ਭੁਬਨੇਸ਼ਵਰ: ਭਾਰਤੀ ਹਾਕੀ ਟੀਮ ਵੱਲੋਂ ਐਫਆਈਐਚ ਪ੍ਰੋ ਲੀਗ ਵਿਚ ਜਰਮਨੀ ਖ਼ਿਲਾਫ਼ ਦੋ ਮੈਚ ਖੇਡੇ ਜਾਣਗੇ। ਇਨ੍ਹਾਂ ਮੈਚਾਂ ਵਿਚ ਭਾਰਤੀ ਟੀਮ ਦੀ ਅਗਵਾਈ ਅਮਿਤ ਰੋਹੀਦਾਸ ਕਰਨਗੇ ਜਦਕਿ ਸਟਾਰ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਟੀਮ ਦੇ ਉਪ ਕਪਤਾਨ ਹੋਣਗੇ। ਪਹਿਲਾ ਮੈਚ 14 ਤੇ ਦੂਜਾ 15 ਅਪਰੈਲ ਨੂੰ ਖੇਡਿਆ ਜਾਵੇਗਾ। ਭਾਰਤ ਟੀਮ ਵਿਚ ਹੋਰ ਕੋਈ ਬਦਲਾਅ ਨਹੀਂ ਕੀਤਾ ਗਿਆ। ਭਾਰਤੀ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ ਕਿ ਭਾਰਤੀ ਟੀਮ ਇਸ ਸਾਲ ਹੋਣ ਵਾਲੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਤੇ ਹਾਂਗਜੋ ਏਸ਼ਿਆਈ ਖੇਡਾਂ ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰ ਕੀਤੀ ਗਈ ਹੈ ਤੇ ਹਾਕੀ ਟੀਮ ਪ੍ਰਬੰਧਕਾਂ ਵਲੋਂ ਅਗਾਊਂ ਵੱਡੇ ਮੈਚਾਂ ਲਈ ਨਵੇਂ ਤਜਰਬੇ ਕੀਤੇ ਜਾਣਗੇ। ਟੀਮ ਨੇ ਉਨ੍ਹਾਂ ਖੇਤਰਾਂ ਦੀ ਨਿਸ਼ਾਨਦੇਹੀ ਕਰ ਲਈ ਹੈ ਜਿਨ੍ਹਾਂ ਵਿਚ ਹੋਰ ਸੁਧਾਰਾਂ ਦੀ ਲੋੜ ਹੈ। ਭਾਰਤੀ ਟੀਮ ਗਰੁੱਪ ਦੇ ਸਿਖਰ ’ਤੇ ਰਹਿਣ ਲਈ ਪੂਰਾ ਜ਼ੋਰ ਲਾੲੇਗੀ। ਭਾਰਤ ਨੇ ਐਫਆਈਐਚ ਪ੍ਰੋ ਲੀਗ ਵਿਚ ਹੁਣ ਤਕ 10 ਮੈਚ ਖੇਡੇ ਹਨ ਤੇ ਉਹ 21 ਅੰਕ ਲੈ ਕੇ ਸਿਖਰ ’ਤੇ ਹੈ। -ਪੀਟੀਆਈ