30.1 C
Patiāla
Saturday, September 7, 2024

ਕਾਗਜ਼ ਦਾ ਸਫ਼ਰ

Must read


ਹਰਜੀਤ ਅਟਵਾਲ

ਸ਼ਾਇਦ ਤੁਸੀਂ ਬਚਪਨ ਵਿੱਚ ਕਾਗਜ਼ ਦੇ ਜਹਾਜ਼ ਚਲਾਏ ਹੋਣ ਜਾਂ ਪਾਣੀ ਵਿੱਚ ਕਾਗਜ਼ ਦੀ ਕਿਸ਼ਤੀ ਜਾਂ ਫਿਰ ਕਿਸੇ ਨੂੰ ਪ੍ਰੇਮ-ਪੱਤਰ ਹੀ ਲਿਖਿਆ ਹੋਵੇ। ਇਸ ਦੌਰਾਨ ਤੁਸੀਂ ਸ਼ਾਇਦ ਹੀ ਕਦੇ ਸੋਚਿਆ ਹੋਵੇਗਾ ਕਿ ਇਹ ਕਾਗਜ਼ ਤੁਹਾਡੇ ਹੱਥਾਂ ਤੱਕ ਇੱਕ ਲੰਮਾ, ਦਿਲਚਸਪ ਤੇ ਗੌਰਵਮਈ ਸਫ਼ਰ ਤੈਅ ਕਰਦਾ ਕਿਵੇਂ ਪੁੱਜਦਾ ਹੈ? ਕਾਗਜ਼ ਹੈ ਕੀ? ਇਹ ਪਤਲਾ ਜਿਹਾ ਇੱਕ ਪਦਾਰਥ ਹੈ ਜੋ ਮੁੱਖ ਤੌਰ ’ਤੇ ਲਿਖਣ ਤੇ ਪ੍ਰਿੰਟ ਕਰਨ ਦੇ ਕੰਮ ਆਉਂਦਾ ਹੈ ਪਰ ਇਹ ਹੋਰ ਵੀ ਬਹੁਤ ਸਾਰੇ ਕੰਮਾਂ ਲਈ ਵਰਤਿਆ ਜਾਂਦਾ ਹੈ ਜਿਵੇਂ ਚੀਜ਼ ਲਪੇਟਣ ਜਾਂ ਪੈਕੇਜਿੰਗ ਲਈ, ਸਫ਼ਾਈ ਲਈ ਆਦਿ। ਇਸ ਦੇ ਬੈਗ, ਕੱਪ-ਪਲੇਟਾਂ ਤੇ ਪਤਾ ਨਹੀਂ ਹੋਰ ਕੀ-ਕੀ ਬਣਦਾ ਹੈ। ਕਾਗਜ਼ ਮਨੁੱਖੀ ਜੀਵਨ ਦਾ ਅਹਿਮ ਹਿੱਸਾ ਹੈ। ਆਮ ਤੌਰ ’ਤੇ ਇਹ ਚਿੱਟੇ ਰੰਗ ਵਿੱਚ ਉਪਲੱਬਧ ਹੈ, ਪਰ ਹੋਰ ਰੰਗਾਂ ਵਿੱਚ ਵੀ ਮਿਲਦਾ ਹੈ। ਕਾਗਜ਼ ਦਾ ਅਸਲੀ ਰੰਗ ਮੱਧ-ਯੂਰਪੀ ਇਨਸਾਨੀ ਚਮੜੀ ਦੇ ਰੰਗ ਵਰਗਾ ਦਾਖੀ ਹੁੰਦਾ ਹੈ, ਪਰ ਇਸ ਨੂੰ ਬਲੀਚ ਤੇ ਹੋਰ ਰਸਾਇਣ ਪਾ ਕੇ ਸਫ਼ੈਦ ਕਰ ਲਿਆ ਜਾਂਦਾ ਹੈ।

