱਧ ਵਿਨਾਸ਼ ਦੇ ਨਾਲ-ਨਾਲ ਤਰੱਕੀ ਦਾ ਕਾਰਨ ਵੀ ਬਣਦੇ ਹਨ। ਯੂਰਪ ਜਾਂ ਘੱਟੋ-ਘੱਟ ਯੂਕੇ ਨਾਲ ਜ਼ਰੂਰ ਇਵੇਂ ਹੋਇਆ ਹੈ, ਬਹੁਤੀ ਤਰੱਕੀ ਦੂਜੇ ਮਹਾਯੁੱਧ ਤੋਂ ਬਾਅਦ ਦੀ ਹੀ ਹੈ। ਦੂਜਾ ਮਹਾਯੁੱਧ ਖਤਮ ਹੁੰਦਿਆਂ ਹੀ ਪੈਟਰਿਕ ਐਬਰਕਰੌਂਬੀ ਨਾਂ ਦੇ ਬੰਦੇ ਨੇ ਲੰਡਨ ਓਰਬਿਟਲ ਮੋਟਰਵੇਅ ਦਾ ਨਕਸ਼ਾ ਬਣਾਇਆ ਜਿਸ ਨੇ ਲੰਡਨ ਵਿੱਚੋਂ ਨਿਕਲਦੇ ਹਰ ਮੋਟਰਵੇਅ ਨੂੰ ਆਪਸ ਵਿੱਚ ਜੋੜਨਾ ਸੀ। ਇਹ ਨਕਸ਼ਾ ਸਰਕਾਰ ਵੱਲੋਂ ਮਨਜ਼ੂਰ ਕਰ ਲਿਆ ਗਿਆ ਸੀ, ਪਰ ਇਸ ਨੂੰ ਅਮਲੀਜਾਮਾ ਪਹਿਨਾਉਣ ਲਈ ਬਹੁਤ ਦੇਰ ਲੱਗ ਗਈ। ਇਸ ਨੂੰ ਬਣਾਉਣ ਦਾ ਕੰਮ 1975 ਵਿੱਚ ਸ਼ੁਰੂ ਹੋਇਆ। ਇਸ ਨੂੰ ਟੋਟਿਆਂ ਵਿੱਚ ਬਣਾਇਆ ਗਿਆ। ਇਹ ਮੋਟਰਵੇਅ ਲੰਡਨ ਦੇ ਦੁਆਲੇ ਉਲੀਕੀ ਗਈ ਗ੍ਰੀਨ ਬੈਲਟ ਵਿੱਚੋਂ ਲੰਘਦਾ ਸੀ, ਗ੍ਰੀਨ-ਬੈਲਟ ’ਤੇ ਨਵਾਂ ਵਿਕਾਸ ਕਰਨ ਦੀ ਮਨਾਹੀ ਹੈ। ਇਸ ਲਈ ਨੌਰਥ ਡਾਊਨਜ਼ ਤੇ ਫੌਰੇਸਟ ਇਪਿੰਗ ਵਿੱਚ ਇਸ ਨੂੰ ਲੰਘਾਉਣ ਲਈ ਟਨਲ ਬਣਾਉਣੇ ਪਏ। ਇਵੇਂ ਇਸ ਮੋਟਰਵੇਅ ਨੂੰ ਬਣਾਉਣ ਵਿੱਚ ਚੌਦਾਂ ਸਾਲ ਲੱਗ ਗਏ। ਇਸ ਦੀਆਂ ਇੱਕ ਪਾਸੇ ਦੀਆਂ ਦੋ ਤੋਂ ਲੈ ਕੇ ਛੇ ਲਾਈਨਾਂ ਹਨ। 909 ਮਿਲੀਅਨ ਪੌਂਡ ਇਸ ਨੂੰ ਬਣਾਉਣ ’ਤੇ ਖਰਚ ਆਏ। ਇਹ ਖਰਚਾ ਸਾਢੇ ਸੱਤ ਮਿਲੀਅਨ ਪੌਂਡ ਪ੍ਰਤੀ ਮੀਲ ਪੈਂਦਾ ਹੈ। ਇਸ ਉੱਪਰ ਦਸ ਹਜ਼ਾਰ ਸਟਰੀਟ ਲਾਈਟਾਂ ਹਨ, ਕਿੰਨੇ ਸਾਰੇ ਹੀ ਪੌਲਿਊਸ਼ਨ ਨੂੰ ਰੋਕਣ ਵਾਲੇ ਵਾਲਵ ਹਨ, ਪਾਣੀ ਦੇ ਵਹਾਅ ਲਈ ਵਿਸ਼ੇਸ਼ ਇੰਤਜ਼ਾਮ ਹਨ।

