27.2 C
Patiāla
Thursday, September 12, 2024

ਸਿੱਖ ਵਿਰਾਸਤੀ ਮਹੀਨੇ ਦੇ ਮਾਅਨੇ

Must read


ਸੁਰਜੀਤ ਸਿੰਘ ਫਲੋਰਾ

ਕੈਨੇਡਾ ਨੂੰ ਵੰਨ-ਸੁਵੰਨਤਾ ਭਰਪੂਰ ਅਤੇ ਸਹਿਣਸ਼ੀਲ ਦੇਸ਼ ਵਜੋਂ ਜਾਣਿਆ ਜਾਂਦਾ ਹੈ। ਇਹ ਯਕੀਨੀ ਬਣਾਉਂਦਾ ਹੈ ਕਿ ਕੈਨੇਡਾ ਇੱਕ ਅਜਿਹਾ ਦੇਸ਼ ਹੈ ਜਿਸ ’ਤੇ ਅਸੀਂ ਸਾਰੇ ਮਾਣ ਕਰ ਸਕਦੇ ਹਾਂ ਜਿੱਥੇ ਹਰ ਇੱਕ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ। ਇਹੀ ਕਾਰਨ ਹੈ ਕਿ ਇੱਥੇ ਇਤਾਲਵੀ, ਤਾਮਿਲ, ਕਾਲੇ, ਯਹੂਦੀ ਅਤੇ ਏਸ਼ੀਆਈ ਵਿਰਾਸਤ ਦੇ ਮਹੀਨਿਆਂ ਨੂੰ ਮਾਨਤਾ ਦਿੱਤੀ ਗਈ ਹੈ। ਇਹ ਮਹੀਨੇ ਸਾਨੂੰ ਵਿਸ਼ੇਸ਼ ਸੱਭਿਆਚਾਰਕ ਵਿਰਾਸਤ ਨੂੰ ਪਛਾਣਨ, ਸਤਿਕਾਰ ਕਰਨ ਅਤੇ ਯਾਦ ਰੱਖਣ ਵਿੱਚ ਮਦਦ ਕਰਦੇ ਹਨ। ਸਾਡੀਆਂ ਸਾਰਿਆਂ ਦੀਆਂ ਕਦਰਾਂ-ਕੀਮਤਾਂ, ਸਿਧਾਂਤਾਂ ਅਤੇ ਆਦਰਸ਼ਾਂ ਨੂੰ ਇਕਜੁੱਟ ਕਰਨਾ ਕੈਨੇਡੀਅਨਾਂ ਲਈ ਇੱਕ ਸਾਂਝਾ ਵਿਸ਼ਾ ਹੈ।

ਅਪਰੈਲ ਦਾ ਮਹੀਨਾ ਕੈਨੇਡਾ ਦੀ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸੱਭਿਆਚਾਰਕ ਵਿਰਾਸਤ ਵਿੱਚ ਸਿੱਖ ਭਾਈਚਾਰੇ ਵੱਲੋਂ ਕੀਤੇ ਗਏ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦਿੰਦਾ ਹੈ ਅਤੇ ਇਸ ’ਤੇ ਜ਼ੋਰ ਦਿੰਦਾ ਹੈ। ਕੈਨੇਡਾ ਵਿੱਚ 500,000 ਤੋਂ ਵੱਧ ਸਿੱਖ ਰਹਿੰਦੇ ਹਨ ਜੋ ਇੱਥੋਂ ਦੇ ਵੱਖ ਵੱਖ ਖੇਤਰਾਂ ਵਿੱਚ ਸਰਗਰਮ ਹਨ। ਪੰਜਾਬੀ ਭਾਈਚਾਰੇ ਦੇ ਮੈਂਬਰਾਂ ਨੇ ਵੱਖ-ਵੱਖ ਖੇਤਰਾਂ ਵਿੱਚ ਆਪਣੀਆਂ ਪ੍ਰਾਪਤੀਆਂ ਰਾਹੀਂ ਕੈਨੇਡਾ ਵਿੱਚ ਯੋਗਦਾਨ ਪਾਉਣਾ ਸ਼ੁਰੂ ਕੀਤਾ ਅਤੇ ਕੈਨੇਡਾ ਦੀ ਵਿਭਿੰਨਤਾ ਨੂੰ ਆਕਾਰ ਦੇਣ ਵਿੱਚ ਮਦਦ ਕੀਤੀ। ਸਿੱਖ ਧਰਮ ਦੇ ਮੂਲ ਸਿਧਾਂਤਾਂ ਵਿੱਚ ਉਦਾਰਤਾ, ਸਮਾਨਤਾ, ਖੁੱਲ੍ਹਾਪਣ ਅਤੇ ਦਇਆ ਸ਼ਾਮਲ ਹਨ। ਸਿੱਖ ਵਿਰਾਸਤੀ ਮਹੀਨਾ ਸਮਾਵੇਸ਼ੀ ਕੈਨੇਡਾ ਦੇ ਨਿਰਮਾਣ ਵਿੱਚ ਸਿੱਖ ਭਾਈਚਾਰੇ ਵੱਲੋਂ ਨਿਭਾਈ ਜਾ ਰਹੀ ਅਹਿਮ ਭੂਮਿਕਾ ਬਾਰੇ ਸੋਚਣ ਦਾ ਮੌਕਾ ਪ੍ਰਦਾਨ ਕਰਦਾ ਹੈ। ਇਸ ਦਾ ਸਿਹਰਾ ਪੰਜਾਬੀ ਮੂਲ ਦੇ ਗੁਰਬਖਸ਼ ਮੱਲ੍ਹੀ ਨੂੰ ਜਾਂਦਾ ਹੈ ਜਿਨ੍ਹਾਂ ਨੂੰ ਕੈਨੇਡਾ ਵਿੱਚ ਪਹਿਲੇ ਪਗੜੀਧਾਰੀ ਸਿੱਖ ਐੱਮ.ਪੀ. ਹੋਣ ਦਾ ਮਾਣ ਹਾਸਲ ਹੈ। ਉਹ 1993 ਵਿੱਚ ਪਹਿਲੀ ਵਾਰ ਐੱਮ.ਪੀ. ਚੁਣੇ ਗਏ ਸਨ ਅਤੇ 6 ਵਾਰ ਲਗਾਤਾਰ ਐੱਮ.ਪੀ. ਰਹੇ।

ਇਸ ਉਪਰੰਤ ਸਮੇਂ ਦੇ ਨਾਲ ਹਰਜੀਤ ਸਿੰਘ ਸੱਜਣ, ਰਣਦੀਪ ਸਿੰਘ ਸਰਾਏ ਅਤੇ ਸੁੱਖ ਨਵਦੀਪ ਸਿੰਘ ਬੈਂਸ, ਗਗਨ ਸਿਕੰਦ, ਰਾਮੇਸ਼ਵਰ ਸਿੰਘ ਸੰਘਾ, ਮਨਿੰਦਰ ਸਿੰਘ ਸਿੱਧੂ, ਕਮਲ ਖਹਿਰਾ, ਰੂਬੀ ਸਹੋਤਾ, ਸੋਨੀਆ ਸਿੱਧੂ, ਬਰਦੀਸ਼ ਚੱਗਰ ਅਤੇ ਰਾਜ ਸੈਣੀ ਅਤੇ ਕਿਊਬਿਕ ਤੋਂ ਅੰਜੂ ਢਿੱਲੋਂ, ਟਿਮ ਉੱਪਲ, ਇਸੇ ਤਰ੍ਹਾਂ ਪ੍ਰਭਮੀਤ ਸਰਕਾਰੀਆ, ਪਰਮ ਗਿੱਲ, ਅਮਰਜੋਤ ਸੰਧੂ ਤੇ ਕਈ ਹੋਰ ਸਿੱਖਾਂ ਨੇ ਕੈਨੇਡੀਅਨ ਸਿਆਸਤ ਵਿੱਚ ਆਪਣੀ ਥਾਂ ਬਣਾਈ ਹੈ। ਕੈਨੇਡਾ ਦੀ ਐੱਨ.ਡੀ.ਪੀ. ਪਾਰਟੀ ਦੇ ਨੇਤਾ ਵੀ ਗੁਰਸਿੱਖ ਜਗਮੀਤ ਸਿੰਘ ਹਨ।

