ਜ਼ਾਰਕਾ (ਜਾਰਡਨ), 6 ਅਪਰੈਲ
ਪ੍ਰਿਯਾਂਗਕਾ ਦੇਵੀ ਦੇ ਇਕਲੌਤੇ ਗੋਲ ਸਦਕਾ ਭਾਰਤੀ ਮਹਿਲਾ ਟੀਮ ਨੇ ਅੱਜ ਇੱਥੇ ਪ੍ਰਿੰਸ ਮੁਹੰਮਦ ਸਟੇਡੀਅਮ ਵਿੱਚ ਪਹਿਲੇ ਦੋਸਤਾਨਾ ਮੈਚ ਵਿੱਚ ਹੇਠਲੀ ਰੈਂਕਿੰਗ ਵਾਲੀ ਮਿਸਰ ਦੀ ਟੀਮ ਨੂੰ 1-0 ਨਾਲ ਹਰਾ ਦਿੱਤਾ। ਮੈਚ ਦੇ ਪਹਿਲੇ ਹਾਫ਼ ਵਿੱਚ ਭਾਰਤੀ ਟੀਮ ਨੇ ਮਿਸਰ ਖ਼ਿਲਾਫ਼ ਦਬਦਬਾ ਬਣਾਉਣ ਦੀ ਕੋਸ਼ਿਸ਼ ਕੀਤੀ। ਮੈਚ ਦੇ ਸ਼ੁਰੂ ਵਿੱਚ ਲੀਡ ਲੈਣ ਦੀ ਕੋਸ਼ਿਸ਼ ਦੌਰਾਨ ਕਪਤਾਨ ਆਸ਼ਾਲਤਾ ਦੇਵੀ ਨੇ 18ਵੇਂ ਮਿੰਟ ਵਿੱਚ ਚੰਗਾ ਮੂਵ ਬਣਾਇਆ ਪਰ ਦੂਰੀ ਤੋਂ ਮਾਰੇ ਉਸ ਦੇ ਸ਼ਾਟ ’ਤੇ ਬਾਲ ਹਾਸਲ ਕਰਨ ਵਾਲੀ ਅੰਜੂ ਨੇ ਮੌਕਾ ਗੁਆ ਦਿੱਤਾ। ਇਸ ਤੋਂ ਕੁਝ ਮਿੰਟਾਂ ਮਗਰੋਂ ਮਨੀਸ਼ਾ ਨੂੰ ਗੋਲ ਕਰਨ ਦਾ ਮੌਕਾ ਮਿਲਿਆ ਪਰ ਦਾਲਿਮਾ ਦੇ ਪਾਸ ’ਤੇ ਉਸ ਦੇ ਸ਼ਾਟ ਨੂੰ ਮਿਸਰ ਦੀ ਗੋਲਕੀਪਰ ਨੇ ਰੋਕ ਲਿਆ। ਇਸ ਤੋਂ ਬਾਅਦ ਪ੍ਰਿਯਾਂਗਕਾ ਨੇ 30ਵੇਂ ਮਿੰਟ ਵਿੱਚ ਗੋਲ ਦਾਗ ਕੇ ਭਾਰਤ ਨੂੰ 1-0 ਦੀ ਲੀਡ ਦਿਵਾ ਦਿੱਤੀ, ਜੋ ਕਿ ਮੈਚ ਦਾ ਇਕਲੌਤਾ ਤੇ ਫੈਸਲਾਕੁਨ ਗੋਲ ਸਾਬਤ ਹੋਇਆ। ਮਨੀਸ਼ਾ ਵੱਲੋਂ ਪਾਸ ਮਿਲਣ ’ਤੇ ਦਾਲਿਮਾ ਨੇ ਪ੍ਰਿਯਾਂਗਕਾ ਨੂੰ ਪਾਸ ਦਿੱਤਾ ਅਤੇ ਉਸ ਨੇ ਗੋਲ ਦਾਗ ਦਿੱਤਾ। -ਪੀਟੀਆਈ