ਨਰਿੰਦਰ ਸਿੰਘ
ਭਿੱਖੀਵਿੰਡ, 11 ਅਪਰੈਲ
ਥਾਣਾ ਭਿੱਖੀਵਿੰਡ ਅਧੀਨ ਪੈਂਦੇ ਪਿੰਡ ਤਤਲੇ ਵਿੱਚ ਇੱਕ ਪਤਨੀ ਵੱਲੋਂ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦੀ ਕਥਿਤ ਸਲਫਾਸ ਦੀਆਂ ਗੋਲੀਆਂ ਖੁਆ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਵਿਅਕਤੀ ਹੀਰਾ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹੀਰਾ ਸਿੰਘ ਦੀ ਪਤਨੀ ਰਣਦੀਪ ਕੌਰ ਦੇ ਅੰਗਰੇਜ਼ ਸਿੰਘ ਪੁੱਤਰ ਨਸੀਬ ਸਿੰਘ ਵਾਸੀ ਪਿੰਡ ਬੱਲ ਜ਼ਿਲ੍ਹਾ ਫ਼ਿਰੋਜ਼ਪੁਰ ਨਾਲ ਕਥਿਤ ਨਾਜਾਇਜ਼ ਸਬੰਧ ਸਨ। ਅੰਗਰੇਜ਼ ਸਿੰਘ ਅਕਸਰ ਹੀ ਰਣਦੀਪ ਕੌਰ ਨੂੰ ਮਿਲਣ ਉਸ ਦੇ ਘਰ ਪਿੰਡ ਤਤਲੇ ਆਉਂਦਾ ਜਾਂਦਾ ਰਹਿੰਦਾ ਸੀ ਅਤੇ ਹੀਰਾ ਸਿੰਘ ਅਜਿਹਾ ਕਰਨ ਤੋਂ ਰਣਦੀਪ ਕੌਰ ਨੂੰ ਵਰਜਦਾ ਸੀ। ਇਸੇ ਗੱਲ ਨੂੰ ਲੈ ਕੇ ਰਣਦੀਪ ਕੌਰ ਅਤੇ ਅੰਗਰੇਜ਼ ਸਿੰਘ ਨੇ ਐਤਵਾਰ ਰਾਤ ਹੀਰਾ ਸਿੰਘ ਨੂੰ ਸਲਫਾਸ ਦੀਆਂ ਗੋਲੀਆਂ ਕਿਸੇ ਚੀਜ਼ ਵਿੱਚ ਘੋਲ ਕੇ ਪਿਆ ਦਿੱਤੀਆਂ, ਜਿਸ ਕਾਰਨ ਹੀਰਾ ਸਿੰਘ ਦੀ ਮੌਤ ਹੋ ਗਈ। ਉਧਰ ਥਾਣਾ ਭਿੱਖੀਵਿੰਡ ਦੇ ਐੱਸਐੱਚਓ ਇੰਸਪੈਕਟਰ ਜਸਵੰਤ ਸਿੰਘ ਨੇ ਕਿਹਾ ਕਿ ਮ੍ਰਿਤਕ ਹੀਰਾ ਸਿੰਘ ਦੇ ਭਰਾ ਦੇ ਬਿਆਨਾਂ ’ਤੇ ਰਣਦੀਪ ਕੌਰ ਅਤੇ ਅੰਗਰੇਜ਼ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।