27.6 C
Patiāla
Tuesday, July 23, 2024

ਗੰਢ ਜੋ ਦਰਦ ਦਿੰਦੀ ਰਹੀ…

Must read

ਗੰਢ ਜੋ ਦਰਦ ਦਿੰਦੀ ਰਹੀ…


ਅੰਜੂਜੀਤ ਪੰਜਾਬਣ

ਉਹ ਕਦੇ ਵਿਆਹ ਨਹੀਂ ਕਰਾਉਣਾ ਚਾਹੁੰਦੀ ਸੀ।

ਜਦੋਂ ਵੀ ਘਰ ਦਿਆਂ ਨੇ ਵਿਆਹ ਦੀ ਗੱਲ ਤੋਰਨੀ, ਉਹਦਾ ਇੱਕੋ ਜਵਾਬ ਹੁੰਦਾ ਸੀ, ‘‘ਮੈਨੂੰ ਨ੍ਹੀਂ ਚੰਗਾ ਲੱਗਦਾ ਕਿ ਕੋਈ ਮਰਦ ਮੈਨੂੰ ਛੂਹਵੇ। ਮੈਂ ਆਪਣੇ ਇਸ ਔਰਤ ਜਾਮੇ ਤੋਂ ਖੁਸ਼ ਹਾਂ ਤੇ ਮੈਂ ਨਹੀਂ ਕਿਸੇ ਮਰਦ ਦੀ ਅਰਧਾਗਨੀ ਬਣਨਾ ਚਾਹੁੰਦੀ, ਗੱਲ ਮੁੱਕੀ ਮੈਂ ਵਿਆਹ ਨਹੀਂ ਕਰਾਉਣਾ ਚਾਹੁੰਦੀ।’’ ਇਹ ਹੁੰਦਾ ਸੀ ਉਸ ਦਾ ਜਵਾਬ।

ਘਰ ਦੇ ਉਹਦੇ ਇਸ ਅੜਬ ਫੈਸਲੇ ਨਾਲ ਭਾਵੇਂ ਸਹਿਮਤ ਨਹੀਂ ਸਨ, ਪਰ ਉਸ ਦੀ ਮਰਦਾਂ ਵਰਗੀ ਦਲੇਰੀ, ਉਹਦੀ ਦਿੱਖ, ਉਹਦੀ ਗੱਲਬਾਤ ਤੋਂ ਸਦਾ ਖੁਸ਼ ਸਨ। ਉਹ ਆਪਣੇ ਫੈਸਲੇ ਆਪ ਲੈਂਦੀ। ਰੋਹਬ ਨਾਲ ਗੱਲਬਾਤ ਕਰਦੀ। ਸੁਭਾਅ ਦੀ ਜ਼ਰਾ ਕੁਰੱਖਤ ਸੀ, ਪਰ ਦਿਲ ਦੀ ਨਰਮ ਸੀ। ਜੋ ਪੱਲੇ ਹੋਣਾ ਸਭ ਦੀ ਮਦਦ ਲਈ ਤਿਆਰ ਹੋ ਜਾਣਾ। ਉਹ ਸਮੇਂ ਨਾਲ ਸਮਝੌਤਾ ਕਰਨਾ ਖੂਬ ਜਾਣਦੀ ਸੀ।

ਮਾਪੇ ਗਰੀਬ ਸਨ। ਛੋਟੇ ਭੈਣ-ਭਰਾ ਸਨ। ਉਹ ਉਸ ਵੇਲੇ ਪੜ੍ਹ ਲਿਖ ਕੇ ਨਰਸ ਲੱਗੀ ਹੋਈ ਸੀ। ਘਰ ਦਾ ਸਾਰਾ ਗੁਜ਼ਾਰਾ ਤੋਰਦੀ ਸੀ। ਭੈਣ-ਭਰਾਵਾਂ ਦੇ ਸਕੂਲਾਂ ਦਾ ਖਰਚਾ ਚੁੱਕਦੀ ਸੀ। ਮੇਰੀ ਮਾਂ ਨੂੰ ਵੀ ਉਸ ਨੇ ਹੀ ਆਪਣੇ ਖਰਚੇ ’ਤੇ ਪੜ੍ਹਾਇਆ। ਜੇ.ਬੀ.ਟੀ. ਕਰਾਈ, ਪੈਰਾਂ ’ਤੇ ਖੜ੍ਹੀ ਕੀਤਾ। ਫਿਰ ਇੱਕ ਦਿਨ ਘਰਦਿਆਂ ਨੇ ਮਿੰਨਤਾ ਤਰਲੇ ਕਰਕੇ ਉਸ ਦਾ ਵਿਆਹ ਕਰਾ ਦਿੱਤਾ। ਮੇਰੀ ਮਾਂ ਵੀ ਵਿਆਹੀ ਗਈ। ਦੋਹਾਂ ਨੇ ਪਿੰਡ ਛੱਡ ਦਿੱਤਾ। ਮੇਰੀ ਮਾਂ ਆਪਣੇ ਸਹੁਰੇ ਆ ਗਈ ਅਤੇ ਉਹ ਸਮਾਣੇ, ਪਟਿਆਲਾ ਲਾਗੇ ਉੱਥੇ ਜਾ ਕੇ ਹਸਪਤਾਲ ਵਿੱਚ ਨੌਕਰੀ ਕਰਨ ਲੱਗੀ।

ਦੋਹਾਂ ਨੇ ਜਦੋਂ ਪਿੰਡ ਛੱਡਿਆ ਤਾਂ ਉਹਨੇ ਮੇਰੀ ਮਾਂ ਤੋਂ ਵਾਅਦਾ ਲਿਆ ਕਿ ਤੇਰੇ ਜਦੋਂ ਵੀ ਪਹਿਲਾ ਬੱਚਾ ਹੋਇਆ ਤਾਂ ਤੂੰ ਜਣੇਪੇ ਵੇਲੇ ਮੇਰੇ ਕੋਲ ਸਮਾਣੇ ਆਈਂ। ਮੈਂ ਉਸ ਬੱਚੇ ਦੀ ਦਾਈ ਬਣਨਾ ਚਾਹੁੰਦੀ ਆਂ ਤੇ ਉਹਨੂੰ ਆਪਣੀ ਗੁੜਤੀ ਦੇਣਾ ਚਾਹੁੰਦੀ ਆਂ।

ਮੇਰੀ ਮਾਂ ਵੀ ਉਸ ਵੇਲੇ ਨੌਕਰੀ ਕਰਦੀ ਸੀ। ਸਹੁਰੇ ਘਰ ਵਾਧੂ ਇੱਜ਼ਤ ਸੀ ਕਿ ਨੂੰਹ ਸਾਰੀ ਉਮਰ ਦੀਆਂ ਰੋਟੀਆਂ ਨਾਲ ਲੈ ਕੇ ਆਈ ਆ। ਬਾਪ ਫ਼ੌਜੀ ਸੀ। ਉਹਨੇ ਮਾਂ ਨੂੰ ਕਿਹਾ ਸੀ, ‘‘ਮੈਂ ਤਾਂ ਫ਼ੌਜ ਵਿੱਚ ਹਾਂ, ਇਹ ਤੇਰੀ ਮਰਜ਼ੀ ਆ ਕਿ ਤੂੰ ਨੌਕਰੀ ਕਰਨੀ ਆ ਕਿ ਘਰ ਰਹਿਣਾ ਆ।’’

ਮਾਂ ਨੇ ਦੋ ਟੁੱਕ ਫੈਸਲਾ ਸੁਣਾਇਆ ਕੇ ਮੈਨੂੰ ਬਹੁਤ ਮਿਹਨਤ ਨਾਲ ਪੜ੍ਹਾਇਆ ਗਿਆ ਹੈ, ਆਪਣੀ ਕਮਾਈ ’ਚੋਂ ਖਰਚਾ ਕਰ-ਕਰ ਕੇ ਪੜ੍ਹਾਇਆ ਆ, ਨੌਕਰੀ ’ਤੇ ਲਵਾਇਆ ਆ। ਮੈਂ ਇਸ ਮਿਹਨਤ ਨੂੰ ਬੇਕਾਰ ਨਹੀਂ ਕਰਨਾ ਚਾਹੁੰਦੀ, ਸੋ ਮੈਂ ਨੌਕਰੀ ਕਰਾਂਗੀ।

ਮਾਂ ਦੱਸਦੀ ਹੁੰਦੀ ਆ ਕਿ ਉਦੋਂ ਮੈਂ ਹੋਣ ਵਾਲੀ ਸੀ ਤਾਂ ਮਾਂ ਆਪਣੇ ਕੀਤੇ ਵਾਅਦੇ ਅਨੁਸਾਰ ਉਸ ਕੋਲ ਸਮਾਣੇ ਚਲੇ ਗਈ। ਉਹ ਉਸ ਵੇਲੇ ਹਸਪਤਾਲ ਵਿੱਚ ਨਰਸ ਸੀ। ਮਾਂ ਦੱਸਦੀ ਸੀ ਤੂੰ ਉਸ ਦੇ ਹੱਥੀਂ ਹੋਈ ਸੀ।

ਉਹਨੂੰ ਬਹੁਤ ਚਾਅ ਸੀ ਕਿ ਉਹ ਮੇਰੇ ਪਹਿਲੇ ਬੱਚੇ ਦੀ ਦਾਈ ਬਣੇ। ਜਦੋਂ ਤੂੰ ਹੋਈ ਤਾਂ ਉਹਨੇ ਤੇਰੀ ਜੀਭ ਉੱਤੇ ਸ਼ਹਿਦ ਪਾਇਆ ਤੇ ਤੇਰੇ ਕੰਨਾਂ ਵਿੱਚ ਹੌਲੀ ਹੌਲੀ ਕੁਝ ਕਿਹਾ। ਮੈਂ ਲਾਗੇ ਬੈਠੀ ਨੇ ਪੁੱਛਿਆ, ‘‘ਭੈਣ ਤੂੰ ਕੀ ਕਿਹਾ ਹੈ ਕੁੜੀ ਦੇ ਕੰਨ ਵਿੱਚ?’’

