35 C
Patiāla
Thursday, June 8, 2023

ਕੈਦੀਆਂ ਨੂੰ ਆਪਣੇ ਨਾਂ ’ਤੇ ਸਿਮ ਲੈ ਕੇ ਦੇਣ ਵਾਲੇ ਖ਼ਿਲਾਫ਼ ਹੋਵੇਗੀ ਕਾਰਵਾਈ: ਬੈਂਸ

Must read


ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 18 ਅਪਰੈਲ

ਸੈਰ ਸਪਾਟਾ ਤੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇੱਥੇ ਕਿਹਾ ਕਿ ਜੇਲ੍ਹਾਂ ਵਿੱਚ ਮੋਬਾਈਲ ਫੋਨ ਦੀ ਵਰਤੋਂ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣਗੇ। ਇਸ ਤਹਿਤ ਜੇਲ੍ਹ ’ਚੋਂ ਜਿਸ ਵੀ ਵਿਅਕਤੀ ਦੇ ਨਾਂ ਦਾ ਸਿਮ ਪ੍ਰਾਪਤ ਹੋਵੇਗਾ, ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹ ਅੱਜ ‘ਵਿਸ਼ਵ ਵਿਰਾਸਤ ਦਿਵਸ’ ਮੌਕੇ ਦੇਸ਼ ਵੰਡ ਨਾਲ ਸਬੰਧਤ ਮਿਊਜ਼ੀਅਮ ਦਾ ਦੌਰਾ ਕਰਨ ਇੱਥੇ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਹਰਿਮੰਦਰ ਸਾਹਿਬ ਵੀ ਮੱਥਾ ਟੇਕਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੈਂਸ ਨੇ ਕਿਹਾ ਕਿ ਜੇਲ੍ਹ ਮੰਤਰੀ ਦਾ ਅਹੁਦਾ ਸਾਂਭਣ ਵੇਲੇ ਉਨ੍ਹਾਂ ਪ੍ਰਣ ਕੀਤਾ ਸੀ ਕਿ ਛੇ ਮਹੀਨੇ ਵਿਚ ਉਹ ਜੇਲ੍ਹਾਂ ਨੂੰ ਮੋਬਾਈਲ ਫੋਨਾਂ ਤੋਂ ਮੁਕਤ ਕਰ ਦੇਣਗੇ। ਪਿਛਲੀਆਂ ਸਰਕਾਰਾਂ ਨੇ ਇਸ ਸਬੰਧੀ ਕੋਈ ਠੋਸ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜੇਲ੍ਹ ’ਚੋਂ ਬਰਾਮਦ ਹੋਏ ਮੋਬਾਈਲ ’ਚੋਂ ਮਿਲੀ ਸਿਮ ਜਿਸ ਵੀ ਵਿਅਕਤੀ ਦੇ ਨਾਂ ’ਤੇ ਹੋਵੇਗੀ, ਉਸ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੇਲ੍ਹ ਅਮਲੇ ਵੱਲੋਂ ਇਸ ਸਬੰਧੀ ਲਗਾਤਾਰ ਚੌਕਸੀ ਵਰਤੀ ਜਾ ਰਹੀ ਹੈ।