ਕਾਗਜ਼ ਮੁੱਖ ਤੌਰ ’ਤੇ ਬਨਸਪਤੀ ਤੋਂ ਬਣਦਾ ਹੈ ਜਿਵੇਂ ਘਾਹ, ਰੁੱਖ ਆਦਿ। ਤੁਸੀਂ ਦੇਖਿਆ ਹੋਵੇਗਾ ਕਿ ਅਲਮਾਰੀਆਂ ਵਿੱਚ ਪਏ-ਪਏ ਰਸਾਲੇ, ਅਖ਼ਬਾਰਾਂ ਆਦਿ ਇੱਕ ਸਮੇਂ ਬਾਅਦ ਰੰਗ ਬਦਲਣ ਲੱਗਦੇ ਹਨ, ਇਸ ਦਾ ਕਾਰਨ ਇਸ ਦਾ ਲੱਕੜ ਤੋਂ ਬਣਿਆ ਹੋਇਆ ਹੁੰਦਾ ਹੈ। ਲੱਕੜ ਕਾਰਬੋਹਾਈਡਰੇਟ ਤੋਂ ਬਣੀ ਹੁੰਦੀ ਹੈ। ਇਸ ਕਾਰਬੋਹਾਈਡਰੇਟ ਵਿੱਚ ਸੋਲੂਲੋਜ਼ ਤੇ ਲਿਗਨਿਨ ਹੁੰਦੇ ਹਨ। ਇੱਕ ਸਮੇਂ ਤੋਂ ਬਾਅਦ ਲਿਗਨਿਨ ਦੇ ਅਣੂ ਟੁੱਟਣੇ ਸ਼ੁਰੂ ਹੋ ਜਾਂਦੇ ਹਨ ਤੇ ਕਈ ਤਰ੍ਹਾਂ ਦੇ ਫਿਨੋਲਿਕ ਤੇਜ਼ਾਬ ਬਣਨ ਲੱਗਦੇ ਹਨ। ਇਨ੍ਹਾਂ ਫਿਨੋਲਿਕ ਤੇਜ਼ਾਬਾਂ ਦਾ ਰੰਗ ਹਲਕਾ ਦਾਖੀ ਹੁੰਦਾ ਹੈ, ਇਸ ਲਈ ਕਾਗਜ਼ ਰੰਗ ਬਦਲਣ ਲੱਗਦਾ ਹੈ। ਇਹ ਫਿਨੋਲਿਕ ਤੇਜ਼ਾਬ ਅੱਗੇ ਸੈਲੂਲੋਜ਼ ਨਾਲ ਕਿਰਿਆ ਕਰਦੇ ਹਨ ਤੇ ਕਾਗਜ਼ ਕਮਜ਼ੋਰ ਤੇ ਟੁੱਟਣਸ਼ੀਲ ਹੋ ਜਾਂਦਾ ਹੈ। ਸੋ ਇਸ ਦੀ ਵਿਸ਼ੇਸ਼ ਸੰਭਾਲ ਰੱਖਣ ਦੀ ਲੋੜ ਪੈਂਦੀ ਹੈ।

ਕਾਗਜ਼ ਮਨੁੱਖ ਨੂੰ ਪ੍ਰਗਟਾਵਾ ਕਰਨ ਜਾਂ ਸੁਨੇਹਾ ਦੇਣ ਲਈ ਸਭ ਤੋਂ ਵਧੀਆ ਸਾਧਨ ਹੈ, ਚਾਹੇ ਫਿਦਾ ਹੁਸੈਨ ਨੇ ਤਸਵੀਰ ਬਣਾ ਕੇ ਕੁਝ ਕਹਿਣਾ ਹੋਵੇ ਜਾਂ ਨਾਨਕ ਸਿੰਘ ਨੇ ਨਾਵਲ ਲਿਖ ਕੇ। ਪੱਥਰ ਯੁੱਗ ਤੋਂ ਹੀ ਇਨਸਾਨ ਪੱਥਰਾਂ, ਰੇਤ, ਗੁਫ਼ਾਵਾਂ ਦੀਆਂ ਕੰਧਾਂ ’ਤੇ ਚਿੱਤਰ ਬਣਾ ਕੇ ਜਾਂ ਕੋਈ ਹੋਰ ਤਰੀਕਾ ਲੱਭ ਕੇ ਆਪਣੀ ਗੱਲ ਕਹਿੰਦਾ ਆਇਆ ਹੈ। ਫਿਰ ਜਦੋਂ ਮਨੁੱਖ ਕੋਲ ਲਿੱਪੀ ਆਈ ਤਾਂ ਉਹ ਇਸ ਨੂੰ ਪੱਥਰ ਦੀਆਂ ਸਲੈਬਾਂ ਬਣਾ ਕੇ ਇਨ੍ਹਾਂ ’ਤੇ ਖੁਣਨ ਲੱਗਾ। ਪੱਥਰ ’ਤੇ ਖੁਣਨ ਲਈ ਇੱਕ ਵਾਧੂ ਕਲਾ ਲੋੜੀਂਦੀ ਸੀ। ਫਿਰ ਉਹ ਮਿੱਟੀ ਨੂੰ ਗੁੰਨ੍ਹ ਕੇ ਉਸ ਦੀਆਂ ਸਲੈਬਾਂ ਜਾਂ ਅੱਜ ਦੀ ਬੋਲੀ ਵਿੱਚ ਟੈਬਲਿਟ ਬਣਾ ਕੇ ਉਸ ਉੱਪਰ ਲਿਖਣ ਲੱਗ ਪਿਆ। ਸਮੇਂ ਨਾਲ ਉਸ ਦੇ ਲਿਖਣ ਦੇ ਸਾਧਨ ਵੀ ਬਦਲਦੇ ਗਏ। ਕਦੇ ਉਹ ਕੱਪੜੇ ’ਤੇ ਲਿਖਦਾ, ਕਦੇ ਜਾਨਵਰਾਂ ਦੀਆਂ ਖੱਲਾਂ ’ਤੇ, ਕਦੇ ਉਹ ਕੇਲੇ-ਤਾੜ ਦੇ ਪੱਤਿਆਂ ’ਤੇ ਤੇ ਕਦੇ ਤਾਂਬਾ ਜਾਂ ਕਿਸੇ ਹੋਰ ਧਾਤ ’ਤੇ। ਪੁਰਾਣੇ ਗ੍ਰੰਥ ਇਵੇਂ ਲਿਖੇ ਹੀ ਮਿਲਦੇ ਹਨ।