ਮੋਟਰਵੇਅ ਦੇ ਬਣਦਿਆਂ ਲੋਕਾਂ ਵਿੱਚ ਬਹੁਤ ਉਤਸ਼ਾਹ ਸੀ ਕਿ ਲੰਡਨ ਦੇ ਟਰੈਫਿਕ ਉੱਪਰ ਕਾਬੂ ਪਾ ਲਿਆ ਜਾਵੇਗਾ, ਪਰ ਛੇਤੀ ਹੀ ਪਤਾ ਚੱਲ ਗਿਆ ਕਿ ਇਹ ਨਾਕਾਫੀ ਹੈ। ਅਸਲ ਵਿੱਚ ਇਸ ਮੋਟਰਵੇਅ ਵਿੱਚ ਇੱਕ ਨੁਕਸ ਇਹ ਹੈ ਕਿ ਇਸ ਦੇ ਬਹੁਤ ਸਾਰੇ ਜੰਕਸ਼ਨ ਅਜਿਹੇ ਹਨ ਜੋ ਪ੍ਰਮੁੱਖ ਟਰੈਫਿਕ ਨਾਲ ਡੀਲ ਨਾ ਕਰਕੇ ਲੋਕਲ ਟਰੈਫਿਕ, ਦਫ਼ਤਰਾਂ ਜਾਂ ਰਿਟੇਲ ਡਿਵੈਲਪਮੈਂਟ ਲਈ ਵਰਤੇ ਜਾਂਦੇ ਹਨ ਜੋ ਬਾਕੀ ਦੇ ਟਰੈਫਿਕ ਲਈ ਅੜਿੱਕਾ ਬਣਦੇ ਹਨ। ਇਸ ਦਾ ਹੱਲ ਲੱਭਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇੱਕ ਕੋਸ਼ਿਸ਼ ਇਸ ਨੂੰ ਸਮਾਰਟ ਮੋਟਰਵੇਅ ਬਣਾਉਣ ਦੀ ਹੈ। ਸਮਾਰਟ ਮੋਟਰਵੇਅ ਇੱਕੀਵੀਂ ਸਦੀ ਦੀ ਕਾਢ ਹੈ ਜਾਣੀ ਕਿ ਭੀੜ ਨੂੰ ਘਟਾਉਣ ਲਈ ਕੰਟਰੋਲਡ ਮੋਟਰਵੇਅ। ਇਸ ਤਕਨੀਕ ਨੂੰ ‘ਐਕਟਿਵ ਟਰੈਫਿਕ ਮੈਨੇਜਮੈਂਟ’ ਕਿਹਾ ਜਾਂਦਾ ਹੈ। ਇਸ ਤਕਨੀਕ ਅਨੁਸਾਰ ਟਰੈਫਿਕ ਦੀ ਲੋੜ ਦੇ ਹਿਸਾਬ ਨਾਲ ਸਪੀਡ ਘਟਾ ਵਧਾ ਦਿੱਤੀ ਜਾਂਦੀ ਹੈ ਤੇ ਇਸ ਦੀ ਹਾਰਡ-ਸ਼ੋਲਡਰ ਭਾਵ ਵਾਧੂ ਰੋਡ ਜੋ ਖਰਾਬ ਕਾਰਾਂ ਲਈ ਹੁੰਦੀ ਹੈ, ਨੂੰ ਵੀ ਮੇਨ ਟਰੈਫਿਕ ਲਈ ਵਰਤਿਆ ਜਾਂਦਾ ਹੈ। ਸਕੌਟਲੈਂਡ ਵਿੱਚ ਇਸ ਨੂੰ ‘ਇੰਟੈਲੀਜੈਂਟ ਟਰਾਂਸਪੋਰਟ ਸਿਸਟਮ’ ਕਿਹਾ ਜਾਂਦਾ ਹੈ।

