ਬਠਿੰਡਾ (ਪੱਤਰ ਪ੍ਰੇਰਕ): ਬਠਿੰਡਾ ਵਿੱਚ ਅੱਜ ਸਵੇਰੇ ਇੱਕ ਹੋਟਲ ਵਿੱਚ ਰੁਕੇ ਦੋ ਵਿਅਕਤੀਆਂ ਕੋਲੋਂ ਵਰਦੀਧਾਰੀ ਵਿਅਕਤੀਆਂ ਨੇ ਪਿਸਤੌਲ ਦਿਖਾ ਕੇ 42 ਲੱਖ ਦੀ ਨਕਦੀ ਲੁੱਟ ਲਈ। ਸਿਵਲ ਲਾਈਨ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗੁਰਪ੍ਰੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਗੋਬਿੰਦ ਐਨਕਲੇਵ ਪਟਿਆਲਾ ਤੇ ਵਰਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਜਰਮਨ ਕਲੋਨੀ ਫਰੀਦਕੋਟ ਸਥਾਨਕ ਹੋਟਲ ਫਾਈਵ ਰਿਵਰ ਨੇੜੇ ਹਨੂੰਮਾਨ ਚੌਕ ਵਿੱਚ ਰੁਕੇ ਹੋਏ ਸਨ ਤੇ ਉਨ੍ਹਾਂ ਦੇ ਨਾਲ ਵਾਲੇ ਕਮਰੇ ਵਿੱਚ ਏਜੰਟ ਦਾ ਇੱਕ ਕਰਿੰਦਾ ਨਿਸ਼ਾਨ ਸਿੰਘ ਵਾਸੀ ਨੂਰਪੁਰ ਬੇਟ ਜ਼ਿਲ੍ਹਾ ਲੁਧਿਆਣਾ ਵੀ ਰੁਕਿਆ ਹੋਇਆ ਸੀ। ਪੀੜਤਾਂ ਦਾ ਇੱਕ ਰਿਸ਼ਤੇਦਾਰ ਜੈਪੁਰ ਤੋਂ ਕੈਨੇਡਾ ਵਾਲੀ ਉਡਾਣ ਵਿੱਚ ਚੜ੍ਹਨਾ ਸੀ, ਜਿਸ ਦੀ ਪੁਸ਼ਟੀ ਹੋਣ ਮਗਰੋਂ ਉਨ੍ਹਾਂ ਆਪਣੇ ਨਾਲ ਲਿਆਂਦੀ 42 ਲੱਖ ਦੀ ਨਕਦੀ ਨਿਸ਼ਾਨ ਸਿੰਘ ਨੂੰ ਸੌਂਪਣੀ ਸੀ। ਥਾਣਾ ਸਿਵਲ ਲਾਈਨ ਪੁਲੀਸ ਦੇ ਮੁੱਖ ਅਫ਼ਸਰ ਹਰਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਸਵੇਰੇ 7 ਵਜੇ ਇਸ ਲੁੱਟ ਦੀ ਸੂਚਨਾ ਉਨ੍ਹਾਂ ਨੂੰ ਮਿਲੀ ਸੀ। ਪੀੜਤਾਂ ਨੇ ਪੁਲੀਸ ਨੂੰ ਦੱਸਿਆ ਕਿ ਸਵੇਰੇ 5 ਵਜੇ ਦੇ ਕਰੀਬ ਇੱਕ ਏਐੱਸਆਈ ਤੇ ਇੱਕ ਕਾਂਸਟੇਬਲ ਦੀ ਵਰਦੀ ਪਾਈ ਤੇ ਕੁਝ ਸਾਦਾ ਕੱਪੜਿਆਂ ਵਿੱਚ ਵਿਅਕਤੀ ਉਨ੍ਹਾਂ ਦੇ ਕਮਰੇ ਵਿੱਚ ਆਏ ਤੇ ਆਪਣੇ ਨਾਲ ਗੱਡੀ ’ਚ ਬਿਠਾ ਕੇ ਮਲੋਟ ਰੋਡ ਲੈ ਗਏ। ਉਥੇ ਉਨ੍ਹਾਂ ਪਿਸਤੌਲ ਦਿਖਾ ਕੇ ਉਨ੍ਹਾਂ ਤੋਂ 42 ਲੱਖ ਰੁਪਏ ਲੁੱਟ ਲਏ। ਇਸ ਘਟਨਾ ਤੋਂ ਬਾਅਦ ਹੋਟਲ ’ਚ ਰੁਕਿਆ ਏਜੰਟ ਦਾ ਕਰਿੰਦਾ ਤੇ ਜੈਪੁਰ ਸਥਿਤ ਉਸ ਦਾ ਸਾਥੀ ਵੀ ਫਰਾਰ ਹਨ। ਪੁਲੀਸ ਨੇ ਕੇਸ ਦਰਜ ਕਰ ਕੇ ਤਫ਼ਤੀਸ਼ ਆਰੰਭ ਦਿੱਤੀ ਹੈ।