37.6 C
Patiāla
Wednesday, June 26, 2024

ਨਵੀਂ ਜੁੱਤੀ

Must read


ਸੁਰਿੰਦਰ ਗੀਤ

ਮੈਂ ਜਿਉਂ ਹੀ ਕਿਤਾਬਾਂ ਦੀ ਦੁਕਾਨ ਦੇ ਅੰਦਰ ਗਈ ਤਾਂ ਦੇਖਿਆ ਕਿ ਦੋ ਕੁੜੀਆਂ ਕਿਤਾਬਾਂ ਖਰੀਦ ਰਹੀਆਂ ਸਨ। ਉਨ੍ਹਾਂ ਕੁੜੀਆਂ ਤੇ ਦੁਕਾਨਦਾਰ ਦੀਆਂ ਗੱਲਾਂ ਬਾਤਾਂ ਤੋਂ ਪਤਾ ਲੱਗ ਗਿਆ ਕਿ ਉਹ ਜਿਸ ਕਾਲਜ ਵਿੱਚ ਪੰਜਾਬੀ ਪੜ੍ਹਾਉਂਦੀਆਂ ਸਨ, ਉਸ ਕਾਲਜ ਦੀ ਲਾਇਬ੍ਰੇਰੀ ਵਾਸਤੇ ਇਹ ਕਿਤਾਬਾਂ ਖਰੀਦ ਰਹੀਆਂ ਸਨ। ਉਹ ਦੋਵੇਂ ਕੁੜੀਆਂ ਕਾਊਂਟਰ ’ਤੇ ਖਲੋਤੀਆਂ ਸਨ ਤੇ ਲਗਾਤਾਰ ਇੱਕ ਤੋਂ ਵੱਧ ਇੱਕ ਚੰਗੀ ਕਿਤਾਬ ਕਢਵਾ ਰਹੀਆਂ ਸਨ। ਮੈਂ ਉਨ੍ਹਾਂ ਦੀ ਚੋਣ ’ਤੇ ਹੈਰਾਨ ਵੀ ਹੋ ਰਹੀ ਸਾਂ ਤੇ ਮਨ ਹੀ ਮਨ ਖੁਸ਼ੀ ਮਹਿਸੂਸ ਕਰ ਰਹੀ ਸਾਂ। ਕੁੜੀਆਂ ਬਹੁਤ ਸਾਧਾਰਨ ਜਿਹੀਆਂ ਲੱਗਦੀਆਂ ਸਨ। ਸਾਫ਼ ਸੁਥਰੇ ਸਾਦੇ ਪੰਜਾਬੀ ਪਹਿਰਾਵੇ ਤੋਂ ਉਹ ਸਾਧਾਰਨ ਘਰਾਂ ਦੀਆਂ ਧੀਆਂ ਜਾਪਦੀਆਂ ਸਨ, ਪਰ ਉਨ੍ਹਾਂ ਦੀ ਕਿਤਾਬਾਂ ਦੀ ਚੋਣ ਇਸ ਗੱਲ ਦੀ ਗਵਾਹੀ ਭਰਦੀ ਸੀ ਕਿ ਉਹ ਅਮੀਰ ਵਿਚਾਰਾਂ ਦੀਆਂ ਧਾਰਨੀ ਹਨ।

ਮੈਂ ਦੁਕਾਨ ’ਤੇ ਕੰਧ ਨਾਲ ਪਏ ਇੱਕ ਬੈਂਚ ’ਤੇ ਜਾ ਬੈਠੀ। ਦੁਕਾਨਦਾਰ ਨੇ ਮੇਰੇ ਵੱਲ ਤੱਕਿਆ। ਉਸ ਦੇ ਬੋਲਣ ਤੋਂ ਬਿਨਾਂ ਹੀ ਮੈਂ ਸਮਝ ਗਈ ਕਿ ਉਹ ਮੈਨੂੰ ਪੁੱਛ ਰਿਹਾ ਕਿ ਮੈਨੂੰ ਕੀ ਚਾਹੀਦਾ ਹੈ। ਮੈਨੂੰ ਕੋਈ ਕਾਹਲ ਨਹੀਂ ਸੀ। ਸੋ ਮੈਂ ਦੁਕਾਨਦਾਰ ਨੂੰ ਇਸ਼ਾਰੇ ਨਾਲ ਹੀ ਕਹਿ ਦਿੱਤਾ ਕਿ ਪਹਿਲਾਂ ਇਨ੍ਹਾਂ ਨੂੰ ਭੁਗਤਾ ਲਵੋ। ਵੈਸੇ ਵੀ ਉਹ ਕੁੜੀਆਂ ਮੈਨੂੰ ਬਹੁਤ ਚੰਗੀਆਂ ਲੱਗ ਰਹੀਆਂ ਸਨ। ਮੋਹ ਜਿਹਾ ਆ ਰਿਹਾ ਸੀ। ਸੋਚਿਆ ਕਿ ਜਦੋਂ ਇਹ ਵਿਹਲੀਆਂ ਹੋ ਗਈਆਂ ਤਾਂ ਗੱਲ ਕਰਾਂਗੀ। ਇਹ ਗੱਲ ਮੈਨੂੰ ਵਿਰਸੇ ਵਿੱਚ ਆਪਣੇ ਬਾਪੂ ਜੀ ਕੋਲੋਂ ਮਿਲੀ ਸੀ ਕਿ ਰਾਹ ਜਾਂਦੇ ਲੋਕਾਂ ਨਾਲ ਵੀ ਖੁੱਲ੍ਹ ਕੇ ਗੱਲਬਾਤ ਕਰ ਲੈਂਦੇ ਹਾਂ ਤੇ ਉਹ ਕੁੜੀਆਂ ਤਾਂ ਮੈਨੂੰ ਬਹੁਤ ਹੀ ਚੰਗੀਆਂ ਲੱਗ ਰਹੀਆਂ ਸਨ। ਉਹ ਆਪਣੇ ਕੰਮ ਵਿੱਚ ਰੁੱਝੀਆਂ ਹੋਈਆਂ ਸਨ ਤੇ ਮੈਂ ਕਿਸੇ ਵੀ ਹਾਲਤ ਵਿੱਚ ਉਨ੍ਹਾਂ ਦੀ ਕਿਤਾਬਾਂ ਵਿੱਚ ਲੱਗੀ ਬਿਰਤੀ ਭੰਗ ਨਹੀਂ ਸਾਂ ਕਰਨਾ ਚਾਹੁੰਦੀ।

ਗੱਲ ਇਉਂ ਹੋਈ ਕਿ ਕਈ ਦਿਨਾਂ ਤੋਂ ਕਾਰ ਕੁਝ ਪਰੇਸ਼ਾਨ ਕਰ ਰਹੀ ਸੀ। ਜਦੋਂ ਵੀ ਕਾਰ ਸਟਾਰਟ ਕਰਦੇ ਤਾਂ ਉਹ ਬੂਸਟਰ ਤੋਂ ਬਿਨਾਂ ਸਟਾਰਟ ਨਾ ਹੁੰਦੀ। ਸੋਚਿਆ ਕਿ ਜਿਸ ਦਿਨ ਲੁਧਿਆਣੇ ਗਏ ਤਾਂ ਉੱਥੋਂ ਨਵੀਂ ਬੈਟਰੀ ਪਵਾ ਲਵਾਂਗੇ। ਸੋ ਮੈਂ ਡਰਾਈਵਰ ਨੂੰ ਕਿਹਾ ਕਿ ਤੁਸੀਂ ਬੈਟਰੀ ਪਵਾ ਲਿਆਵੋ ਤੇ ਮੈਂ ਓਨਾ ਚਿਰ ਇਸ ਦੁਕਾਨ ’ਤੇ ਬੈਠਦੀ ਹਾਂ। ਮੇਰੇ ਮਨ ਵਿੱਚ ਵੀ ਕੁਝ ਨਵੀਆਂ ਕਿਤਾਬਾਂ ਦੇਖਣ ਅਤੇ ਖਰੀਦਣ ਦਾ ਚਾਅ ਸੀ।

