ਪਿਟਸਬਰਗ, 17 ਅਪਰੈਲ
ਅਮਰੀਕੀ ਰਾਜ ਪੈਨਸਿਲਵੇਨੀਆ ਦੇ ਪਿਟਸਬਰਗ ’ਚ ਅੱਜ ਤੜਕੇ ਇੱਕ ਪਾਰਟੀ ਦੌਰਾਨ ਹੋਈ ਗੋਲੀਬਾਰੀ ’ਚ ਦੋ ਨਾਬਾਲਗਾਂ ਦੀ ਮੌਤ ਹੋ ਗਈ ਤੇ 9 ਹੋਰ ਜ਼ਖ਼ਮੀ ਹੋ ਗੲੇ। ਪਿਟਸਬਰਗ ਪੁਲੀਸ ਨੇ ਦੱਸਿਆ ਕਿ ਸ਼ਹਿਰ ’ਚ ਕਿਰਾਏ ’ਤੇ ਲਈ ਗਈ ਇੱਕ ਥਾਂ ’ਤੇ ਅੱਧੀ ਰਾਤ ਤੋਂ ਬਾਅਦ 12.30 ਵਜੇ ਗੋਲੀਬਾਰੀ ਹੋਈ। ਘਟਨਾ ਸਮੇਂ ਮੌਕੇ ’ਤੇ 200 ਤੋਂ ਵੱਧ ਲੋਕ ਮੌਜੂਦ ਸਨ, ਜਿਨ੍ਹਾਂ ’ਚੋਂ ਬਹੁਤੇ ਨਾਬਾਲਗ ਸਨ। ਪੁਲੀਸ ਨੇ ਦੱਸਿਆ ਕਿ ਜ਼ਖ਼ਮੀਆਂ ’ਚੋਂ ਕਈਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ’ਚੋਂ 11 ਜਣੇ ਗੋਲੀਆਂ ਵੱਜਣ ਕਾਰਨ ਜ਼ਖ਼ਮੀ ਹੋੲੇ ਹਨ। ਜ਼ਖ਼ਮੀਆਂ ’ਚੋਂ ਦੋ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲੀਸ ਨੇ ਦੱਸਿਆ ਕਿ ਮੌਕੇ ਤੋਂ ਰਾਈਫਲ ਤੇ ਪਿਸਤੌਲ ਦੀਆਂ ਗੋਲੀਆਂ ਦੇ ਖੋਲ ਮਿਲੇ ਹਨ। ਪੁਲੀਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਗੋਲੀ ਚਲਾਉਣ ਵਾਲਿਆਂ ਦਾ ਅਜੇ ਪਤਾ ਨਹੀਂ ਚੱਲ ਸਕਿਆ। -ਏਪੀ
ਸ਼ਾਪਿੰਗ ਮਾਲ ’ਚ ਗੋਲੀ ਚਲਾਉਣ ਵਾਲਾ ਗ੍ਰਿਫ਼ਤਾਰ
ਕੋਲੰਬੀਆ: ਅਮਰੀਕਾ ’ਚ ਸਾਊਥ ਕੈਰੋਲੀਨਾ ਦੀ ਰਾਜਧਾਨੀ ਕੋਲੰਬੀਆ ’ਚ ਬੀਤੇ ਦਿਨ ਇੱਕ ਸ਼ਾਪਿੰਗ ਮਾਲ ’ਚ ਹੋਈ ਗੋਲੀਬਾਰੀ ਦੇ ਮਾਮਲੇ ’ਚ ਪੁਲੀਸ ਨੇ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਮਲੇ ’ਚ 14 ਜਣੇ ਜ਼ਖ਼ਮੀ ਹੋਏ ਸਨ। ਪੁਲੀਸ ਨੇ ਦੱਸਿਆ ਕਿ 22 ਸਾਲਾ ਜੈਵੇਨ ਐੱਮ ਪ੍ਰਾਈਸ ਸ਼ੁਰੂਆਤ ’ਚ ਹਿਰਾਸਤ ’ਚ ਲਏ ਗਏ ਤਿੰਨ ਸ਼ੱਕੀਆਂ ’ਚੋਂ ਇੱਕ ਹੈ। ਉਹ ਹੁਣ ਵੀ ਪੁਲੀਸ ਦੀ ਹਿਰਾਸਤ ’ਚ ਹੈ ਅਤੇ ਉਸ ਖ਼ਿਲਾਫ਼ ਗ਼ੈਰ-ਕਾਨੂੰਨੀ ਪਿਸਤੌਲ ਰੱਖਣ ਦਾ ਦੋਸ਼ ਲਾਇਆ ਜਾ ਸਕਦਾ ਹੈ। ਬੀਤੇ ਦਿਨ ਹੋਈ ਗੋਲਬਾਰੀ ਦੀ ਇਸ ਘਟਨਾ ’ਚ 14 ਜਣੇ ਜ਼ਖ਼ਮੀ ਹੋਏ ਸਨ। -ਏਪੀ