ਵਾਸ਼ਿੰਗਟਨ, 13 ਅਪਰੈਲ
ਭਾਰਤ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀਆਂ ਨੇ ਦੁਵੱਲੇ ਰਣਨੀਤਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਦੋਵਾਂ ਦੇਸ਼ਾਂ ਦਰਮਿਆਨ ਵਿੱਦਿਅਕ ਸਹਿਯੋਗ ਨੂੰ ਹੋਰ ਵਧਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਹੈ। ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਐਂਟਨੀ ਬਲਿੰਕਨ ਨੇ ਇੱਥੇ ਹਾਵਰਡ ਯੂਨੀਵਰਸਿਟੀ ਵਿੱਚ ‘ਅਮਰੀਕਾ-ਭਾਰਤ ਉੱਚ ਸਿੱਖਿਆ ਚਰਚਾ’ ਸਬੰਧੀ ਪ੍ਰੋਗਰਾਮ ਵਿੱਚ ਹਿੱਸਾ ਲਿਆ। ਬਲਿੰਕਨ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸੰਸਾਰ ਦੀਆਂ ਸਭ ਤੋਂ ਪੁਰਾਣੀਆਂ ਅਤੇ ਸਭ ਤੋਂ ਵੱਡੀਆਂ ਜਮਹੂਰੀਅਤਾਂ ਹੋਣ ਦੇ ਨਾਤੇ, ਭਾਰਤ ਅਤੇ ਅਮਰੀਕਾ ਹਮੇਸ਼ਾ ਇੱਕ-ਦੂਜੇ ਤੋਂ ਕੁੱਝ ਨਾ ਕੁੱਝ ਸਿਖਦੇ ਰਹੇ ਹਨ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਦਰਮਿਆਨ ਬੀਤੇ ਦਿਨੀਂ ਚੌਥੇ ਗੇੜ ਦੀ 2+2 ਮੰਤਰੀ ਪੱਧਰੀ ਗੱਲਬਾਤ ਕੀਤੀ ਗਈ ਅਤੇ ਇਸ ਵਿੱਚ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਫ਼ੈਸਲਾ ਲਿਆ ਗਿਆ, ਖ਼ਾਸ ਕਰ ਕੇ ਸਿੱਖਿਆ ਦੇ ਖੇਤਰ ਵਿੱਚ। ਜੈਸ਼ੰਕਰ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਦਾ ਅਤੇ ਬਲਿੰਕਨ ਦਾ ਸੋਮਵਾਰ ਦਾ ਦਿਨ ਕਾਫ਼ੀ ਰੁਝੇਵੇਂ ਵਾਲਾ ਰਿਹਾ। ਉਹ ਅਗਲੇ ਦਿਨ ਯੂਨੀਵਰਸਿਟੀ ਵਿੱਚ ਇੱਕ ਹੋਰ ਪ੍ਰੋਗਰਾਮ ਦੌਰਾਨ ਇਕੱਠੇ ਹੋਣਗੇ। -ਪੀਟੀਆਈ