ਇਸ ਦੇ ਨਾਲ ਹੀ ਕੈਨੇਡਾ ਦੇ ਗੁਆਂਢੀ ਦੇਸ਼ ਅਮਰੀਕਾ ਵਿੱਚ ਵੀ ਯੂਐੱਸ ਕਾਂਗਰਸ ਨੇ 14 ਅਪਰੈਲ ਨੂੰ ਰਾਸ਼ਟਰੀ ਸਿੱਖ ਦਿਵਸ ਵਜੋਂ ਮਨਾਉਣ ਲਈ ਮਤਾ ਪੇਸ਼ ਕੀਤਾ ਹੈ। ਜ਼ਿਕਰਯੋਗ ਹੈ ਕਿ 100 ਸਾਲ ਪਹਿਲਾਂ ਅਮਰੀਕਾ ਵਿੱਚ ਪਰਵਾਸ ਕਰਨ ਵਾਲੇ ਸਿੱਖ ਭਾਈਚਾਰੇ ਨੇ ਅਮਰੀਕਾ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਹ ਮਤਾ ਸੰਯੁਕਤ ਰਾਜ ਦੇ ਲੋਕਾਂ ਨੂੰ ਮਜ਼ਬੂਤ ਅਤੇ ਪ੍ਰੇਰਿਤ ਕਰਕੇ ਸਿੱਖ ਭਾਈਚਾਰੇ ਦੇ ਮਹੱਤਵਪੂਰਨ ਯੋਗਦਾਨ ਨੂੰ ਸਵੀਕਾਰ ਕਰਨਾ ਹੈ ਅਤੇ ‘ਰਾਸ਼ਟਰੀ ਸਿੱਖ ਦਿਵਸ’ ਦੇ ਐਲਾਨ ਦਾ ਸਮਰਥਨ ਕਰਨਾ ਹੈ। ਇਸ ਨੂੰ ਸਿੱਖ ਕਾਕਸ, ਸਿੱਖ ਕੋਆਰਡੀਨੇਸ਼ਨ ਅਤੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮਰਥਨ ਦਿੱਤਾ।

ਅਪਰੈਲ ਸਿੱਖ ਕੌਮ ਲਈ ਅਹਿਮ ਮਹੀਨਾ ਹੈ। ਇਸ ਦਿਨ ਦੁਨੀਆ ਭਰ ਦੇ ਸਿੱਖ ਵਿਸਾਖੀ ਮਨਾਉਂਦੇ ਹਨ, ਜੋ ਖਾਲਸੇ ਦੀ ਸਿਰਜਣਾ ਅਤੇ ਸਿੱਖ ਧਰਮ ਦੀਆਂ ਕੁਰਬਾਨੀਆਂ ਨੂੰ ਦਰਸਾਉਂਦਾ ਹੈ।

ਕੈਨੇਡਾ ਸਰਕਾਰ ਵੱਲੋਂ ਅਪਰੈਲ ਨੂੰ ਸਿੱਖ ਵਿਰਾਸਤੀ ਮਹੀਨਾ ਐਲਾਨ ਕੇ ਕੈਨੇਡੀਅਨ ਸਿੱਖਾਂ ਵੱਲੋਂ ਦੇਸ਼ ਦੇ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸੱਭਿਆਚਾਰਕ ਖੇਤਰ ਵਿੱਚ ਪਾਏ ਗਏ ਯੋਗਦਾਨ ਨੂੰ ਮਾਨਤਾ ਦੇਣਾ ਹੈ। ਸਿੱਖ ਹੈਰੀਟੇਜ ਮਹੀਨੇ ਨੂੰ ਪਹਿਲੀ ਵਾਰ ਓਂਟਾਰੀਓ ਵਿੱਚ 2013 ਵਿੱਚ ਮਾਨਤਾ ਦਿੱਤੀ ਗਈ ਸੀ, ਅਲਬਰਟਾ ਇਸ ਜਾਗਰੂਕਤਾ ਮਹੀਨੇ ਨੂੰ ਪੰਜ ਸਾਲਾਂ ਤੋਂ ਮਾਨਤਾ ਦੇ ਰਿਹਾ ਹੈ। 7 ਨਵੰਬਰ, 2018 ਨੂੰ ਫੈਡਰਲ ਪਾਰਲੀਮੈਂਟ ਨੇ ਹਰ ਸਾਲ ਅਪਰੈਲ ਵਿੱਚ ਰਾਸ਼ਟਰੀ ਪੱਧਰ ’ਤੇ ਸਿੱਖ ਵਿਰਾਸਤੀ ਮਹੀਨਾ ਮਨਾਉਣ ਲਈ ਵੋਟ ਕੀਤਾ ਸੀ।

ਕੈਨੇਡੀਅਨ ਚਾਰਟਰ ਆਫ਼ ਰਾਈਟਸ ਇਹ ਯਕੀਨੀ ਬਣਾਉਂਦਾ ਹੈ ਕਿ ਹਰ ਸਿੱਖ ਨੂੰ ਆਪਣੇ ਸਿਰ ’ਤੇ ਪੱਗ ਬੰਨ੍ਹਣ ਅਤੇ ਲੰਬੀ ਦਾੜ੍ਹੀ ਰੱਖਣ ਦਾ ਅਧਿਕਾਰ ਹੈ। ਇਹ ਹਰ ਸਿੱਖ ਨੂੰ ਆਪਣੇ ਸਰੀਰ ’ਤੇ ਪੰਜ ਕਕਾਰ ਪਹਿਨਣ ਦੀ ਇਜਾਜ਼ਤ ਦਿੰਦਾ ਹੈ।