ਐੱਮ-25 ਬਣਦਿਆਂ ਸਾਰ ਹੀ ਚਰਚਾ ਵਿੱਚ ਆ ਗਿਆ ਸੀ ਕਿਉਂਕਿ ਥਾਂ-ਥਾਂ ਜਾਮ ਲੱਗਣ ਲੱਗੇ ਸਨ। ਅਖ਼ਬਾਰਾਂ ਵਾਲੇ ਇਸ ਦੀ ਆਲੋਚਨਾ ਕਰ ਰਹੇ ਸਨ। ਇਸ ਦਾ ਮਜ਼ਾਕ ਉਡਾਉਂਦੇ ਅਖ਼ਬਾਰਾਂ ਵਾਲੇ ਇਸ ਦੇ ਅਜੀਬ-ਅਜੀਬ ਨਾਂ ਰੱਖਣ ਲੱਗੇ ਸਨ। ਕੋਈ ਕਾਰਾਂ ਰੁਕੀਆਂ ਰਹਿਣ ਕਾਰਨ ਇਸ ਨੂੰ ਯੂਕੇ ਦਾ ਸਭ ਤੋਂ ਵੱਡਾ ਕਾਰ ਪਾਰਕ ਕਹਿੰਦਾ ਤੇ ਕੋਈ ਇਸ ਨੂੰ ਘਰਾਂ ਵਿੱਚ ਲੜਾਈ ਕਰਾਉਣ ਦਾ ਸਾਧਨ। ਕੋਈ ਇਸ ਨੂੰ ਸ਼ੈਤਾਨ ਦਾ ਸੀਗਿਲ ਵੀ ਆਖਦਾ। ਸੀਗਿਲ ਸ਼ੈਤਾਨ ਦਾ ਐੱਮ-25 ਵਰਗਾ ਗੋਲ ਨਿਸ਼ਾਨ ਹੈ ਜਿਸ ਨਾਲ ਉਹ ਜਾਦੂ ਕਰਦਾ ਹੈ।

ਐੱਮ-25 ਅਜਿਹੀ ਰੋਡ ਹੈ ਜਿਸ ਬਾਰੇ ਕਈ ਮਿੱਥਾਂ ਬਣ ਗਈਆਂ ਹਨ। ਕਿਹਾ ਜਾਂਦਾ ਹੈ ਕਿ ਇਸ ਦੇ ਹੇਠਾਂ ਗੈਂਗਲੈਂਡ ਦੀਆਂ ਲੜਾਈਆਂ ਵਿੱਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਦੱਬੀਆਂ ਹੋਈਆਂ ਹਨ। ਇੱਕ ਇਹ ਵੀ ਮਿੱਥ ਹੈ ਕਿ ਇਸ ਉੱਪਰ ਕਾਰ ਚਲਾਉਣ ਵੇਲੇ ਡਰਾਈਵਰਾਂ ਨੂੰ ਗੁੱਸਾ ਬਹੁਤ ਆਉਂਦਾ ਹੈ ਤੇ ਇਸ ਗੁੱਸੇ ਵਿੱਚ ਸ਼ੈਤਾਨ ਦਾ ਹੱਥ ਹੈ। ਕਿਉਂਕਿ ਇਸ ਦਾ ਨਕਸ਼ਾ ਸ਼ੈਤਾਨ ਦੇ ਸੀਗਿਲ ਨਾਲ ਮਿਲਦਾ ਹੈ, ਇਸ ਲਈ ਇਸ ਨੂੰ ਬਣਾਉਣ ਵਿੱਚ ਸ਼ੈਤਾਨ ਦਾ ਦਖਲ ਹੈ। ਐੱਮ-25 ਬਾਰੇ ਲਿਖੇ ਇੱਕ ਨਾਵਲ ‘ਗੁੱਡ ਓਮੈਂਟ’ ਵਿੱਚ ਕਰੌਲੀ ਨਾਂ ਦਾ ਇੱਕ ਕਿਰਦਾਰ ਇਨਸਾਨ ਦੇ ਮਨਾਂ ਵਿੱਚ ਨਿਰਾਰਥਕਤਾ ਪੈਦਾ ਕਰਦਾ ਹੈ। ਕ੍ਰਿਸ ਰੀਆ ਨਾਂ ਦੇ ਗਾਇਕ ਨੇ ਇਸ ਬਾਰੇ ਇੱਕ ਗੀਤ ਵੀ ਬਣਾਇਆ ਸੀ ਜਿਸ ਦਾ ਨਾਂ ਸੀ, ‘ਦਿ ਰੋਡ ਟੂ ਹੈੱਲ’ (ਨਰਕ ਵੱਲ ਜਾਂਦੀ ਸੜਕ)। ਪਰ ਇਸ ਦੇ ਆਲੇ-ਦੁਆਲੇ ਵਸਦੇ ਲੋਕ ਇਸ ਨੂੰ ਸ਼ੁੱਭ ਸ਼ਗਨ ਮੰਨਦੇ ਹਨ। ਉਹ ਇਸ ਨੂੰ ‘ਇਲੈੱਕਟ੍ਰਿਕ ਡੂਓ ਓਰਬੀਟਲ’ ਕਹਿੰਦੇ ਹਨ ਜਿਸ ਕਾਰਨ ਉਹ ਡਾਂਸ ਪਾਰਟੀਆਂ ਵਿੱਚ ਜਲਦੀ ਪੁੱਜ ਸਕਦੇ ਹਨ।