ਪੰਜ ਕੁ ਹਜ਼ਾਰ ਸਾਲ ਪਹਿਲਾਂ (2700ਬੀਸੀ) ਮਿਸਰ ਵਿੱਚ ਕਾਗਜ਼ ਦੀ ਕਾਢ ਕੱਢੀ ਗਈ। ਇਹ ਕਾਗਜ਼ ਪੈਪੇਅਰਸ ਨਾਂ ਦੇ ਘਾਹ ਜਾਂ ਛੋਟੇ ਪੌਦੇ ਤੋਂ ਬਣਦਾ ਸੀ। ਕਾਗਜ਼ ਲਈ ਅੰਗਰੇਜ਼ੀ ਵਿੱਚ ਵਰਤਿਆ ਜਾਂਦਾ ਸ਼ਬਦ ‘ਪੇਪਰ’ ਪੈਪੇਅਰਸ ਤੋਂ ਹੀ ਬਣਿਆ ਹੈ। ਪੈਪੇਅਰਸ ਦਾ ਘੋਲ ਬਣਾ ਕੇ ਇਸ ਨੂੰ ਸੁਕਾ ਲਿਆ ਜਾਂਦਾ ਤੇ ਇਸ ਨੂੰ ਲਿਖਣ ਲਈ ਵਰਤਿਆ ਜਾਂਦਾ, ਪਰ ਇਹ ਪੇਪਰ ਖੁਰਦਰਾ ਜਿਹਾ ਹੁੰਦਾ ਸੀ। ਅੱਜ ਵਾਲਾ ਬਾਰੀਕ ਪੇਪਰ ਕੋਈ ਪੱਚੀ ਸੌ ਸਾਲ ਪਹਿਲਾਂ ਚੀਨ ਵਿੱਚ ਖੋਜਿਆ ਗਿਆ ਸੀ। ਇਸ ਤੋਂ ਪਹਿਲਾਂ ਚੀਨ ਵਿੱਚ ਕੱਪੜੇ ਉੱਪਰ ਲਿਖਣ ਦਾ ਕੰਮ ਸ਼ੁਰੂ ਹੋਇਆ ਸੀ। ਮੌਜੂਦਾ ਪੇਪਰ ਦੀ ਕਾਢ ਵੇਲੇ ਚੀਨ ਵਿੱਚ ‘ਹੈਨ ਰਾਜਵੰਸ਼’ ਦਾ ਰਾਜ ਸੀ। ਇਸ ਦਾ ਖੋਜਕਾਰ ਚਾਏ ਲੁਨ ਸੀ। ਚਾਏ ਲੁਨ ਲੀ-ਯੈਂਗ ਸ਼ਹਿਰ ਵਿੱਚ ਇੱਕ ਅਦਾਲਤ ਅਧਿਕਾਰੀ ਸੀ। ਉਸ ਨੇ ਰੁੱਖਾਂ ਦੇ ਤਣੇ ਦੀਆਂ ਛਿੱਲਾਂ, ਰੱਸੀਆਂ ਦੇ ਟੋਟੇ, ਕੱਪੜੇ ਦੀਆਂ ਲੀਰਾਂ, ਮੱਛੀਆਂ ਫੜਨ ਵਾਲੇ ਪਾਟੇ ਜਾਲ਼ਾਂ ਦੇ ਹਿੱਸੇ ਵਰਗੀਆਂ ਫਜ਼ੂਲ ਜਿਹੀਆਂ ਚੀਜ਼ਾਂ ਲਈਆਂ ਤੇ ਉਸ ਨੇ ਲੱਕੜੀ ਬਾਲ ਕੇ ਇਨ੍ਹਾਂ ਨੂੰ ਇੱਕ ਬਰਤਨ ਵਿੱਚ ਉਬਾਲ ਲਿਆ ਤੇ ਇੱਕ ਸੰਘਣਾ ਜਿਹਾ ਲੇਸਦਾਰ ਮਾਦਾ ਤਿਆਰ ਕਰ ਲਿਆ। ਫਿਰ ਇਸ ਮਾਦੇ ਨੂੰ ਇੱਕ ਵੇਲਣੇ ਵਿੱਚ ਦੀ ਲੰਘਾ ਕੇ ਇਸ ਵਿੱਚੋਂ ਪਾਣੀ ਕੱਢ ਦਿੱਤਾ ਤੇ ਇਸ ਨੂੰ ਸੁਕਾ ਕੇ ਇਸ ਦਾ ਪਤਲਾ ਜਿਹਾ ਕਾਗਜ਼ ਬਣਾ ਲਿਆ ਜੋ ਕੁਝ ਲਿਖਣ ਜਾਂ ਚਿਤਰਨ ਦੇ ਪੂਰੀ ਤਰ੍ਹਾਂ ਕਾਬਲ ਸੀ। ਇਹ ਉਸ ਵੇਲੇ ਦੀ ਵੱਡੀ ਪ੍ਰਾਪਤੀ ਸੀ। ਇਹ ਮੈਟਰ ਜਾਂ ਕਾਗਜ਼ ਸੌਖੇ ਢੰਗ ਨਾਲ ਸਾਂਭਣਯੋਗ ਤੇ ਲੰਮੀ ਉਮਰ ਵਾਲਾ ਸੀ ਜਿਸ ਨੂੰ ਭਾਰੀ ਮਾਤਰਾ ਵਿੱਚ ਥੋੜ੍ਹੀ ਜਿਹੀ ਜਗ੍ਹਾ ਵਿੱਚ ਹੀ ਰੱਖਿਆ ਜਾ ਸਕਦਾ ਸੀ ਜਦੋਂਕਿ ਤਾੜ ਜਾਂ ਕੇਲੇ ਦੇ ਪੱਤੇ ਬਹੁਤ ਜਗ੍ਹਾ ਮੰਗਦੇ ਸਨ। ਚਾਏ ਲੁਨ ਦੀ ਇਸ ਕਾਢ ਨੇ ਲਿਖਣ, ਪੜ੍ਹਨ ਤੇ ਗਿਆਨ ਵੰਡਣ ਦੇ ਖੇਤਰ ਵਿੱਚ ਕ੍ਰਾਂਤੀ ਲੈ ਆਂਦੀ, ਪਰ ਚੀਨੀਆਂ ਨੇ ਇਹ ਕਾਢ ਕਈ ਸਦੀਆਂ ਦੁਨੀਆ ਤੋਂ ਲੁਕਾਈ ਰੱਖੀ।