ਉਹ ਹੱਸੀ ਤੇ ਕਹਿਣ ਲੱਗੀ, ‘‘ਇਹ ਮੇਰੀ ਤੇ ਮੇਰੀ ਭਾਣਜੀ ਦੀ ਆਪਸ ਵਿੱਚ ਦੀ ਗੱਲਬਾਤ ਆ, ਜਦੋਂ ਉਹ ਵੱਡੀ ਹਉਗੀ ਤੈਨੂੰ ਆਪੇ ਉਹ ਦੱਸਦੀ ਜਾਊਗੀ।’’

ਭਾਵੇਂ ਮੇਰੀ ਦਾਦੀ ਨੂੰ ਮੇਰੇ ਜੰਮਣ ’ਤੇ ਖੁਸ਼ੀ ਨਹੀਂ ਸੀ ਹੋਈ, ਪਰ ਨਾਨੀ ਦੀ ਖੁਸ਼ੀ ਦਾ ਕੋਈ ਅੰਤ ਨਹੀਂ ਸੀ। ਜਿਉਂ ਜਿਉਂ ਮੈਂ ਵੱਡੀ ਹੁੰਦੀ ਗਈ, ਘਰ ਦੇ ਮੇਰੇ ਸੁਭਾਅ ਨੂੰ, ਮੇਰੀ ਬੋਲ ਬਾਣੀ, ਮੇਰੇ ਗੁੱਸੇ ਨੂੰ, ਮੇਰੇ ਫੈਸਲੇ ਨੂੰ, ਉਸ ਨਾਲ ਮਿਲਾਉਂਦੇ ਰਹਿੰਦੇ, ਅਖੇ ਤੈਨੂੰ ਬਲਵੀਰ ਦੀ ਗੁੜਤੀ ਆ। ਤੂੰ ਉਹਦੇ ਵਾਂਗ ਗੱਲਬਾਤ ਕਰਦੀ ਐਂ। ਉਹਦੇ ਵਾਂਗ ਰੋਹਬ ਝਾੜਦੀ ਰਹਿੰਦੀ ਐਂ।

ਮੈਂ ਉਸ ਨੂੰ ਮਾਸੀ ਕਹਿੰਦੀ ਸੀ। ਮਾਸੀ ਦਾ ਜਿਸ ਮਰਦ ਨਾਲ ਵਿਆਹ ਹੋਇਆ ਸੀ, ਉਹ ਬਹੁਤ ਸ਼ਰੀਫ ਪਰਿਵਾਰਕ ਇਨਸਾਨ ਸੀ। ਪਟਿਆਲਾ ਦੇ ਕਿਸੇ ਬਿਜਲੀ ਮਹਿਕਮੇ ਵਿੱਚ ਅਫ਼ਸਰ ਸੀ। ਚੋਖੀ ਕਮਾਈ ਸੀ। ਉਹ ਮਾਸੀ ਨੂੰ ਬਲਵੀਰ ਜੀ ਕਹਿ ਕੇ ਬਲਾਉਂਦਾ ਸੀ ਤੇ ਮਾਸੀ ਉਸ ਨੂੰ ਹਰੀ ਕ੍ਰਿਸ਼ਨ ਜੀ ਕਹਿ ਕੇ ਬਲਾਉਂਦੀ ਸੀ।

ਕੁਝ ਦੇਰ ਮਗਰੋਂ ਮਾਸੀ ਇੱਕ ਪੁੱਤ ਦੀ ਮਾਂ ਬਣੀ। ਹਰੀ ਕ੍ਰਿਸ਼ਨ ਜੀ ਦੀ ਖੁਸ਼ੀ ਦਾ ਕੋਈ ਅੰਤ ਨਹੀਂ ਸੀ। ਸਹੁਰੇ ਅਮੀਰ ਸੀ। ਉਨ੍ਹਾਂ ਨੇ ਪੋਤੇ ਦੀ ਬਹੁਤ ਖੁਸ਼ੀ ਕੀਤੀ। ਹੌਲੀ ਹੌਲੀ ਮਾਸੀ ਤੇ ਹਰੀ ਕ੍ਰਿਸ਼ਨ ਜੀ ਦੀ ਲੜਾਈ ਹੋਣ ਲੱਗੀ। ਇੱਕ ਦਿਨ ਇੰਨੀ ਲੜਾਈ ਵਧੀ ਕਿ ਮਾਸੀ ਨੇ ਕਿਹਾ, ‘‘ਦੇਖੋ ਹਰੀ ਕ੍ਰਿਸ਼ਨ ਜੀ, ਮੈਂ ਇਸ ਤਰ੍ਹਾਂ ਤੁਹਾਡੇ ਨਾਲ ਨਹੀਂ ਰਹਿ ਸਕਦੀ।’’