ਫਿਪਨ ਰੋਏ ਨਾਂ ਦੇ ਬੰਦੇ ਨੇ 2005 ਵਿੱਚ ‘ਟਰੈਵਲਿੰਗ ਐੱਮ-25 ਕਲੌਕਵਾਈਜ਼’ ਲਿਖੀ ਸੀ। ਈਅਨ ਸਿੰਕਲੇਅਰ ਨੇ 2002 ਵਿੱਚ ‘ਲੰਡਨ ਓਰਬੀਟਲ’ ਨਾਂ ਦੀ ਕਿਤਾਬ ਲਿਖੀ ਤੇ ਫਿਲਮ ਵੀ ਬਣਾਈ। ਉਸ ਨੇ ਇੱਕ ਸਾਲ ਐੱਮ-25 ਦੇ ਨਾਲ-ਨਾਲ ਤੁਰ ਕੇ ਇਸ ਨੇੜੇ ਦੀਆਂ ਖਾਸ ਥਾਵਾਂ ਦੀ ਜਾਣਕਾਰੀ ਦਿੰਦੀ ਇਹ ਫਿਲਮ ਬਣਾਈ ਸੀ। ਵੈਸੇ ਐੱਮ-25 ਦੇ ਆਲੇ-ਦੁਆਲੇ ਦੀਆਂ ਥਾਵਾਂ ਦਾ ਟੂਰ ਕਰਾਉਂਦੀ ‘ਬਰਾਈਟਨ ਐਂਡ ਹੋਵ’ ਕੰਪਨੀ ਦੀ ਇੱਕ ਬੱਸ ਵੀ ਚੱਲਦੀ ਹੈ। ਇਹ ਸੇਵਾ 2012 ਵਿੱਚ ਸ਼ੁਰੂ ਹੋਈ ਸੀ।

