ਨਵੀਂ ਮੁੰਬਈ, 12 ਅਪਰੈਲ
ਸ਼ਿਵਮ ਦੂਬੇ ਤੇ ਰੌਬਿਨ ਉਥਾਪਾ ਦੀਆਂ ਹਮਲਾਵਰ ਪਾਰੀਆਂ ਦੀ ਬਦੌਲਤ ਚੇਨੱਈ ਸੁਪਰ ਕਿੰਗਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਮੈਚ ਵਿੱਚ ਅੱਜ ਰੌਇਲ ਚੈਲੰਜਰਜ਼ ਬੈਂਗਲੁਰੂ ਨੂੰ 23 ਦੌੜਾਂ ਨਾਲ ਹਰਾ ਦਿੱਤਾ। ਚੇਨੱਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਚਾਰ ਵਿਕਟਾਂ ’ਤੇ 216 ਦੌੜਾਂ ਬਣਾਈਆਂ। ਉਥਾਪਾ ਨੇ 50 ਗੇਂਦਾਂ ਵਿੱਚ ਚਾਰ ਚੌਕਿਆਂ ਤੇ ਨੌਂ ਛੱਕਿਆਂ ਦੀ ਮਦਦ ਨਾਲ 89 ਦੌੜਾਂ ਦਾ ਯੋਗਦਾਨ ਪਾਇਆ, ਜਦਕਿ ਦੂਬੇ 46 ਗੇਂਦਾਂ ’ਤੇ 95 ਦੌੜਾਂ ਬਣਾ ਕੇ ਨਾਬਾਦ ਰਿਹਾ। ਉਸ ਨੇ ਆਪਣੀ ਪਾਰੀ ਦੌਰਾਨ ਪੰਜ ਚੌਕੇ ਅਤੇ ਅੱਠ ਛੱਕੇ ਜੜੇ। ਰੌਇਲ ਦੇ ਵਾਨਿਦੂ ਹਸਰੰਗਾ ਨੇ ਦੋ ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਆਰਸੀਬੀ ਦੀ ਟੀਮ ਨੌਂ ਵਿਕਟਾਂ ’ਤੇ 193 ਦੌੜਾਂ ਹੀ ਬਣਾ ਸਕੀ। ਚੇਨੱਈ ਦੇ ਗੇਂਦਬਾਜ਼ ਮਾਹੀਸ਼ ਤੀਕਸ਼ਾਨਾ ਨੇ ਚਾਰ ਅਤੇ ਰਵਿੰਦਰ ਜਡੇਜਾ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ।