ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਅਪਰੈਲ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਚੰਡੀਗੜ੍ਹ ਸਮੇਤ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਬੇਸ਼ੱਕ ਬੋਲੀ ਦੇ ਆਧਾਰ ’ਤੇ ਪੰਜਾਬੀ ਸੂਬੇ ਦਾ ਮੁੜ ਗਠਨ ਕੀਤਾ ਗਿਆ ਸੀ ਪਰ ਇਸ ਵੰਡ ਵਿੱਚ ਕਈ ਤਰੁੱਟੀਆਂ ਸਨ, ਜਿਵੇਂ ਕਿ ਚੰਡੀਗੜ੍ਹ ਸਮੇਤ ਕਈ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਲ ਨਹੀਂ ਕੀਤੇ ਗਏ ਅਤੇ ਲੋਕਾਂ ਦੀਆਂ ਜਮਹੂਰੀ ਮੰਗਾਂ ਨੂੰ ਅਣਗੌਲਿਆਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਅੰਦਰ ਰਾਜ ਕਰਦੀਆਂ ਰਹੀਆਂ ਮੌਕਾਪ੍ਰਸਤ ਸਰਕਾਰਾਂ ਨੇ ਇਸ ਮਸਲੇ ਦੇ ਹੱਕੀ ਤੇ ਨਿਆਂਪੂਰਨ ਨਿਬੇੜੇ ਦੀ ਕਦੇ ਕੋਸ਼ਿਸ਼ ਨਹੀਂ ਕੀਤੀ, ਸਗੋਂ ਇਸ ਨੂੰ ਹਮੇਸ਼ਾ ਸਿਆਸੀ ਚਾਲਾਂ ਦਾ ਹੱਥਾ ਬਣਾਈ ਰੱਖਿਆ ਹੈ।