ਸੁਨਚਿਓਨ, 6 ਅਪਰੈਲ
ਭਾਰਤੀ ਬੈਡਮਿੰਟਨ ਖਿਡਾਰੀਆਂ ਪੀ.ਵੀ. ਸਿੰਧੂ ਅਤੇ ਕਿਦੰਬੀ ਸ੍ਰੀਕਾਂਤ ਨੇ ਇੱਥੇ ਕੋਰੀਆ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਵਿੱਚ ਕ੍ਰਮਵਾਰ ਮਹਿਲਾ ਅਤੇ ਪੁਰਸ਼ ਸਿੰਗਲਜ਼ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀ.ਵੀ. ਸਿੰਧੂੁ ਨੇ ਪਹਿਲੇ ਗੇੜ ਵਿੱਚ ਅਮਰੀਕਾ ਦੀ ਲੌਰੇਨ ਲੈਮ ਨੂੰ 21-15, 21-14 ਨਾਲ ਜਦਕਿ ਕਿਦੰਬੀ ਸ੍ਰੀਕਾਂਤ ਨੇ ਮਲੇਸ਼ੀਆ ਦੇ ਡੈਰੇਨ ਲਿਯੂ ਨੂੰ 22-20, 21-11 ਨਾਲ ਹਰਾਇਆ। ਹਾਲ ’ਚ ਹੀ ਸਵਿਸ ਓਪਨ ਦਾ ਖ਼ਿਤਾਬ ਜਿੱਤਣ ਵਾਲੀ ਸਿੰਧੂ ਦਾ ਦੂਜੇ ਗੇੜ ’ਚ ਮੁਕਾਬਲਾ ਜਾਪਾਨ ਦੀ ਅਯਾ ਓਹੋਰੀ ਨਾਲ ਜਦਕਿ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਸ੍ਰੀਕਾਂਤ ਦਾ ਮੁਕਾਬਲਾ ਇਜ਼ਰਾਈਲ ਦੇ ਮਿਸ਼ਾ ਜ਼ਿਲਬਰਮੈਨ ਨਾਲ ਹੋਵੇਗਾ। ਇਸੇ ਦੌਰਾਨ ਸਾਤਵਿਕਸਾਈਰਾਜ ਰੰਕੀ ਰੈੱਡੀ ਤੇ ਚਿਰਾਗ ਸ਼ੈੱਟੀ ਅਤੇ ਐੱਮ.ਆਰ. ਅਰਜੁਨ ਤੇ ਧਰੁਵ ਕਪਿਲਾ ਦੀਆਂ ਜੋੜੀਆਂ ਵੀ ਪੁਰਸ਼ ਡਬਲਜ਼ ਵਰਗ ਦੇ ਦੂਜੇ ਗੇੜ ਵਿੱਚ ਪਹੁੰਚ ਗਈਆਂ ਹਨ। ਸਾਤਵਿਕ-ਚਿਰਾਗ ਨੇ ਕੋਰੀਆ ਦੇ ਤੇਈ ਯਾਂਗ ਸ਼ਿਨ ਅਤੇ ਵੈਂਗ ਚੈਨ ਦੀ ਜੋੜੀ ਨੂੰ 21-16, 21-15 ਨਾਲ ਹਰਾਇਆ ਜਦਕਿ ਅਰਜੁਨ-ਧਰੁਵ ਦੀ ਜੋੜੀ ਨੂੰ ਕੋਰੀਆ ਦੇ ਬਾ ਡਾ ਕਿਮ ਅਤੇ ਹੀ ਯੰਗ ਪਾਰਕ ਦੀ ਜੋੜੀ ਤੋਂ ਵਾਕ ਓਵਰ ਮਿਲਿਆ। ਸਾਤਵਿਕ-ਚਿਰਾਗ ਅਤੇ ਅਰਜੁਨ-ਧਰੁਵ ਦੀਆਂ ਪੁਰਸ਼ ਜੋੜੀਆਂ ਦਾ ਦੂਜੇ ਗੇੜ ਵਿੱਚ ਮੁਕਾਬਲਾ ਕ੍ਰਮਵਾਰ ਸਿੰਗਾਪੁਰ ਅਤੇ ਇੰਡੋਨੇਸ਼ੀਆ ਦੀਆਂ ਜੋੜੀਆਂ ਨਾਲ ਹੋਵੇਗਾ। ਦੂਜੇ ਪਾਸੇ ਮਹਿਲਾ ਸਿੰਗਲ ਵਰਗ ਵਿੱਚ ਭਾਰਤ ਦੀ ਸ੍ਰੀ ਕ੍ਰਿਸ਼ਨਾ ਪ੍ਰਿਆ ਕੁਦਰਾਵੱਲੀ ਨੂੰ ਕੋਰੀਆ ਦੀ ਆਨ ਸੇਯੰਗ ਹੱਥੋਂ 5-21, 13-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। -ਪੀਟੀਆਈ