ਦੁਕਾਨਦਾਰ ਲਗਾਤਾਰ ਕਿਤਾਬਾਂ ਕੱਢ ਕੱਢ ਦਿਖਾ ਰਿਹਾ ਸੀ। ਅਚਾਨਕ ਹੀ ਉਸ ਨੇ ਮੇਰੀ ਕਿਤਾਬ ‘ਚੰਦ ਸਿਤਾਰੇ ਮੇਰੇ ਵੀ ਨੇ’ ਕਾਉਂਟਰ ’ਤੇ ਰੱਖ ਦਿੱਤੀ।

ਉਨ੍ਹਾਂ ’ਚੋਂ ਇੱਕ ਕੁੜੀ ਨੇ ਉਹ ਕਿਤਾਬ ਕਾਹਲੀ ਨਾਲ ਚੁੱਕ ਲਈ ਤੇ ਕਿਤਾਬ ’ਤੇ ਛਪੀ ਮੇਰੀ ਤਸਵੀਰ ਦੂਸਰੀ ਨੂੰ ਦਿਖਾਉਂਦੀ ਹੋਈ ਕਹਿਣ ਲੱਗੀ “ਆਹ ਤਾਂ ਭੂਆ ਜੀ ਦੀ ਕਿਤਾਬ ਹੈ।”

“ਕਿਹੜੇ ਭੂਆ ਜੀ?” ਦੂਸਰੀ ਕੁੜੀ ਨੇ ਉਤਸੁਕਤਾ ਨਾਲ ਪੁੱਛਿਆ।

ਮੇਰੇ ਕੰਨੀਂ ਵੀ ਇਹ ਆਵਾਜ਼ ਪੈ ਗਈ ਜਾਂ ਇਉਂ ਕਹਿ ਲਵੋ ਕਿ ਮੈਂ ਵੀ ਕੰਨ ਚੁੱਕ ਲਏ। ਵੈਸੇ ਵੀ ਇਹ ਸੁਭਾਵਕ ਹੁੰਦਾ ਹੈ ਕਿ ਲੇਖਕ ਦੇ ਕੰਨੀਂ ਉਸ ਦੀ ਕਵਿਤਾ, ਕਹਾਣੀ ਜਾਂ ਕਿਤਾਬ ਦੀ ਗੱਲ ਜਿੰਨੀ ਮਰਜ਼ੀ ਕੋਈ ਹੌਲੀ ਕਰੇ, ਉਸ ਦੇ ਕੰਨੀਂ ਪੈ ਜਾਂਦੀ ਹੈ। ਨਾਮ ਲਵੋ ਸਹੀ ਉਹ ਕੰਨ ਖੜ੍ਹੇ ਕਰ ਲਵੇਗਾ।

‘ਚੰਦ ਸਿਤਾਰੇ ਮੇਰੇ ਵੀ ਨੇ’ ਕੁਝ ਦਿਨ ਪਹਿਲਾਂ ਹੀ ਛਪੀ ਸੀ। ਹੈਰਾਨੀ ਇਸ ਗੱਲ ਦੀ ਸੀ ਕਿ ਉਸ ਕੁੜੀ ਨੇ ਕਿਹਾ ਸੀ “ਇਹ ਤਾਂ ਭੂਆ ਜੀ ਦੀ ਕਿਤਾਬ ਹੈ।”

ਨਾ ਚਾਹੁੰਦੇ ਹੋਏ ਵੀ ਮੈਥੋਂ ਰਿਹਾ ਨਾ ਗਿਆ, “ਹਾਂ, ਬੇਟਾ ਇਹ ਮੇਰੀ ਕਿਤਾਬ ਹੈ।”

ਉਨ੍ਹਾਂ ਕੁੜੀਆਂ ਨੇ ਪਿਛਾਂਹ ਭੌਂ ਕੇ ਮੇਰੇ ਵੱਲ ਤੱਕਿਆ। ਅਜੇ ਤੱਕ ਉਨ੍ਹਾਂ ਨੂੰ ਸ਼ਾਇਦ ਇਹ ਵੀ ਪਤਾ ਨਹੀਂ ਸੀ ਕਿ ਮੈਂ ਪਿੱਛੇ ਬੈਠੀ ਉਨ੍ਹਾਂ ਨੂੰ ਦੇਖ ਰਹੀ ਹਾਂ।

“ਭੂਆ ਜੀ, ਤੁਸੀਂ ਲਿਖਦੇ ਹੋ?” ਜਿਸ ਕੁੜੀ ਨੇ ਭੂਆ ਜੀ ਕਿਹਾ ਸੀ ਉਸ ਨੇ ਮੇਰੇ ਵੱਲ ਵਧਦਿਆਂ ਪੁੱਛਿਆ।

“ਹਾਂ”, ਮੈਂ ਕਿਹਾ।

“ਭੂਆ ਜੀ ਤੁਸੀਂ ਮੈਨੂੰ ਸਿਆਣਿਆ ਨਹੀ?” ਉਸ ਨੇ ਫਿਰ ਕਿਹਾ।

ਮੈਂ ਹੈਰਾਨ ਹੋਣ ਦੇ ਨਾਲ ਨਾਲ ਖੁਸ਼ ਵੀ ਸਾਂ। ਉਸ ਦਾ ਮੈਨੂੰ ਭੂਆ ਜੀ ਕਹਿਣਾ ਬਹੁਤ ਹੀ ਚੰਗਾ ਲੱਗ ਰਿਹਾ ਸੀ।

“ਨਹੀਂ ਬੇਟਾ, ਦੇਖਿਆ ਦੇਖਿਆ ਲੱਗਦਾ ਹੈ।” ਮੈਂ ਕਿਹਾ।

“ਮੈਂ ਮਨਜੀਤ ਆਂ। ਤੁਸੀਂ ਮੈਨੂੰ ਬੂਟ ਤੇ ਚੱਪਲਾਂ ਲੈ ਕੇ ਦਿੱਤੀਆਂ ਸਨ, ਨਿਹਾਲ ਸਿੰਘ ਵਾਲੇ ਤੋਂ।” ਹੁਣ ਉਹ ਮੇਰੇ ਨਾਲ ਬੈਂਚ ’ਤੇ ਬੈਠ ਗਈ ਤੇ ਉਸ ਨੇ ਮੈਨੂੰ ਗਲਵਕੜੀ ਪਾ ਲਈ। ਮੈਂ ਵੀ ਆਪਣੇ ਵੱਲੋਂ ਪੂਰਾ ਪਿਆਰ ਜਤਾਇਆ।