ਚੀਨ ਤੋਂ ਬਾਅਦ ਕਾਗਜ਼ ਬਣਾਉਣ ਦਾ ਗਿਆਨ ਤੀਜੀ ਸਦੀ ਤੱਕ ਕਿਸੇ ਨਾ ਕਿਸੇ ਤਰ੍ਹਾਂ ਕੋਰੀਆ ਵਿੱਚ ਪੁੱਜਿਆ। ਕੋਰੀਆ ਤੋਂ ਜਪਾਨ ਗਿਆ ਡੌਨ-ਚੂ ਨਾਮਕ ਸੰਨਿਆਸੀ ਕਾਗਜ਼ ਬਣਾਉਣ ਦੀ ਕਲਾ ਉੱਥੇ ਲੈ ਗਿਆ। ਇਹ ਸੰਨ 610 ਦੀ ਗੱਲ ਹੈ। ਬੁੱਧ ਧਰਮ ਨੂੰ ਜਪਾਨ ਪੁੱਜੇ ਨੂੰ ਹਾਲੇ ਛੇ ਸਾਲ ਹੀ ਹੋਏ ਸਨ। ਬੁੱਧ ਧਰਮ ਨੂੰ ਫੈਲਾਉਣ ਵਿੱਚ ਕਾਗਜ਼ ਨੇ ਬਹੁਤ ਕੰਮ ਕੀਤਾ। ਬੁੱਧ ਧਰਮ ਤੋਂ ਬਾਅਦ ਇਸਲਾਮ ਦੇ ਫੈਲਣ ਵਿੱਚ ਵੀ ਕਾਗਜ਼ ਦੀ ਕਾਢ ਬਹੁਤ ਸਹਾਈ ਸਿੱਧ ਹੋਈ। ਕਾਗਜ਼ ਨਿਰਮਾਣ ਦਾ ਗਿਆਨ ਛੇਵੀਂ ਸਦੀ ਤੱਕ ਭਾਰਤ ਤੇ ਵੀਅਤਨਾਮ ਵਿੱਚ ਵੀ ਪੁੱਜ ਗਿਆ ਸੀ। ਵੈਸੇ ਕਾਗਜ਼ ਦੇ ਕੁਝ ਬਦਲ ਉਸ ਵੇਲੇ ਤੱਕ ਭਾਰਤ ਵਿੱਚ ਵਰਤੇ ਜਾ ਰਹੇ ਸਨ। ਇਹ ਕਲਾ ਯੂਰਪ ਵਿੱਚ ਬਹੁਤ ਖੁੰਝ ਕੇ ਪੁੱਜਦੀ ਹੈ। ਗਿਆਰਵੀਂ-ਸਦੀ ਵਿੱਚ ਅਰਬ ਕਾਗਜ਼ ਬਣਾਉਣ ਦੀ ਜਾਣਕਾਰੀ ਸਿਸਲੀ ਤੇ ਸਪੇਨ ਵਿੱਚ ਲੈ ਕੇ ਗਏ। ਇੱਕ ਸਮੇਂ ਕਾਗਜ਼ ਚੌਲਾਂ ਦੀ ਪਿੱਛ ਤੋਂ ਵੀ ਬਣਦਾ ਸੀ, ਪਰ ਰੋਮ ਦੇ ਬਾਦਸ਼ਾਹ ਫਰੈਡਰਿਕ ਨੇ ਇਸ ਨੂੰ ਵਰਤਣ ਦੀ ਮਨਾਹੀ ਕਰ ਦਿੱਤੀ ਕਿਉਂਕਿ ਇਸ ਪੇਪਰ ਨੂੰ ਕੀੜਾ ਲੱਗ ਜਾਂਦਾ ਸੀ। ਕੀੜਾ ਜਾਂ ਸਿਓਂਕ ਕਾਗਜ਼ ਨੂੰ ਅੱਜ ਵੀ ਲੱਗ ਜਾਂਦੀ ਹੈ, ਇਸ ਲਈ ਇਸ ਦਾ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ। ਪੇਪਰ ਨੂੰ ਕੀੜੇ ਤੋਂ ਬਚਾਉਣ ਲਈ ਇਸ ਦੇ ਘੋਲ ਵਿੱਚ ਜੈਲਟੀਨ ਵਰਗੇ ਰਸਾਇਣ ਪਾਏ ਜਾਂਦੇ ਹਨ।

