ਸਰਬਜੀਤ ਸਿੰਘ ਭੰਗੂ
ਪਟਿਆਲਾ, 12 ਅਪਰੈਲ
ਹਾੜ੍ਹੀ ਦੇ ਸੀਜ਼ਨ ਦੌਰਾਨ ਐਤਕੀ ਸਮੇਂ ਤੋਂ ਪਹਿਲਾਂ ਅਤੇ ਲੋੜ ਨਾਲੋਂ ਵੱਧ ਗਰਮੀ ਪੈਣ ਕਾਰਨ ਜਿੱਥੇ ਕਣਕ ਦਾ ਝਾੜ ਘਟਣ ਕਰ ਕੇ ਕਿਸਾਨਾਂ ਨੂੰ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ, ਉੱਥੇ ਹੀ ਮਾਜੂ ਦਾਣੇ ਦੀ ਵਧੀ ਮਾਤਰਾ ਕਰ ਕੇ ਕੇਂਦਰ ਅਤੇ ਪੰਜਾਬ ਸਰਕਾਰ ਵਿਚਾਲੇ ਰੇੜਕਾ ਪੈਦਾ ਹੋ ਗਿਆ ਹੈ। ਕੇਂਦਰ ਸਰਕਾਰ ਦੀ ਇੱਕੋ-ਇੱਕ ਖਰੀਦ ਏਜੰਸੀ ਐੱਫਸੀਆਈ ਨੇ ਪੰਜਾਬ ਦੀਆਂ ਸਰਕਾਰੀ ਖਰੀਦ ਏਜੰਸੀਆਂ ਨੂੰ ਸਪੱਸ਼ਟ ਆਖ ਦਿੱਤਾ ਹੈ ਕਿ ਨਿਰਧਾਰਤ ਮਾਪਦੰਡ ਨਜ਼ਰਅੰਦਾਜ਼ ਕਰ ਕੇ ਖਰੀਦੀ ਗਈ ਕਣਕ ਐੱਫਸੀਆਈ ਨਹੀਂ ਚੁੱਕੇਗੀ। ਉਪਰੰਤ ਪੰਜਾਬ ਸਰਕਾਰ ਦੀਆਂ ਸਮੂਹ ਖਰੀਦ ਏਜੰਸੀਆਂ ਨੇ 13 ਅਪਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਦੇ ਬਾਈਕਾਟ ਦਾ ਫ਼ੈਸਲਾ ਲਿਆ ਹੈ। ਉੱਧਰ, ਖਰੀਦ ਏਜੰਸੀਆਂ ਵੱਲੋਂ ਬਾਈਕਾਟ ਦਾ ਫੈਸਲਾ ਲਏ ਜਾਣ ਕਾਰਨ ਐੱਫਸੀਆਈ ਦੀਆਂ ਚਾਰ ਟੀਮਾਂ ਨੇ 13 ਅਪਰੈਲ ਨੂੰ ਪੰਜਾਬ ਦੌਰੇ ਦਾ ਪ੍ਰੋਗਰਾਮ ਵੀ ਉਲੀਕ ਲਿਆ ਹੈ। ਇਹ ਟੀਮਾਂ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ਦਾ ਦੌਰਾ ਕਰ ਕੇ ਸੈਂਪਲ ਭਰਨਗੀਆਂ ਅਤੇ ਇਸ ਦੀ ਰਿਪੋਰਟ ਕੇਂਦਰ ਸਰਕਾਰ ਨੂੰ ਭੇਜੀ ਜਾਵੇਗੀ।