ਮਨਜੀਤ ਨੇ ਦੂਸਰੀ ਕੁੜੀ ਦੀ ਜਾਣ ਪਹਿਚਾਣ ਕਰਵਾਈ ਤੇ ਦੱਸਿਆ ਕਿ ਇਹ ਮੋਗੇ ਤੋਂ ਹੈ। ਕਾਲਜ ਵਿੱਚ ਪੜ੍ਹਾਉਂਦੀ ਹੈ ਤੇ ਇਸ ਦਾ ਨਾਮ ਅਮਰਜੀਤ ਹੈ। ਦੂਸਰੀ ਕੁੜੀ ਵੀ ਮੈਨੂੰ ਪੂਰੇ ਅਪਣੱਤ ਨਾਲ ਮਿਲੀ। ਹੁਣ ਉਹ ਦੋਵੇਂ ਕੁੜੀਆਂ ਮੈਨੂੰ ਭੂਆ ਜੀ ਭੂਆ ਜੀ ਆਖ ਰਹੀਆਂ ਸਨ। ਮਨਜੀਤ ਨੂੰ ਦੇਖ ਕੇ ਮੈਨੂੰ ਮਹਿਸੂਸ ਹੋਇਆ ਜਿਵੇਂ ਕੋਈ ਵਿੱਛੜੀ ਹੋਈ ਸਾਂਝ ਦੁਬਾਰਾ ਮਿਲ ਗਈ ਹੋਵੇ। ਪਰ ਮੈਨੂੰ ਅਜੇ ਤੱਕ ਵੀ ਚੇਤਾ ਨਹੀਂ ਸੀ ਆ ਰਿਹਾ ਕਿ ਕੁੜੀ ਕੌਣ ਹੈ? ਜਿਸ ਨੂੰ ਮੈਂ ਬੂਟ ਤੇ ਚੱਪਲਾਂ ਲੈ ਕੇ ਦਿੱਤੀਆਂ ਸਨ।

ਉਸ ਨੇ ਮੈਨੂੰ ਯਾਦ ਕਰਵਾਉਣ ਦੇ ਢੰਗ ਨਾਲ ਕਿਹਾ, “ਭੂਆ ਜੀ, ਤੁਸੀਂ ਬਾਬਾ ਜੀ ਤਹਿਸੀਲਦਾਰ ਦੀ ਹੀ ਬੇਟੀ ਹੋ। ਮੇਰਾ ਪਿੰਡ ਵੀ ਰਾਊਕੇ ਹੈ। ਭੁੱਲ ਗਏ ਤੁਸੀਂ ਮੈਨੂੰ, ਨਿਹਾਲ ਸਿੰਘ ਵਾਲੇ ਜੁੱਤੀਆਂ ਵਾਲੀ ਦੁਕਾਨ ’ਤੇ ਮਿਲੇ ਸੀ। ਓਦੋਂ ਮੈਂ ਬੀ.ਏ. ਦੇ ਦੂਸਰੇ ਸਾਲ ’ਚ ਪੜ੍ਹਦੀ ਸੀ।

“ਹਾਂ, ਹਾਂ ਯਾਦ ਆ ਗਿਆ।” ਮੈਂ ਉਸ ਦੇ ਸਿਰ ’ਤੇ ਹੱਥ ਧਰਦਿਆਂ ਆਖਿਆ।

ਉਹ ਸਾਰਾ ਦ੍ਰਿਸ਼ ਮੇਰੀਆਂ ਅੱਖਾਂ ਮੂਹਰੇ ਫਿਲਮੀ ਰੀਲ੍ਹ ਵਾਂਗ ਘੁੰਮ ਗਿਆ।

ਜਨਵਰੀ ਦਾ ਮਹੀਨਾ ਸੀ। ਮੈਂ ਪੰਜਾਬ ਗਈ ਹੋਈ ਸਾਂ। ਨਿੱਕੀਆਂ ਨਿੱਕੀਆਂ ਕਈ ਚੀਜ਼ਾਂ ਖਰੀਦਣ ਮੈਨੂੰ ਨਿਹਾਲ ਸਿੰਘ ਵਾਲੇ ਜਾਣਾ ਪਿਆ। ਉਨ੍ਹਾਂ ਚੀਜ਼ਾਂ ਵਿੱਚ ਘਰ ਪਾਉਣ ਲਈ ਨਿੱਘੇ ਪੋਲੇ ਜਿਹੇ ਬੂਟ ਵੀ ਸ਼ਾਮਲ ਸਨ।

ਉਸ ਦਿਨ ਵੀ ਕਾਰ ਵਿੱਚ ਕੁਝ ਨੁਕਸ ਆ ਗਿਆ ਸੀ। ਸ਼ਾਇਦ ਇੱਕ ਲਾਈਟ ਖਰਾਬ ਹੋ ਗਈ ਸੀ। ਉਸ ਦਿਨ ਵੀ ਡਰਾਈਵਰ ਲਾਈਟ ਪਵਾਉਣ ਗਿਆ ਸੀ ਤੇ ਮੈਂ ਜੁੱਤੀਆਂ ਦੀ ਇੱਕ ਛੋਟੀ ਜਿਹੀ ਦੁਕਾਨ ’ਤੇ ਬੈਠ ਗਈ ਸਾਂ। ਸੋਚਿਆ ਕਿ ਜਿੰਨਾ ਚਿਰ ਇਹ ਲਾਈਟ ਠੀਕ ਕਰਵਾ ਕੇ ਲਿਆਏਗਾ ਓਨੇ ਚਿਰ ਨੂੰ ਮੈਂ ਜੁੱਤੀ ਦੇਖ ਲਵਾਂਗੀ।

ਆਮ ਕਰਕੇ ਪਿੰਡ ਦੇ ਨਾਲ ਲੱਗਦੇ ਕਸਬਿਆਂ ਦੇ ਦੁਕਾਨਦਾਰ ਆਸੇ ਪਾਸੇ ਦੇ ਪਿੰਡਾਂ ਵਾਲੇ ਲੋਕਾਂ ਨੂੰ ਜਾਣਦੇ ਹੁੰਦੇ ਹਨ ਤੇ ਮੈਂ ਵੀ ਇਹ ਸੋਚ ਕੇ ਦੁਕਾਨ ’ਤੇ ਬੈਠ ਗਈ ਕਿ ਇਹ ਦੁਕਾਨ ਵਾਲੇ ਵੀ ਜਾਣਦੇ ਹੀ ਹਨ ਤੇ ਨਾਲੇ ਡਰਾਈਵਰ ਆਪੇ ਲਾਈਟ ਠੀਕ ਕਰਵਾ ਲਿਆਵੇਗਾ। ਮੈਂ ਕਿੱਥੇ ਇਹਦੇ ਨਾਲ ਤੁਰੀ ਫਿਰਾਂਗੀ!

