ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 18 ਅਪਰੈਲ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਤੇ ਆਈਸੀਐੱਸਈ ਬੋਰਡ ਨਾਲ ਸਬੰਧਿਤ ਵਿਦਿਆਰਥੀ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰਵਾਉਣ ਲਈ ਸੋਸ਼ਲ ਮੀਡੀਆ ’ਤੇ ਇਕਜੁੱਟ ਹੋ ਗਏ ਹਨ। ਉਹ ਕਹਿ ਰਹੇ ਹਨ ਕਿ ਕਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ, ਜਿਸ ਕਰ ਕੇ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਦਾਅ ’ਤੇ ਨਾ ਲਾਇਆ ਜਾਵੇ। ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ 26 ਅਪਰੈਲ ਤੋਂ ਸ਼ੁਰੂ ਹੋ ਰਹੀਆਂ ਹਨ। ਟਵਿੱਟਰ ’ਤੇ ਹੈਸ਼ਟੈਗ ‘ਕੈਂਸਲ ਬੋਰਡ ਐਗਜ਼ਾਮ’ ਮੁਹਿੰਮ ਰਾਹੀਂ ਵਿਦਿਆਰਥੀਆਂ ਨੇ ਟਵੀਟ ਤੇ ਰੀਟਵੀਟ ਕਰ ਕੇ ਤਰਕ ਦਿੱਤਾ ਹੈ ਕਿ ਦਿੱਲੀ ਦੇ ਕਈ ਸਕੂਲ ਕਰੋਨਾ ਦੇ ਕੇਸ ਆਉਣ ਕਰ ਕੇ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਪੰਜਾਬ ਦੇ ਵਿਦਿਆਰਥੀਆਂ ਨੇ ਵੀ ਮੰਗ ਕੀਤੀ ਹੈ ਕਿ ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਜਾਂ ਤਾਂ ਆਨਲਾਈਨ ਕਰਵਾਈਆਂ ਜਾਣ ਜਾਂ ਇਨ੍ਹਾਂ ਪ੍ਰੀਖਿਆਵਾਂ ਦਾ ਬਦਲਵਾਂ ਹੱਲ ਲੱਭਿਆ ਜਾਵੇ। ਕੁਝ ਵਿਦਿਆਰਥੀ ਟਵਿੱਟਰ ’ਤੇ ਇਹ ਵੀ ਮੰਗ ਕਰ ਰਹੇ ਹਨ ਕਿ ਇਹ ਪ੍ਰੀਖਿਆਵਾਂ ਹੋਰ ਸੈਂਟਰਾਂ ਦੀ ਥਾਂ ਵਿਦਿਆਰਥੀਆਂ ਦੇ ਹੋਮ ਸੈਂਟਰਾਂ ਵਿੱਚ ਹੀ ਕਰਵਾਈਆਂ ਜਾਣ। ਦੂਜੇ ਪਾਸੇ, ਸੀਬੀਐੱਸਈ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਪ੍ਰੀਖਿਆ ਕੇਂਦਰਾਂ ਵਿਚ ਕਰੋਨਾ ਸਬੰਧੀ ਪੂਰੇ ਇੰਤਜ਼ਾਮ ਕੀਤੇ ਜਾਣਗੇ। ਵਿਦਿਆਰਥੀਆਂ ਨੇ ਮੰਗ ਕੀਤੀ ਹੈ ਕਿ ਕਰੋਨਾ ਦੇ ਕੇਸ ਹੁਣ ਮੁੜ ਵਧਣ ਲੱਗੇ ਹਨ ਤੇ ਮਾਹਿਰ ਕਰੋਨਾ ਦੀ ਚੌਥੀ ਲਹਿਰ ਦੀ ਵੀ ਪੇਸ਼ੀਨਗੋਈ ਕਰ ਰਹੇ ਹਨ। ਇਸ ਕਰ ਕੇ ਟਰਮ-1 ਦੇ ਆਧਾਰ ’ਤੇ ਹੀ ਨਤੀਜੇ ਐਲਾਨੇ ਜਾਣ।
‘ਟਰਮ-1 ਤੇ ਟਰਮ-2 ਦੇ ਨਤੀਜਿਆਂ ’ਚੋਂ ਬਿਹਤਰ ਪ੍ਰੀਖਿਆਵਾਂ ਦੇ ਮਿਲਣ ਅੰਕ’
ਕਈ ਵਿਦਿਆਰਥੀਆਂ ਨੇ ਸੋਸ਼ਲ ਮੀਡੀਆ ’ਤੇ ਮੰਗ ਕੀਤੀ ਹੈ ਕਿ ਬੋਰਡ ਟਰਮ-2 ਦੀਆਂ ਪ੍ਰੀਖਿਆਵਾਂ ਕਰਵਾਏ ਪਰ ਵਿਦਿਆਰਥੀਆਂ ਦੇ ਉਹੀ ਅੰਕ ਫਾਈਨਲ ਕੀਤੇ ਜਾਣ ਜਿਹੜੇ ਟਰਮ-1 ਜਾਂ ਟਰਮ-2 ਵਿੱਚੋਂ ਬਿਹਤਰ ਹੋਣ। ਕਈ ਵਿਦਿਆਰਥੀਆਂ ਨੇ ਸੀਬੀਐੱਸਈ ਨੂੰ ਇਸ ਬਾਰੇ ਸਪੱਸ਼ਟ ਕਰਨ ਲਈ ਕਿਹਾ ਹੈ। ਵਿਦਿਆਰਥੀਆਂ ਨੇ ਕਿਹਾ ਕਿ ਇਕ ਪਾਸਿਉਂ ਇਹ ਜਾਣਕਾਰੀ ਮਿਲ ਰਹੀ ਹੈ ਕਿ ਟਰਮ-1 ਤੇ ਟਰਮ-2 ਦੇ ਬਰਾਬਰ-ਬਰਾਬਰ ਅੰਕ ਦਿੱਤੇ ਜਾਣਗੇ ਪਰ ਕਈ ਕਹਿ ਰਹੇ ਹਨ ਕਿ ਟਰਮ-1 ਦੇ 30 ਤੇ ਟਰਮ-2 ਦੇ 70 ਫ਼ੀਸਦੀ ਅੰਕ ਦਿੱਤੇ ਜਾਣਗੇ। ਉਨ੍ਹਾਂ ਮੰਗ ਕੀਤੀ ਕਿ ਸੀਬੀਐੱਸਈ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਖ਼ਲ ਮੰਗਿਆ
ਵਿਦਿਆਰਥੀਆਂ ਨੇ ‘ਹੈਸ਼ਟੈਗ ਮੋਦੀ ਜੀ ਹੈਲਪ ਬੋਰਡ ਸਟੂਡੈਂਟਸ 2022’ ਰਾਹੀਂ ਟਵੀਟਾਂ ਦਾ ਹੜ੍ਹ ਲਿਆ ਦਿੱਤਾ ਹੈ। ਉਨ੍ਹਾਂ ਇਸ ਮਾਮਲੇ ਵਿੱਚ ਰਾਸ਼ਟਰਪਤੀ ਭਵਨ ਤੇ ਭਾਜਪਾ ਦਾ ਵੀ ਦਖ਼ਲ ਮੰਗਿਆ ਹੈ। ਕਈ ਵਿਦਿਆਰਥੀਆਂ ਨੇ ਅਖ਼ਬਾਰ ਦੀਆਂ ਕਟਿੰਗ ਵੀ ਲਾਈਆਂ ਹਨ, ਜਿਸ ਵਿੱਚ ਕਰੋਨਾ ਦੇ ਇਲਾਜ ਲਈ ਹਸਪਤਾਲ ਵਿੱਚ ਭਰਤੀ 27 ਫ਼ੀਸਦੀ ਬੱਚਿਆਂ ਦੀਆਂ ਖ਼ਬਰਾਂ ਵੀ ਹਨ। ਉਨ੍ਹਾਂ ਮੰਗ ਕੀਤੀ ਕਿ ਇਹ ਪ੍ਰੀਖਿਆਵਾਂ ਰੱਦ ਕੀਤੀਆਂ ਜਾਣ।