ਸ੍ਰੀਨਗਰ, 18 ਅਪਰੈਲ
ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਦਹਿਸ਼ਤਗਰਦਾਂ ਵੱਲੋਂ ਕੀਤੇ ਹਮਲੇ ਵਿੱਚ ਆਰਪੀਐਫ ਹੈੱਡ ਕਾਂਸਟੇਬਲ ਦੀ ਮੌਤ ਹੋ ਗਈ , ਜਦੋਂ ਕਿ ਇਕ ਏਐੱਸਆਈ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਅਨੁਸਾਰ ਦਹਿਸ਼ਤਗਰਦਾਂ ਨੇ ਪੁਲਵਾਮਾ ਜ਼ਿਲ੍ਹੇ ਦੇ ਕਾਕਾਪੁਰਾ ਇਲਾਕੇ ਵਿੱਚ ਚਾਹ ਦੀ ਦੁਕਾਨ ਨੇੜੇ ਹੈੱਡ ਕਾਂਸਟੇਬਲ ਸੁਰਿੰਦਰ ਸਿੰਘ ਅਤੇ ਏਐੱਸਆਈ ਦੇਵਰਾਜ ’ਤੇ ਗੋਲੀਆਂ ਚਲਾਈਆਂ। ਉਨ੍ਹਾਂ ਦੱਸਿਆ ਕਿ ਦੋਨਾਂ ਨੂੰ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਸੁਰਿੰਦਰ ਸਿੰਘ ਨੂੰ ਮਿ੍ਤ ਐਲਾਨ ਦਿੱਤਾ। ਕਾਬਿਲੇਗੌਰ ਹੈ ਕਿ ਬੀਤੇ ਤਿੰਨ ਹਫ਼ਤਿਆਂ ਤੋਂ ਦਹਿਸ਼ਤਗਰਦਾਂ ਨੇ ਵਾਦੀ ਵਿੱਚ ਸੁਰੱਖਿਆ ਬਲਾਂ ਅਤੇ ਆਮ ਨਾਗਰਿਕਾਂ ’ਤੇ ਹਮਲੇ ਤੇਜ਼ ਕਰ ਦਿੱਤੇ ਹਨ। ਇਕ ਮਹੀਨੇ ਵਿੱਚ ਹਮਲੇ ਦੀ ਇਹ ਤੀਜੀ ਘਟਨਾ ਹੈ। -ਏਜੰਸੀ