ਮੈਂ ਉਦੋਂ ਛੋਟੀ ਸੀ, ਪਰ ਕੁਝ ਕੁਝ ਮੇਰੇ ਦਿਮਾਗ਼ ਵਿੱਚ ਗੱਲਾਂ ਪੈ ਰਹੀਆਂ ਸਨ। ਜੋ ਮੇਰੀ ਸਮਝ ਅਨੁਸਾਰ ਲੜਾਈ ਵਾਲੀਆਂ ਸਨ।

ਹਰੀ ਕ੍ਰਿਸ਼ਨ ਜੀ ਸਾਹਮਣਿਓਂ ਕੁਰਸੀ ਤੋਂ ਉੱਠੇ ਤੇ ਮੈਨੂੰ ਚੁੱਕ ਕੇ ਕਹਿੰਦੇ, ‘‘ਓ ਭੜੋਲਿਆ ਚੱਲ ਤੈਨੂੰ ਟੌਫੀਆਂ ਲੈ ਕੇ ਦੇਵਾਂ।’’ ਉਹ ਮੈਨੂੰ ਪਿਆਰ ਨਾਲ ਭੜੋਲਾ ਕਹਿੰਦੇ ਸੀ।

ਫੇਰ ਹੌਲੀ ਹੌਲੀ ਪਤਾ ਲੱਗਾ ਕਿ ਮਾਸੀ ਤੇ ਹਰੀ ਕ੍ਰਿਸ਼ਨ ਜੀ ਦੀ ਲੜਾਈ ਇਸ ਗੱਲੋਂ ਹੁੰਦੀ ਆ ਕਿ ਉਹ ਬਿਜਲੀ ਮਹਿਕਮੇ ’ਚ ਮਿਲਦੀ ਰਿਸ਼ਵਤ ਦਾ ਪੈਸਾ ਘਰ ਲੈ ਕੇ ਆਉਂਦੇ ਸੀ ਤੇ ਮਾਸੀ ਕਹਿੰਦੀ ਸੀ ਕਿ ਮੈਂ ਇਸ ਪੈਸੇ ਨਾਲ ਆਪਣੇ ਪੁੱਤ ਨੂੰ ਅੰਨ ਖਰੀਦ ਕੇ ਨਹੀਂ ਖਿਲਾ ਸਕਦੀ ਕਿਉਂਕਿ ਇਹ ਪੈਸਾ ਤੁਹਾਡਾ ਕਮਾਇਆ ਹੋਇਆ ਨਹੀਂ ਹੈ।

ਹਰੀ ਕ੍ਰਿਸ਼ਨ ਜੀ ਨੇ ਕਹਿਣਾ, ‘‘ਮੈਂ ਕੀ ਕਰਾਂ, ਲੋਕ ਜਬਰਦਸਤੀ ਮੈਨੂੰ ਦੇ ਜਾਂਦੇ ਆ।’’

ਰੱਬ ਜਾਣੇ ਕੀ ਸੱਚ ਸੀ, ਕੀ ਝੂਠ ਸੀ। ਬਸ ਮਾਸੀ ਦੇ ਇਸ ਅਸੂਲ ਨੇ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਮਾਸੀ ਦਾ ਵੱਡਾ ਭਰਾ ਲੁਧਿਆਣੇ ਡਾਕਟਰ ਸੀ, ਉਹਨੇ ਆਪਣੇ ਭਰਾ ਨੂੰ ਕਿਹਾ, ‘‘ਦੇਖ ਵੀਰ ਮੈਂ ਪਹਿਲਾਂ ਹੀ ਵਿਆਹ ਨੂੰ ਮੰਨਦੀ ਨਹੀਂ ਸੀ, ਹਰੀ ਕ੍ਰਿਸ਼ਨ ਬੰਦਾ ਭਾਵੇਂ ਬਹੁਤ ਸਾਊ ਤੇ ਚੰਗਾ ਬਾਪ ਆ, ਪਰ ਮੈਂ ਰਿਸ਼ਵਤ ਦੇ ਪੈਸੇ ਨਾਲ ਅੰਨ ਖਰੀਦ ਕੇ ਨਹੀਂ ਖਾ ਪਕਾ ਸਕਦੀ।

ਮੈਂ ਉਸ ਨੂੰ ਮੌਕਾ ਵੀ ਦਿੱਤਾ ਸੀ ਇਹ ਆਦਤ ਛੱਡ ਦੇਵੇ, ਪਰ ਕੁਝ ਦੇਰ ਹਟ ਕੇ ਫਿਰ ਤਨਖਾਹ ਨਾਲ ਮੈਨੂੰ ਵਾਧੂ ਪੈਸੇ (ਰਿਸ਼ਵਤ) ਫੜਾ ਦਿੰਦੇ ਹਨ। ਮੈਂ ਇਸ ਕਮਾਈ ਵਾਲੇ ਇਨਸਾਨ ਨਾਲ ਨਹੀਂ ਰਹਿ ਸਕਦੀ, ਮੈਂ ਹੁਣ ਤਲਾਕ ਲੈਣਾ ਹੈ।’’