ਦੁਕਾਨ ’ਤੇ ਮੇਰੇ ਤੋਂ ਪਹਿਲਾਂ ਹੀ ਇੱਕ ਅੱਧਖੜ ਉਮਰ ਦੀ ਔਰਤ ਤੇ ਉਸ ਦੇ ਨਾਲ 18-19 ਸਾਲਾਂ ਦੀ ਕੁੜੀ ਬੈਠੀ ਸੀ। ਪਹਿਲੀ ਹੀ ਨਜ਼ਰੇ ਹਰ ਕੋਈ ਸਮਝ ਸਕਦਾ ਸੀ ਕਿ ਉਹ ਮਾਵਾਂ ਧੀਆਂ ਹਨ। ਦੋਹਾਂ ਦੇ ਨੈਣ ਨਕਸ਼ ਮਿਲਦੇ ਜੁਲਦੇ ਸਨ ਅਤੇ ਰੰਗ ਪੱਕਾ ਸੀ। ਔਰਤ ਨੇ ਗੰਧਲੇ ਜਿਹੇ ਰੰਗ ਦਾ ਸੂਟ ਪਾਇਆ ਹੋਇਆ ਸੀ ਤੇ ਕੁੜੀ ਨੇ ਸਸਤੇ ਜਿਹੇ ਖੱਦਰ ਦਾ ਸੂਟ। ਉਸ ਨੇ ਆਪਣੀ ਸੂਤੀ ਚੁੰਨੀ ਦੀ ਬੜੇ ਸਲੀਕੇ ਨਾਲ ਬੁਕਲ ਮਾਰੀ ਹੋਈ ਸੀ। ਭਾਵੇਂ ਰੰਗ ਪੱਕਾ ਸੀ, ਪਰ ਚੰਗੀ ਲੱਗ ਰਹੀ ਸੀ। ਉਸ ਦੇ ਬੋਲਣ ਦਾ ਅੰਦਾਜ਼, ਉਸ ਦੇ ਪੜ੍ਹੇ ਲਿਖੇ ਹੋਣ ਦਾ ਸਬੂਤ ਪੇਸ਼ ਕਰ ਰਿਹਾ ਸੀ। ਲੀੜੇ ਕੱਪੜਿਆਂ ਤੋਂ ਉਹ ਗਰੀਬ ਹੀ ਜਾਪਦੀਆਂ ਸਨ। ਕੁੜੀ ਦੇ ਪੈਰਾਂ ਵਿੱਚ ਰਬੜ ਦੀ ਬਹੁਤ ਹੀ ਸਸਤੀ ਜਿਹੀ ਜੁੱਤੀ ਪਾਈ ਹੋਈ ਸੀ ਜਿਸ ਦਾ ਇੱਕ ਪੈਰ ਫਟਿਆ ਹੋਇਆ ਸੀ।

“ਵਿਚਾਰੀ।” ਮੈਂ ਆਪਣੇ ਮਨ ਹੀ ਮਨ ਕਿਹਾ।

ਦੁਕਾਨਦਾਰ ਉਨ੍ਹਾਂ ਦੇ ਸਾਹਮਣੇ ਡੱਬੇ ਖੋਲ੍ਹ ਖੋਲ੍ਹ ਰੱਖ ਰਿਹਾ ਸੀ।

ਉਹ ਇੱਕ ਜੁੱਤੀ ਪੈਰ ’ਚ ਪਾਉਂਦੀ, ਉਸ ਨੂੰ ਪਸੰਦ ਆਉਂਦੀ ਤੇ ਭਾਅ ਪੁੱਛ ਕੇ ਰੱਖ ਦਿੰਦੀ ਤੇ ਹੋਰ ਘੱਟ ਕੀਮਤ ਦੀ ਜੁੱਤੀ ਦਿਖਾਉਣ ਲਈ ਕਹਿੰਦੀ। ਉਸ ਨੇ ਕਈ ਜੋੜੇ ਦੇਖੇ, ਪਸੰਦ ਕੀਤੇ ਤੇ ਮਹਿੰਗੇ ਕਹਿ ਕੇ ਰੱਖ ਦਿੱਤੇ।

ਆਖਿਰ ਨੂੰ ਦੁਕਾਨਦਾਰ ਨੇ ਕਹਿ ਦਿੱਤਾ, “ਇਸ ਤੋਂ ਘੱਟ ਦੀ ਜੁੱਤੀ ਮੇਰੇ ਕੋਲ ਨਹੀਂ ਹੈ।”

ਕੁੜੀ ਦੀ ਮਾਂ ਨੇ ਜੇਬ ਵਿੱਚੋਂ ਰੁਮਾਲ ’ਚ ਬੰਨ੍ਹੇ ਤੋੜੇ ਮਰੋੜੇ ਤੇ ਮੈਲੇ ਕੁਚੈਲੇ ਨੋਟ ਗਿਣੇ ਤੇ ਕਹਿਣ ਲੱਗੀ, “ਮੇਰੇ ਕੋਲ ਤਾਂ ਆਹ ਦੋ ਸੌ ਤੇ ਪੰਦਰਾਂ ਰੁਪਈਏ ਹਨ। ਜੇਕਰ ਏਨੇ ’ਚ ਜੁੱਤੀ ਦੇਣੀ ਹੈ ਤਾਂ ਭਰਾਵਾ ਦੇ ਦੇ। ਤੈਨੂੰ ਪੁੰਨ ਲੱਗੂ। ਕੁੜੀ ਕਾਲਜ ਪੜ੍ਹਦੀ ਹੈ। ਕੱਲ੍ਹ ਨੂੰ ਪਾਉਣ ਵਾਸਤੇ ਇਹਦੇ ਕੋਲ ਮਾੜੀਆਂ ਮੋਟੀਆਂ ਵੀ ਚੱਪਲਾਂ ਨਹੀਂ ਹਨ। ਲੱਗਦਾ ਨਹੀਂ ਆਹ ਪੈਰੀਂ ਪਾਈ ਜੁੱਤੀ ਇਸ ਦਾ ਕੱਲ੍ਹ ਲੰਘਾ ਦੇਵੇਗੀ।”

ਮਾਂ ਦੇ ਇਨ੍ਹਾਂ ਸ਼ਬਦਾਂ ਨੇ ਮੇਰਾ ਧਿਆਨ ਇਕਦਮ ਖਿੱਚ ਲਿਆ।

ਮੈਂ ਦੁਕਾਨਦਾਰ ਨੂੰ ਕਿਹਾ, “ਆਹ ਦੋਵੇਂ ਜੋੜੇ ਪੈਕ ਕਰਕੇ ਇਨ੍ਹਾਂ ਨੂੰ ਦੇ ਦੇਵੋ ਅਤੇ ਆਹ ਇੱਕ ਜੋੜਾ ਮੈਨੂੰ ਦੇ ਦੇਵੋ।”

ਮੈਂ ਪੈਸੇ ਦੇਣ ਲੱਗੀ ਤਾਂ ਕੁੜੀ ਦੀ ਮਾਂ ਨੇ ਮੇਰਾ ਹੱਥ ਫੜ ਲਿਆ ਤੇ ਕਹਿਣ ਲੱਗੀ,“ਭੈਣ ਜੀ, ਰਹਿਣ ਦੇਵੋ। ਦੁਕਾਨਦਾਰ ਨੂੰ ਏਨਾ ਕਹਿ ਦੇਵੋ ਕਿ ਅੱਜ ਉਧਾਰ ਕਰ ਲਵੇ, ਕਈਆਂ ਤੋਂ ਦਿਹਾੜੀਆਂ ਦੇ ਪੈਸੇ ਲੈਣੇ ਹਨ, ਜਦੋਂ ਮਿਲ ਗਏ ਇਨ੍ਹਾਂ ਦੇ ਪੈਸੇ ਮੋੜ ਜਾਵਾਂਗੇ।”

ਹੁਣ ਪੱਕਾ ਪਤਾ ਲੱਗ ਗਿਆ ਸੀ ਵਿਚਾਰੀਆਂ ਦਿਹਾੜੀ ਦੱਪੇ ਕਰਕੇ ਹੀ ਪੇਟ ਪਾਲਦੀਆਂ ਹਨ। ਪਰ ਮੈਂ ਉਸ ਦੀ ਗੱਲ ਸੁਣੀ ਅਣਸੁਣੀ ਕਰਕੇ ਦੁਕਾਨਦਾਰ ਨੂੰ ਤਿੰਨੇ ਜੋੜਿਆਂ ਦੇ ਪੈਸੇ ਦੇ ਦਿੱਤੇ।

