27.6 C
Patiāla
Tuesday, July 23, 2024

ਸਿੱਖ ਨੈਸ਼ਨਲ ਕਾਲਜ ਬੰਗਾ ’ਚ ਕਲਮ ਸੰਸਥਾ ਵੱਲੋਂ 6 ਪ੍ਰਮੁੱਖ ਲੇਖਕਾਂ ਦਾ ਸਨਮਾਨ

Must read

ਸਿੱਖ ਨੈਸ਼ਨਲ ਕਾਲਜ ਬੰਗਾ ’ਚ ਕਲਮ ਸੰਸਥਾ ਵੱਲੋਂ 6 ਪ੍ਰਮੁੱਖ ਲੇਖਕਾਂ ਦਾ ਸਨਮਾਨ


ਪੰਜਾਬ ਟ੍ਰਿਬਿਊਨ ਵੈੱਬ ਡੈੱਸਕ

ਚੰਡੀਗੜ੍ਹ, 10 ਅਪਰੈਲ

ਕੌਮਾਂਤਰੀ ਲੇਖਕ ਮੰਚ(ਕਲਮ) ਵੱਲੋਂ ਬੰਗਾ ਵਿਖੇ ਸਥਿਤ ਸਿੱਖ ਨੈਸ਼ਨਲ ਕਾਲਜ ਵਿੱਚ ਪੰਜਾਬੀ ਭਾਸ਼ਾ ਦੇ ਛੇ ਸਿਰਮੌਰ ਲੇਖਕਾਂ ਹਰਭਜਨ ਸਿੰਘ ਹੁੰਦਲ, ਡਾ. ਆਤਮਜੀਤ, ਡਾ.ਧਨਵੰਤ ਕੌਰ, ਡਾ. ਭੀਮ ਇੰਦਰ ਸਿੰਘ, ਨੀਤੂ ਅਰੋੜਾ ਤੇ ਕੁਲਦੀਪ ਸਿੰਘ ਦੀਪ ਨੂੰ ਕ੍ਰਮਵਾਰ ਬਾਪੂ ਜਾਗੀਰ ਸਿੰਘ ਕੰਬੋਜ ਯਾਦਗਾਰੀ ਕਲਮ ਪੁਰਸਕਾਰ, ਡਾ. ਕੇਸਰ ਸਿੰਘ ਕੇਸਰ ਯਾਦਗਾਰੀ ਕਲਮ ਪੁਰਸਕਾਰ ਅਤੇ ਬਲਵਿੰਦਰ ਰਿਸ਼ੀ ਯਾਦਗਾਰੀ ਕਲਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਸੁਰਜੀਤ ਪਾਤਰ ਨੇ ਕੀਤੀ। ਵਿਸ਼ੇਸ਼ ਮਹਿਮਾਨਾਂ ਵਿੱਚ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ, ਦਰਸ਼ਨ ਬੁੱਟਰ ,ਡਾ. ਲਖਵਿੰਦਰ ਜੌਹਲ, ਡਾ. ਜਸਵਿੰਦਰ ਸਿੰਘ, ਇਕਬਾਲ ਮਾਹਲ ਟੋਰਾਂਟੋ ਤੇ ਕਾਲਜ ਪ੍ਰਿੰਸੀਪਲ ਡਾ. ਤਰਸੇਮ ਸਿੰਘ ਸ਼ਾਮਲ ਹੋਏ।