ਭਾਵੇਂ ਹਰੀ ਕ੍ਰਿਸ਼ਨ ਜੀ ਨੇ ਵੀ ਕਿਹਾ ਸੀ, ਬਲਵੀਰ ਜੀ ਮੈਂ ਕੋਸ਼ਿਸ਼ ਕਰਦਾ ਹਾਂ ਪੈਸੇ ਨਾ ਫੜਨ ਦੀ, ਪਰ ਲੋਕ ਮੈਨੂੰ ਮਜਬੂਰ ਕਰਦੇ ਹਨ। ਤੁਸੀਂ ਤਲਾਕ ਨਾ ਲਵੋ, ਆਪਾਂ ਕੋਈ ਹੋਰ ਰਸਤਾ ਲੱਭ ਲੈਂਦੇ ਹਾਂ। ਹਰੀ ਕ੍ਰਿਸ਼ਨ ਜੀ ਕਿਸੇ ਵੀ ਹਾਲ ਵਿੱਚ ਤਲਾਕ ਨਹੀਂ ਲੈਣਾ ਚਾਹੁੰਦੇ ਸਨ।

ਖੈਰ! ਉਦੋਂ ਮੈਂ ਛੇਵੀਂ ਕਲਾਸ ਵਿੱਚ ਸੀ ਅਤੇ ਮਾਂ ਨਾਲ ਲੁਧਿਆਣੇ ਗਈ ਹੋਈ ਸੀ। ਉੱਧਰੋਂ ਉਸੇ ਦਿਨ ਮਾਸੀ ਤੇ ਹਰੀ ਕ੍ਰਿਸ਼ਨ ਜੀ ਵੀ ਵੱਡੇ ਮਾਮਾ ਜੀ ਦੇ ਘਰ ਪਟਿਆਲੇ ਤੋਂ ਪਹੁੰਚੇ ਹੋਏ ਸਨ। ਮੈਨੂੰ ਨਹੀਂ ਪਤਾ ਮੇਰੀ ਮਾਂ ਦਾ ਉਸ ਦਿਨ ਉੱਥੇ ਹਾਜ਼ਰ ਹੋਣਾ ਅਚਾਨਕ ਹੋਇਆ ਸੀ ਜਾਂ ਉਹ ਖਾਸ ਪਹੁੰਚੀ ਹੋਈ ਸੀ।

ਉਹ ਦੋਵੇਂ ਜਣੇ ਹੱਸਦੇ ਖੇਡਦੇ ਪਟਿਆਲੇ ਆਲੀ ਬੱਸ ’ਚੋਂ ਉਤਰ ਕੇ ਬਾਈਪਾਸ ਸਮਰਾਲਾ ਚੌਕ ਮਾਮੇ ਦੇ ਘਰ ਪਹੁੰਚੇ। ਮੈਂ ਸਾਹਮਣੇ ਬੈਠੀ ਸੀ, ਮਾਂ ਤੇ ਨਾਨੀ ਦੀਆਂ ਗੱਲਾਂ ਤੋਂ ਲੱਗਦਾ ਸੀ ਕਿ ਘਰ ਵਿੱਚ ਕੁਝ ਹੋ ਰਿਹਾ ਹੈ।

‘‘ਓ ਭੜੋਲਿਆ।’’ ਹਰੀ ਕ੍ਰਿਸ਼ਨ ਜੀ ਨੇ ਮੈਨੂੰ ਸਾਹਮਣੇ ਖੜ੍ਹੀ ਨੂੰ ਕਹਿ ਕੇ ਮੇਰੇ ਹੱਥ ’ਤੇ ਟੌਫੀਆਂ ਰੱਖਦਿਆਂ ਮੇਰੀ ਮਾਂ ਨੂੰ ਬੁੱਕਲ ਵਿੱਚ ਲੈ ਕੇ ਮਿਲੇ।

ਨਾਨੀ ਦੇ ਲਾਗੇ ਜਾ ਕੇ ਬੈਠੇ, ਰਾਜ਼ੀ ਖੁਸ਼ੀ ਪੁੱਛੀ। ਫਿਰ ਸਭ ਨੇ ਰਲ ਕੇ ਰੋਟੀ ਖਾਧੀ। ਮਾਮਾ ਜੀ ਦੀ ਤੇ ਹਰੀ ਕ੍ਰਿਸ਼ਨ ਜੀ ਦੀ ਆਪਸ ਵਿੱਚ ਜੀਜੇ-ਸਾਲੇ ਦੀ ਬਹੁਤ ਬਣਦੀ ਸੀ। ਪਲੰਘ ’ਤੇ ਬੈਠੇ ਦੋਵੇਂ ਖਾਣਾ ਖਾ ਰਹੇ ਸਨ।

ਫੇਰ ਘੜੀ ਵੱਲ ਦੇਖਦਿਆਂ ਮਾਸੀ ਨੇ ਕਿਹਾ, ‘‘ਕਿਉਂ ਹਰੀ ਕ੍ਰਿਸ਼ਨ ਜੀ ਚੱਲੀਏ, ਉਹਨੇ ਹਲਕੀ ਜਿਹੀ ਆਵਾਜ਼ ਵਿੱਚ ਕਿਹਾ, ਜੀ ਬਲਵੀਰ ਜੀ ਚੱਲੋ!’’