ਕੁੜੀ ਨੇ ਮੇਰੇ ਵੱਲ ਤੱਕਿਆ। ਉਸ ਦੀਆਂ ਪਾਣੀ ਨਾਲ ਭਰੀਆਂ ਅੱਖਾਂ ਬਹੁਤ ਕੁਝ ਕਹਿ ਰਹੀਆਂ ਸਨ। ਉਹ ਬਹੁਤ ਭਾਵੁਕ ਹੋਈ ਬੈਠੀ ਸੀ। ਬੋਲਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਜਿਉਂ ਹੀ ਬੋਲਣ ਲੱਗਦੀ ਤਾਂ ਗਲਾ ਭਰ ਆਉਂਦਾ। ਉਸ ਦੀਆਂ ਅੱਖਾਂ ਦੇ ਸਮੁੰਦਰ ’ਚ ਧੰਨਵਾਦ ਦੀਆਂ ਲਹਿਰਾਂ ਦੀ ਭਾਸ਼ਾ ਮੈਂ ਪੜ੍ਹ ਲਈ ਸੀ।

ਮੈਂ ਕੁੜੀ ਦਾ ਸਿਰ ਆਪਣੇ ਨਾਲ ਲਾ ਲਿਆ। ਪਿਆਰ ਨਾਲ ਉਸ ਦੀ ਚੁੰਨੀ ਨੂੰ ਠੀਕ ਕੀਤਾ ਤੇ ਕਿਹਾ, “ਕੋਈ ਨਾ ਪੁੱਤ। ਭਾਵੁਕ ਨਾ ਹੋ। ਆਹ ਜੁੱਤੀ ਲਾਹ ਦੇ ਤੇ ਨਵੀਂ ਪਾ ਲੈ।”

ਕੁੜੀ ਦੀ ਮਾਂ ਵੀ ਭਾਵੁਕ ਹੋ ਗਈ ਤੇ ਕਹਿਣ ਲੱਗੀ,“ਰੱਬ ਕਿਸੇ ਨਾ ਕਿਸੇ ਬੰਦੇ ਰਾਹੀਂ ਆਪ ਨੇੜੇ ਹੋ ਕੇ ਮਿਲ ਜਾਂਦਾ ਹੈ।”

“ਪੁੱਤ ਕਿਹੜੀ ਕਲਾਸ ਵਿੱਚ ਪੜ੍ਹਦੀ ਹੈਂ?” ਮੈਂ ਜੁੱਤੀ ਦਾ ਡੱਬਾ ਖੋਲ੍ਹਦਿਆਂ ਕਿਹਾ।

ਉਸ ਨੇ ਅੱਖਾਂ ਪੂੰਝੀਆਂ ਤੇ ਕਹਿਣ ਲੱਗੀ, “ਅੰਟੀ ਜੀ, ਮੈਂ ਨਾਲ ਦੇ ਪਿੰਡ ਦੇ ਕਾਲਜ ਵਿੱਚ ਬੀ.ਏ. ਦੂਜੇ ਸਾਲ ਵਿੱਚ ਹਾਂ।”

ਆਪਣੀ ਆਦਤ ਅਨੁਸਾਰ ਮੈਂ ਹੋਰ ਸਵਾਲ ਕਰ ਦਿੱਤਾ,“ਬਹੁਤ ਵਧੀਆ ਗੱਲ ਹੈ। ਵਿਸ਼ੇ ਕਿਹੜੇ ਲਏ ਹਨ?”

ਉਸ ਨੇ ਮੇਰੇ ਵੱਲ ਬੜੇ ਹੀ ਸਤਿਕਾਰਤ ਲਹਿਜ਼ੇ ਨਾਲ ਤੱਕਿਆ ਤੇ ਕਿਹਾ, “ਅੰਟੀ ਜੀ, ਵਿਸ਼ੇ ਤਾਂ ਮੈਂ ਸੌਖੇ ਹੀ ਲਏ ਨੇ। ਪੰਜਾਬੀ, ਹਿਸਟਰੀ ਤੇ ਪੌਲੀਟੀਕਲ ਸਾਇੰਸ।”

“ਕੀ ਬਣਨਾ ਹੈ ਪੁੱਤ?” ਮੇਰਾ ਅਗਲਾ ਸਵਾਲ ਸੀ।

ਉਸ ਨੇ ਕੋਈ ਜਵਾਬ ਨਾ ਦਿੱਤਾ। ਉਸ ਦੀ ਖਾਮੋਸ਼ੀ ਦੀ ਭਾਸ਼ਾ ਕਹਿ ਰਹੀ ਸੀ ਕਿ ਗਰੀਬਾਂ ਦਾ ਕਾਹਦਾ ਭਵਿੱਖ ਹੁੰਦਾ ਹੈ। ਸਾਨੂੰ ਤਾਂ ਸਾਡੀ ਗਰੀਬੀ ਦਾ ਝੱਖੜ ਪਤਾ ਨਹੀਂ ਕਿਹੜੇ ਪਾਸੇ ਉੱਡਾ ਕੇ ਲੈ ਜਾਵੇ।

“ਲੈ ਦੱਸ। ਮੈਂ ਤੇਰਾ ਨਾਂ ਤਾਂ ਪੁੱਛਿਆ ਹੀ ਨਹੀਂ,” ਮੈ ਹੱਸਦੀ ਨੇ ਕਿਹਾ।

“ਅੰਟੀ ਜੀ, ਮੇਰਾ ਨਾਮ ਮਨਜੀਤ ਹੈ।”

ਸਾਨੂੰ ਗੱਲਾਂ ਕਰਦਿਆਂ ਦੇਖ ਦੁਕਾਨਦਾਰ ਨੇ ਚਾਹ ਮੰਗਵਾ ਲਈ।

ਥੋੜ੍ਹੀ ਜਿਹੀ ਨਾਂਹ ਨੁੱਕਰ ਬਾਅਦ ਮਨਜੀਤ ਤੇ ਮਨਜੀਤ ਦੀ ਮਾਂ ਨੇ ਚਾਹ ਦੇ ਗਲਾਸ ਫੜ ਲਏ। ਚਾਹ ਦੀ ਉਨ੍ਹਾਂ ਨੂੰ ਜ਼ਰੂਰਤ ਤਾਂ ਸੀ, ਪਰ ਉਨ੍ਹਾਂ ਦੀ ਗਰੀਬੀ ਉਨ੍ਹਾਂ ਨੂੰ ਵਰਜਿਤ ਕਰ ਰਹੀ ਸੀ। ਇਹ ਵੀ ਇੱਕ ਗੱਲ ਸੀ ਕਿ ਇਸ ਤੋਂ ਪਹਿਲਾਂ ਕਿਸੇ ਵੀ ਦੁਕਾਨਦਾਰ ਨੇ ਉਨ੍ਹਾਂ ਲਈ ਚਾਹ ਨਹੀਂ ਸੀ ਮੰਗਵਾਈ ਹੋਣੀ। ਦੁਕਾਨਦਾਰ ਵੀ ਗਾਹਕ ਦੀ ਜੇਬ ਦੇਖ ਕੇ ਠੰਢਾ ਤੱਤਾ ਪੁੱਛਦੇ ਹਨ।

ਚਾਹ ਦੀ ਘੁੱਟ ਭਰਦਿਆਂ ਮਨਜੀਤ ਦੀ ਮਾਂ ਕਹਿਣ ਲੱਗੀ,“ਭੈਣ ਜੀ, ਤੁਸੀਂ ਬਾਹਰੋਂ ਆਏ ਹੋ?”