ਕਲਮ ਦੇ ਜਨਰਲ ਸਕੱਤਰ ਪ੍ਰੋਫੈਸਰ ਸੁਰਜੀਤ ਜੱਜ ਨੇ ਸਵਾਗਤੀ ਸ਼ਬਦ ਬੋਲਦਿਆਂ ਕਲਮ ਦੇ 18ਵੇਂ ਸਮਾਗਮ ਦੀ ਰੂਪ ਰੇਖਾ ਦੱਸਦਿਆਂ ਕਿਹਾ ਕਿ ਇਹ ਸੰਸਥਾ ਅਮਰੀਕਾ ਵਾਸੀ ਲੇਖਕਾਂ ਡਾ. ਸੁਖਵਿੰਦਰ ਕੰਬੋਜ ਚੇਅਰਮੈਨ ਤੇ ਕੁਲਵਿੰਦਰ ਵਾਈਸ ਚੇਅਰਮੈਨ ਦੀ ਪ੍ਰੇਰਨਾ ਨਾਲ ਸ਼ੁਰੂ ਕੀਤੀ ਗਈ ਸੀ। ਇਸ ਵਿੱਚ ਹਰ ਸਾਲ ਤਿੰਨ ਲੇਖਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਪਰ ਕਰੋਨਾ ਕਹਿਰ ਕਾਰਨ ਪਿਛਲੇ ਦੋ ਸਾਲ ਸਭ ਸਰਗਰਮੀਆਂ ਠੱਪ ਰਹਿਣ ਕਰਕੇ ਇਸ ਸਾਲ ਦੋ ਸਾਲਾਂ ਦੇ ਪੁਰਸਕਾਰ ਇਕੱਠੇ ਦਿੱਤੇ ਜਾ ਰਹੇ ਹਨ। ਡਾ. ਕੰਬੋਜ ਦੇ ਬਾਪੂ ਜੀ ਦੀ ਯਾਦ ਵਿੱਚ ਸਥਾਪਿਤ ਬਾਪੂ ਜਾਗੀਰ ਸਿੰਘ ਕੰਬੋਜ ਯਾਦਗਾਰੀ ਕਲਮ ਪੁਰਸਕਾਰ ਲੈਣ ਲਈ ਹਰਭਜਨ ਸਿੰਘ ਹੁੰਦਲ ਦੇ ਪੁੱਤਰ ਡਾ. ਹਰਪ੍ਰੀਤ ਸਿੰਘ ਹੁੰਦਲ ਪੁੱਜੇ, ਜਦ ਕਿ ਡਾ. ਆਤਮਜੀਤ ਦੇ ਅਮਰੀਕਾ ਵਿੱਚ ਹੋਣ ਕਰਕੇ ਉਨ੍ਹਾਂ ਦਾ ਪੁਰਸਕਾਰ ਨਾਟਕਕਾਰ ਡਾ. ਸਾਹਿਬ ਸਿੰਘ ਮੁਹਾਲੀ ਨੇ ਪ੍ਰਾਪਤ ਕੀਤਾ। ਦੋਹਾਂ ਪ੍ਰਮੁੱਖ ਲੇਖਕਾਂ ਦਾ ਰਿਕਾਰਡਿਡ ਸੰਦੇਸ਼ ਵੀ ਸਰੋਤਿਆਂ ਨੂੰ ਸੁਣਾਇਆ ਗਿਆ।

ਡਾ. ਕੇਸਰ ਸਿੰਘ ਕੇਸਰ ਯਾਦਗਾਰੀ ਕਲਮ ਪੁਰਸਕਾਰ ਡਾ. ਧਨਵੰਤ ਕੌਰ ਤੇ ਡਾ. ਭੀਮ ਇੰਦਰ ਸਿੰਘ ਨੇ ਹਾਸਲ ਕੀਤਾ। ਬਲਵਿੰਦਰ ਰਿਸ਼ੀ ਯਾਦਗਾਰੀ ਪੁਰਸਕਾਰ ਡਾ. ਨੀਤੂ ਅਰੋੜਾ ਤੇ ਡਾ. ਕੁਲਦੀਪ ਸਿੰਘ ਦੀਪ ਨੂੰ ਪ੍ਰਦਾਨ ਕੀਤਾ ਗਿਆ। ਸਨਮਾਨ ਭੇਟ ਕਰਨ ਵਾਲ਼ਿਆਂ ਵਿੱਚ ਪ੍ਰਧਾਨਗੀ ਮੰਡਲ ਦੇ ਨਾਲ ਸ੍ਰੀਮਤੀ ਕੇਸ਼ ਲਤਾ ਫਗਵਾੜਾ, ਪਰਮਜੀਤ ਸਿੰਘ ਨਵਾਂ ਸ਼ਹਿਰ, ਡਾ. ਭੁਪਿੰਦਰ ਕੌਰ, ਹਰਬੰਸ ਹੀਓਂ, ਪ੍ਰੋ. ਸਤੀਸ਼ ਚੰਦਰ ਅੰਬਾਲਾ, ਤਲਵਿੰਦਰ ਮੰਡ ਟੋਰਾਂਟੋ ਹਾਜ਼ਰ ਸਨ। ਇਸ ਸਮੇਂ ਅਦਾਰਾ ਕਲਮ ਵੱਲੋਂ ਪ੍ਰਿੰਸੀਪਲ ਡਾ. ਤਰਸੇਮ ਸਿੰਘ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਸੁਖਵਿੰਦਰ ਕੰਬੋਜ ਦੀ ਰਚਨਾਕਾਰੀ ਬਾਰੇ ਡਾ. ਜਸਵਿੰਦਰ ਸਿੰਘ ਵੱਲੋਂ ਸੰਪਾਦਿਤ ਪੁਸਤਕ ਅਤੇ ਡਾ. ਨਿਰਮਲਜੀਤ ਕੌਰ ਦੀ ਭਾਸ਼ਾ ਵਿਗਿਆਨ ਬਾਰੇ ਅਨੁਵਾਦ ਕੀਤੀ ਪੁਸਤਕ ਵੀ ਲੋਕ ਅਰਪਨ ਕੀਤੀ ਗਈ। ਡਾ. ਸੁਖਦੇਵ ਸਿੰਘ ਸਿਰਸਾ ਨੇ ਸੁਖਵਿੰਦਰ ਕੰਬੋਜ ਦੀ ਸ਼ਾਇਰੀ ਦੇ ਪ੍ਰਸੰਗ ਵਿਚ ਕਿਤਾਬ ਬਾਰੇ ਚਰਚਾ ਕੀਤੀ। ਇਸ ਮੌਕੇ ਕੈਮਰਾਕਾਰ ਸੰਜੀਵਨ(ਪਟਿਆਲ਼ਾ) ਵੱਲੋਂ ਕਿਸਾਨ ਸੰਘਰਸ਼ ਦੇ ਵੱਖ ਵੱਖ ਪਹਿਲੂਆਂ ਨੂੰ ਸਾਕਾਰ ਕਰਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਲਗਾਈ ਗਈ। ਜਸਵੀਰ ਬੇਗਮਪੁਰੀ ਨੇ ਪੁਸਤਕ ਪ੍ਰਦਰਸ਼ਨੀ ਲਗਾਈ।