ਬਰਤਾਨੀਆ, ਫਰਾਂਸ, ਇਟਲੀ ਤੇ ਜਰਮਨੀ ਵਿੱਚ ਕਾਗਜ਼ ਬਣਾਉਣ ਦਾ ਗਿਆਨ ਪੰਦਰਵੀਂ ਸਦੀ ਵਿੱਚ ਪਹੁੰਚਦਾ ਹੈ। 1490 ਵਿੱਚ ਬਰਤਾਨੀਆ ਦੇ ਹਾਰਟਫੋਰਡਸ਼ਾਇਰ ਇਲਾਕੇ ਵਿੱਚ ਪਹਿਲੀ ਪੇਪਰ ਮਿੱਲ ਲੱਗਦੀ ਹੈ। ਉਸ ਤੋਂ ਬਾਅਦ ਤਾਂ ਯੂਰਪ ਭਰ ਵਿੱਚ ਪੇਪਰ ਮਿੱਲਾਂ ਹੋਂਦ ਵਿੱਚ ਆ ਗਈਆਂ। ਉਸ ਵੇਲੇ ਤੱਕ ਇਸ ਦੀ ਮੰਗ ਵੀ ਬਹੁਤ ਵਧ ਗਈ ਸੀ। ਪੁਰਾਣੇ ਲਿਖਤੀ ਮਸੌਦੇ ਨੂੰ ਪੇਪਰ ਬੁੱਕ ਦੇ ਰੂਪ ਵਿੱਚ ਬਦਲਣਾ ਸ਼ੁਰੂ ਕਰ ਦਿੱਤਾ ਗਿਆ ਸੀ। ਸਮੇਂ ਦੇ ਨਾਲ ਕਾਗਜ਼ ਬਣਾਉਣ ਦੇ ਸਾਧਨਾਂ ਵਿੱਚ ਆਏ ਦਿਨ ਤਰੱਕੀ ਹੁੰਦੀ ਆਈ ਹੈ। ਇਸ ਨੂੰ ਸਸਤਾ ਤੇ ਜਲਦੀ ਬਣਾਉਣ ਦੇ ਰਾਹ ਲੱਭੇ ਜਾਂਦੇ ਰਹੇ ਹਨ। ਜੋ ਅੱਜ ਦਾ ਉੱਚ ਪੱਧਰ ਦਾ ਕਾਗਜ਼ ਹੈ, ਇਸ ਦਾ ਨਿਰਮਾਣ ਅਠਾਰਵੀਂ ਸਦੀ ਵਿੱਚ ਸ਼ੁਰੂ ਹੋਇਆ।