ਕੈਨੇਡਾ ਵਿੱਚ ਸਿੱਖਾਂ ਦਾ ਸਫ਼ਰ ਆਸਾਨ ਨਹੀਂ ਰਿਹਾ। ਉਨ੍ਹਾਂ ਨੇ ਹਰ ਪੱਧਰ ’ਤੇ ਅਸਹਿਣਸ਼ੀਲਤਾ ਅਤੇ ਪੱਖਪਾਤ ਦਾ ਸਾਹਮਣਾ ਕੀਤਾ ਹੈ। ਇਨ੍ਹਾਂ ਚੁਣੌਤੀਆਂ ਨੇ ਸਿੱਖਾਂ ਨੂੰ ਕਈ ਵਾਰ ਅਣਉਚਿਤ ਕਿਰਤ ਕਾਨੂੰਨਾਂ ਕਾਰਨ ਦੂਜੇ ਦਰਜੇ ਦੇ ਨਾਗਰਿਕ ਬਣਾ ਦਿੱਤਾ ਸੀ। 1914 ਦੀ ਕੌਮਾਗਾਟਾਮਾਰੂ ਘਟਨਾ ਵਿੱਚ ਭਾਰਤ ਤੋਂ ਗਏ ਪਰਵਾਸੀਆਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਸੀ। ਜਿਸ ਵਿੱਚ ਕੁਝ ਲੋਕਾਂ ਦੀ ਮੌਤ ਵੀ ਹੋ ਗਈ ਸੀ, ਪਰ ਇਸ ਘਟਨਾ ਬਾਰੇ ਕੈਨੇਡਾ ਸਰਕਾਰ ਨੇ ਸਿੱਖ ਭਾਈਚਾਰੇ ਤੋਂ ਪਾਰਲੀਮੈਂਟ ਵਿੱਚ ਮੁਆਫ਼ੀ ਮੰਗ ਲਈ ਸੀ ਤੇ ਸਿੱਖਾਂ ਨੂੰ ਕੈਨੇਡਾ ਵਿੱਚ ਢੁਕਵਾਂ ਸਥਾਨ ਹੀ ਨਹੀਂ ਬਲਕਿ ਸਿੱਖ ਵਿਰਸੇ ਦੀ ਮਹਾਨਤਾ ਨੂੰ ਦਰਸਾਉਣ ਲਈ ਅਪਰੈਲ ਨੂੰ ਵਿਰਾਸਤੀ ਮਹੀਨੇ ਵਜੋਂ ਮਨਾਉਣ ਦਾ ਐਲਾਨ ਕੀਤਾ।

ਸਿੱਖ, 1947 ਵਿੱਚ ਸੰਘੀ ਚੋਣਾਂ ਵਿੱਚ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਕਰਨ ਵਿੱਚ ਸਫਲ ਹੋਏ। 1908 ਵਿੱਚ ਸਿੱਖ ਭਾਈਚਾਰੇ ਨੇ ਵੈਨਕੂਵਰ ਵਿੱਚ ਕੈਨੇਡਾ ਦਾ ਪਹਿਲਾ ਸਿੱਖ ਗੁਰੂਘਰ ਸਥਾਪਿਤ ਕੀਤਾ। ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਕੈਨੇਡਾ ਦਾ ਸਿੱਖ ਭਾਈਚਾਰਾ ਜਿੱਥੇ ਉੱਥੋਂ ਦੇ ਸਮਾਜਿਕ, ਸੱਭਿਆਚਾਰਕ, ਰਾਜਨਤੀਕ ਤੇ ਆਰਥਿਕ ਖੇਤਰ ਵਿੱਚ ਮੱਲਾਂ ਮਾਰ ਰਿਹਾ ਹੈ, ਉੱਥੇ ਸਿੱਖ ਧਰਮ ਦੀਆਂ ਸਿੱਖਿਆਵਾਂ ਨੂੰ ਵੀ ਪ੍ਰਫੁੱਲਿਤ ਕਰ ਰਿਹਾ ਹੈ।
­ਸੰਪਰਕ: 647-829-9397



News Source link
#ਸਖ #ਵਰਸਤ #ਮਹਨ #ਦ #ਮਅਨ

- Advertisement -

More articles

- Advertisement -

Latest article