ਇਹ ਆਮ ਦੇਖਣ ਵਿੱਚ ਆਉਂਦਾ ਹੈ ਕਿ ਮੋਟਰਵੇਅ’ਜ਼ ਦੇ ਉੱਪਰ ਦੀ ਲੰਘਦੇ ਪੁਲਾਂ ’ਤੇ ਅਕਸਰ ਮਨਚਲੇ ਗ੍ਰੈਫਿਟੀ ਕਰ ਜਾਂਦੇ ਹਨ, ਮਤਲਬ ਕੁਝ ਨਾ ਕੁਝ ਲਿਖ ਜਾਂਦੇ ਹਨ ਜਾਂ ਕੋਈ ਤਸਵੀਰ ਬਣਾ ਜਾਂਦੇ ਹਨ। ਐੱਮ-25 ਉੱਪਰ ਵੀ ਅਜਿਹੀ ਹੀ ਗ੍ਰੈਫਿਟੀ ਕਰ ਦਿੱਤੀ ਗਈ ਸੀ ਜੋ ਬਹੁਤ ਮਸ਼ਹੂਰ ਹੋਈ ਸੀ, ਏਨੀ ਮਸ਼ਹੂਰ ਕਿ ਸੋਸ਼ਲ ਮੀਡੀਆ ਉੱਪਰ ਇਸ ਦੇ ਗਰੁੱਪ ਬਣ ਗਏ ਸਨ। ਫਿਰ ਕੀ ਸੀ ਕਿ ਲੋਕ ਸਿਰਫ਼ ਇਸ ਗ੍ਰੈਫਿਟੀ ਨੂੰ ਦੇਖਣ ਲਈ ਹੀ ਇੱਥੋਂ ਦੀ ਲੰਘਦੇ। ਜੰਕਸ਼ਨ ਸੋਲਾਂ ਤੇ ਸਤਾਰਾਂ ਦੇ ਵਿਚਕਾਰ ਚੈਲਫੈਂਟ ਵਾਇਡੱਕਟ ਰੇਲਵੇ ਪੁਲ ਪੈਂਦਾ ਹੈ, ਇਸ ਪੁਲ ਉੱਪਰ ਕਿਸੇ ਨੇ ਮੋਟੇ ਅੱਖਰਾਂ ਵਿੱਚ ਲਿਖ ਦਿੱਤਾ ਸੀ, ‘ਗਿਵ ਪੀਜ਼ ਏ ਚਾਂਸ’। ਇਹ ਬੀਟਲ ਗਰੁੱਪ ਦੇ ਮਸ਼ਹੂਰ ਗਾਇਕ ਜੌਹਨ ਲੈਨਿਨ ਦੇ ਇੱਕ ਗੀਤ ਦੀ ਪੈਰੋਡੀ ਸੀ। ਉਸ ਦਾ ਬਹੁਤ ਹੀ ਹਰਮਨ ਪਿਆਰਾ ਗੀਤ ਸੀ, ‘ਗਿਵ ਪੀਸ ਏ ਚਾਂਸ’ ਭਾਵ ਸ਼ਾਂਤੀ ਨੂੰ ਇੱਕ ਮੌਕਾ ਦਿਓ ਤੇ ਕਿਸੇ ਸ਼ਰਾਰਤੀ ਦਿਮਾਗ਼ ਨੇ ਇਸ ਨੂੰ ‘ਗਿਵ ਪੀਜ਼ ਏ ਚਾਂਸ’ ਬਣਾ ਦਿੱਤਾ। 2018 ਵਿੱਚ ਕਿਸੇ ਹੋਰ ਸ਼ਰਾਰਤੀ ਨੇ ਇਸ ਗ੍ਰੈਫਿਟੀ ਨੂੰ ਖਰਾਬ ਕਰ ਦਿੱਤਾ। ਗ੍ਰੈਫਿਟੀ ਦੇ ਪ੍ਰਸੰਸਕਾਂ ਵੱਲੋਂ ਰੇਲਵੇ ਵਿਭਾਗ ਨੂੰ ਇਹ ਲਾਈਨ ਦੁਬਾਰਾ ਲਿਖਣ ਦੀ ਬੇਨਤੀ ਕੀਤੀ ਗਈ, ਪਰ ਰੇਲਵੇ ਨੇ ਬੇਨਤੀ ਪ੍ਰਵਾਨ ਨਾ ਕੀਤੀ ਕਿਉਂਕਿ ਰੇਲਵੇ ਪੁਲ ਦਾ ਇਹ ਸੁਰੱਖਿਅਤ ਲਾਂਘਾ ਆਮ ਲੋਕਾਂ ਲਈ ਖਤਰਨਾਕ ਸਿੱਧ ਹੋ ਸਕਦਾ ਸੀ।

