ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 15 ਅਪਰੈਲ
ਵਿਧਾਇਕ ਡਾ. ਚਰਨਜੀਤ ਸਿੰਘ ਨੇ ਇੱਥੇ 14 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਬ-ਡਿਵੀਜ਼ਨਲ ਪੱਧਰ ਦੇ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਅਤੇ ਭੂਮੀ ਪੂਜਨ ਕੀਤਾ। ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਇੱਕ ਸਾਲ ਵਿੱਚ ਬਣਨ ਵਾਲਾ ਇਹ ਹਸਪਤਾਲ ਤਿੰਨ ਮੰਜ਼ਿਲਾ ਹੋਵੇਗਾ, ਜਿਸ ਦੀ ਬੇਸਮੈਂਟ ਵਿੱਚ ਪਾਰਕਿੰਗ, ਪਹਿਲੀ ਮੰਜ਼ਿਲ ’ਤੇ ਓਪੀਡੀ, ਹਸਪਤਾਲ ਅਤੇ ਦੂਜੀ ਮੰਜ਼ਿਲ ’ਤੇ ਬੱਚਿਆਂ ਅਤੇ ਗਾਇਨੀ ਵਾਰਡ ਬਣਾਏ ਜਾਣਗੇ, ਜਦੋਂਕਿ ਇਸ ਹਸਪਤਾਲ ਦੀ ਬਿਲਡਿੰਗ ਵਿੱਚ ਵੱਖ ਵੱਖ ਤਰ੍ਹਾਂ ਦੇ ਅਪਰੇਸ਼ਨ ਥਿਏਟਰ ਤਿਆਰ ਕੀਤੇ ਜਾਣਗੇ। ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਹਸਪਤਾਲ ਵਿੱਚ ਹਰ ਤਰ੍ਹਾਂ ਦੇ ਵਿਭਾਗ ਦੀਆਂ ਡਾਕਟਰਾਂ ਦੀਆਂ ਅਸਾਮੀਆਂ ਦਿੱਤੀਆਂ ਜਾਣਗੀਆਂ, ਟੈਸਟਾਂ ਅਤੇ ਐਕਸਰੇ ਆਦਿ ਲਈ ਅਤਿ ਆਧੁਨਿਕ ਮਸ਼ੀਨਰੀ ਸਥਾਪਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਸਪਤਾਲ ਦੀ ਇਸ ਇਮਾਰਤ ਨੂੰ ਹੈਰੀਟੇਜ਼ ਦਿੱਖ ਪ੍ਰਦਾਨ ਕੀਤੀ ਜਾਵੇਗੀ ਅਤੇ ਭਵਿੱਖ ਵਿੱਚ ਚਮਕੌਰ ਸਾਹਿਬ ਵਿਖੇ ਬਣਨ ਵਾਲੀਆਂ ਸਾਰੀਆਂ ਇਮਾਰਤਾਂ ਨੂੰ ਹੈਰੀਟੇਜ ਦਿੱਖ ਦਿੱਤੀ ਜਾਵੇਗੀ। ਇਸ ਮੌਕੇ ਕੌਂਸਲਰ ਸੁਖਬੀਰ ਸਿੰਘ, ਭੁਪਿੰਦਰ ਸਿੰਘ ਭੂਰਾ, ਸੰਗਤ ਸਿੰਘ, ਜੁਝਾਰ ਸਿੰਘ, ਮੋਹਣ ਸਿੰਘ ਅਤੇ ਨਛੱਤਰ ਸਿੰਘ ਆਦਿ ਹਾਜ਼ਰ ਸਨ।