“ਹਾਂ, ਮੈਂ ਕੈਨੇਡਾ ਤੋਂ ਆਈ ਹਾਂ। ਬਹੁਤ ਸਾਲ ਹੋ ਗਏ ਉੱਥੇ ਗਈ ਨੂੰ।” ਮੈਂ ਜਵਾਬ ਦਿੱਤਾ।

“ਸਾਡੇ ਪਿੰਡੋਂ ਵੀ ਬਹੁਤ ਗਏ ਹੋਏ ਨੇ ਉੱਥੇ। ਕਈ ਘਰ ਖਾਲੀ ਪਏ ਨੇ। ਬਾਹਰਲੇ ਕੌਡੀ ਵਾਲਿਆਂ ਨੂੰ ਤਾਂ ਬਥੇਰੇ ਪੈਸੇ ਭੇਜ ਦਿੰਦੇ ਆ, ਪਰ ਕਿਸੇ ਗਰੀਬ ਗੁਰਬੇ ਦੀ ਮਦਦ ਨਹੀਂ ਕਰਦੇ। ਮਜਾਲ ਆ ਕਿਸੇ ਗਰੀਬ ਜਵਾਕ ਦੀ ਮਹੀਨੇ ਦੋ ਮਹੀਨੇ ਦੀ ਫੀਸ ਭਰ ਦੇਣ!” ਉਹ ਇਹ ਲੰਬਾ ਸਾਰਾ ਵਾਕ ਇੱਕ ਸਾਹ ’ਚ ਹੀ ਕਹਿ ਗਈ।

ਏਨੇ ਨੂੰ ਡਰਾਈਵਰ ਆ ਗਿਆ। ਡਰਾਈਵਰ ਪਿੰਡੋਂ ਹੀ ਸੀ।

“ਚੱਲੀਏ ਭੂਆ ਜੀ’” ਮੇਰੇ ਕੋਲ ਪਏ ਜੁੱਤੀ ਵਾਲੇ ਡੱਬੇ ਨੂੰ ਚੁੱਕਦਿਆਂ ਕਹਿਣ ਲੱਗਾ।

“ਹਾਂ।” ਮੈਂ ਕਿਹਾ।

ਦੋਵੇਂ ਮਾਵਾਂ ਧੀਆਂ ਹੈਰਾਨ ਪਰੇਸ਼ਾਨ ਮੇਰੇ ਵੱਲ ਦੇਖ ਰਹੀਆਂ ਸਨ। ਉਨ੍ਹਾਂ ਨੇ ਡਰਾਈਵਰ ਮੁੰਡੇ ਨੂੰ ਪਹਿਚਾਣ ਲਿਆ ਸੀ ਤੇ ਅੱਧੇ ਤੋਂ ਬਾਹਲੀ ਕਹਾਣੀ ਸਮਝ ਗਈਆਂ ਸਨ ਕਿ ਮੈਂ ਕੌਣ ਹਾਂ।

ਮਨਜੀਤ ਦੀ ਮਾਂ ਡਰਾਈਵਰ ਤੋਂ ਪੁੱਛਣ ਲੱਗੀ,“ਚਰਨਿਆ, ਇਹ ਭੈਣ ਜੀ ਆਪਣੇ ਹੀ ਪਿੰਡੋਂ ਹੈ ਜਾਂ ਲਾਮੋਂ।”

“ਚਾਚੀ ਤੈਨੂੰ ਨਹੀਂ ਪਤਾ, ਇਹ ਬਾਬਾ ਜੀ ਤਹਿਸੀਲਦਾਰ ਦੀ ਬੇਟੀ ਹੈ, ਸਾਰਿਆਂ ਤੋਂ ਵੱਡੀ।”

“ਮੈਂ ਵੀ ਸੋਚਾਂ ਬਈ ਕਿਤੇ ਦੇਖਿਆ ਲੱਗਦੈ। ਲੈ ਹੁਣ ਇਹ ਮੈਨੂੰ ਜਮ੍ਹਾਂ ਈ ਬਾਬਾ ਜੀ ਵਰਗੀ ਲੱਗਦੀ ਆ।” ਮਨਜੀਤ ਦੀ ਮਾਂ ਨੇ ਅਪਣੱਤ ਜਤਾਉਂਦੇ ਹੋਏ ਕਿਹਾ।”

ਮਨਜੀਤ ਨੇ ਆਪਣੀ ਮਾਂ ਵੱਲ ਤੱਕਿਆ ਤੇ ਪੁੱਛਿਆ,“ ਮੰਮੀ…ਅੰਟੀ ਜੀ ਮੇਰੇ ਕੀ ਲੱਗਦੇ ਆ?”

“ਕਮਲੀ ਨਾ ਹੋਵੇ ਤੇ, ਇਹ ਤੇਰੇ ਭੂਆ ਜੀ ਲੱਗਦੇ ਆ।” ਮਨਜੀਤ ਦੀ ਮਾਂ ਨੇ ਬੜੇ ਮਾਣ ਨਾਲ ਦੱਸਦਿਆਂ ਕਿਹਾ।

“ਹੁਣ ਮੈਂ ਸਮਝ ਗਈ ਕਿ ਤੁਸੀਂ ਕੌਣ ਹੋ। ਬਹੁਤ ਵਾਰ ਗਈ ਹਾਂ ਮੈਂ ਤੁਹਾਡੇ ਘਰ। ਅੜੇ ਥੁੜੇ ਮਾਂ ਜੀ ਕੋਲ।” ਮਨਜੀਤ ਕਹਿਣ ਲੱਗੀ।

ਚਰਨੇ ਨੇ ਮੇਰੀ ਜੁੱਤੀ ਵਾਲਾ ਡੱਬਾ ਕਾਰ ਵਿੱਚ ਰੱਖਦਿਆਂ ਕਿਹਾ, “ਭੁਆ ਜੀ ਚੱਲੀਏ। ਭੋਰਾ ਭੋਰਾ ਦਿਨ ਨੇ। ਅੱਜ ਦਾ ਸਾਰਾ ਦਿਨ ਕਾਰ ਦੀਆਂ ਲਾਈਟਾਂ ’ਤੇ ਹੀ ਲੱਗ ਗਿਆ।”

ਮੈਂ ਵੀ ਕਾਰ ਵੱਲ ਨੂੰ ਹੋ ਤੁਰੀ।

ਇਸ ਤੋਂ ਪਹਿਲਾਂ ਕਿ ਅਸੀਂ ਕਾਰ ਤੋਰਦੇ, ਮੈਂ ਚਰਨੇ ਨੂੰ ਕਿਹਾ, “ਇਨ੍ਹਾਂ ਨੂੰ ਵੀ ਬਿਠਾ ਲੈ। ਕਿੱਥੇ ਬੱਸ ਦੀ ਉਡੀਕ ਕਰਦੀਆਂ ਰਹਿਣਗੀਆਂ ਤੇ ਬੱਸ ਦਾ ਕੀ ਪਤਾ ਆਵੇ ਜਾਂ ਨਾ ਆਵੇ।”