ਇਹ ਮੋਟਰਵੇਅ ਕਾਰਾਂ ਦੀ ਦੌੜ ਵਾਲੇ ਰੇਸ ਟਰੈਕ ਵਰਗਾ ਹੈ ਤੇ ਕਿਸੇ ਵੇਲੇ ਇਥੇ ਕਾਰਾਂ ਦੀਆਂ ਦੌੜਾਂ ਲੱਗਦੀਆਂ ਵੀ ਰਹੀਆਂ ਹਨ। ਹਾਲਾਂਕਿ ਇਹ ਦੌੜਾਂ ਗੈਰ ਕਾਨੂੰਨੀ ਹੁੰਦੀਆਂ ਸਨ, ਪਰ ਲੋਕ ਇਸ ਵਿੱਚ ਬਹੁਤ ਦਿਲਚਸਪੀ ਦਿਖਾਉਂਦੇ ਸਨ। ਜਿੱਤਣ ਵਾਲੇ ਨੂੰ ਸ਼ੈਪੇਨ ਦੀ ਬੋਤਲ ਦਿੱਤੀ ਜਾਂਦੀ ਸੀ। ਇਨ੍ਹਾਂ ਦੌੜਾਂ ਲਈ ਐੱਮ-25 ਕਲੱਬ ਬਣਾਈ ਗਈ ਸੀ। ਇਹ ਦੌੜ ਅੱਧੀ ਰਾਤ ਨੂੰ ਸ਼ੁਰੂ ਹੁੰਦੀ ਤੇ ਇੱਕ ਘੰਟੇ ਦੀ ਹੁੰਦੀ। ਇਸ ਵਿੱਚ ਕਾਰ ਦੀ ਔਸਤਨ ਸਪੀਡ 117 ਮੀਲ ਹੁੰਦੀ। ਇਹ ਦੌੜ ਸਾਊਥ ਮਿਮਜ਼ ਸਰਵਿਸ ਸਟੇਸ਼ਨ ਤੋਂ ਸ਼ੁਰੂ ਹੋ ਕੇ ਉੱਥੇ ਹੀ ਆ ਕੇ ਖਤਮ ਹੁੰਦੀ। ਡਾਰਟਫੋਰਡ-ਕਰਾਸਿੰਗ ਲਈ ਕੁਝ ਵਾਧੂ ਸਮਾਂ ਰੱਖਿਆ ਜਾਂਦਾ ਹੈ। ਐੱਮ-25 ਕਲੱਬ ਵੱਲੋਂ ਸਥਾਨਕ ਅਖ਼ਬਾਰਾਂ ਵਿੱਚ ਇਸ ਰੇਸ ਬਾਰੇ ਮਸ਼ਹੂਰੀ ਵੀ ਦਿੱਤੀ ਜਾਂਦੀ ਹੈ, ਪਰ ਅਮੀਰਾਂ ਦੀ ਖੇਡ ਹੋਣ ਕਰਕੇ ਪੁਲੀਸ ਅਣਗੌਲ ਜਾਂਦੀ ਹੈ। ਇਹ ਦੌੜਾਂ ਓਨਾ ਚਿਰ ਚੱਲਦੀਆਂ ਰਹੀਆਂ ਜਦੋਂ ਤੱਕ ਤੇਜ਼-ਰਫ਼ਤਾਰ ਫੜਨ ਵਾਲੇ ਯੰਤਰ ਈਜਾਦ ਨਹੀਂ ਹੋ ਗਏ।

ਅੱਜਕੱਲ੍ਹ ਪ੍ਰਦਸ਼ਨਕਾਰੀਆਂ ਨੇ ਐੱਮ-25 ਦਾ ਟਰੈਫਿਕ ਜਾਮ ਕਰਨ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਪ੍ਰੈੱਸ ਤੇ ਲੋਕਾਂ ਦਾ ਧਿਆਨ ਖਿੱਚਣ ਲਈ ਕੁਝ ਲੋਕ ਇੱਥੇ ਆ ਕੇ ਧਰਨਾ ਲਾ ਲੈਂਦੇ ਹਨ, ਕਈ ਤਾਂ ਆਪਣੇ ਆਪ ਨੂੰ ਗਲੂ ਲਾ ਕੇ ਮੋਟਰਵੇਅ ਨਾਲ ਜੋੜ ਲੈਂਦੇ ਹਨ। ਪਿੱਛੇ ਜਿਹੇ ਡੇਢ ਸੌ ਤੋਂ ਵੱਧ ਅਜਿਹੇ ਪ੍ਰਦਸ਼ਨਕਾਰੀ ਫੜੇ ਗਏ ਸਨ, ਹੁਣ ਉਨ੍ਹਾਂ ਉੱਪਰ ਮੁਕੱਦਮੇ ਚੱਲ ਰਹੇ ਹਨ।
ਈ-ਮੇਲ : harjeetatwal@hotmail.co.ukNews Source link
#ਲਡਨ #ਦ #ਧੜਕਣ

- Advertisement -

More articles

- Advertisement -

Latest article