ਬੈਂਸ ਨੇ ਆਖਿਆ ਕਿ ਸੈਰ ਸਪਾਟਾ ਸਨਅਤ ਵਿਕਸਤ ਕਰਨ ਲਈ ਉਨ੍ਹਾਂ ਵੱਲੋਂ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾਣਗੇ ਤਾਂ ਜੋ ਵੱਡੀ ਗਿਣਤੀ ਵਿੱਚ ਸੈਲਾਨੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸੈਰ ਸਪਾਟੇ ਲਈ ਆ ਸਕਣ। ਹੈਰੀਟੇਜ ਸਟਰੀਟ ਦਾ ਦੌਰਾ ਕਰਦਿਆਂ ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਇੱੱਥੇ ਸਫ਼ਾਈ ਦੀ ਕਮੀ ਨਜ਼ਰ ਆਈ, ਜਿਸ ਸਬੰਧੀ ਉਚੇਚਾ ਧਿਆਨ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਜੱਲ੍ਹਿਆਂਵਾਲਾ ਬਾਗ਼ ਵਿੱਚ ਸਫ਼ਾਈ ਦੀ ਘਾਟ ਹੈ। ਕਈ ਥਾਵਾਂ ’ਤੇ ਜੰਗਲੀ ਘਾਹ ਅਤੇ ਹੋਰ ਬੂਟੀ ਉੱਗੀ ਹੈ, ਜੋ ਪਹਿਲੀ ਨਜ਼ਰ ਸੈਲਾਨੀਆਂ ਦੀਆਂ ਅੱਖਾਂ ਵਿੱਚ ਰੜਕਦੀ ਹੈ। ਪ੍ਰਸ਼ਾਸਨ ਨੂੰ ਇਹ ਸਮੱਸਿਆ ਦੂਰ ਕਰਨ ਲਈ ਆਖਿਆ ਜਾਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਦਰਬਾਰ ਸਾਹਿਬ ਮੱਥਾ ਟੇਕਿਆ, ਜਿੱਥੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।

ਉਨ੍ਹਾਂ ਨੇ ਦੇਸ਼ ਦੀ ਵੰਡ ਨਾਲ ਸਬੰਧਤ ਮਿਊਜ਼ੀਅਮ ਦਾ ਵੀ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਮਿਊਜ਼ੀਅਮ ਵਿੱਚ ਪੰਜਾਬ ਹੈਰੀਟੇਜ ਤੇ ਸੈਰ ਸਪਾਟਾ ਪ੍ਰਮੋਸ਼ਨ ਬੋਰਡ ਵੱਲੋਂ ਕਰਵਾਏ ਗਏ ਪੇਂਟਿੰਗ ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਇਨਾਮ ਵੰਡੇ ਅਤੇ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਵੱਲੋਂ ਕਿਲ੍ਹਾ ਮੁਬਾਰਕ ਬਠਿੰਡਾ ’ਤੇ ਬਣਾਈ ਗਈ ਦਸਤਾਵੇਜ਼ੀ ਰਿਲੀਜ਼ ਕੀਤੀ।  

‘ਜੰਗ-ਏ-ਆਜ਼ਾਦੀ’ ਯਾਦਗਾਰ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ

ਕਰਤਾਰਪੁਰ (ਗੁਰਨੇਕ ਸਿੰਘ ਵਿਰਦੀ): ਸੈਰ ਸਪਾਟਾ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ‘ਜੰਗ-ਏ-ਆਜ਼ਾਦੀ’ ਯਾਦਗਾਰ ਦੇ ਮੀਨਾਰ ਵਿੱਚ ਆਜ਼ਾਦੀ ਘੁਲਾਟੀਆਂ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਆਜ਼ਾਦੀ ਦੇ ਸੰਘਰਸ਼ ਅਤੇ ਦੇਸ਼ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਕਰਵਾਉਣ ਲਈ ਪੰਜਾਬੀਆਂ ਵੱਲੋਂ ਪਾਏ ਗਏ ਯੋਗਦਾਨ ਨੂੰ ਬਿਆਨ ਕਰਦੀਆਂ ਗੈਲਰੀਆਂ ਦਾ ਦੌਰਾ ਕੀਤਾ ਅਤੇ ਆਜ਼ਾਦੀ ਸੰਗਰਾਮ ਨਾਲ ਸਬੰਧਤ ਲਘੂ ਫਿਲਮ ਦੇਖੀ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਯਾਦਗਾਰ ਨੌਜਵਾਨਾਂ ਵਿਚ ਦੇਸ਼ ਭਗਤੀ ਅਤੇ ਰਾਸ਼ਟਰਵਾਦ ਦੀ ਭਾਵਨਾ ਪੈਦਾ ਕਰਦੀ ਹੈ।

News Source link

- Advertisement -

More articles

- Advertisement -

Latest article