ਮਾਮਾ ਜੀ ਵੀ ਤਿਆਰ ਹੋਏ ਖੜ੍ਹੇ ਸਨ। ਤਿੰਨੇ ਜਣੇ ਲੁਧਿਆਣੇ ਦੀ ਅਦਾਲਤ ਵਿੱਚ ਗਏ। ਮਾਮੇ ਦੀ ਹਾਜ਼ਰੀ ਵਿੱਚ ਮਾਸੀ ਤੇ ਹਰੀ ਕ੍ਰਿਸ਼ਨ ਦਾ ਤਲਾਕ ਹੋ ਗਿਆ। ਘਰ ਪਰਤੇ ਤਾਂ ਨਾਨੀ ਉਦਾਸ ਸੀ। ਮਾਂ ਵੀ ਉਦਾਸ ਸੀ। ਹਰੀ ਕ੍ਰਿਸ਼ਨ ਤੇ ਮਾਸੀ ਤੇ ਮਾਮਾ ਹੱਸਦੇ-ਹੱਸਦੇ ਘਰ ਆ ਗਏ। ਚਾਹ ਪੀਤੀ ਤੇ ਫੇਰ ਹਰੀ ਕ੍ਰਿਸ਼ਨ ਨੇ ਮਾਸੀ ਨੂੰ ਕਿਹਾ, ‘‘ਬਲਵੀਰ ਜੀ ਮੇਰਾ ਸਾਮਾਨ, ਤੁਹਾਡੇ ਘਰ ਪਿਆ ਹੈ, ਦੱਸ ਦਿਓ ਮੈਂ ਕਦੋਂ ਚੁੱਕਣ ਆਵਾਂ?’’

ਮਾਸੀ ਨੇ ਚਾਹ ਦਾ ਕੱਪ ਮੇਜ਼ ’ਤੇ ਰੱਖਦੀ ਨੇ ਕਿਹਾ, ‘‘ਹਰੀ ਕ੍ਰਿਸ਼ਨ ਜੀ ਆਪਾਂ ਇਕੱਠੇ ਪਟਿਆਲਾ ਨੂੰ ਨਿਕਲਦੇ ਹਾਂ, ਤੁਸੀਂ ਘਰ ਆ ਕੇ ਆਪਣਾ ਸਾਮਾਨ ਚੁੱਕ ਲੈਣਾ। ਇਹ ਕਹਿ ਕੇ ਮਾਸੀ ਨੇ ਹਰੀ ਕ੍ਰਿਸ਼ਨ ਜੀ ਵੱਲ ਹੱਥ ਵਧਾ ਕੇ ਸ਼ੇਕਹੈਂਡ ਕਰਦਿਆਂ ਨਾਨੀ ਨੂੰ ਕਿਹਾ, ‘‘ਮਾਂ ਤੂੰ ਮੇਰਾ ਜੀਵਨ ਸਾਥੀ ਚੰਗਾ ਤੇ ਸੋਹਣਾ ਲੱਭਿਆ ਸੀ, ਪਰ ਮੈਨੂੰ ਮੇਰੇ ਅਸੂਲ ਪਸੰਦ ਹਨ। ਸਾਡੀ ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ, ਦੇਖ ਤੇਰੇ ਮੂਹਰੇ ਅਸੀਂ ਸ਼ੇਕਹੈਂਡ ਕਰ ਰਹੇ ਹਾਂ।’’

ਨਾਨੀ ਕੁਝ ਨਾ ਬੋਲੀ, ਹਰੀ ਕ੍ਰਿਸ਼ਨ ਜੀ ਨੇ ਬਸ ਇਹ ਹੀ ਕਿਹਾ, ‘‘ਬਲਵੀਰ ਜੀ ਜੋ ਤੁਹਾਡਾ ਫੈਸਲਾ ਹੈ ਮੈਨੂੰ ਮਨਜ਼ੂਰ ਹੈ।’’

