ਇਸਲਾਮਾਬਾਦ, 9 ਅਪਰੈਲ
ਪਾਕਿਸਤਾਨ ਕੌਮੀ ਅਸੈਂਬਲੀ ਦੇ ਸਪੀਕਰ ਤੇ ਡਿਪਟੀ ਸਪੀਕਰ ਵਲੋਂ ਅਸਤੀਫਾ ਦੇਣ ਤੋਂ ਬਾਅਦ ਕੌਮੀ ਅਸੈਂਬਲੀ ਵਿਚ ਅਵਿਸ਼ਵਾਸ ਪ੍ਰਸਤਾਵ ’ਤੇ ਵੋਟਿੰਗ ਮੁਕੰਮਲ ਹੋ ਗਈ ਹੈ ਜਿਸ ਵਿਚ ਇਮਰਾਨ ਦੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਨਾਲ ਇਮਰਾਨ ਖਾਨ ਦੀ ਸਿਆਸੀ ਪਾਰੀ ਦਾ ਅੰਤ ਹੋ ਗਿਆ ਹੈ। ਇਮਰਾਨ ਖਾਨ ਦੇ ਦੇਸ਼ ਛੱਡਣ ’ਤੇ ਰੋਕ ਲਾ ਦਿੱਤੀ ਗਈ ਹੈ। ਇਸਲਾਮਾਬਾਦ ਹਾਈ ਕੋਰਟ ਵਿਚ ਇਮਰਾਨ ਖ਼ਿਲਾਫ਼ ਪਟੀਸ਼ਨ ਦਾਖਲ ਕਰ ਦਿੱਤੀ ਗਈ ਹੈ ਜਿਸ ’ਤੇ 11 ਨੂੰ ਸੁਣਵਾਈ ਹੋਵੇਗੀ। ਇਸ ਦੇ ਨਾਲ ਹੀ ਸ਼ਾਹਬਾਜ਼ ਸ਼ਰੀਫ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਮੰਨਿਆ ਜਾ ਰਿਹਾ ਹੈ।
ਇਸ ਦੌਰਾਨ ਪਾਕਿਸਤਾਨ ਵਿਚ ਹਵਾਈ ਅੱਡਿਆਂ ਤੇ ਹਸਪਤਾਲਾਂ ਵਿਚ ਚੌਕਸੀ ਵਧਾ ਦਿੱਤੀ ਗਈ ਹੈ ਤੇ ਪੁਲੀਸ ਵਾਲਿਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਮਰਾਨ ਖਾਨ ਦੀ ਗ੍ਰਿਫਤਾਰੀ ਦੇ ਮੰਗ ਦੇ ਮੱਦੇਨਜ਼ਰ ਇਮਰਾਨ ਖਾਨ ਦੇ ਸਮਰਥਕ ਸੜਕਾਂ ’ਤੇ ਆ ਗਏ ਹਨ।
ਜਿਓ ਟੀਵੀ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਇਮਰਾਨ ਖਾਨ ਨੇ ਅਸਤੀਫੇ ਲਈ ਤਿੰਨ ਸ਼ਰਤਾਂ ਰੱਖੀਆਂ ਸਨ ਕਿ ਅਸਤੀਫਾ ਦੇਣ ਤੋਂ ਬਾਅਦ ਉਸ ਦੀ ਗ੍ਰਿਫ਼ਤਾਰੀ ਨਾ ਹੋਵੇ ਤੇ ਨਾ ਹੀ ਐਨਏਬੀ ਤਹਿਤ ਕੇਸ ਦਰਜ ਕੀਤੇ ਜਾਣ। ਇਸ ਤੋਂ ਇਲਾਵਾ ਸ਼ਾਹਬਾਜ਼ ਦੀ ਥਾਂ ਕਿਸੇ ਹੋਰ ਨੂੰ ਪ੍ਰਧਾਨ ਮੰਤਰੀ ਐਲਾਨਿਆ ਜਾਵੇ। ਇਸ ਤੋਂ ਪਹਿਲਾਂ ਪਾਕਿਸਤਾਨ ‘ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਅਹਿਮ ਬੇਭਰੋਸਗੀ ਮਤੇ ’ਤੇ ਅੱਜ ਸਵੇਰੇ ਪਾਕਿਸਤਾਨ ਦੀ ਸੰਸਦ ਦੀ ਬੈਠਕ ਸ਼ੁਰੂ ਹੋਈ। ਹਾਲਾਂਕਿ ਇਸ ਨੂੰ ਕੁਝ ਸਮੇਂ ਬਾਅਦ ਦੁਪਹਿਰ ਇੱਕ ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਵੀ ਕਾਰਵਾਈ ਕਾਫੀ ਦੇਰ ਤੱਕ ਸ਼ੁਰੂ ਨਹੀਂ ਹੋਈ ਪਰ ਹੁਣ ਕਾਰਵਾਈ ਮੁੜ ਸ਼ੁਰੂ ਹੋ ਗਈ। ਪ੍ਰਧਾਨ ਮੰਤਰੀ ਇਮਰਾਨ ਨੂੰ ਹਟਾਉਣ ਲਈ ਵਿਰੋਧੀ ਪਾਰਟੀਆਂ ਨੂੰ 342 ਮੈਂਬਰੀ ਸਦਨ ਵਿੱਚ 172 ਮੈਂਬਰਾਂ ਦੀ ਲੋੜ ਹੈ। ਪਾਕਿਸਤਾਨੀ ਮੀਡੀਆ ਨੇ ਖ਼ਬਰ ਦਿੱਤੀ ਸੀ ਕਿ ਇਮਰਾਨ ਖ਼ਾਨ ਸਰਕਾਰ ਨੇ ਨੈਸ਼ਨਲ ਅਸੈਂਬਲੀ ਵਿੱਚ ਬੇਭਰੋਸਗੀ ਮਤੇ ਬਾਰੇ ਡਿਪਟੀ ਸਪੀਕਰ ਦੇ ਫੈਸਲੇ ‘ਤੇ ਸੁਪਰੀਮ ਕੋਰਟ ਦੇ ਫੈਸਲੇ ਖ਼ਿਲਾਫ ਨਜ਼ਰਸਾਨੀ ਪਟੀਸ਼ਨ ਦਾਇਰ ਕੀਤੀ ਹੈ।