ਹਰਦੀਪ ਸਿੰਘ ਸੋਢੀ
ਧੂਰੀ, 13 ਅਪਰੈਲ
ਨੇੜਲੇ ਪਿੰਡ ਸ਼ੇਰਪੁਰ ਸੋਢੀਆਂ ਦੇ ਖੇਤਾਂ ਵਿੱਚ ਖੜ੍ਹੀ ਕਣਕ ਦੀ ਫ਼ਸਲ ਤੇ ਨਾੜ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਜਾਣਕਾਰੀ ਮੁਤਾਬਕ, ਇਹ ਅੱਗ ਅੱਜ ਸਵੇਰੇ ਲਗਪਗ 10.30 ਵਜੇ ਲੱਗੀ। ਸ਼ੇਰਪੁਰ ਸੋਢੀਆਂ ਦੇ ਧੰਨਾ ਸਿੰਘ ਦੀ ਛੇ ਏਕੜ, ਪੂਰਨ ਸਿੰਘ ਦੀ ਅੱਠ ਏਕੜ, ਗੁਰਜੰਟ ਸਿੰਘ ਤੇ ਬਲਵਿੰਦਰ ਸਿੰਘ ਦੀ ਡੇਢ-ਡੇਢ ਏਕੜ, ਆਤਮਾ ਸਿੰਘ ਦੀ ਡੇਢ ਵਿੱਘਾ ਅਤੇ ਅਜੈਬ ਸਿੰਘ ਦੀ 42 ਵਿੱਘਾ ਕਣਕ ਅੱਗ ਦੀ ਚਪੇਟ ਵਿੱਚ ਆ ਗਈ। ਇਸੇ ਤਰ੍ਹਾਂ ਅੱਗ ਕਾਰਨ ਗੁਰਵਿੰਦਰ ਸਿੰਘ ਦਾ ਚਾਰ ਏਕੜ ਅਤੇ ਜੋਗਾ ਸਿੰਘ ਦਾ ਇੱਕ ਏਕੜ ਨਾੜ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੇ ਕਾਰਨਾ ਦਾ ਪਤਾ ਨਹੀਂ ਚੱਲ ਸਕਿਆ। ਫਾਇਰ ਬਿਗ੍ਰੇਡ ਅਮਲੇ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਗਪਗ ਦੋ ਘੰਟੇ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ ਜਾ ਸਕਿਆ।