ਉਸ ਵਕਤ ਮਾਸੀ ਦਾ ਮੁੰਡਾ ਸੱਤ ਅੱਠ ਵਰ੍ਹਿਆਂ ਦਾ ਸੀ। ਹਰੀ ਕ੍ਰਿਸ਼ਨ ਜੀ ਨੇ ਆਪਣੇ ਪੁੱਤ ਨੂੰ ਆਖਰੀ ਬਾਰ ਦੇਖਿਆ, ਦਿਲ ਨਾਲ ਲਾਇਆ ਤੇ ਘਰੋਂ ਸਾਮਾਨ ਚੁੱਕ ਕੇ ਚਲਾ ਗਿਆ। ਫੇਰ ਕਦੇ ਉਸ ਨੂੰ ਮਾਸੀ ਨੇ ਪੁੱਤ ਨੂੰ ਦੇਖਣ ਨਹੀਂ ਦਿੱਤਾ, ਅਖੇ ਪੁੱਤ ਦੇਖ ਕੇ ਤੁਹਾਡੇ ਦਿਲ ਵਿੱਚ ਮੇਰੇ ਲਈ ਪਿਆਰ ਜਾਗੇਗਾ, ਇਸ ਕਰਕੇ ਮਾਸੀ ਦੇ ਅਸੂਲਾਂ ਦੀ ਸਜ਼ਾ ਜ਼ਿੰਦਗੀ ਭਰ ਪੁੱਤ ਨੂੰ ਝੱਲਣੀ ਪਈ। ਪਿਓ-ਪੁੱਤ ਇੱਕ ਸ਼ਹਿਰ ਵਿੱਚ ਰਹਿ ਕੇ ਵੀ ਬੇਗਾਨਗੀ ਭੋਗਦੇ ਰਹੇ।

ਫੇਰ ਇੱਕ ਦਿਨ ਹਰੀ ਕ੍ਰਿਸ਼ਨ ਦਾ ਵਿਆਹ ਹੋ ਗਿਆ। ਮਾਸੀ ਨੇ ਬਹੁਤ ਖੁਸ਼ੀ ਕੀਤੀ, ਉਸ ਨੂੰ ਦਿਲੀ ਮੁਬਾਰਕਾਂ ਘੱਲੀਆਂ। ਇੱਕ ਦਿਨ ਅਚਾਨਕ ਹਰੀ ਕ੍ਰਿਸ਼ਨ ਜੀ ਮਾਸੀ ਨੂੰ ਬਾਜ਼ਾਰ ਵਿੱਚ ਮਿਲ ਗਏ। ਬਹੁਤ ਇੱਜ਼ਤ ਨਾਲ ਮਿਲੇ।

ਮਾਸੀ ਤੋਂ ਹਰੀ ਕ੍ਰਿਸ਼ਨ ਜੀ ਨੇ ਬਹੁਤ ਨਰਮ ਲਹਿਜ਼ੇ ਵਿੱਚ ਪਹਿਲਾਂ ਦੀ ਤਰ੍ਹਾਂ ਪੁੱਛਿਆ, ‘‘ਬਲਵੀਰ ਜੀ ਕੀ ਹੋਇਆ ਜੇ ਆਪਾਂ ਤਲਾਕ ਲੈ ਲਿਆ ਹੈ। ਸਾਡੀ ਇੱਕ ਔਲਾਦ ਸਾਂਝੀ ਆ, ਆਪਾ ਦੋਸਤ ਬਣ ਕੇ ਤਾਂ ਰਹਿ ਸਕਦੇ ਹਾਂ?’’

ਮਾਸੀ ਦਾ ਆਖਰੀ ਜਵਾਬ ਸੀ, ‘‘ਹਰੀ ਕ੍ਰਿਸ਼ਨ ਜੀ ਤੁਹਾਡੀ ਪਤਨੀ ਬਹੁਤ ਖੂਬਸੂਰਤ ਹੈ, ਤੁਸੀਂ ਆਪਣੀ ਪਤਨੀ ਨੂੰ ਸਮਾਂ ਦੇਵੋ, ਤੁਸੀਂ ਇੱਕ ਨੇਕ ਇਨਸਾਨ ਹੋ, ਜੋ ਮੇਰੀ ਜ਼ਿੰਦਗੀ ਵਿੱਚ ਆਏ ਸੀ, ਬਸ ਮੈਂ ਆਪਣੇ ਅਸੂਲਾਂ ਦੇ ਖਿਲਾਫ਼ ਨਹੀਂ ਜਾ ਸਕੀ, ਆਪਣੇ ਰਾਹ ਅਲੱਗ ਹੋ ਗਏ, ਹੁਣ ਤੁਸੀਂ ਕਿਸੇ ਹੋਰ ਦੇ ਹੋ, ਉਸ ਨਾਲ ਵਧੀਆ ਜ਼ਿੰਦਗੀ ਬਤੀਤ ਕਰੋ।’’

ਉਸ ਦਿਨ ਮਾਸੀ ਅਤੇ ਹਰੀ ਕ੍ਰਿਸ਼ਨ ਦਾ ਉਹ ਆਖਰੀ ਮਿਲਣਾ ਸੀ।

ਫੇਰ ਕਦੇ ਜਦੋਂ ਵੀ ਹਰੀ ਕ੍ਰਿਸ਼ਨ ਜੀ ਤੇ ਮਾਸੀ ਰਸਤੇ ਵਿੱਚ ਮਿਲਦੇ ਸਨ ਤਾਂ ਇੱਕ ਦੂਜੇ ਨੂੰ ਦੂਰੋਂ ਸਿਰ ਝੁਕਾ ਕੇ ਸਤਿ ਸ੍ਰੀ ਅਕਾਲ ਜ਼ਰੂਰ ਬਲਾਉਂਦੇ ਸਨ, ਪਰ ਕਦੇ ਰਸਤੇ ’ਚ ਰੁਕ ਕੇ ਹਾਲ ਚਾਲ ਨਹੀਂ ਸੀ ਪੁੱਛਦੇ।