ਚਰਨੇ ਨੇ ਕਾਰ ਦਾ ਸ਼ੀਸ਼ਾ ਥੱਲੇ ਕੀਤਾ ਤੇ ਆਦਤ ਅਨੁਸਾਰ ਉੱਚੀ ਆਵਾਜ਼ ’ਚ ਕਹਿਣ ਲੱਗਾ,“ਚਾਚੀ! ਆ ਜਾਵੋ । ਪਿੰਡ ਹੀ ਜਾਣਾ ਹੈ ਸਿੱਧਾ।”

ਤੇ ਉਹ ਦੋਵੇਂ ਜਾਣੀਆਂ ਵੀ ਕਾਰ ਵਿੱਚ ਬੈਠ ਗਈਆਂ। ਕੁੜੀ ਦੀ ਮਾਂ ਨੇ ਇੱਕ ਵਾਰ ਫਿਰ ਰੱਬ ਦੇ ਨਾਂ ’ਤੇ ਸਾਡਾ ਸ਼ੁਕਰਾਨਾ ਕੀਤਾ।

ਕਾਰ ਪਿੰਡ ਦੇ ਰਾਹ ਪੈ ਗਈ। ਨਿੱਕੀਆਂ ਨਿੱਕੀਆਂ ਗੱਲਾਂ ਕਰਦਿਆਂ ਨੂੰ ਪਿੰਡ ਆ ਗਿਆ। ਚਰਨੇ ਨੇ ਮਜ਼੍ਹਬੀ ਸਿੱਖਾਂ ਦੇ ਵਿਹੜੇ ਕੋਲ ਪਿੰਡ ਦੀ ਫਿਰਨੀ ’ਤੇ ਕਾਰ ਰੋਕ ਲਈ। ਦੋਵੇਂ ਮਾਵਾਂ ਧੀਆਂ ਸਤਿ ਸ੍ਰੀ ਬੁਲਾ ਕੇ ਆਪਣੇ ਘਰ ਵੱਲ ਨੂੰ ਹੋ ਤੁਰੀਆਂ।

ਉਸ ਦਿਨ ਤੋਂ ਬਾਅਦ ਮਨਜੀਤ ਮੈਨੂੰ ਹੁਣ ਕਿਤਾਬਾਂ ਵਾਲੀ ਦੁਕਾਨ ’ਤੇ ਮਿਲੀ। ਉਹ ਆਪਣੇ ਕਾਲਜ ਦੀ ਲਾਇਬ੍ਰੇਰੀ ਵਾਸਤੇ ਕਿਤਾਬਾਂ ਖਰੀਦ ਰਹੀ ਸੀ। ਇਹ ਉਹ ਹੀ ਕਾਲਜ ਸੀ ਜਿੱਥੋਂ ਉਸ ਨੇ ਬੀ.ਏ. ਕੀਤੀ ਸੀ।

ਮਨਜੀਤ ਨੇ ਦੱਸਿਆ ਕਿ ਉਸ ਨੇ ਐੱਮ.ਏ. ਪ੍ਰਾਈਵੇਟ ਕਰ ਲਈ ਸੀ। ਜਿਉਂ ਹੀ ਉਸ ਨੇ ਪੜ੍ਹਾਈ ਖਤਮ ਕੀਤੀ ਤਾਂ ਉਸ ਨੂੰ ਕਾਲਜ ਵਿੱਚ ਲਾਇਬ੍ਰੇਰੀਅਨ ਦੇ ਤੌਰ ’ਤੇ ਕੰਮ ਮਿਲ ਗਿਆ ਤੇ ਹੁਣ ਪ੍ਰਿੰਸੀਪਲ ਦੇ ਕਹਿਣ ’ਤੇ ਲਾਇਬ੍ਰੇਰੀ ਲਈ ਕਿਤਾਬਾਂ ਖਰੀਦਣ ਆਈਆਂ ਸਨ।

ਉਨ੍ਹਾਂ ਨਾਲ ਜਾਣ ਪਹਿਚਾਣ ਨਿਕਲਣ ਬਾਅਦ, ਮੈਂ ਵੀ ਕਿਤਾਬਾਂ ਚੁਣਨ ਵਿੱਚ ਉਨ੍ਹਾਂ ਦੀ ਮਦਦ ਕੀਤੀ ਤੇ ਵਾਅਦਾ ਕੀਤਾ ਕਿ ਮੈਂ ਆਪਣੀਆਂ ਕਿਤਾਬਾਂ ਸਮੇਤ ਕੁਝ ਹੋਰ ਸਿਰਮੌਰ ਲਿਖਾਰੀਆਂ ਦੀਆਂ ਕਿਤਾਬਾਂ ਲਾਇਬ੍ਰੇਰੀ ਲਈ ਦੇ ਕੇ ਜਾਵਾਂਗੀ।

“ਮਨਜੀਤ, ਤੁਸੀਂ ਵਾਪਸ ਪਿੰਡ ਜਾਣਾ ਹੈ ਜਾਂ ਏਥੇ ਰਹਿਣਾ ਹੈ?” ਮੈਂ ਪੁੱਛਿਆ।

ਮਨਜੀਤ ਹੱਸ ਪਈ ਤੇ ਕਹਿਣ ਲੱਗੀ, “ਭੂਆ ਜੀ, ਅਸੀਂ ਏਥੇ ਹੋਰ ਕੁਝ ਨਹੀਂ ਕਰਨਾ। ਜੇਕਰ ਤੁਹਾਡੇ ਕੋਲ ਗੱਡੀ ਹੈ ਤਾਂ ਅਸੀਂ ਤੁਹਾਡੇ ਨਾਲ ਹੀ ਜਾ ਸਕਦੀਆਂ ਹਾਂ।”

“ਕਾਰ ਕੁਝ ਖਰਾਬ ਸੀ। ਡਰਾਈਵਰ ਠੀਕ ਕਰਵਾ ਕੇ ਵਾਪਸ ਆਉਣ ਹੀ ਵਾਲਾ ਹੈ। ਆਪਾਂ ਇਕੱਠੇ ਹੀ ਪਿੰਡ ਚਲੇ ਜਾਨੇ ਆਂ।” ਮੈਂ ਮਨਜੀਤ ਨੂੰ ਪਿਆਰ ਨਾਲ ਕਿਹਾ।

“ਠੀਕ ਹੈ ਭੂਆ ਜੀ। ਸਾਨੂੰ ਤਾਂ ਬਹੁਤ ਸੌਖਾ ਹੋ ਗਿਆ ਤੁਹਾਡੇ ਮਿਲਣ ਸਦਕਾ। ਨਹੀਂ ਤਾਂ ਬੱਸ ਵਿੱਚ ਬਹੁਤ ਔਖਾ ਹੋਣਾ ਸੀ।”

ਅਸੀਂ ਹਾਲੇ ਗੱਲਬਾਤ ਕਰ ਹੀ ਰਹੀਆਂ ਸਾਂ ਕਿ ਡਰਾਈਵਰ ਆ ਗਿਆ। ਕਿਤਾਬਾਂ ਦੇ ਬੰਡਲ ਅਸੀਂ ਕਾਰ ’ਚ ਰੱਖੇ ਤੇ ਪਿੰਡ ਵੱਲ ਨੂੰ ਤੁਰ ਪਏ। ਜਾਂਦਿਆ ਜਾਂਦਿਆਂ ਅਸੀਂ ਇੱਕ ਛੋਟੇ ਜਿਹੇ ਢਾਬੇ ਤੋਂ ਰੋਟੀ ਖਾਧੀ। ਪਤਾ ਨਹੀਂ ਕਿਉਂ ਉਸ ਦਿਨ ਮੈਨੂੰ ਰੋਟੀ ਬਹੁਤ ਹੀ ਸਵਾਦ ਲੱਗ ਰਹੀ ਸੀ। ਇਉਂ ਲੱਗਦਾ ਸੀ ਜਿਵੇਂ ਇਨ੍ਹਾਂ ਕੁੜੀਆਂ ਦਾ ਪਿਆਰ ਦਾਲ ਵਿੱਚ ਦੇਸੀ ਘਿਓ ਦਾ ਕੰਮ ਕਰ ਰਿਹਾ ਹੈ।

