ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 15 ਅਪਰੈਲ
ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੋਰਨਾਂ ਨੇ ਅੱਜ ਇਥੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸ਼ੁਕਰਾਨੇ ਦੀ ਅਰਦਾਸ ਕੀਤੀ। ਉਹ ਸੀਨੀਅਰ ਕਾਂਗਰਸੀ ਆਗੂਆਂ ਦੇ ਘਰ ਵੀ ਗਏ ਅਤੇ ਵੱਖ ਵੱਖ ਮੀਟਿੰਗਾਂ ਵੀ ਕੀਤੀਆਂ। ਇਨ੍ਹਾਂ ਮੀਟਿੰਗਾਂ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੂਰ ਰਹੇ ਹਨ। ਸ੍ਰੀ ਰਾਜਾ ਵੜਿੰਗ ਨੇ ਆਖਿਆ ਕਿ ਕਾਂਗਰਸ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਅੰਦਰੂਨੀ ਖਿੱਚੋਤਾਣ ਨੂੰ ਖ਼ਤਮ ਕੀਤਾ ਜਾਵੇਗਾ। ਹਰਿਮੰਦਰ ਸਾਹਿਬ ਨਤਮਸਤਕ ਹੋਣ ਮਗਰੋਂ ਉਨ੍ਹਾਂ ਨੇ ਸਾਬਕਾ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ, ਸਾਬਕਾ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨਾਲ ਮੁਲਾਕਾਤ ਕੀਤੀ। ਮਗਰੋਂ ਉਨ੍ਹਾਂ ਅੰਮ੍ਰਿਤਸਰ ਦੇ ਕੌਂਸਲਰਾਂ ਅਤੇ ਹੋਰ ਆਗੂਆਂ ਨਾਲ ਵੀ ਵੱਖਰੀ ਮੀਟਿੰਗ ਕੀਤੀ। ਜ਼ਿਕਰਯੋਗ ਹੈ ਕਿ ਕਾਂਗਰਸ ਦੇ ਕਈ ਕੌਂਸਲਰ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਹਨ। ਸ੍ਰੀ ਰਾਜਾ ਵੜਿੰਗ ਦੇ ਨਾਲ ਪੰਜਾਬ ਕਾਂਗਰਸ ਦੇ ਨਵੇਂ ਬਣੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ, ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਵੱਲੋਂ ਚੁਣੇ ਗਏ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਰਾਜ ਕੁਮਾਰ ਚੱਬੇਵਾਲ ਸਨ।