ਨਵੀਂ ਦਿੱਲੀ: ਖੇਲੋ ਇੰਡੀਆ ਕੌਮੀ ਦਰਜਾਬੰਦੀ ਮਹਿਲਾ ਤੀਰਅੰਦਾਜ਼ੀ ਟੂਰਨਾਮੈਂਟ ਦਾ ਪਹਿਲਾ ਪੜਾਅ ਜਮਸ਼ੇਦਪੁਰ ਦੀ ਟਾਟਾ ਤੀਰਅੰਦਾਜ਼ੀ ਅਕਾਦਮੀ ਵਿਚ 12 ਅਪਰੈਲ ਨੂੰ ਸ਼ੁਰੂ ਹੋਵੇਗਾ। ਇਨ੍ਹਾਂ ਦੋ ਦਿਨਾ ਮੁਕਾਬਲਿਆਂ ਦੀ ਮੇਜ਼ਬਾਨੀ ਲਈ ਸਪੋਰਟਸ ਅਥਾਰਿਟੀ ਆਫ ਇੰਡੀਆ ਨੇ ਛੇ ਪੜਾਅ ਲਈ 75 ਲੱਖ ਰੁਪਏ ਮਨਜ਼ੂਰ ਕੀਤੇ ਹਨ। ਇਸ ਟੂਰਨਾਮੈਂਟ ਵਿਚ ਰਿਕਰਵ ਤੇ ਕੰਪਾਊਂਡ ਵਰਗ ਦੇ ਮੁਕਾਬਲੇ ਹੋਣਗੇ। ਭਾਰਤੀ ਤੀਰਅੰਦਾਜ਼ੀ ਐਸੋਸੀਏਸ਼ਨ ਵਲੋਂ ਇਹ ਮੁਕਾਬਲੇ ਝਾਰਖੰਡ ਤੀਰਅੰਦਾਜ਼ੀ ਐਸੋਸੀਏਸ਼ਨ ਤੇ ਟਾਟਾ ਸਟੀਲ ਨਾਲ ਮਿਲ ਕੇ ਕਰਵਾਏ ਜਾਣਗੇ। ਸਾਈ ਅਧਿਕਾਰੀਆਂ ਨੇ ਦੱਸਿਆ ਕਿ ਇਸ ਮੁਕਾਬਲੇ ਦਾ ਆਖਰੀ ਪੜਾਅ ਇਸ ਸਾਲ ਦਸੰਬਰ ਵਿਚ ਹੋਵੇਗਾ ਜਿਸ ਵਿਚ 16 ਤੀਰਅੰਦਾਜ਼ਾਂ ਦੀ ਦਰਜਾਬੰਦੀ ਪਹਿਲੇ ਪੰਜ ਪੜਾਅ ਦੇ ਕੁੱਲ ਅੰਕਾਂ ਦੇ ਆਧਾਰ ’ਤੇ ਹੋਵੇਗੀ। ਇਸ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਤੀਰਅੰਦਾਜ਼ਾਂ ਨੂੰ 37.50 ਲੱਖ ਦੀ ਇਨਾਮੀ ਰਾਸ਼ੀ ਮਿਲੇਗੀ। -ਪੀਟੀਆਈ