ਅਮਰਜੀਤ ਨੂੰ ਅਸੀਂ ਮੋਗੇ ਉਸ ਦੇ ਘਰ ਉਤਾਰ ਕੇ ਸਿੱਧੇ ਪਿੰਡ ਨੂੰ ਤੁਰ ਪਏ।

ਜਿਉਂ ਜਿਉਂ ਪਿੰਡ ਨੇੜੇ ਆ ਰਿਹਾ ਸੀ ਤਿਉਂ ਤਿਉਂ ਮਨਜੀਤ ਦੀਆਂ ਗੱਲਾਂ ਦਾ ਸਿਲਸਿਲਾ ਵਧ ਰਿਹਾ ਸੀ।

ਇੱਕ ਥਾਂ ’ਤੇ ਮਨਜੀਤ ਨੇ ਭਰੀਆਂ ਅੱਖਾਂ ਨਾਲ ਮੇਰੇ ਵੱਲ ਤੱਕਿਆ ਤੇ ਕਿਹਾ, ਭੂਆ ਜੀ, ਜੇਕਰ ਤੁਸੀਂ ਉਸ ਦਿਨ ਮੈਨੂੰ ਬੂਟ ਨਾ ਲੈ ਕੇ ਦਿੰਦੇ ਤਾਂ ਅਗਲੇ ਦਿਨ ਮੈਂ ਕਾਲਜ ਨਹੀਂ ਸੀ ਜਾ ਸਕਣਾ। ਮੇਰੀ ਪੜ੍ਹਾਈ ਦਾ ਕਰਕੇ ਰੋਜ਼ ਹੀ ਘਰ ’ਚ ਕਲੇਸ਼ ਰਹਿੰਦਾ ਸੀ। ਇੱਕ ਦਿਨ ਜਾ ਕੇ ਦੂਸਰੇ ਦਿਨ ਦਾ ਫਿਕਰ ਪੈ ਜਾਂਦਾ ਸੀ। ਬੀ.ਏ. ਕਰਨ ਪਿੱਛੋਂ ਮੈਂ ਟਿਊਸ਼ਨਾਂ ਪੜ੍ਹਾਉਣ ਲੱਗ ਪਈ ਤੇ ਕੁਝ ਮੰਮੀ ਮਾੜੀ ਮੋਟੀ ਗੋਝ ਨਾਲ ਮੇਰਾ ਖਰਚਾ ਤੋਰੀ ਜਾਂਦੀ ਸੀ।”

ਉਹ ਫੁੱਟ ਫੁੱਟ ਰੋਣ ਲੱਗ ਪਈ।

“ਮਨ ਨਾ ਖ਼ਰਾਬ ਕਰ। ਬੁਰਾ ਵਕਤ ਨਿਕਲ ਚੁੱਕਾ ਹੈ”- ਮੈਂ ਦਿਲਾਸਾ ਦਿੰਦਿਆਂ ਕਿਹਾ।

ਮਨਜੀਤ ਨੂੰ ਉਸ ਦੇ ਘਰ ਉਤਾਰ ਦਿੱਤਾ। ਕਿਤਾਬਾਂ ਕਾਰ ’ਚ ਪਈਆਂ ਰਹਿਣ ਦਿੱਤੀਆਂ। ਸੋਚਿਆ ਕਿ ਅਗਲੇ ਦਿਨ ਡਰਾਈਵਰ ਨਾਲੇ ਮਨਜੀਤ ਨੂੰ ਕਾਲਜ ਛੱਡ ਆਵੇਗਾ ਤੇ ਨਾਲੇ ਕਿਤਾਬਾਂ ਲੈ ਜਾਵੇਗਾ।

ਤਿੰਨ ਚਾਰ ਦਿਨਾਂ ਬਾਅਦ ਮਨਜੀਤ ਦੇ ਕਾਲਜ ਦੀ ਪ੍ਰਿੰਸੀਪਲ ਦਾ ਫੋਨ ਆਇਆ। ਉਹ ਕਹਿ ਰਹੀ ਸੀ,“ਮੈਡਮ…ਮਨਜੀਤ ਨੇ ਤੁਹਾਡੇ ਬਾਰੇ ਮੇਰੇ ਨਾਲ ਬਹੁਤ ਗੱਲਾਂ ਕੀਤੀਆਂ ਨੇ। ਮੈਂ ਚਾਹੁੰਦੀ ਹਾਂ ਕਿ ਤੁਸੀਂ ਸਾਡੇ ਕਾਲਜ ਆ ਕੇ ਬੱਚਿਆਂ ਦੇ ਰੂਬਰੂ ਹੋਵੋ ਤੇ ਉਨ੍ਹਾਂ ਨੂੰ ਬਾਹਰਲੇ ਮੁਲਕਾਂ ਦੇ ਰਹਿਣ ਸਹਿਣ ਤੇ ਤੌਰ ਤਰੀਕਿਆਂ ਤੋਂ ਜਾਣੂ ਕਰਵਾਓ। ਤੁਹਾਡੇ ਕੋਲੋਂ ਕਵਿਤਾ ਵੀ ਸੁਣਾਂਗੇ।”

ਜਿਸ ਦਿਨ ਮੈਂ ਮਨਜੀਤ ਦੇ ਕਾਲਜ ਗਈ ਤਾਂ ਮਨਜੀਤ ਤੋਂ ਚਾਅ ਨਹੀਂ ਸੀ ਚੱਕਿਆ ਜਾਂਦਾ। ਬੂਟਾਂ ਵਾਲੀ ਕਹਾਣੀ ਉਸ ਨੇ ਸਟੇਜ ਤੋਂ ਸੁਣਾਈ। ਮੈਂ ਉਸ ਦੇ ਬੋਲਣ ਦੇ ਅੰਦਾਜ਼ ਅਤੇ ਕਾਲਜ ਵਿੱਚ ਹਰ ਇੱਕ ਦੇ ਮੂੰਹੋਂ ਉਸ ਦੀ ਮਹਿਮਾ ਸੁਣ ਕੇ ਸੋਚ ਰਹੀ ਸਾਂ ਕਿ ਸਮਾਂ ਬਹੁਤ ਬਲਵਾਨ ਹੈ।

ਅੱਜ ਉਹ ਮੈਨੂੰ ਕਦੇ ਟੁੱਟੀ ਜੁੱਤੀ ਪਾਈ ਦੁਕਾਨ ’ਤੇ ਬੈਠੀ ਨਜ਼ਰ ਆਉਂਦੀ ਹੈ ਤੇ ਕਦੇ ਆਤਮ ਵਿਸ਼ਵਾਸ ਨਾਲ ਭਰੇ ਸ਼ਬਦਾਂ ਨਾਲ ਕਾਲਜ ਦੀ ਸਟੇਜ ’ਤੇ ਬੋਲਦੀ ਨਜ਼ਰ ਆਉਂਦੀ ਹੈ।News Source link
#ਨਵ #ਜਤ

- Advertisement -

More articles

- Advertisement -

Latest article