ਮਸ਼ਹੂਰ ਯਾਤਰੀ ਮਾਰਕੋ ਪੋਲੋ ਤੇਰਵੀਂ ਸਦੀ ਵਿੱਚ ਚੀਨ ਵਿੱਚ ਆਇਆ। ਉਹ ਉੱਥੇ ਕਾਗਜ਼ ਦੀ ਕਰੰਸੀ ਦੇਖ ਕੇ ਹੈਰਾਨ ਰਹਿ ਗਿਆ। ਉਹ ਲਿਖਦਾ ਹੈ ਕਿ ‘ਚੀਨੀ ਲੋਕ ਕਾਗਜ਼ ਦੇ ਇੱਕ ਟੁਕੜੇ ਨਾਲ ਕੁਝ ਵੀ ਖਰੀਦ ਸਕਦੇ ਹਨ, ਇਸ ਦਾ ਭਾਰ ਵੀ ਨਹੀਂ ਹੁੰਦਾ।’ ਯੂਰਪ ਵਿੱਚ ਸਭ ਤੋਂ ਪੁਰਾਣਾ ਕਾਗਜ਼ੀ ਦਸਤਾਵੇਜ਼ ਜਿਸ ਨੂੰ ‘ਮਿਸਲ ਔਫ ਸਿਲੋਸ’ ਕਿਹਾ ਜਾਂਦਾ ਹੈ, ਗਿਆਰਵੀਂ ਸਦੀ ਵਿੱਚ ਮਿਲਦਾ ਹੈ। ਸਪੇਨ ਵਿੱਚ ਪਾਣੀ ਵਾਲੀ ਚੱਕੀ ਨਾਲ ਕਾਗਜ਼ ਤਿਆਰ ਕੀਤਾ ਜਾਂਦਾ ਸੀ ਜਿਸ ਨੂੰ ਹਾਈਡਰੌਲਿਕ ਟੈਕਨੌਲੋਜੀ ਆਖਦੇ ਸਨ। ਪੇਪਰ ਤਿਆਰ ਕਰਨ ਦੀ ਇਹ ਵਿਧੀ ਬਹੁਤ ਬੁਦਬੂ ਵਾਲੀ ਸੀ। ਅਠਾਰਵੀਂ ਸਦੀ ਵਿੱਚ ਇੱਕ ਫਰਾਂਸੀਸੀ ਕੈਮਿਸਟ ਨਿਕੋਲਸ ਲੂਈਸ ਰਾਬਰਟ ਨੇ ਇਸ ਦੀ ਪ੍ਰਕਿਰਿਆ ਵਿੱਚ ਸੁਧਾਰ ਕੀਤੇ। ਉਸ ਨੇ ਹੀ ਕਰੀਮੀ ਜਾਂ ਸਕਿੰਨ-ਕਲਰ ਦੇ ਕਾਗਜ਼ ਨੂੰ ਰਸਾਇਣਾਂ ਦੀ ਵਰਤੋਂ ਕਰਕੇ ਸਫ਼ੈਦ ਬਣਾਇਆ। 1803 ਵਿੱਚ ਯੂਰਪ ਵਿੱਚ ਪੇਪਰ ਬਣਾਉਣ ਵਾਲੀ ਮਸ਼ੀਨ ਹੋਂਦ ਵਿੱਚ ਆ ਗਈ। ਉਨੀਵੀਂ ਸਦੀ ਵਿੱਚ ਆਈ ਉਦਯੋਗਿਕ ਕ੍ਰਾਂਤੀ ਕਾਰਨ ਤਾਂ ਕਾਗਜ਼ ਦੀ ਮੰਗ ਬਹੁਤ ਵਧ ਗਈ। ਛੇਤੀ ਹੀ ਕਾਗਜ਼ ਦੀ ਮੰਗ ਏਨੀ ਹੋ ਗਈ ਕਿ ਇਹ ਆਪਣੇ ਆਪ ਵਿੱਚ ਇੱਕ ਉਦਯੋਗ ਬਣ ਗਿਆ। 1630 ਵਿੱਚ ਕਾਗਜ਼ ਦੇ ਬੈਗ ਬਣਨੇ ਸ਼ੁਰੂ ਹੋ ਗਏ ਸਨ। ਇੱਕ ਅਮਰੀਕਨ ਰਾਬਰਟ ਗੇਅਰ ਨੇ 1870 ਵਿੱਚ ਗੱਤੇ ਦੇ ਡੱਬੇ ਬਣਾਉਣ ਦੀ ਕਾਢ ਕੱਢੀ। 1904 ਵਿੱਚ ਕਾਗਜ਼ ਦੀਆਂ ਪਲੇਟਾਂ ਬਣਨੀਆਂ ਸ਼ੁਰੂ ਹੋ ਗਈਆਂ ਸਨ। 1838 ਵਿੱਚ ਹੈਲੀਫੈਕਸ ਦੇ ਚਾਰਲਸ ਫਿਨਰਟੀ ਨੇ ਲੱਕੜੀ ਦੀ ਮਿੱਝ ਤੋਂ ਪੇਪਰ ਬਣਾਉਣਾ ਸ਼ੁਰੂ ਕਰ ਦਿੱਤਾ ਸੀ। 1801 ਵਿੱਚ ਇੱਕ ਇਟਾਲੀਅਨ ਪੈਲੇਗਰੀਨੋ ਟੁਰੀ ਨੇ ਟਰੇਸਿੰਗ ਪੇਪਰ ਦੀ ਕਾਢ ਕੱਢੀ ਜੋ ਲਿਖਤ ਨੂੰ ਕਾਪੀ ਕਰਨ ਦੇ ਕੰਮ ਆਉਂਦਾ ਸੀ। ਇਸ ਕਾਗਜ਼ ਦੇ ਇੱਕ ਪਾਸੇ ਖਾਸ ਤਰੀਕੇ ਨਾਲ ਸਿਆਹੀ ਚਿਪਕਾਈ ਜਾਂਦੀ ਸੀ। ਪੇਪਰ ਬਣਾਉਣ ਵਿੱਚ ਬਹੁਤ ਤਰੱਕੀ ਹੋਈ ਹੈ, ਪਰ ਇਸ ਦਾ ਮੁੱਢਲਾ ਢੰਗ ਉਹੀ ਹੈ ਜਿਹੜਾ ਚੀਨੀਆਂ ਨੇ ਸ਼ੁਰੂ ਕੀਤਾ ਸੀ।