ਹੁਣ ਪਿਛਲੇ ਦਿਨੀਂ ਮਾਸੀ ਦੀ ਮੌਤ ਹੋ ਗਈ, ਹਰੀ ਕ੍ਰਿਸ਼ਨ ਨੂੰ ਜਦੋਂ ਪਤਾ ਲੱਗਾ ਤਾਂ ਉਸ ਦਾ ਕਹਿਣਾ ਸੀ ਮੈਂ ਸਦਾ ਹੀ ਉਸ ਅਸੂਲਾਂ ਦੀ ਦੇਵੀ ਨੂੰ ਦਿਲੋਂ ਪੂਜਦਾ ਤੇ ਪਿਆਰ ਕਰਦਾ ਰਿਹਾ ਹਾਂ। ਉਹ ਇਸ ਸ਼ਹਿਰ ਵਿੱਚ ਵੱਸਦੀ ਸੀ, ਮੈਨੂੰ ਇਸ ਸ਼ਹਿਰ ਦਾ ਹਨੇਰ ਵੀ ਚੰਗਾ ਲੱਗਦਾ ਸੀ।

ਅੱਜ ਸਿਖਰ ਦੁਪਹਿਰ ਮੈਨੂੰ ਮੇਰਾ ਪਟਿਆਲਾ ਸ਼ਹਿਰ ਸਾਰੇ ਦਾ ਸਾਰਾ ਸ਼ਮਸ਼ਾਨ ਲੱਗਦਾ ਹੈ ਕਿਉਂਕਿ ਇੱਥੇ ਹੁਣ ਬਲਵੀਰ ਵਰਗੀ ਬੇਬਾਕ ਔਰਤ ਨਹੀਂ ਵਸ ਰਹੀ।

ਸੱਚੀ ਗੱਲ ਹੈ, ਪਾਏ ਹੋਏ ਰਿਸ਼ਤੇ ਕਦੇ ਕਿਸੇ ਨਾਲ ਖਤਮ ਨਹੀਂ ਹੁੰਦੇ।

ਹਾਲਾਤ ਭਾਵੇਂ ਰਿਸ਼ਤਿਆਂ ’ਚ ਗੰਢ ਬੰਨ੍ਹ ਦਿੰਦੇ ਹਨ, ਪਰ ਉਹ ਗੰਢ ਆਪਸ ਵਿੱਚ ਵੀ ਟੋਟੇ ਨੂੰ ਜੋੜੀ ਰੱਖਦੀ ਆ, ਇਹ ਯਾਦ ਕਰਾਉਣ ਲਈ ਕਿ ਤੁਹਾਡਾ ਕਦੇ ਨਾ ਕਦੇ ਆਪਸ ਵਿੱਚ ਕੋਈ ਨਾਤਾ ਰਿਹਾ ਹੈ।

ਬਸ! ਇਹ ਹੀ ਗੰਢ ਤਕਲੀਫ਼ਦੇਹ ਹੁੰਦੀ ਹੈ, ਜੇ ਖੁੱਲ੍ਹ ਜਾਵੇ ਤਾਂ ਟੋਟਾ ਟੋਟਾ, ਬੰਨ੍ਹੀ ਰਹੇ ਤਾਂ ਦਿਲ ਦੀ ਪੀੜ।

ਜਿਸ ਪੀੜ ਨੂੰ ਹਰੀ ਕ੍ਰਿਸ਼ਨ ਜੀ ਨੇ ਜ਼ਿੰਦਗੀ ਭਰ ਝੱਲਿਆ। ਬੇਗੁਨਾਹ ਪੁੱਤ ਨੇ ਝੱਲਿਆ। ਜੋ ਸਾਰੀ ਉਮਰ ਬਾਪ ਦੇ ਹੱਥ ਨੂੰ ਤਰਸਦਾ ਰਿਹਾ।

ਮੇਰਾ ਵੀ ਉਸ ਇਨਸਾਨ ਨਾਲ ਰਿਸ਼ਤਾ ਰਿਹਾ ਹੈ ਟੌਫੀਆਂ ਦਾ ਤੇ ਭੜੋਲੇ ਜਿਹੇ ਲਾਡਲੇ ਨਾਂ ਨੂੰ ਸੱਦਣ ਨਾਲ। ਇੱਕ ਤਕਲੀਫ਼ ਜੋ ਦਿਲ ਦੇ ਕੋਨੇ ਵਿੱਚ ਲਗਾਤਾਰ ਦਰਦ ਦਿੰਦੀ ਰਹੀ।News Source link
#ਗਢ #ਜ #ਦਰਦ #ਦਦ #ਰਹ

- Advertisement -

More articles

- Advertisement -

Latest article