ਇਸ ਸਮਾਗਮ ਵਿੱਚ ਡਾ. ਸੁਰਜੀਤ ਪਾਤਰ, ਦਰਸ਼ਨ ਬੁੱਟਰ, ਗੁਰਭਜਨ ਗਿੱਲ, ਬਿਲਾਲ ਸਹਾਰਨਪੁਰੀ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਦੀਪ ਕਲੇਰ, ਕੁਲਵਿੰਦਰ ਕੁੱਲਾ, ਜਸਵੰਤ ਖਟਕੜ, ਡਾ. ਕੁਲਦੀਪ ਸਿੰਘ ਦੀਪ, ਸੁਨੀਲ ਚੰਦਿਆਣਵੀ, ਸ਼ਮਸ਼ੇਰ ਮੋਹ, ਸ਼ਾਇਰਾ ਕੁਲਵਿੰਦਰ ਕਮਲ, ਨੀਤੂ ਅਰੋੜਾ, ਤਲਵਿੰਦਰ ਸ਼ੇਰਗਿੱਲ ਦੇਵ ਰਾਜ ਦਾਦਰ ਨੇ ਆਪਣੀਆਂ ਕਵਿਤਾਵਾਂ ਤੇ ਗਾਇਕ ਡਾ. ਸੁਖਵੰਤ ਤੇ ਕ੍ਰਿਸ਼ਨ ਹੀਓਂ ਨੇ ਗੀਤ ਸੁਣਾਏ। ਮੰਚ ਸੰਚਾਲਨ ਹਰਵਿੰਦਰ ਭੰਡਾਲ ਨੇ ਕੀਤਾ।

ਡਾਃ ਸੁਰਜੀਤ ਪਾਤਰ ਨੇ ਪ੍ਰਧਾਨਗੀ ਭਾਸ਼ਨ ਕਰਦਿਆਂ ਕਿਹਾ ਕਿ ਕਲਮ ਪੁਰਸਕਾਰਾਂ ਨੇ ਆਪਣਾ ਵਿਸ਼ੇਸ਼ ਆਭਾ ਮੰਡਲ ਕਾਇਮ ਕੀਤਾ ਹੈ, ਇਹ ਪ੍ਰਾਪਤੀ ਹੈ। ਕਲਮ ਸੰਸਥਾ ਦੇ ਪ੍ਰਧਾਨ ਡਾ. ਲਖਵਿੰਦਰ ਜੌਹਲ ਨੇ ਆਏ ਲੇਖਕਾਂ, ਸਨਮਾਨਿਤ ਸ਼ਖਸੀਅਤਾਂ ਤੇ ਪ੍ਰਬੰਧ ਵਿੱਚ ਸ਼ਾਮਲ ਧਿਰਾਂ ਦਾ ਧੰਨਵਾਦ ਕੀਤਾ। ਵਿਦਿਆਰਥੀਆਂ ਦੀ ਹਾਜ਼ਰੀ ਸਮਾਰੋਹ ਦੀ ਵਿਸ਼ੇਸ਼ ਪ੍ਰਾਪਤੀ ਰਹੀ।

News Source link

- Advertisement -

More articles

- Advertisement -

Latest article