ਕਾਗਜ਼ ਦੇ ਨਾਲ-ਨਾਲ ਸਿਆਹੀ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਬਣਦਾ ਹੈ। ਵਧੀਆ ਸਿਆਹੀ ਦੀ ਕਾਢੀ ਵੀ ਪੇਪਰ ਦੇ ਨੇੜੇ-ਤੇੜੇ ਚੀਨ ਵਿੱਚ ਹੀ ਨਿਕਲੀ ਤੇ ਕਲਮ ਦੀ ਵੀ। ਕਲਮ ਤਾਂ ਸਭ ਤੋਂ ਪਹਿਲਾਂ ਖੰਭਾਂ ਦੀ ਬਣਾਈ ਜਾਂਦੀ ਮਿਲਦੀ ਹੈ। ਸਿਆਹੀ ਗੂੰਦ, ਜਾਨਵਰਾਂ ਦੇ ਖੂਨ ਤੇ ਦਰੱਖਤਾਂ ਦੇ ਸੱਕਾਂ ਨਾਲ ਬਣਦੀ ਸੀ। ਪਾਈਨ ਟ੍ਰੀ ਸਿਆਹੀ ਲਈ ਸਭ ਤੋਂ ਵਧੀਆ ਗਿਣਿਆ ਜਾਂਦਾ ਹੈ। ਦੱਖਣੀ ਭਾਰਤ ਦੇ ਮੰਦਿਰਾਂ ਵਿੱਚ ਹਜ਼ਾਰਾਂ ਸਾਲ ਪਹਿਲਾਂ ਲਿਖੀਆਂ ਇਬਾਰਤਾਂ ਦੀ ਸਿਆਹੀ ਹਾਲੇ ਵੀ ਕਾਇਮ ਹੈ। ਇਵੇਂ ਹੀ ਗੁਫ਼ਾਵਾਂ ਵਿੱਚ ਰਹਿੰਦੇ ਮਨੁੱਖ ਨੇ ਜੋ ਉਸ ਵੇਲੇ ਚਿਤਰਿਆ ਸੀ, ਅੱਜ ਵੀ ਮਿਲਦਾ ਹੈ।

ਕਾਗਜ਼ ਦੀ ਯਾਤਰਾ ਬਹੁਤ ਦਿਲਚਸਪ ਹੈ, ਪਰ ਇਸ ਨੂੰ ਬਣਾਉਣ ਦੇ ਕੁਝ ਕੋਝੇ ਪੱਖ ਵੀ ਹਨ ਜੋ ਦੁਖਦਾਈ ਹਨ। ਇਕੱਲੇ ਅਮਰੀਕਾ ਵਿੱਚ ਹੀ ਕਾਗਜ਼ ਬਣਾਉਣ ਲਈ ਹਰ ਸਾਲ 6 ਕਰੋੜ ਅੱਠ ਲੱਖ ਦਰੱਖਤ ਕੱਟੇ ਜਾਂਦੇ ਹਨ। ਜ਼ਰਾ ਅੰਦਾਜ਼ਾ ਲਾਓ ਕਿ ਇਸ ਦਾ ਵਾਤਾਵਰਨ ਉੱਪਰ ਕੀ ਅਸਰ ਪੈਂਦਾ ਹੋਵੇਗਾ। ਏ-5 ਦੇ ਕਾਗਜ਼, ਜੋ ਕਿ ਲਗਭਗ ਕਿਤਾਬ ਦੇ ਇੱਕ ਸਫੇ ਦੇ ਬਰਾਬਰ ਹੁੰਦਾ ਹੈ, ਨੂੰ ਬਣਾਉਣ ਲਈ ਚਾਰ ਲੀਟਰ ਪਾਣੀ ਲੱਗਦਾ ਹੈ। ਜੇ ਵੱਡੀ ਪੱਧਰ ਦੀ ਗੱਲ ਕਰੀਏ ਤਾਂ ਇੱਕ ਟਨ ਪੇਪਰ ਬਣਾਉਣ ਲਈ ਦੋ-ਢਾਈ ਟਨ ਲੱਕੜੀ ਚਾਹੀਦੀ ਹੈ, ਤੀਹ-ਚਾਲੀ ਕਿਊਬਕ ਮੀਟਰ ਪਾਣੀ। ਮਿੱਲ ਨੂੰ ਚਲਾਉਣ ਲਈ ਬਿਜਲੀ ਜਾਂ ਗੈਸ ਲੋੜੀਂਦੇ ਹੁੰਦੇ ਹਨ ਤੇ ਬਹੁਤ ਸਾਰੇ ਕੈਮੀਕਲ ਵੀ। ਇਹ ਸਾਰੇ ਰਲਕੇ ਪ੍ਰਦੂਸ਼ਣ ਫੈਲਾਉਣ ਵਿੱਚ ਬਹੁਤ ਸਹਾਈ ਹੁੰਦੇ ਹਨ। ਇੱਕ ਹੋਰ ਸੱਚਾਈ ਇਹ ਵੀ ਹੈ ਕਿ ਪੰਜਾਹ ਫੀਸਦੀ ਕਾਗਜ਼ ਅਜਾਈਂ ਹੀ ਜਾਂਦਾ ਹੈ, ਭਾਵ ਕੁੱਲ ਉਤਪਾਦਨ ਦਾ ਅੱਧਾ ਭਾਗ ਕੂੜੇ ’ਤੇ ਸੁੱਟ ਦਿੱਤਾ ਜਾਂਦਾ ਹੈ। ਇਸੇ ਲਈ ਮਾਹਿਰਾਂ ਵੱਲੋਂ ਸਲਾਹ ਦਿੱਤੀ ਜਾਂਦੀ ਰਹਿੰਦੀ ਹੈ ਕਿ ਕਾਗਜ਼ ਨੂੰ ਰੀਸਾਈਕਲ ਕੀਤੇ ਜਾਣ ਵਾਲਾ ਰਾਹ ਅਪਣਾਇਆ ਜਾਵੇ।

ਨਵੀਂ ਟੈਕਨੌਲੋਜੀ ਨੇ ਪੇਪਰ ਦੀ ਵਰਤੋਂ ਕੁਝ ਘਟਾਈ ਤਾਂ ਹੈ, ਪਰ ਇਹ ਅਨੁਪਾਤ ਬਹੁਤ ਥੋੜ੍ਹਾ ਹੈ। ਮੈਂ ਜਦੋਂ ਵੀ ਕੋਈ ਮਾੜੀ ਕਿਤਾਬ ਦੇਖਦਾ ਹਾਂ ਤਾਂ ਕਹਿ ਉੱਠਦਾ ਹਾਂ ਕਿ ਫਜ਼ੂਲ ਗਿਆ ਅੱਧਾ ਰੁੱਖ ਤੇ ਕਈ ਸੌ ਲਿਟਰ ਪਾਣੀ।
ਈ-ਮੇਲ : harjeetatwal@hotmail.co.uk



News Source link
#ਕਗਜ਼ #ਦ #ਸਫਰ

- Advertisement -

More articles

- Advertisement -

Latest article